ਗਵਰਨਰ ਤੇ ਮੁੱਖ ਮੰਤਰੀ ਵਿਚਕਾਰ ਦੂਰੀਆਂ, ਪੰਜਾਬ ਲਈ ਨੁਕਸਾਨਦੇਹ

By : GAGANDEEP

Published : Feb 19, 2023, 7:00 am IST
Updated : Feb 19, 2023, 8:01 am IST
SHARE ARTICLE
photo
photo

ਦੂਰੀਆਂ ਘੱਟ ਕਰਨ ਲਈ ਉਪਰਾਲੇ ਕਰਨ ਦੀ ਲੋੜ

ਪੰਜਾਬ ਦੇ ਇਸ ਵੇਲੇ ਦੇ ਗਵਰਨਰ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਇਕ ਸਾਬਕਾ ਸੰਪਾਦਕ ਹਨ ਤੇ ਇਸੇ ਨਾਤੇ ਉਨ੍ਹਾਂ ਨੇ ਕੁੱਝ ਚੋਣਵੇਂ ਸੰਪਾਦਕਾਂ ਤੇ ਪੱਤਰਕਾਰਾਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਵਖਰੇ ਤੌਰ ’ਤੇ ਦੁਪਹਿਰ ਦੇ ਭੋਜਨ ’ਤੇ ਬੁਲਾਇਆ। ਮੈਂ ਅਖ਼ਬਾਰ ਦੀਆਂ ਅਹੁਦੇਦਾਰੀ ਵਾਲੀਆਂ ਜਿੰਮੇਵਾਰੀਆਂ ਤੋਂ ਤਾਂ ਕਈ ਸਾਲ ਪਹਿਲਾਂ ਮੁਕਤ ਹੋ ਚੁਕਾ ਹਾਂ ਪਰ ‘ਮੇਰੀ ਨਿਜੀ ਡਾਇਰੀ’ ਨੇ ਮੈਨੂੰ ਚਰਚਾ ਦਾ ਕੇਂਦਰ ਬਣਾਈ ਰਖਿਆ ਹੈ ਤੇ ਸ਼ਾਇਦ ਇਸੇ ਲਈ ਮੈਨੂੰ ਵੀ ਬੁਲਾਇਆ ਗਿਆ ਸੀ। ਉਸ ਦਿਨ ਗਵਰਨਰ ਸਾਹਿਬ ਨੂੰ ਨੇੜਿਉਂ ਵੇਖਣ ਦਾ ਮੌਕਾ ਮਿਲਿਆ। ਸਾਰੇ ਪੱਤਰਕਾਰਾਂ/ਐਡੀਟਰਾਂ ਨਾਲ ਉਹ ਇਸ ਤਰ੍ਹਾਂ ਘੁਲ ਮਿਲ ਕੇ ਗੱਲਬਾਤ ਕਰ ਰਹੇ ਸਨ ਜਿਵੇਂ ਬਚਪਨ ਦੇ ਉਨ੍ਹਾਂ ਮਿੱਤਰਾਂ ਨਾਲ ਗੱਲਬਾਤ ਕਰ ਰਹੇ ਹੋਣ ਜਿਨ੍ਹਾਂ ਨਾਲ ਬਚਪਨ ਵਿਚ ਉਹ ਗੁੱਲੀ ਡੰਡਾ ਖੇਡਦੇ ਰਹੇ ਹੋਣ। ਮੈਂ ਮੀਟਿੰਗ ਵਿਚ ਸੱਭ ਤੋਂ ਅਖ਼ੀਰ ਵਿਚ ਪੁੱਜਾ ਸੀ ਤੇ ਪਿੱਛੇ ਜਹੇ ਖ਼ਾਲੀ ਕੁਰਸੀ ’ਤੇ ਅਗਭਗ ਬੈਠ ਹੀ ਗਿਆ ਸੀ ਜਦ ਗਵਰਨਰ ਸਾਹਿਬ ਨੇ ਮੈਨੂੰ ਆਵਾਜ਼ ਮਾਰ ਲਈ, ‘‘ਅਰੇ ਭਾਈ, ਪਹਿਲੇ ਮਿਲ ਤੋ ਲੋ, ਫਿਰ ਕੁਰਸੀ ਕੀ ਤਰਫ਼ ਦੇਖਨਾ।’’

