ਅਕਾਲੀ ਦਲ ਨੂੰ ‘ਪੰਥਕ’ ਤੋਂ ‘ਪੰਜਾਬੀ’ ਪਾਰਟੀ ਬਣਾਉਣ ਮਗਰੋਂ ਪੰਜਾਬ ਅਤੇ ਪੰਥ ਦੀਆਂ ਸਾਰੀਆਂ ਮੰਗਾਂ ਦਾ ਭੋਗ ਪੈ ਗਿਆ ਤੇ...
Published : Sep 17, 2023, 7:02 am IST
Updated : Sep 17, 2023, 8:09 am IST
SHARE ARTICLE
File Photo
File Photo

ਇੰਦਰਾ ਗਾਂਧੀ ਨੇ ਐਮਰਜੈਂਸੀ ਵਿਰੁਧ ਅਕਾਲੀ ਮੋਰਚਾ ਬੰਦ ਕਰਨ ਦੀ ਸ਼ਰਤ ’ਤੇ ਸਾਰੀਆਂ ਪੰਥਕ ਮੰਗਾਂ ਮੰਨ ਲੈਣ ਦੀ ਪੇਸ਼ਕਸ਼ ਕੀਤੀ ਪਰ ਬਾਦਲ ਨੇ ਨਾਂਹ ਕਰ ਦਿਤੀ!


 

ਪੰਥ ਅਤੇ ਪੰਜਾਬ ਦੀਆਂ ਮੰਗਾਂ ਦਾ ਵੱਡਾ ਚਾਰਟਰ ‘ਧਰਮ ਯੁਧ ਮੋਰਚੇ’ ਦਾ ਮੰਗ ਪੱਤਰ ਹੀ ਸੀ ਜਿਸ ਨੂੰ ਲੈ ਕੇ ਅਕਾਲੀਆਂ ਦਾ ਆਖ਼ਰੀ ਮੋਰਚਾ ਲੱਗਾ ਤੇ ਕੇਂਦਰੀ ਏਜੰਸੀਆਂ ਨੇ ਉਨ੍ਹਾਂ (ਬਾਦਲਾਂ) ਨੂੰ ਸਲਾਹ ਦਿਤੀ ਕਿ ਉਹ ਹੁਣ ਪਾਰਟੀ ਦਾ ਪੰਥਕ ਚਿਹਰਾ ਮੋਹਰਾ ਬਦਲ ਦੇਣ ਨਹੀਂ ਤਾਂ ਉਹਨਾਂ ਨੂੰ ਸੱਤਾ ਵਿਚ ਕਦੇ ਨਹੀਂ ਆਉਣ ਦਿਤਾ ਜਾਵੇਗਾ। ਇਹ ਸਥਿਤੀ ਕਦੋਂ ਪੈਦਾ ਹੋਈ? ਉਦੋਂ ਇਹ ਸਥਿਤੀ ਬਣੀ ਜਦ ਕੇਂਦਰ ਨੂੰ ਸਮਝ ਆ ਗਈ ਕਿ ਸੱਤਾ ਦੇ ਘੋੜੇ ਦੀ ਸਵਾਰੀ ਕਰਨ ਮਗਰੋਂ ਹੁਣ ‘ਨਵੇਂ ਅਕਾਲੀ’ ਨਿਜ ਲਈ ਸੱਤਾ ਲੈ ਕੇ ਬਾਕੀ ਸੱਭ ਕੁੱਝ ਭੁੱਲਣ ਨੂੰ ਤਿਆਰ ਹੋ ਗਏ ਹਨ ਤੇ ਪ੍ਰਕਾਸ਼ ਸਿੰਘ ਬਾਦਲ ਹੀ ਕੇਂਦਰ ਦੇ ਇਸ਼ਾਰੇ ’ਤੇ ‘ਅਕਾਲੀ’ ਪਾਰਟੀ ਦੇ ਚਿਹਰੇ ਮੋਹਰੇ ਵਿਚ ਤਬਦੀਲੀ ਲਿਆਉਣ ਅਤੇ ਸਿੱਖਾਂ ਨੂੰ ਪਤਾ ਵੀ ਨਾ ਲੱਗਣ ਦੇਣ ਦੀ ਚਲਾਕੀ ਭਰੀ ਕਲਾਕਾਰੀ ਵਿਖਾ ਸਕਦੇ ਹਨ। ਸੋ ਮੋਗੇ ’ਚ ਬਾਦਲ ਸਾਹਬ ਨੇ ਅਪਣੀ ਕਲਾਕਾਰੀ ਦਾ ਵਿਖਾਵਾ ਕਰ ਦਿਤਾ ਜਿਥੇ ਝੰਡੇ ਤਾਂ ਕੇਸਰੀ ਝੂਲ ਰਹੇ ਸਨ ਤੇ ਨਾਹਰੇ ਤਾਂ ‘ਪੰਥ’ ਦੇ ਲੱਗ ਰਹੇ ਸਨ ਪਰ ਅਕਾਲੀ ਦਲ ਦਾ ਪੰਥਕ ਸਰੂਪ ਬੜੀ ਚਲਾਕੀ ਨਾਲ ਖ਼ਤਮ ਕੀਤਾ ਜਾ ਰਿਹਾ ਸੀ।

