ਝਲਕ ਵੇਖ ਲਉ ਉਸ ਸਮੇਂ ਦੇ ‘ਪੰਥਕ’ ਅਕਾਲੀਆਂ ਦੀਆਂ ਸਫ਼ਲਤਾਵਾਂ ਦੀ :
1920 ਵਿਚ ਜਦੋਂ ਅਕਾਲੀ ਦਲ ਹੋਂਦ ਵਿਚ ਆਇਆ ਤਾਂ ਸਾਰੇ ਅਕਾਲੀਆਂ ਨੂੰ ਪਤਾ ਸੀ ਕਿ ਚੋਣਾਂ ਦੇ ਰਾਜ ਵਿਚ ਉਹ ਸੱਤਾ ਵਿਚ ਕਦੇ ਨਹੀਂ ਆ ਸਕਣਗੇ ਪਰ ਜਦ ਤਕ ਉਹ ਪੰਥ ਨਾਲ ਜੁੜੇ ਰਹਿਣਗੇ, ਕੋਈ ਉਨ੍ਹਾਂ ਨੂੰ ਅੱਖੋਂ ਓਹਲੇ ਵੀ ਨਹੀਂ ਕਰ ਸਕੇਗਾ। ਇਹ ‘ਪੰਥ’ ਦਾ ਨਾਂ ਹੀ ਸੀ ਜਿਸ ਨੇ ਅਕਾਲੀਆਂ ਨੂੰ ਰਾਜ ਤੋਂ ਬਿਨਾਂ ਵੀ ਪੰਜਾਬ ਦੇ ਰਾਜੇ ਬਣਾਈ ਰਖਿਆ। ਕੋਈ ਅਜਿਹਾ ਮੌਕਾ ਨਾ ਆਇਆ ਜਦੋਂ ਕਿਸੇ ਨੇ ਕਿਹਾ ਹੋਵੇ ਕਿ 11 ਫ਼ੀ ਸਦੀ ਛੋਟੀ ਵਸੋਂ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਨੂੰ ਏਨੀ ਅਹਿਮੀਅਤ ਕਿਉਂ ਦੇਂਦੇ ਹੋ? ਅਜਿਹਾ ਕਿਉਂ ਸੀ? ਕਿਉਂਕਿ ਅਕਾਲੀ ਉਸ ਵੇਲੇ ਨਿਰੇ ‘ਅਕਾਲੀ’ ਨਹੀਂ ਸੀ ਹੁੰਦੇ ਤੇ ਇਕ ਛੋਟੀ ਜਹੀ ਪਾਰਟੀ ਦੇ ਲੀਡਰ ਹੀ ਨਹੀਂ ਸਨ ਹੁੰਦੇ ਸਗੋਂ ‘ਪੰਥ’ ਦੇ ਪ੍ਰਤੀਨਿਧ ਹੁੰਦੇ ਸਨ। ਪੰਥ, ਭਾਰਤ ਦੇ ਬਾਕੀ ਫ਼ਿਰਕਿਆਂ ਨਾਲੋਂ ਬਹੁਤ ਵੱਡੀ ਸ਼ਕਤੀ ਸੀ ਕਿਉਂਕਿ ਮੁਗ਼ਲਾਂ ਤੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੇਵਲ ਪੰਥ ਨੇ ਹੀ ਲੋਹੇ ਦੇ ਚਣੇ ਚਬਾਏ ਸਨ। 11 ਫ਼ੀ ਸਦੀ ਸਿੱਖਾਂ ਨੂੰ ਪੰਜਾਬ ਦੇ 11 ਫ਼ੀ ਸਦੀ ਵੋਟਰਾਂ ਵਜੋਂ ਨਹੀਂ ਸੀ ਲਿਆ ਜਾਂਦਾ ਸਗੋਂ ਭਾਰਤ ਦੀ ਸੱਭ ਤੋਂ ਵੱਡੀ ਸਾਬਤ ਹੋ ਚੁਕੀ ਸ਼ਕਤੀ ਮੰਨਿਆ ਜਾਂਦਾ ਸੀ।