ਮੈਂ ਕਿਹਾ, ‘‘ਮੈਂ ਗਵਰਨਰ ਨੂੰ ਮਿਲਣ ਨਹੀਂ ਆਇਆ ਸਗੋਂ ਇਕ ਸਾਬਕਾ ਪੱਤਰਕਾਰ ਤੇ ਐਡੀਟਰ ਨੂੰ ਮਿਲਣ ਲਈ ਆਇਆ ਹਾਂ, ਇਸ ਲਈ.....।’’
ਉਹ ਵਿਚੋਂ ਹੀ ਬੋਲ ਪਏ, ‘‘ਇਸੀ ਲੀਏ ਤੋ ਆਪ ਕੋ ਬੁਲਾਇਆ ਹੈ’’ ਤੇ ਇਹ ਕਹਿੰਦਿਆਂ ਉਨ੍ਹਾਂ ਗਰਮਜੋਸ਼ੀ ਨਾਲ ਮੇਰੇ ਹੱਥ ਘੁੱਟ ਲਏ। ਉਨ੍ਹਾਂ ਦਸਿਆ ਕਿ ਉਹ ਪੰਜਾਬ ਦੇ ਚੱਪੇ ਚੱਪੇ ਨੂੰ ਆਪ ਜਾਣਨਾ ਚਾਹੁੰਦੇ ਹਨ (ਇਕ ਸਾਬਕਾ ਐਡੀਟਰ ਵਾਂਗ) ਅਤੇ ਖ਼ਾਸ ਤੌਰ ’ਤੇ ਪੱਤਰਕਾਰੀ ਨਾਲ ਜੁੜ ਕੇ ਚੰਗਾ ਕੰਮ ਕਰਨ ਵਾਲੇ ਸਾਰਿਆਂ ਨੂੰ। ਸਾਡੀ ਦੋ ਘੰਟਿਆਂ ਦੀ ਮੀਟਿੰਗ ‘ਦੋਸਤਾਂ ਦੀ ਮਿਲਣੀ’ ਵਰਗੀ ਹੀ ਸੀ ਤੇ ਗਵਰਨਰੀ ਵਾਲੀ ਕੋਈ ਫੂੰ ਫਾਂ ਇਕ ਸਕਿੰਟ ਲਈ ਵੀ ਸਾਨੂੰ ਕਿਸੇ ਨੂੰ ਨਜ਼ਰ ਨਾ ਆਈ। ਬੜਾ ਵਧੀਆ ਭੋਜਨ ਖਵਾ ਕੇ ਅਖ਼ੀਰ ਗਵਰਨਰ ਸਾਹਿਬ ਬੋਲੇ, ‘‘ਮੈਂ ਫਿਰ ਭੀ ਆਪ ਕੋ ਬੁਲਾਤਾ ਰਹੂੰਗਾ ਤਾਕਿ ਆਪ ਲੋਗੋਂ ਕੇ ਵਿਚਾਰ ਜਾਨ ਸਕੂੰ। ਆਪ ਹਰ ਬਾਰ ਜ਼ਰੂਰ ਆਨਾ।’’

ਜਦ ਉਹ ਸਾਨੂੰ ਸਾਰਿਆਂ ਨੂੰ ਬਾਹਰ ਛੱਡਣ ਆ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਸਵਾਲ ਕੀਤਾ, ‘‘ਆਪ ਨੇ ਗਵਰਨਰੀ ਭੀ ਦੇਖੀ ਹੈ, ਲੀਡਰੀ ਭੀ ਦੇਖੀ ਹੈ, ਵਜ਼ੀਰੀ ਭੀ ਦੇਖੀ ਹੈ। ਸੱਭ ਸੇ ਅੱਛੀ ਚੀਜ਼ ਆਪ ਕੋ ਕਿਆ ਲਗੀ?’’ ਇਕਦਮ ਬੋਲੇ, ‘‘ਪੱਤਰਕਾਰੀ ਸੱਭ ਸੇ ਅੱਛੀ ਲਗੀ।’’ ਸਾਰਿਆਂ ਨੇ ਤਾੜੀਆਂ ਮਾਰ ਦਿਤੀਆਂ ਤੇ ਆਪੋ ਅਪਣੇ ਟਿਕਾਣਿਆਂ ਵਲ ਚਲ ਪਏ। ਹੁਣ ਗਵਰਨਰ ਸਾਹਬ ਦਾ ਪੇਚਾ ਪੰਜਾਬ ਦੇ ਜਿਸ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਿਆ ਹੋਇਆ ਹੈ, ਉਹ ਵੀ ਅੱਖਾਂ ਵਿਚ ਇਕ ਨਵਾਂ ਸੁਪਨਾ ਲੈ ਕੇ ਆਇਆ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਵਿਖਾਣਾ ਚਾਹੁੰਦਾ ਹੈ। ਉਸ ਨੇ ਕਈ ਕੰਮ ਕਰ ਵੀ ਵਿਖਾਏ ਹਨ ਜੋ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਨਹੀਂ ਸਨ ਕੀਤੇ। ਪਰ ਵੱਡੇ ਸੁਪਨੇ, ਹਕੀਕਤ ਬਣਨ ਲਈ ਕੁੱਝ ਸਮਾਂ ਤਾਂ ਜ਼ਰੂਰ ਮੰਗਦੇ ਹਨ। ਘੱਟੋ ਘੱਟ ਦੋ ਸਾਲ ਲਈ ਭਗਵੰਤ ਮਾਨ ਨੂੰ ਬੇਰੋਕ ਟੋਕ ਹਮਾਇਤ ਮਿਲਣੀ ਚਾਹੀਦੀ ਹੈ। ਗਵਰਨਰ ਸਾਹਿਬ ਦੀ ਹਮਾਇਤ ਹੀ ਨਹੀਂ, ਮੁਕੰਮਲ ਹੱਲਾਸ਼ੇਰੀ ਵੀ ਮਿਲਣੀ ਚਾਹੀਦੀ ਹੈ ਤਾਕਿ ਉਸ ਨੂੰ ਅਪਣੇ ਬੋਲ ਬੱਚੇ ਸਾਬਤ ਕਰਨ ਦਾ ਜਾਇਜ਼ ਮੌਕਾ ਤਾਂ ਜ਼ਰੂਰ ਮਿਲ ਸਕੇ। ਮਤਭੇਦ ਹੋਣੇ ਵੀ ਲਾਜ਼ਮੀ ਹਨ ਪਰ ਉਹ ਬੰਦ ਕਮਰੇ ਵਿਚ ਗਵਰਨਰ ਸਾਹਿਬ ਨਾਲ ਚਾਹ ਦੇ ਪਿਆਲੇ ਦੀਆਂ ਚੁਸਕੀਆਂ ਲੈਂਦਿਆਂ ਸੁਲਝਾ ਲੈਣੇ ਚਾਹੀਦੇ ਹਨ। ਪੰਜਾਬ ਦਾ ਭਲਾ ਇਸੇ ਵਿਚ ਹੈ। ਮੇਰਾ ਦਿਲ ਕਰਦਾ ਹੈ ਕਿ ਮੈਂ ਉਨ੍ਹਾਂ ਨੂੰ ‘ਪੱਤਰਕਾਰ ਮਿੱਤਰ’ ਵਜੋਂ ਕੁੱਝ ਬੇਨਤੀਆਂ ਕਰਾਂ। ਦੋ ਵੱਡਿਆਂ ਦੇ, ਇਕ ਦੂਜੇ ਦੀ ਕਾਟ  ਕਰਨ ਵਾਲੇ ਬਿਆਨ, ਪੰਜਾਬ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਰਹੇ ਹਨ। ਮੇਰਾ ਦਿਲ ਕਰਦਾ ਹੈ, ਪੰਜਾਬ ਦਾ ਭਲਾ ਵਿਚਾਰ ਕੇ, ਮੈਂ ਵਿਚੋਲਾ ਬਣ ਕੇ ਦੋਹਾਂ ਵਿਚਕਾਰ ਦੋਸਤੀ ਕਰਵਾ ਦਿਆਂ, ਜੇ ਦੁਹਾਂ ਨੂੰ ਮੇਰੀ ਪੇਸ਼ਕਸ਼ ਪ੍ਰਵਾਨ ਹੋਵੇ। ਮੈਂ ਇਸ ਵੇਲੇ ਉਮਰ ਦੇ 82ਵੇਂ ਸਾਲ ’ਚੋਂ ਲੰਘ ਰਿਹਾ ਹਾਂ ਤੇ ਪੰਜਾਬ ਦੇ ਭਲੇ ਤੋਂ ਵੱਧ ਮੇਰੀ ਹੋਰ ਕੋਈ ਲਾਲਸਾ ਨਹੀਂ।