 

ਇਸ ਤੋਂ ਪਹਿਲਾਂ, ਪਾਠਕਾਂ ਨੂੰ ਯਾਦ ਹੋਵੇਗਾ, ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਵੇਲੇ ਜਦ ਸਾਰਾ ਦੇਸ਼ ਮਾਊਂ ਬਿੱਲੀ ਸਾਹਮਣੇ ‘ਚੂਹਾ’ ਬਣੀ ਬੈਠਾ ਸੀ (ਲਾਲ ਕ੍ਰਿਸ਼ਨ ਅਡਵਾਨੀ ਅਨੁਸਾਰ ਇੰਦਰਾ ਨੇ ਤਾਂ ਝੁਕ ਕੇ (ਗਰਦਨ ਨੀਵੀਂ ਕਰ ਕੇ) ਚਲਣ ਦਾ ਹੁਕਮ ਦਿਤਾ ਪਰ ਭਾਰਤੀ ਲੋਕ ਝੁਕਣ ਦੀ ਬਜਾਏ, ਰੀਂਗਣ ਹੀ ਲੱਗ ਪਏ) ਤਾਂ ਪੰਥਕ ਅਕਾਲੀ ਦਲ ਦੀ ਰਹਿੰਦ ਖੂੰਹਦ ਨੇ ਸ਼ਹਿਰੀ ਆਜ਼ਾਦੀਆਂ ਦਾ ਮੋਰਚਾ ਲਗਾ ਕੇ ਇੰਦਰਾ ਨੂੰ ਵੀ ਹੈਰਾਨ ਕਰ ਦਿਤਾ ਸੀ। ਉਸ ਨੇ ਦੋ ਪ੍ਰਸਿੱਧ ਸਿੱਖਾਂ ਨੂੰ ਇਹ ਸੁਨੇਹਾ ਦੇ ਕੇ ਅੰਮ੍ਰਿਤਸਰ ਭੇਜਿਆ ਕਿ ਅਕਾਲੀ ਅਪਣਾ ਮੋਰਚਾ ਛੱਡ ਦੇਣ ਤੇ ਬਦਲੇ ਵਿਚ ਅਪਣੀਆਂ ਸਾਰੀਆਂ ਮੰਗਾਂ ਇਕੋ ਵਾਰੀ ਮਨਵਾ ਲੈਣ। ਇਹ ਪੇਸ਼ਕਸ਼ ਬੜੀ ਵੱਡੀ ਸੀ ਤੇ ਬਹੁਤੇ ਅਕਾਲੀ ਲੀਡਰਾਂ ਨੇ ਪ੍ਰਵਾਨ ਕਰ ਲੈਣ ਦੀ ਸਲਾਹ ਹੀ ਦਿਤੀ ਪਰ ਸ. ਪ੍ਰਕਾਸ਼ ਸਿੰਘ ਬਾਦਲ ਅੜ ਗਏ ਕਿ ‘‘ਨਹੀਂ ਸਾਡੇ ਲਈ ਸ਼ਹਿਰੀ ਆਜ਼ਾਦੀਆਂ ਦੀ ਗੱਲ ਪਹਿਲਾਂ ਹੈ ਤੇ ਮੰਗਾਂ ਦੀ ਗੱਲ ਮਗਰੋਂ। ਜਦੋਂ ਸੱਚਰ ਸਰਕਾਰ ਨੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਹਰੇ ਤੇ ਪਾਬੰਦੀ ਲਾ ਦਿਤੀ ਸੀ ਤਾਂ ਅਸੀ ਮੋਰਚਾ ਲਾ ਦਿਤਾ ਸੀ ਤੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ਉਤੇ ਪਾਬੰਦੀ ਹਟਾਏ ਜਾਣ ਤਕ ਮੋਰਚਾ ਚਾਲੂ ਰਖਿਆ ਸੀ। ਹੁਣ ਵੀ ਉਸੇ ਤਰ੍ਹਾਂ ਸ਼ਹਿਰੀ ਆਜ਼ਾਦੀਆਂ ਤੇ ਲਗਾਈਆਂ ਪਾਬੰਦੀਆਂ ਵਿਰੁਧ ਮੋਰਚਾ ਉਦੋਂ ਤਕ ਬੰਦ ਨਹੀਂ ਕਰਾਂਗੇ ਜਦ ਤਕ ਐਮਰਜੈਂਸੀ ਵਾਪਸ ਨਹੀਂ ਲਈ ਜਾਂਦੀ।’’