ਝਲਕ ਵੇਖ ਲਉ ਉਸ ਸਮੇਂ ਦੇ ‘ਪੰਥਕ’ ਅਕਾਲੀਆਂ ਦੀਆਂ ਸਫ਼ਲਤਾਵਾਂ ਦੀ :
(1) ਪੰਜਾਬ ਦੀ 11% ਵਸੋਂ (ਭਾਰਤ ਦੀ ਇਕ ਫ਼ੀਸਦੀ ਵਸੋਂ) ਨੂੰ ਆਜ਼ਾਦੀ ਦੀ ਲੜਾਈ ਦੀ ਤੀਜੀ ਧਿਰ ਮੰਨਿਆ ਗਿਆ ਤੇ ਆਜ਼ਾਦੀ ਨਾਲ ਸਬੰਧਤ ਹਰ ਮੀਟਿੰਗ ਵਿਚ ਅਕਾਲੀ ਪ੍ਰਤੀਨਿਧ ਨੂੰ ਬਰਾਬਰ ਦਾ ਦਰਜਾ ਦੇ ਕੇ ਉਸ ਦੀ ਸਲਾਹ ਪੁੱਛੀ ਜਾਂਦੀ। ਦਲਿਤਾਂ ਦੀ ਭਾਰਤ ਵਿਚ ਗਿਣਤੀ ਬਹੁਤ ਜ਼ਿਆਦਾ ਸੀ (ਹੁਣ ਵੀ ਹੈ) ਤੇ ਉਹ ਵੀ ਤੀਜੀ ਕੌਮ ਦਾ ਦਰਜਾ ਪ੍ਰਾਪਤ ਕਰਨਾ ਚਾਹੁੰਦੇ ਸਨ ਪਰ ਮਹਾਤਮਾ ਗਾਂਧੀ ਦੀ ਸਖ਼ਤ ਵਿਰੋਧਤਾ ਕਾਰਨ ਉਨ੍ਹਾਂ ਨੂੰ ਇਹ ਦਰਜਾ ਪ੍ਰਾਪਤ ਨਾ ਹੋ ਸਕਿਆ।
(2) ਅਕਾਲੀਆਂ ਨੇ ਚੋਣ-ਸਮਝੌਤੇ ਕਾਂਗਰਸ, ਮੁਸਲਿਮ ਲੀਗ ਤੇ ਯੂਨੀਅਨਿਸਟ ਪਾਰਟੀਆਂ ਨਾਲ ਕੀਤੇ ਪਰ ਸ਼ਰਤ ਇਹੀ ਰੱਖੀ ਕਿ ਗਠਜੋੜ ਸਦਕਾ ਜਿਹੜਾ ਅਕਾਲੀ, ਇਨ੍ਹਾਂ ਪਾਰਟੀਆਂ/ਵਜ਼ਾਰਤਾਂ ਵਿਚ ਸ਼ਾਮਲ ਹੋਵੇਗਾ, ਉਹ ਪੂਰੀ ਤਰ੍ਹਾਂ ਪੰਥਕ ਹੋਵੇਗਾ ਤੇ ਅਕਾਲੀ ਦਲ ਜਦ ਤਕ ਚਾਹੇਗਾ, ਉਦੋਂ ਤਕ ਹੀ ਉਨ੍ਹਾਂ ਦਾ ਪ੍ਰਤੀਨਿਧ ਗਠਜੋੜ ਵਿਚ ਰਹੇਗਾ। ਕਾਂਗਰਸ ਨੇ ਤਾਂ ਇਹ ਵੀ ਖੁਲ੍ਹ ਦੇ ਦਿਤੀ ਕਿ ਹਰ ਅਕਾਲੀ, ਕਾਂਗਰਸ ਦਾ ਮੈਂਬਰ ਵੀ ਨਾਲੋ-ਨਾਲ ਹੀ ਬਣ ਸਕੇਗਾ ਅਰਥਾਤ ਦੋਹਾਂ ਪਾਰਟੀਆਂ ਦਾ ਮੈਂਬਰ ਬਣ ਕੇ ਰਹਿ ਸਕੇਗਾ। ਮਗਰੋਂ ਜਦ ਅਕਾਲੀ ਲੀਡਰ ਮਾ: ਤਾਰਾ ਸਿੰਘ ਨੇ ਇਕ ਸਿੱਖ ਮਸਲੇ ਬਾਰੇ ਕਾਂਗਰਸ ਤੋਂ ਵਖਰੀ ਆਵਾਜ਼ ਚੁੱਕੀ ਤਾਂ ਗਾਂਧੀ ਨੇ ਚਿੱਠੀ ਲਿਖੀ, ‘‘ਮਤ ਭੁੱਲੋ ਕਿ ਤੁਸੀ ਕਾਂਗਰਸ ਦੇ ਵੀ ਮੈਂਬਰ ਹੋ ਤੇ ਕਾਂਗਰਸ ਦੀਆਂ ਨੀਤੀਆਂ ਦੇ ਉਲਟ ਨਹੀਂ ਜਾ ਸਕਦੇ।’’ ਮਾ: ਤਾਰਾ ਸਿੰਘ ਨੇ ਪਲਟਵੀਂ ਚਿੱਠੀ ਲਿਖੀ ਕਿ ‘‘ਅਸੀ (ਅਕਾਲੀ) ਪਹਿਲਾਂ ਪੰਥ ਦੇ ਪਹਿਰੇਦਾਰ ਹਾਂ ਤੇ ਫਿਰ ਹੋਰ ਕੁੱਝ। ਕਾਂਗਰਸ ਨਾਲ ਸਾਡੀ ਸਾਂਝ ਕੇਵਲ ਆਜ਼ਾਦੀ ਦੀ ਲੜਾਈ ਇਕੱਠਿਆਂ ਲੜਨ ਲਈ ਹੀ ਹੈ, ਹੋਰ ਕੁੱਝ ਨਹੀਂ। ਪੰਥ ਸਾਡੇ ਲਈ ਅੱਵਲ ਹੈ ਤੇ ਪੰਥ ਹੀ ਦੋਇਮ। ਤੁਹਾਨੂੰ ਨਹੀਂ ਪਸੰਦ ਤਾਂ ਹੁਣੇ ਕਾਂਗਰਸ ਤੋਂ ਅਸਤੀਫ਼ੇ ਭੇਜਣ ਲਈ ਤਿਆਰ ਹਾਂ।’’
(3) ਜਦ ਮੁਸਲਿਮ ਲੀਗ ਅੜ ਗਈ ਕਿ ਮੁਸਲਿਮ ਬਹੁਗਿਣਤੀ ਵਾਲਾ ਸਾਰਾ ਪੰਜਾਬ, ਪਾਕਿਸਤਾਨ ਵਿਚ ਸ਼ਾਮਲ ਕਰਵਾ ਕੇ ਰਹੇਗੀ ਤਾਂ ਪੰਜਾਬ ਨੂੰ ਬਚਾਉਣ ਲਈ ਸਾਰੇ ਹਿੰਦੂ ਸਿੱਖ ਅਸੈਂਬਲੀ ਮੈਂਬਰਾਂ ਨੇ ਅਪਣਾ ਸਾਂਝਾ ਲੀਡਰ ਅਕਾਲੀ ਦਲ ਦੇ ਪ੍ਰਧਾਨ ਮਾ: ਤਾਰਾ ਸਿੰਘ ਨੂੰ ਹੀ ਚੁਣਿਆ ਤੇ ਉਨ੍ਹਾਂ ਨੇ ਹੀ ਇਹ ਵੱਡੀ ਜੰਗ ਜਿੱਤ ਵਿਖਾਈ।