ਪਰ ਪਹਿਲਾਂ ਮੈਂ ਪੰਜਾਬ ਦੇ ਇਕ ਪਿਛਲੇ ਗਵਰਨਰ ਨਾਲ ਹੋਏ ਵਾਰਤਾਲਾਪ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਕੈਨੇਡਾ ਰਹਿੰਦੇ ਲੇਖਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਅਕਾਲ ਤਖ਼ਤ ਵਾਲਿਆਂ ਨੇ ਗ਼ਲਤ ਤੌਰ ’ਤੇ ਸਿੱਖ ਪੰਥ ’ਚੋਂ ਛੇਕ ਦਿਤਾ। ਪੰਜ-ਸੱਤ ਹਸਤੀਆਂ ਨੇ ਰਲ ਕੇ ਇਸ ਧੱਕੇਸ਼ਾਹੀ ਵਿਰੁਧ ਵਰਲਡ ਸਿੱਖ ਕਨਵੈਨਸ਼ਨ ਬੁਲਾ ਲਈ। ਬਾਦਲ ਅਤੇ ਟੌਹੜਾ, ਦੋਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਲੀਡਰੀ ਜਾਂ ‘ਸਿੱਖ ਕੌਮ ਦੀ ਮਾਲਕੀ’ ਨੂੰ ਚੁਨੌਤੀ ਦਿਤੀ ਜਾ ਰਹੀ ਹੈ। ਮੈਨੂੰ ਰੋਕਣ ਲਈ ਬੜੇ ਲਾਲਚ ਦਿਤੇ ਗਏ। ਮੈਂ ਨਾ ਮੰਨਿਆ। ਕਾਨਫ਼ਰੰਸ ਨੂੰ ਰੋਕਣ ਦੇ ਵੀ ਹਜ਼ਾਰ ਯਤਨ ਕੀਤੇ ਗਏ ਪਰ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਹੁਕਮਾਂ ਕਾਰਨ, ਬਾਦਲਾਂ ਦੀ ਕੋਈ ਸਿਆਣਪ ਨਾ ਚੱਲੀ ਤੇ ਸਾਰੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਡੈਲੀਗੇਟ ਪਹੁੰਚ ਗਏ।
ਕਾਨਫ਼ਰੰਸ ਵਿਚ ਮੇਰਾ ਨਾਂ ਸੱਭ ਤੋਂ ਵੱਧ ਵਜਦਾ ਵੇਖ, ਹੁਣ ਲੜਾਈ ਮੇਰੇ ਵਲ ਮੋੜ ਲਈ ਗਈ ਕਿਉਂਕਿ ਇਹ ਕਿਹਾ ਗਿਆ ਕਿ ਇਤਿਹਾਸ ਵਿਚ ਪਹਿਲੀ ਵਾਰ ਜੋਗਿੰਦਰ ਸਿੰਘ ਨੇ ਪੰਥ ਦੇ ਧਾਰਮਕ ਅਤੇ ਸਿਆਸੀ ਲੀਡਰਾਂ ਦੀ ਇਸ ਤਰ੍ਹਾਂ ਮੁੱਛ ਨੀਵੀਂ ਕਰ ਦਿਤੀ ਸੀ। ਪੁਜਾਰੀਆਂ ਨੂੰ ਕਹਿ ਕੇ ਮੈਨੂੰ ਛੇਕ ਦਿਤਾ ਗਿਆ ਤੇ ਮੇਰੀ ਸੰਪਾਦਨਾ ਹੇਠ ਨਿਕਲੀ ਨਵੀਂ ਰੋਜ਼ਾਨਾ ਅਖ਼ਬਾਰ ਵਿਰੁਧ ਵੀ ‘ਸ਼੍ਰੋਮਣੀ ਕਮੇਟੀ’ ਨੇ ਅਖ਼ਬਾਰ ਸ਼ੁਰੂ ਹੋਣ ਵਾਲੇ ਦਿਨ ਹੀ ਵਖਰਾ ‘ਹੁਕਮਨਾਮਾ’ ਜਾਰੀ ਕਰ ਦਿਤਾ। ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਤੇ ਮੁਕੰਮਲ ਪਾਬੰਦੀ ਲਾ ਦਿਤੀ ਗਈ ਜੋ ਲਗਾਤਾਰ 10 ਸਾਲ ਤਕ ਲੱਗੀ ਰਹੀ। ਸ਼੍ਰੋਮਣੀ ਕਮੇਟੀ ਨੇ ਅੱਜ ਤਕ ਵੀ 17 ਸਾਲ ਪੁਰਾਣੀ ਪਾਬੰਦੀ ਜਾਰੀ ਰੱਖੀ ਹੋਈ ਹੈ। ਪਰ ਪਾਠਕਾਂ ਨੇ ਰੋੋੋਜ਼ਾਨਾ ਸਪੋਕਸਮੈਨ ਨੂੰ ਹੋਰ ਵੀ ਉੱਚਾ ਚੁਕ ਲਿਆ। ਜਦ ਅਖ਼ਬਾਰ ਉਤੇ ਕੋਈ ਅਸਰ ਨਾ ਹੋਇਆ ਤਾਂ ਇਨ੍ਹਾਂ ਨੇ ਸਾਡੇ ਦਫ਼ਤਰਾਂ ਉਤੇ ਹਮਲੇ ਕਰਵਾ ਕੇ ਦਫ਼ਤਰ ਸਾੜਨੇ ਸ਼ੁਰੂ ਕਰ ਦਿਤੇ ਤਾਕਿ ਅਸੀ ਡਰ ਕੇ ਪੰਜਾਬ ਛੱਡ ਜਾਈਏ। ਇਕ ਟੀਵੀ ਚੈਨਲ ਵਾਲਿਆਂ ਨੂੰ ਇਨ੍ਹਾਂ ਨੇ ਇਸ ਤਰ੍ਹਾਂ ਹੀ ਡਰਾ ਕੇ ਭਜਾਇਆ ਸੀ। ਪਾਠਕਾਂ ਨੇ ਸਾਰੇ ਪੰਜਾਬ ’ਚੋਂ ਆ ਕੇ ਵੱਡਾ ਜਲੂਸ ਚੰਡੀਗੜ੍ਹ ਵਿਚ ਕਢਿਆ ਪਰ ਮੁੱਖ ਮੰਤਰੀ ਬਾਦਲ ਨੇ ਮੈਮੋਰੈਂਡਮ ਲੈਣ ਤੋਂ ਹੀ ਨਾਂਹ ਕਰ ਦਿਤੀ।

ਫ਼ੈਸਲਾ ਕੀਤਾ ਗਿਆ ਕਿ ਗਵਰਨਰ ਨੂੰ ਮੈਮੋਰੈਂਡਮ ਦਿਤਾ ਜਾਏ। ਮੈਂ ਪੰਜ ਹੋਰ ਨਾਮਵਰ ਹਸਤੀਆਂ ਸਮੇਤ ਗਵਰਨਰ ਤੋਂ ਸਮਾਂ ਮੰਗਿਆ। ਦੋ ਘੰਟੇ ਮਗਰੋਂ ਹੀ ਸੱਦਾ ਆ ਗਿਆ। ਅਸੀ ਜਦ ਗਵਰਨਰ ਹਾਊਸ ਪੁੱਜੇ ਤਾਂ ਉਸ ਵੇਲੇ ਦੇ ਗਵਰਨਰ ਸਾਹਿਬ (ਨਾਂ ਜਾਣ ਕੇ ਨਹੀਂ ਲਿਖ ਰਿਹਾ) ਦਰਵਾਜ਼ੇ ’ਤੇ ਆ ਕੇ ਬੜੇ ਜੋਸ਼ ਨਾਲ ਮਿਲੇ ਤੇ ਅੰਦਰ ਲੈ ਗਏ। ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਾਂ, ਗਵਰਨਰ ਸਾਹਿਬ ਬੋਲੇ, ‘‘ਸ. ਜੋਗਿੰਦਰ ਸਿੰਘ, ਆਪ ਮੁਝੇ ਮਿਲਨੇ ਨਹੀਂ ਆਏ, ਮੈਂ ਆਪ ਕੋ ਮਿਲਨਾ ਚਾਹਤਾ ਥਾ ਔਰ ਮੈਂਨੇ ਆਪ ਕੋ ਬੁਲਾ ਲੀਆ ਔਰ ਮੈਂ ਆਪ ਕੋ ਬਤਾ ਦੂੰ, ਮੁਝੇ ਸਭ ਪਤਾ ਹੈ ਕਿ ਜਿਤਨੀ ਬੜੀ ਲੜਾਈ ਆਪ ਲੜ ਰਹੇ ਹੈਂ, ਪਹਿਲੇ ਕਿਸੀ ਪੱਤਰਕਾਰ ਨੇ ਪੰਜਾਬ ਕੇ ਹਾਕਮੋਂ ਕੇ ਸਾਥ ਤੋ ਨਹੀਂ ਲੜੀ ਹੋਗੀ। ਲੋਗ ਭੀ ਆਪ ਕਾ ਸਾਥ ਦੇ ਰਹੇ ਹੈਂ। ਯੇਹ ਬਹੁਤ ਬੜੀ ਬਾਤ ਹੈ। ਜੋ ਆਪ ਨੇ ਕਹਿਨਾ ਹੈ, ਮੈਂ ਸੱਭ ਜਾਨਤਾ ੲੁੰ। ਆਪ ਕੋ ਬਤਾ ਦੂੰ, ਜਿਤਨੇ ਗੰਦੇ ਯੇਹ ਪੰਜਾਬ ਕੇ ਹਾਕਮ ਹੈਂ, ਮੈਂ ਨੇ ਔਰ ਕਹੀਂ ਨਹੀਂ ਦੇਖੇ....।’’
ਮੈਂ ਤੇ ਮੇਰੇ ਸਾਥੀ ਹੈਰਾਨੀ ਨਾਲ ਇਹ ਸੱਭ ਸੁਣ ਰਹੇ ਸੀ। ਮੈਂ  ਮੈਮੋਰੈਂਡਮ ਅੱਗੇ ਵਧਾਇਆ। ਉਨ੍ਹਾਂ ਦੋ ਮਿੰਟ ਨਜ਼ਰ ਮਾਰ ਕੇ ਪੜ੍ਹ ਲਿਆ ਤੇ ਫਿਰ ਬੋਲੇ, ‘‘ਅਬ ਆਪ ਕਿਆ ਚਾਹਤੇੇ ਹੋ?’’

ਮੈਂ ਤੇ ਮੇਰੇ ਸਾਥੀਆਂ ਨੇ ਕਿਹਾ, ‘‘ਪ੍ਰੈੱਸ ਦੀ ਆਜ਼ਾਦੀ ਨੂੰ ਇਸ ਤਰ੍ਹਾਂ ਪੈਰਾਂ ਹੇਠ ਰੋਲਿਆ ਜਾ ਰਿਹੈ। ਤੁਸੀ ਪੰਜਾਬ ਦੇ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਬਾਦਲ ਸਾਹਿਬ ਨੂੰ ਰੋਕੋ ਕਿ ਉਹ ਕਾਨੂੰਨ ਮੁਤਾਬਕ ਹੀ ਕੰਮ ਕਰਨ ਤੇ ਜੇ ਅਸੀ ਕੋਈ ਗੁਨਾਹ ਕੀਤਾ ਹੈ ਤਾਂ ਬੇਸ਼ੱਕ ਸਾਨੂੰ ਹਰ ਬਣਦੀ ਸਜ਼ਾ ਜ਼ਰੂਰ ਦੇਣ ਪਰ ਗੁੰਡਿਆਂ ਰਾਹੀਂ ਸਾਡੇ ਦਫ਼ਤਰ ਸਾੜਨੇ, ਕਤਲ ਦੀਆਂ ਧਮਕੀਆਂ ਦੇਣੀਆਂ ਤਾਂ ਠੀਕ ਨਹੀਂ ਨਾ। ਅਸੀ ਇਸ਼ਤਿਹਾਰ ਨਾ ਦੇਣ ਬਾਰੇ ਕੋਈ ਗਿਲਾ ਨਹੀਂ ਕਰ ਰਹੇ। ਉਹ ਮੁੱਖ ਮੰਤਰੀ ਦੀ ਮਰਜ਼ੀ ਹੈ। ਅਸੀ ਬੜੀ ਸਾਫ਼ ਸੁਥਰੀ ਪੱਤਰਕਾਰੀ ਪੇਸ਼ ਕਰ ਰਹੇ ਹਾਂ ਜਿਸ ਵਿਚ ਹੋਛਾਪਨ ਜ਼ਰਾ ਜਿੰਨਾ ਵੀ ਨਹੀਂ ਹੁੰਦਾ...?’’