 

ਇਹ ਸੋਚ ਕੇ ਖ਼ੂਬ ਜੈਕਾਰੇ ਛੱਡੇ ਗਏ ਕਿ ਸਿੱਖਾਂ ਨੂੰ ਇਕ ਐਸਾ ਲੀਡਰ ਮਿਲ ਗਿਆ ਹੈ ਜੋ ਪੰਥ ਦੀਆਂ ਮੰਗਾਂ ਮਨਵਾਏ ਬਿਨਾਂ ਪਿੱਛੇ ਕਦੇ ਨਹੀਂ ਹਟੇਗਾ। ਇੰਦਰਾ ਗਾਂਧੀ ਗੁੱਸਾ ਖਾ ਗਈ ਕਿ ‘‘ਸਾਰਾ ਹਿੰਦੁਸਤਾਨ ਦੁਬਕਿਆ ਪਿਆ ਹੈ ਤਾਂ ਇਹ ਅਕਾਲੀ ਕੌਣ ਹੁੰਦੇ ਹਨ ਮੇਰੇ ਵਿਰੁਧ ਮੋਰਚਾ ਲਾਉਣ ਵਾਲੇ? ਇਨ੍ਹਾਂ ਨੂੰ ਸਬਕ ਸਿਖਾਣਾ ਪਵੇਗਾ ਤੇ ਇਨ੍ਹਾਂ ਅੰਦਰੋਂ ‘ਪੰਥਕਤਾ’ ਖ਼ਤਮ ਕਰਨੀ ਹੋਵੇਗੀ ਜੋ ਇਨ੍ਹਾਂ ਨੂੰ ਹਕੂਮਤਾਂ ਨਾਲ ਟੱਕਰ ਲੈਣ ਲਈ ਤਿਆਰ ਕਰਦੀ ਹੈ।’’

ਸੋ ਕਾਫ਼ੀ ਦੇਰ ਅਕਾਲੀਆਂ ਨੂੰ (ਖ਼ਾਸ ਤੌਰ ’ਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਲੀਲ ਕਰ ਕੇ ਪੰਜਾਬ ਦੀ ਹਕੂਮਤ ਤੋਂ ਮਹਿਰੂਮ ਰਖਿਆ ਤੇ ਅਖ਼ੀਰ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਬਣਾ ਕੇ ਸ. ਬਾਦਲ ਨੂੰ ਚਿਤਾਵਨੀ ਦਿਤੀ ਗਈ ਕਿ ਕੇਂਦਰ ਕੇਵਲ ਉਸ ਨੂੰ ਹੀ ਮੁੱਖ ਮੰਤਰੀ ਬਣਨ ਦੇਵੇਗਾ ਜੋ ਅਕਾਲੀ ਦਲ ਨੂੰ ‘ਪੰਥਕ’ ਦੀ ਬਜਾਏ ‘ਪੰਜਾਬੀ’ ਪਾਰਟੀ ਬਣਾ ਦੇਵੇਗਾ। ਯਾਦ ਰਹੇ ਅਕਾਲੀ ਦਲ ਨੂੰ ਪੰਥਕ ਤੋਂ ‘ਪੰਜਾਬੀ ਪਾਰਟੀ’ ਬਣਾਉਣ ਦਾ ਐਲਾਨ ਕਰਨ ਵਾਲਾ ਪਹਿਲਾ ‘ਅਕਾਲੀ’ ਸੁਰਜੀਤ ਸਿੰਘ ਬਰਨਾਲਾ ਹੀ ਸੀ। ਉਸ ਵੇਲੇ ਬਾਦਲ ਨੇ ਬਰਨਾਲੇ ਦੀ ਕਾਰਵਾਈ ਦੀ ਨਿਖੇਧੀ ਕੀਤੀ ਸੀ। ਪਰ ਮਗਰੋਂ ਜਦ ਕੇਂਦਰ ਨੇ ਕਹਿ ਦਿਤਾ ਕਿ ‘‘ਫਿਰ ਤੁਸੀ ਭੁਲ ਜਾਉ ਬਾਦਲ ਸਾਹਬ ਕਿ ਤੁਹਾਨੂੰ ਵੀ ਕਦੇ ਮੁੱਖ ਮੰਤਰੀ ਬਣਨ ਦਿਤਾ ਜਾਵੇਗਾ।’’ ਤਾਂ ਫਿਰ ਕੇਂਦਰ ਨਾਲ ਗੱਲਬਾਤ ਸ਼ੁਰੂ ਹੋਈ ਤੇ ਸ. ਬਾਦਲ ਮੰਨ ਗਏ ਕਿ ਥੋੜਾ ਸਮਾਂ ਦਿਉ, ਅਕਾਲੀ ਦਲ ਨੂੰ ਪੰਥਕ ਤੋਂ ਪੰਜਾਬੀ ਪਾਰਟੀ ਬਣਾ ਦਿਤਾ ਜਾਏਗਾ ਤੇ ਪੰਜਾਬ, ਪੰਥ ਦੀਆਂ ਮੰਗਾਂ ਲਈ ਕਦੇ ਲੜਾਈ ਨਹੀਂ ਕੀਤੀ ਜਾਵੇਗੀ ਬਸ਼ਰਤੇ ਕਿ ਬਾਦਲ ਪ੍ਰਵਾਰ ਲਈ ਕੇਂਦਰ ਤੇ ਰਾਜ ਵਿਚ ਵਜ਼ੀਰੀਆਂ ਦੇ ਗੱਫੇ ਰਾਖਵੇਂ ਕਰ ਦਿਤੇ ਜਾਣ।

ਉਸ ਤੋਂ ਬਾਅਦ ਕੇਂਦਰ ਤੇ ਪੰਜਾਬ, ਦੋਹੀਂ ਥਾਈਂ ਬਾਦਲ ਪ੍ਰਵਾਰ ਨੂੰ ਸੱਤਾ ਵਿਚ ਲਗਾਤਾਰ ਬਿਠਾਈ ਰਖਿਆ ਗਿਆ ਤੇ ਕਿਸੇ ਹੋਰ ਸਿੱਖ ਨੂੰ ਸੱਤਾ ਦੇ ਨੇੜੇ ਵੀ ਨਾ ਫਟਕਣ ਦਿਤਾ ਗਿਆ। ਚਲੋ, ਨਵੇਂ ਸੱਤਾਧਾਰੀਆਂ ਨਾਲ ‘ਪਤੀ-ਪਤਨੀ’ ਵਾਲਾ ਰਿਸ਼ਤਾ ਤਾਂ ਕਾਇਮ ਕਰ ਲਿਆ ਗਿਆ ਪਰ ਪੰਥ ਅਤੇ ਪੰਜਾਬ ਦੀ ਕੋਈ ਇਕ ਵੀ ਮੰਗ ਮਨਵਾਈ ਗਈ? ਨਹੀਂ ਬਿਲਕੁਲ ਨਹੀਂ। ਜਦ ਤੁਸੀ ਇੰਦਰਾ ਗਾਂਧੀ ਦੀਆਂ ‘ਸਾਰੀਆਂ ਮੰਗਾਂ ਮੰਨ ਲੈਣ’ ਦੀ ਪੇਸ਼ਕਸ਼ ਰੱਦ ਕਰ ਦਿਤੀ ਸੀ ਤਾਂ ਨਵੇਂ ਭਾਈਵਾਲਾਂ ਕੋਲੋਂ ਉਹ ਮੰਗਾਂ ਮਨਵਾਏ ਬਿਨਾਂ ਤਾਂ ਸੱਤਾ ਦੇ ਸਿੰਘਾਸਨ ਤੇ ਬੈਠਣ ਦੀ ਗੱਲ ਸੋਚਣੀ ਵੀ ਨਹੀਂ ਸੀ ਚਾਹੀਦੀ! ਪਰ ਸੱਤਾ ਤਾਂ ਮਿਲੀ ਹੀ ਉਦੋਂ ਸੀ ਜਦੋਂ ਉਨ੍ਹਾਂ ਇਕ ਸ਼ਰਤ ਮੰਨ ਲਈ ਸੀ ਤੇ ਦੂਜੀ ਸ਼ਰਤ ਮਨਵਾ ਲਈ ਸੀ ਕਿ ਅੱਜ ਤੋਂ ਪੰਜਾਬ ਅਤੇ ਪੰਥ ਦੀ ਕੋਈ ਮੰਗ ਮੰਨਣ ਲਈ ਨਹੀਂ ਆਖਿਆ ਜਾਵੇਗਾ ਤੇ ਸੱਤਾ ਦੇ ਗਦੇਲਿਆਂ ਉਤੇ ਬਾਦਲ ਪ੍ਰਵਾਰ ਦਾ ਪਹਿਲਾ ਹੱਕ ਮੰਨਿਆ ਜਾਂਦਾ ਰਹੇਗਾ!

ਇਕ ਅਕਾਲੀ ਲੀਡਰ ਨੇ ਮੰਗ ਰੱਖੀ ਕਿ ਹਾਲਾਤ ਦਾ ਫ਼ਾਇਦਾ ਉਠਾ ਕੇ ਜੇਲਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਜਾਏ। ਬਾਦਲ ਸਾਹਿਬ ਨੇ ਝੱਟ ਉਸ ਅਕਾਲੀ ਆਗੂ ਨੂੰ ਬੁਲਾ ਕੇ ਕਿਹਾ, ‘‘ਮੁੜ ਕੇ ਇਹ ਮੰਗ ਨਾ ਰਖਣਾ ਕਦੇ। ਬਾਹਰ ਆ ਕੇ ਉਹ ਮੈਨੂੰ ਹੀ ਮਾਰ ਦੇਣਗੇ।’’ ਇਕ ਹੋਰ ਅਕਾਲੀ ਲੀਡਰ ਨੇ ਸੈਣੀ ਨੂੰ ਡੀਜੀਪੀ ਦੇ ਪਦ ਤੋਂ ਹਟਾ ਦੇਣ ਦੀ ਮੰਗ ਰੱਖ ਦਿਤੀ। ਬਾਦਲ ਸਾਹਬ ਨੇ ਉਸ ਨੂੰ ਬੁਲਾ ਕੇ ਕਹਿ ਦਿਤਾ, ‘‘ਮੁੜ ਕੇ ਇਹ ਮੰਗ ਨਹੀਂ ਰਖਣੀ। ਇਹੀ ਤਾਂ ਹੈ ਜੋ ਮੈਨੂੰ ਖਾੜਕੂਆਂ ਤੋਂ ਬਚਾਈ ਆ ਰਿਹਾ ਹੈ....।’’ ਹੁਣ ਬਾਦਲ ਸਾਹਬ ਨੂੰ ਪੰਥ ਦੇ ਹੱਕ ਵਿਚ ਜਾਣ ਵਾਲੀ  ਮੰਗ ਕਰਨ ਵਾਲਾ ਹਰ ਬੰਦਾ ਪਸੰਦ ਆਉਣੋਂ ਹਟ ਗਿਆ ਸੀ। ਸਪੋਕਸਮੈਨ ਵੀ ਇਸੇ ਕਾਰਨ ਚੰਗਾ ਲਗਣੋਂ ਹਟ ਗਿਆ ਸੀ। ਅਗਲੇ ਐਤਵਾਰ ਹੋਰ ਗੱਲਾਂ ਕਰਾਂਗੇ।  (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਲਦ ਸ਼ੁਰੂ ਹੋਣ ਜਾ ਰਿਹਾ ਲੁਧਿਆਣਾ ਦਾ ਇੰਟਰਨੈਸ਼ਨਲ ਏਅਰਪੋਰਟ, ਨਿਰਮਾਣ ਹੋਇਆ ਮੁਕੰਮਲ, ਰਾਜ ਸਭਾ ਸਾਂਸਦ ਸੰਜੀਵ ਅਰੋੜਾ ਤੋਂ

20 Jul 2024 9:08 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:02 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:00 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:55 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:53 AM
Advertisement