(4) ਚਾਬੀਆਂ ਦਾ ਮੋਰਚਾ ਜਿੱਤਣ ਮਗਰੋਂ ਜਦ ਅੰਗਰੇਜ਼ ਚਾਬੀਆਂ ਦੇਣਾ ਚਾਹੁੰਦਾ ਸੀ ਤਾਂ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੇ ਸ਼ਰਤ ਰੱਖੀ ਕਿ ਚਾਬੀਆਂ ਜੁੱਤੀ ਵਿਚ ਰੱਖ ਕੇ ਵਾਪਸ ਲੈਣਗੇ। ਇਹ ਅੰਗਰੇਜ਼ ਦਾ ਡਾਢਾ ਅਪਮਾਨ ਸੀ ਪਰ ਪੰਥਕ ਆਗੂ ਇਹ ਮੰਗ ਵੀ ਮਨਵਾ ਕੇ ਰਹੇ।
(5) ਆਜ਼ਾਦੀ ਮਗਰੋਂ ਵੀ ਦਲਿਤ ਸਿੱਖਾਂ ਨੂੰ ਦਲਿਤ ਹਿੰਦੂਆਂ ਵਾਲੇ ਅਧਿਕਾਰ ਦਿਵਾਉਣ ਦਾ ਮੋਰਚਾ ਵੀ ਅਕਾਲੀ ਦਲ ਦੇ ਪੰਥਕ ਪ੍ਰਧਾਨ ਨੇ ਹੀ ਜਿੱਤ ਵਿਖਾਇਆ ਤੇ ‘ਨਹਿਰੂ-ਮਾਸਟਰ ਤਾਰਾ ਸਿੰਘ ਪੈਕਟ’ ਰਾਹੀਂ ਕੇਂਦਰ ਕੋਲੋਂ ਗੁਰਦਵਾਰਾ ਪ੍ਰਬੰਧ ਵਿਚ ਦਖ਼ਲ ਨਾ ਦੇਣ ਦੀ ਪੰਥਕ ਮੰਗ ਵੀ ਮਨਵਾ ਕੇ ਰਿਹਾ। ਸੱਚਰ ਫ਼ਾਰਮੂਲਾ ਤੇ ਰੀਜਨਲ ਫ਼ਾਰਮੂਲਾ ਵੀ ਇਸੇ ਲੀਡਰਸ਼ਿਪ ਸਮੇਂ ਹੋਇਆ। ‘ਹਾਕਮ’ ਬਣੇ ਅਕਾਲੀ ਤਾਂ 1966 ਵਿਚ ਖੋਹੀ ਰਾਜਧਾਨੀ ਵੀ ਅੱਧੀ ਸਦੀ ਵਿਚ ਵਾਪਸ ਨਹੀਂ ਲੈ ਸਕੇ।
ਅਕਾਲੀਆਂ ਨੂੰ ਸਾਰੀਆਂ ਜਿੱਤਾਂ ਉਨ੍ਹਾਂ ਦੇ ‘ਪੰਥਕ’ ਹੋਣ ਕਰ ਕੇ ਹੀ ਮਿਲੀਆਂ ਪਰ ਬਲੂ-ਸਟਾਰ ਆਪ੍ਰੇਸ਼ਨ ਮਗਰੋਂ ਕੇਂਦਰ ਨੇ ਫ਼ੈਸਲਾ ਕੀਤਾ ਕਿ ਅਕਾਲੀ ਦਲ ਨੂੰ ਉਦੋਂ ਤਕ ਕਮਜ਼ੋਰ ਨਹੀਂ ਕੀਤਾ ਜਾ ਸਕਦਾ ਜਦ ਤਕ ਇਸ ਦਾ ਪੰਥ ਨਾਲੋਂ ਤੋੜ ਵਿਛੋੜਾ ਨਹੀਂ ਕਰਵਾ ਲਿਆ ਜਾਂਦਾ। ਉਨ੍ਹਾਂ ਨੇ ਖੁਲ੍ਹ ਕੇ ਇਹ ਸ਼ਰਤ ਕੁਰਸੀ ਜਾਂ ਵਜ਼ੀਰੀ ਲਈ ‘ਅਕਾਲੀ’ ਬਣੇ ਹੋਏ ਆਗੂਆਂ ਅੱਗੇ ਰੱਖ ਦਿਤੀ। ਪਹਿਲਾਂ ਸੁਰਜੀਤ ਸਿੰਘ ਬਰਨਾਲਾ ਨੇ ਸ਼ਰਤ ਮੰਨ ਲਈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦਾ ਮਜ਼ਾਕ ਉਡਾਇਆ ਤੇ ਫਿਰ ਝੱਟ ਮਗਰੋਂ ਅਪਣੇ ਦਲ ਨੂੰ ਵੀ ‘ਪੰਜਾਬੀ ਪਾਰਟੀ’ ਬਣਾ ਦਿਤਾ। ਬਸ ਫਿਰ ਦੋਹਾਂ ਦੀਆਂ ਪੌਂ ਬਾਰਾਂ ਸ਼ੁਰੂ ਹੋ ਗਈਆਂ।
ਪਰ ਅੱਜ ਖ਼ਾਤਮੇ ਦੇ ਨੇੜੇ ਪੁੱਜਾ ਸੁਖਬੀਰ ਬਾਦਲ ਦਾ ‘ਦਲ’ ਭਾਵੇਂ ਦੂਜੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੇ ਮਾਮਲੇ ਵਿਚ ਰੀਕਾਰਡ ਬਣਾਉਣ ਲੱਗਾ ਹੋਇਆ ਹੈ ਪਰ ਦਿਨ-ਬ-ਦਿਨ ਥੱਲੇ ਹੀ ਥੱਲੇ ਜਾ ਰਿਹਾ ਹੈ। ਹਰ ਸਿੱਖ ਦਿਲੋਂ ਦੁਖੀ ਹੈ ਕਿਉਂਕਿ ਪਾਰਟੀ ਤਾਂ ਇਹ ਸਿੱਖਾਂ ਦੀ ਸੀ ਪਰ ਵਜ਼ੀਰੀਆਂ ਲੈਣ ਲਈ ਨਹੀਂ ਸੀ ਬਣਾਈ ਗਈ, ਪੰਥ ਦੀ ਚੜ੍ਹਦੀ ਕਲਾ ਯਕੀਨੀ ਬਣਾਉਣ ਲਈ ਬਣਾਈ ਗਈ ਸੀ। ਹੁਣ ਵਜ਼ੀਰੀਆਂ ਖ਼ਾਤਰ ਹੀ ‘ਅਕਾਲੀ’ ਬਣੇ ਹੋਏ ਲੋਕ (ਪੰਥ ਖ਼ਾਤਰ ਬਿਲਕੁਲ ਵੀ ਨਹੀਂ) ਤੇਜ਼ੀ ਨਾਲ ਪਾਰਟੀ ਨੂੰ ਖ਼ੁਦਕੁਸ਼ੀ ਦੇ ਰਾਹ ਪਾ ਰਹੇ ਹਨ। ਰੱਬ ਬਚਾਏ, ਗ਼ੈਰਾਂ ਕੋਲੋਂ ਵਜ਼ੀਰੀ ਦੀ ਖ਼ੈਰ ਮੰਗ ਕੇ ਪੰਥ ਨੂੰ ਭੁੱਲ ਜਾਣ ਵਾਲਿਆਂ ਨੂੰ! ਪੰਥ ਸੇਵਕ ਬਣ ਕੇ ਉਹ ਇਕੱਲੇ ਹੀ ਪੰਥ ਕੋਲੋਂ ਜ਼ਿਆਦਾ ਸ਼ਕਤੀ ਲੈ ਸਕਦੇ ਹਨ ਤੇ ਲੈਂਦੇ ਰਹੇ ਵੀ ਹਨ।