ਗਵਰਨਰ ਸਾਹਬ ਬੋਲੇ, ‘‘ਮੇਰੇ ਕੋ ਆਪ ਕਿਆ ਬਤਾ ਰਹੇ ਹੈਂ? ਮੈਂ ਤੋ ਆਪ ਕੇ ਪਾਠਕੋਂ ਜੈਸਾ ਹੀ ਹੂੰ ਜੋ ਆਪ ਕੀ ਹਰ ਬਾਤ ਕੋ ਸ਼ਰਧਾ ਕੀ ਨਜ਼ਰ ਸੇ ਦੇਖਤੇ ਹੈਂ। ਮੈਂ ਆਜ ਹੀ ਪ੍ਰਕਾਸ਼ ਸਿੰਘ ਬਾਦਲ ਕੋ ਇਕ ਚਿੱਠੀ ਲਿਖ ਕਰ ਉਸ ਕੋ ਉਸ ਕੀ ਡਿਊਟੀ ਯਾਦ ਕਰਵਾਤਾ ਹੂੰ। ਮਗਰ ਯੇਹ ਮਤ ਸਮਝੀਏ ਕਿ ਮੇਰੀ ਚਿੱਠੀ ਕਾ ਕੋਈ ਅਸਰ ਭੀ ਹੋਗਾ। ਬਿਲਕੁਲ ਨਹੀਂ ਹੋਗਾ ਕਿਉਂਕਿ ਮੈਂ ਇਨ ਲੋਗੋਂ ਕੋ ਜਾਨਤਾ ਹੂੰ।’’

ਮੈਂ ਕਿਹਾ, ‘‘ਫਿਰ ਗਵਰਨਰ ਸਾਹਿਬ ਆਪ ਏਕ ਬਿਆਨ ਦੇ ਕਰ ਪੰਜਾਬ ਮੇਂ ਪ੍ਰੈਸ ਕੀ ਕੁਚਲੀ ਜਾ ਰਹੀ ਆਜ਼ਾਦੀ ਕੋ ਲੇ ਕਰ ਚਿੰਤਾ ਤੋ, ਹਮਾਰੇ ਮੈਮੋਰੈਂਡਮ ਕੇ ਆਧਾਰ ਪਰ, ਪ੍ਰਗਟ ਕਰ ਸਕਤੇ ਹੈਂ?’’ ਗਵਰਨਰ ਸਾਹਿਬ ਬੋਲੇ, ‘‘ਨਹੀਂ ਯੇਹ ਉਸ ਸੇ ਬੜੀ ਗ਼ਲਤੀ ਹੋਵੇਗੀ ਜੋ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਹੈਂ। ਗਵਰਨਰ ਕੇ ਪਾਸ ਤੋ ਰੋਜ਼ ਹੀ ਸਰਕਾਰ ਕੇ ਖ਼ਿਲਾਫ਼ ਮੈਮੋਰੈਂਡਮ ਆਤੇ ਰਹਿਤੇ ਹੈਂ। ਹਿੰਦੁਸਤਾਨ ਕੇ ਰਾਸ਼ਟਰਪਤੀ ਔਰ ਰਾਜੋਂ ਕੇ ਗਵਰਨਰੋਂ ਕੋ ਸਰਕਾਰੋਂ ਪਰ ਨਜ਼ਰ ਰਖਨੇ ਔਰ ਉਨ ਕੋ ਸਲਾਹ ਦੇਨੇ ਯਾ ਗ਼ਲਤੀ ਠੀਕ ਕਰਵਾਨੇ ਕੀ ਤਾਕਤ ਤੋ ਦੀ ਗਈ ਹੈ ਪਰ ਨਾ ਰਾਸ਼ਟਰਪਤੀ ਕਿਸੀ ਪ੍ਰਧਾਨ ਮੰਤਰੀ ਕੇ ਖ਼ਿਲਾਫ਼ ਪਬਲਿਕ ਮੈਂ ਜਾ ਕਰ ਬੋਲ ਸਕਤੇ ਹੈਂ, ਨਾ ਕੋਈ ਗਵਰਨਰ ਕਿਸੀ ਮੁੱਖ ਮੰਤਰੀ ਯਾ ਉਸ ਕੀ ਸਰਕਾਰ ਕੇ ਖ਼ਿਲਾਫ਼ ਪਬਲਿਕ ਮੇਂ ਜਾ ਕਰ ਬੋਲ ਸਕਤੇ ਹੈਂ। ਹਮ ਅੰਦਰ ਬੈਠ ਕਰ ਹੀ ਬਾਤ ਕਰ ਸਕਤੇ ਹੈਂ। ਜਿਸ ਦਿਨ ਅਸੀ ਪਬਲਿਕ ਵਿਚ ਜ਼ਬਾਨ ਖੋਲ੍ਹਣੀ ਸ਼ੁਰੂ ਕਰ ਦਿਤੀ, ਕੈਂਚੀ ਵਰਗੀ ਜ਼ਬਾਨ ਰੱਖਣ ਵਾਲੇ ਸਿਆਸਤਦਾਨ ਤਾਂ ਸਾਡੀ ਜਹੀ ਤਹੀ ਕਰਨ ਲੱਗ ਜਾਣਗੇ ਤੇ ਇਨ੍ਹਾਂ ਸੰਵਿਧਾਨਕ ਅਹੁਦਿਆਂ ਦੀ ਜਿਹੜੀ ਸ਼ਾਨ ਬਣੀ ਹੋਈ ਹੈ, ਉਹ ਮਿੱਟੀ ਵਿਚ ਮਿਲ ਜਾਏਗੀ...।’’ ਤੁਹਾਡੇ ਮਾਮਲੇ ਵਿਚ ਬੜੀ ਸਖ਼ਤ ਚਿੱਠੀ ਲਿਖਾਂਗਾ ਪਰ ਜਿਵੇਂ ਮੈਂ ਪਹਿਲਾਂ ਕਿਹਾ ਹੈ, ਅਸਰ ਕੋਈ ਨਹੀਂ ਹੋਣਾ ਕਿਉਂਕਿ ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ... ਜੇ ਤੁਸੀ ਮੰਨੋ ਤਾਂ ਮੈਂ ਤੁਹਾਨੂੰ ਇਕ ਰਾਹ ਦਸ ਸਕਦਾ ਹਾਂ ਜਿਸ ’ਤੇ ਚਲ ਕੇ ਤੁਸੀ ਇਨ੍ਹਾਂ ਨੂੰ ਅਪਣੇ ਪੈਰਾਂ ’ਤੇ ਸੁਟ ਸਕਦੇ ਹੋ...।’’

ਗਵਰਨਰ ਸਾਹਿਬ ਨੇ ਮੈਨੂੰ ਉਹ ਰਾਜ਼ ਜਾਂ ਰਾਹ ਪੂਰੇ ਵਿਸਥਾਰ ਨਾਲ ਦਸਿਆ ਜੋ ਮੇਰੇ ਸੁਭਾਅ ਨੂੰ ਮਾਫ਼ਕ ਨਹੀਂ ਸੀ ਆਉਂਦਾ ਤੇ ਮੈਂ ਉਸ ਬਾਰੇ ਕੋਈ ਹੁੰਗਾਰਾ ਨਾ ਭਰਿਆ। ਉਹ ਅੱਜ ਦੇ ਵਿਸ਼ੇ ਤੋਂ ਬਾਹਰ ਦੀ ਗੱਲ ਹੈ ਪਰ ਪੰਜਾਬ ਦੇ ਇਕ ਪਿਛਲੇ ਗਵਰਨਰ ਸਾਹਿਬ ਦੇ ਅੱਜ ਦੇ ਵਿਸ਼ੇ ਨਾਲ ਸਬੰਧਤ ਵਿਚਾਰਾਂ ਨੂੰ ਯਾਦ ਕਰ ਕੇ ਤੇ ਸੁਣਾ ਕੇ ਮੇਰਾ ਦਿਲ ਕਰਦਾ ਹੈ, ਮੈਂ ਕੁੱਝ ਕਰਾਂ। ਪਹਿਲੀ ਮੁਲਾਕਾਤ ਵਿਚ ਕਿਉਂਕਿ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਵੀ ਮੈਨੂੰ ਬਹੁਤ ਚੰਗੇ ਪੁਰਸ਼ ਲੱਗੇ ਸਨ, ਇਸ ਲਈ ਹੀ ਇਹ ਵਿਚਾਰ ਮੇਰੇ ਮਨ ਵਿਚ ਉਠਿਆ ਹੈ ਵਰਨਾ ਮੈਂ ਜਾਣਦਾ ਹਾਂ, ਹਾਕਮਾਂ ਨੂੰ ਅਣਮੰਗੀ ਸਲਾਹ ਕੋਈ ਮੂਰਖ ਹੀ ਦੇਣ ਦੀ ਹਿੰਮਤ ਕਰਦਾ ਹੈ। ਮੈਂ ਏਨੀ ਮੂਰਖਤਾ ਕਦੇ ਨਹੀਂ ਕੀਤੀ।                           ਜੋਗਿੰਦਰ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement