S. Joginder Singh Ji: ਉੱਚਾ ਦਰ ਬਾਬੇ ਨਾਨਕ ਦਾ ਸਰਦਾਰ ਜੋਗਿੰਦਰ ਸਿੰਘ ਵਲੋਂ ਸਿੱਖ ਪੰਥ ਨੂੰ ਇਕ ਵਡਮੁੱਲਾ ਤੋਹਫ਼ਾ
Published : Jun 29, 2025, 11:07 am IST
Updated : Jun 29, 2025, 11:07 am IST
SHARE ARTICLE
Sardar Joginder Singh Ji
Sardar Joginder Singh Ji

ਅਪਣੇ ਅਖ਼ਬਾਰ ਰਾਹੀਂ ਗੁਰੂ ਨਾਨਕ ਸਾਹਿਬ ਦੀ ਵਿਗਿਆਨਕ ਸੋਚ ਨੂੰ ਪ੍ਰਚਾਰਨ ਵਾਸਤੇ ਦਿਨ ਰਾਤ ਇਕ ਕਰ ਦਿਤਾ

Sardar Joginder Singh Ji: ਸਾਡਾ ਪ੍ਰਵਾਰ ਸਪੋਕਸਮੈਨ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ। ਸ. ਜੋਗਿੰਦਰ ਸਿੰਘ ਹੋਰਾਂ ਦੀ ਸਿਆਣਪ ਤੇ ਮਿਹਨਤ ਸਦਕਾ ਛੇਤੀ ਹੀ ਇਹ ਮੈਗਜ਼ੀਨ ਘਰ-ਘਰ ਪਹੁੰਚ ਗਿਆ ਤੇ ਬਹੁਤ ਜਲਦੀ ਰੋਜ਼ਾਨਾ ਅਖ਼ਬਾਰ ਬਣ ਕੇ ਅਪਣੇ ਚਹੇਤੇ ਪਾਠਕਾਂ ਦੇ ਹੱਥਾਂ ’ਚ ਸਵੇਰੇ-ਸਵੇਰੇ ਦਿਖਾਈ ਦੇਣ ਲਗਿਆ, ਜੋ ਚਾਹ ਦੀਆਂ ਚੁਸਕੀਆਂ ਦੇ ਨਾਲ ਜਿਥੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਪੜ੍ਹਦੇ ਉੱਥੇ ਨਾਲ ਹੀ ਰਾਜਨੀਤੀ, ਧਰਮ ਅਤੇ ਸਮਾਜਕ ਗਤੀਵਿਧੀਆਂ ਬਾਰੇ ਉੱਚ ਪਾਏ ਦੇ ਆਰਟੀਕਲ ਪੜ੍ਹਨ ਲੱਗੇ।

ਉਸ ਵੇਲੇ ਅਜੀਤ ਅਖ਼ਬਾਰ, ਜਗਬਾਣੀ ਤੇ ਟਿ੍ਰਬਿਊਨ ਦਾ ਬੜਾ ਬੋਲਬਾਲਾ ਸੀ ਪਰ ਸਪੋਕਸਮੈਨ ਕਦੋਂ ਉਨ੍ਹਾਂ ਦੇ ਵਿਚਕਾਰ ਆ ਕੇ ਅਪਣੀ ਅਡਰੀ ਥਾਂ ਬਣਾ ਗਿਆ, ਸੱਭ ਦੇਖਦੇ ਹੀ ਰਹਿ ਗਏ ਤੇ ਸਿਰਫ਼ ਥਾਂ ਹੀ ਨਹੀਂ ਬਣਾਈ ਬਲਕਿ ਬਹੁਤ ਛੇਤੀ ਹੀ ਉਨ੍ਹਾਂ ਨੂੰ ਟੱਕਰ ਵੀ ਦੇਣ ਲੱਗ ਪਿਆ। ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਸ. ਜੋਗਿੰਦਰ ਸਿੰਘ ਹੋਰਾਂ ਨੇ ਸਿਰਫ਼ ਵਪਾਰਕ ਤੌਰ ’ਤੇ ਅਖ਼ਬਾਰ ਨਹੀਂ ਚਲਾਇਆ ਬਲਕਿ ਇਥੋਂ ਦੇ ਗੰਧਲੇ ਹੋ ਚੁੱਕੇ ਸਮਾਜਕ, ਧਾਰਮਕ ਤੇ ਰਾਜਨੀਤਕ ਵਰਤਾਰੇ ’ਤੇ ਵੱਡੇ ਵੱਡੇ ਸਵਾਲ ਖੜੇ ਕਰਨੇ ਸ਼ੁਰੂ ਕੀਤੇ। 

ਅਪਣੇ ਅਖ਼ਬਾਰ ਰਾਹੀਂ ਗੁਰੂ ਨਾਨਕ ਸਾਹਿਬ ਦੀ ਵਿਗਿਆਨਕ ਸੋਚ ਨੂੰ ਪ੍ਰਚਾਰਨ ਵਾਸਤੇ ਦਿਨ ਰਾਤ ਇਕ ਕਰ ਦਿਤਾ। ਇਥੇ ਯਾਦ ਰਖਿਉ ਕਿ ਉਨ੍ਹਾਂ ਦੇ ਸਿਰੜ ਅਤੇ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ ਕਰ ਕੇ ਹੀ ਸਮੇਂ ਦੀਆਂ ਸਰਕਾਰਾਂ ਤੇ ਵੱਡੇ ਧਾਰਮਕ ਲੀਡਰਾਂ, ਜਥੇਦਾਰਾਂ ਦੀ ਨਾਰਾਜ਼ਗੀ ਤਕ ਦੀ ਵੀ ਪ੍ਰਵਾਹ ਨਾ ਕੀਤੀ ਸਗੋਂ ਅਪਣੀ ਚਾਲੇ ਚਲਦੇ ਰਹੇ।

ਪਹਿਲੀ ਵਾਰ ਸਾਡੇ ਸਿਰਾਂ ’ਤੇ ਬਿਠਾਏ ਜਥੇਦਾਰਾਂ ਨੂੰ ਪੁਜਾਰੀ ਕਹਿ ਕੇ ਉਨ੍ਹਾਂ ਦੀ ਅਸਲੀਅਤ ਲੋਕਾਂ ਅੱਗੇ ਰਖਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਅਗਲੇ ਮਾਰਨ ਨੂੰ ਪੈਂਦੇ ਸੀ, ਪ੍ਰੈਸ਼ਰ ਵਧਦਾ ਜਾ ਰਿਹਾ ਸੀ, ਮੁਕੱਦਮੇ ਕਰ ਦਿਤੇ ਗਏ, ਅਖ਼ਬਾਰ ਦੇ ਦਫ਼ਤਰਾਂ ’ਤੇ ਹਮਲੇ ਹੋ ਗਏ, ਪੰਥ ’ਚੋਂ ਛੇਕਣ ਦਾ ਹੁਕਮ ਜਾਰੀ ਹੋ ਗਿਆ ਪਰ ਸਰਦਾਰ ਜੀ ਨਾ ਝੁਕੇ, ਨਾ ਮਾਫ਼ੀ ਮੰਗੀ ਸਗੋਂ ਅਪਣੇ ਨਾਲ ਸਿਆਣੇ ਤੇ ਹਮ ਖ਼ਿਆਲ ਵਿਦਵਾਨਾਂ ਦੀ ਇਕ ਟੀਮ ਖੜ੍ਹੀ ਕਰ ਲਈ ਤੇ ਉਨ੍ਹਾਂ ਦੇ ਲੇਖ ਧੜਾਧੜ ਸਪੋਕਸਮੈਨ ਵਿਚ ਛਪਣ ਲੱਗੇ। ਨਤੀਜਾ ਇਹ ਨਿਕਲਿਆ ਕਿ ਆਮ ਮਾਈ ਭਾਈ ਜਾਗਣ ਲਗਿਆ, ਸਵਾਲ ਕਰਨ ਲਗਿਆ, ਹਿੰਮਤ ਵਧੀ, ਸਪੋਕਸਮੈਨ ਰਾਹੀਂ ਉਨ੍ਹਾਂ ਦੀਆਂ ਚਿੱਠੀਆਂ ਮਨ ਦੇ ਵਲਵਲੇ ਇਕ ਦੂਜੇ ਤਕ ਪਹੁੰਚਣ ਲੱਗੇ। ਸਪੋਕਸਮੈਨ ਦੇ ਵਿਹੜੇ ’ਚ ਪਾਠਕਾਂ ਦੇ ਮੇਲ ਮਿਲਾਪ ਹੋਣ ਲੱਗੇ।

ਮੈਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਕਿ ਜਦੋਂ ਸ. ਇੰਦਰ ਸਿੰਘ ਘੱਗਾ ਜੀ (ਜੋ ਮੇਰੇ ਪਿਤਾ ਜੀ ਹਨ) ਨੂੰ ਉਨ੍ਹਾਂ ਦੀਆਂ ਬੇਬਾਕ ਲਿਖਤਾਂ ਤੇ ਕੁਰੀਤੀਆਂ ਵਿਰੁਧ ਚੁੱਕੇ ਗਏ ਸਵਾਲਾਂ ਕਾਰਨ ਪੰਥ ’ਚੋਂ ਛੇਕ ਦਿਤਾ ਗਿਆ ਸੀ ਤਾਂ ਉਸ ਵੇਲੇ ਸੱਭ ਸਿੱਖ ਸੰਸਥਾਵਾਂ ਨੇ ਡਰ ਦੇ ਮਾਰੇ ਪਾਸਾ ਵੱਟ ਲਿਆ ਸੀ, ਕਿਸੇ ਨੇ ਵੀ ਹਾਅ ਦਾ ਨਾਹਰਾ ਨਾ ਮਾਰਿਆ, ਕਦੇ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਨਾ ਕੀਤੀ।

ਕਿਸੇ ਨੇ ਵੀ ਪਿਤਾ ਜੀ ਦੀ ਦਲੇਰੀ ਅਤੇ ਧਾਰਮਕ ਗੁੰਡਾਗਰਦੀ ਦਾ ਵਿਰੋਧ ਕਰਨ ’ਤੇ ਹੌਸਲਾ-ਅਫ਼ਜਾਈ ਨਾ ਕੀਤੀ ਬਲਕਿ ਸਾਡੇ ਨਾਲ ਨਾਤੇ ਤੋੜ ਲਏ। ਪਿਤਾ ਜੀ ਦਾ ਸਿੱਖ ਜਗਤ ’ਚ ਵਿਚਰਨਾ, ਪ੍ਰਚਾਰ ਕਰਨਾ ਬੰਦ ਹੋ ਗਿਆ ਪਰ ਕਲਮ ਦੀ ਜੰਗ ਜਾਰੀ ਰਹੀ। ਉਸ ਅੱਤ ਦੀ ਔਖੀ ਘੜੀ ’ਚ ਸਿਰਫ਼ ਤੇ ਸਿਰਫ਼ ਸ. ਜੋਗਿੰਦਰ ਸਿੰਘ ਸਪੋਕਸਮੈਨ ਹੋਰਾਂ ਨੇ ਨਿਰਸਵਾਰਥ ਹੋ ਕੇ ਪਿਤਾ ਜੀ ਦਾ ਡੱਟ ਕੇ ਸਾਥ ਦਿਤਾ ਅਤੇ ਕਾਲਕਾ ਪੰਥੀ ਪੁਜਾਰੀ ਲਾਣੇ ਦਾ ਕਾਲਾ ਸੱਚ ਅਖ਼ਬਾਰ ਜ਼ਰੀਏ ਪਾਠਕਾਂ ਦੇ ਸਾਹਮਣੇ ਲਿਆਂਦਾ।

ਸ. ਜੋਗਿੰਦਰ ਸਿੰਘ ਹੋਰਾਂ ਨੇ ਹੀ ਬਾਬਾ ਕਾਲਾ ਅਫ਼ਗ਼ਾਨਾ ਜੀ ਵਲੋਂ ਕੀਤੀ ਮਿਹਨਤ ਅਤੇ ਉਠਾਏ ਵਾਜਬ ਸਵਾਲਾਂ ਬਾਰੇ ਕੌਮ ਨੂੰ ਦਸਿਆ ਕਿਉਂਕਿ ਉਹ ਵੀ ਪੰਥ ’ਚੋਂ ਛੇਕ ਦਿਤੇ ਗਏ ਸਨ।

ਇਕ ਗੱਲ ਹੋਰ ਧਿਆਨ ’ਚ ਰੱਖਣ ਵਾਲੀ ਹੈ ਕਿ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਤੇ ਸਾਡੇ ਕੋਲ ਅਪਣੀ ਗੱਲ ਕਹਿਣ ਦਾ ਕੋਈ ਮਾਧਿਅਮ ਨਹੀਂ ਸੀ। ਜੇਕਰ ਉਸ ਵੇਲੇ ਸਪੋਕਸਮੈਨ ਵੱਡੀ ਧਿਰ ਬਣ ਕੇ ਸਾਡੇ ਨਾਲ ਨਾ ਖੜਦਾ ਤਾਂ ਹਾਲਾਤ ਬਿਲਕੁਲ ਹੋਰ ਹੋਣੇ ਸਨ। 

ਮੈਨੂੰ ਇਸ ਗੱਲ ਦੀ ਵੀ ਬੇਹੱਦ ਖ਼ੁਸ਼ੀ ਹੈ ਕਿ ਪਾਠਕਾਂ ਨੇ ਸਪੋਕਸਮੈਨ ਦਾ ਵੱਧ ਚੜ੍ਹ ਕੇ ਸਾਥ ਵੀ ਦਿਤਾ, ਜਿਥੇ ਤੇ ਜਦੋਂ ਵੀ ਸ. ਜੋਗਿੰਦਰ ਸਿੰਘ ਜੀ ਨੇ ਆਵਾਜ਼ ਮਾਰੀ, ਸੰਗਤ ਹੁੰਮ-ਹੁੰਮਾ ਕੇ ਪਹੁੰਚਦੀ ਰਹੀ। ਮੈਨੂੰ ਇਸ ਗੱਲ ਦਾ ਸਦਾ ਅਫ਼ਸੋਸ ਰਹੇਗਾ ਕਿ ਜ਼ਿੰਦਗੀ ਰਹਿੰਦਿਆ ਸਰਦਾਰ ਜੀ ਨੂੰ ਮਿਲ ਨਾ ਸਕੀ।

ਅਸੀ ਬਾਪੂ ਜੀ (ਘੱਗਾ ਜੀ) ਤੇ ਮੈਂ ਅਕਸਰ ਸੋਚਿਆ ਕਰਦੇ ਸਨ ਕਿ ਸ. ਜੋਗਿੰਦਰ ਸਿੰਘ ਹੋਰਾਂ ਵਲੋਂ ਵਿੱਢੇ ਕਾਰਜ ਨੂੰ ਉਨ੍ਹਾਂ ਤੋਂ ਬਾਅਦ ਅੱਗੇ ਕੌਣ ਤੋਰੇਗਾ? ਪਰ ਛੇਤੀ ਹੀ ਭੈਣ ਨਿਮਰਤ ਕੌਰ ਜੀ ਵਲੋਂ ਲਿਖੀ ਸੰਪਾਦਕੀ, ਪੂਰਾ ਸੰਪਾਦਕੀ ਪੰਨਾ ਅਤੇ ਐਤਵਾਰ ਦੇ ਮਨੋਰੰਜਕ ਪੰਨੇ ਹੋਰ ਵੀ ਵੱਧ ਗੁਣਵੱਤਾ ਅਤੇ ਉਸੇ ਸੋਚ ਨਾਲ ਪੜ੍ਹਨ ਨੂੰ ਮਿਲਣ ਲੱਗੇ ਤਾਂ ਸਕੂਨ ਮਿਲਿਆ ਕਿ ਸਪੋਕਸਮੈਨ ਅਦਾਰਾ ਹੁਣ ਬੀਜੀ ਜਗਜੀਤ ਕੌਰ ਜੀ ਅਤੇ ਭੈਣ ਨਿਮਰਤ ਕੌਰ ਦੇ ਸੁਯੋਗ ਹੱਥਾਂ ਵਿਚ ਹੈ ਤੇ ਵੱਧ ਫੁਲ ਰਿਹਾ ਹੈ।

ਇਥੇ ਸਪੋਕਸਮੈਨ ਦੇ ਪਿਆਰੇ ਪਾਠਕਾਂ ਨਾਲ ਇਕ ਵਿਚਾਰ ਸਾਂਝੀ ਜ਼ਰੂਰ ਕਰਨੀ ਚਾਹਾਂਗੀ ਕਿ ਮੰਨੋ ਭਾਵੇਂ ਨਾ ਮੰਨੋ ਪਰ ਸਾਡੇ ਸਮਾਜ ’ਚ ਧਾਰਮਕ ਤੇ ਦੁਨਿਆਵੀ ਤੌਰ ’ਤੇ ਅੱਜ ਵੀ ਧੀ ਅਤੇ ਪੁੱਤਰ ’ਚ ਫ਼ਰਕ ਕੀਤਾ ਜਾਂਦੈ। ਅੱਜ ਵੀ ਪੁੱਤਰ ਪ੍ਰਾਪਤੀ ਲਈ ਅਰਦਾਸਾਂ ਹੁੰਦੀਆ ਨੇ, ਭਰੂਣ ਹਤਿਆ ਹੁੰਦੀ ਹੈ। ਅੱਜ ਵੀ ਪਿਤਾ ਦੀ ਵਿਰਾਸਤ ਦਾ ਹੱਕਦਾਰ ਪੁੱਤਰ ਹੀ ਸਮਝਿਆ ਜਾਂਦੈ ਭਾਵੇਂ ਕਪੁਤ ਹੀ ਕਿਉਂ ਨਾ ਨਿਕਲੇ, ਮਾਂ ਪਿਉ ਪ੍ਰਤੀ ਕੋਈ ਫ਼ਰਜ਼ ਨਾ ਨਿਭਾਵੇ, ਧੇਲੇ ਦੀ ਕਦਰ ਨਾ ਕਰੇ, ਬਲਕਿ ਮਾਨਸਕ ਤੇ ਸਰੀਰਕ ਕਸ਼ਟ ਪਹੁੰਚਾਵੇ।

ਇਹੋ ਜਿਹੀਆਂ ਗਲੀਆਂ ਸੜੀਆਂ ਮਾਨਤਾਵਾਂ ਦਾ ਤਿਆਗ ਕਰ ਜੋਗਿੰਦਰ ਸਿੰਘ ਜੀ ਨੇ ਅਪਣੀ ਬੇਟੀ ਨੂੰ ਯੋਗ ਸਮਝਦਿਆਂ ਸਪੋਕਸਮੈਨ ਅਦਾਰੇ ਦੀ ਪੂਰੀ ਜ਼ਿੰਮੇਵਾਰੀ ਦਾ ਭਾਰ ਬੇਝਿਜਕ ਹੋ ਕੇ ਉਸ ਦੇ ਮੋਢਿਆਂ ’ਤੇ ਰੱਖ ਦਿਤਾ ਤੇ ਸੁਰਖ਼ਰੂ ਹੋ ਗਏ ਤੇ ਨਾਲ ਹੀ ਸਮਾਜ ਨੂੰ ਇਕ ਸਬਕ ਦੇ ਗਏ ਕਿ ਬੱਚੇ ਲਾਇਕ ਹੋਣ, ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਹੋਣ, ਫਿਰ ਧੀ ਹੋਵੇ ਜਾਂ ਪੁੱਤ ਕੋਈ ਫ਼ਰਕ ਨਹੀਂ ਪੈਂਦਾ।

ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਹੋਰਾਂ ਵਲੋਂ ‘ਉੱਚਾ ਦਰ ਬਾਬੇ ਨਾਨਕ ਦਾ’ ਜੋ ਤੋਹਫ਼ਾ ਸਮੁੱਚੇ ਪੰਥ ਦੀ ਝੋਲੀ ’ਚ ਪਾਇਆ ਗਿਐ, ਉਸ ਦੀ ਤਾਂ ਸੱਚੀ ਦਾਦ ਦੇਣੀ ਬਣਦੀ ਹੈ। ਮੈਂ ਸਿਰਫ਼ ਘੱਗਾ ਜੀ ਕੋਲੋਂ ਇਹਦੇ ਬਾਰੇ ਜ਼ਿਕਰ ਸੁਣਿਆ ਸੀ ਪਰ ਇਸ ਵਾਰ ਜਦੋਂ ਆਈ ਤਾਂ ਮਨ ਬਣਾਇਆ ਕਿ ਕਿਉਂ ਨਾ ਇਕ ਦਿਨ ‘ਉੱਚਾ ਦਰ...’ ਦੇਖ ਕੇ ਆਈਏ। ਸੋ 17 ਜੂਨ ਨੂੰ ਅਸੀ ਪਟਿਆਲੇ ਤੋਂ ਕਾਰ ਰਾਹੀਂ ਚਲ ਪਏ ਤੇ ਤਕਰੀਬਨ ਇਕ ਘੰਟੇ ’ਚ ਉੱਥੇ ਪਹੁੰਚ ਗਏ।  ਬਾਪੂ ਜੀ ਦੇ ਨਾਲ ਹੋਣ ਕਰ ਕੇ ਕੋਈ ਦਿੱਕਤ ਨਾ ਆਈ ਪਰ ਵੈਸੇ ਵੀ ਸਾਰਾ ਸਟਾਫ਼ ਮਿਲਣਸਾਰ ਹੈ ਤੇ ਕੋਈ ਮੁਸ਼ਕਲ ਨਹੀਂ ਆਉਂਦੀ। ਇਥੇ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਤ ਏਨੀ ਵਧੀਆ ਜਾਣਕਾਰੀ ਉਪਲਬਧ ਹੈ ਜੋ ਸ਼ਾਇਦ ਹੀ ਕਿਤੇ ਹੋਰ ਹੋਵੇ। ਗੁਰੂ ਸਾਹਿਬ ਜੀ ਦੀਆਂ ਯਾਤਰਾਵਾਂ (ਉਦਾਸੀਆਂ) ਬਾਰੇ ਬੜੇ ਸੁਚੱਜੇ ਢੰਗ ਨਾਲ ਸਮਝਾਇਆ ਜਾਂਦੈ।

ਥੀਏਟਰ ਬਣੇ ਹੋਏ ਨੇ ਜਿੱਥੇ ਫ਼ਿਲਮ ਰੂਪ ’ਚ ਗੁਰੂ ਨਾਨਕ ਜੀ ਦੀ ਬਾਣੀ ਵਿਚ ਧਾਰਮਕ, ਰਾਜਨੀਤਕ ਤੇ ਸਮਾਜਕ ਬੁਰਾਈਆਂ ’ਤੇ ਉਠਾਏ ਗਏ ਸਵਾਲ, ਵਿਗਿਆਨ ਯੁੱਗ ਤੋਂ ਵੀ ਸਦੀਆਂ ਪਹਿਲਾਂ ਗੁਰੂ ਜੀ ਦੀ ਵਿਗਿਆਨਕ ਸੋਚ ਤੇ ਸਵਾਲ ਜਵਾਬ, ਦੁਨੀਆਂ ਦੇ ਵੱਡੇ ਧਰਮਾਂ ਨਾਲ ਤੁਲਨਾ ਕਰਦਿਆਂ ਨਾਨਕ ਬਾਣੀ ’ਚੋਂ ਸ਼ਬਦ ਚੁਣ ਕੇ ਸੌਖੇ ਢੰਗ ਨਾਲ ਸਮਝਾਉਣਾ ਤੇ ਬਾਬਾ ਨਾਨਕ ਜੀ ਦੀ ਵਿਸ਼ਾਲ ਸੋਚ ਤੇ ਅਦੁੱਤੀ ਸ਼ਖ਼ਸੀਅਤ ਬਾਰੇ ਦਸਦਿਆਂ ਉਨ੍ਹਾਂ ਪ੍ਰਤੀ ਸੁਤੇ ਸਿਧ ਹੋਰ ਆਦਰ ਸਤਿਕਾਰ ਪੈਦਾ ਕਰ ਦੇਣਾ ਸਿਰਫ਼ ਜੋਗਿੰਦਰ ਸਿੰਘ ਜੀ ਹੋਰਾਂ ਦੇ ਹਿੱਸੇ ਹੀ ਆਇਆ ਹੈ। 

ਸਰਦਾਰ ਜੀ ਦੀ ਮਿਹਨਤ ਅਤੇ ਗੁਰੂ ਸਾਹਿਬਾਨ ਪ੍ਰਤੀ ਜੋ ਪਿਆਰ ਸਤਿਕਾਰ ਹੈ, ਉਹ ਉਨ੍ਹਾਂ ਵਲੋਂ ਖੁਲ੍ਹੀਆਂ ਅੱਖਾਂ ਨਾਲ ਲਏ ਗਏ ਸੁਪਨੇ ਨੂੰ ਜਦੋਂ ਸਾਖਸ਼ਾਤ ਸਾਹਮਣੇ ਸਾਕਾਰ ਰੂਪ ’ਚ ਦੇਖਿਆ ਤਾਂ ਸਿਰ ਝੁਕ ਗਿਆ। 

ਧਨਵਾਦ ਹੈ ਬੀਜੀ ਜਗਜੀਤ ਕੌਰ ਤੇ ਭੈਣ ਨਿਮਰਤ ਕੌਰ ਦਾ ਜਿਨ੍ਹਾਂ ਨੇ ਸ. ਜੋਗਿੰਦਰ ਸਿੰਘ ਜੀ ਦੇ ਇਸ ਸੁਪਨੇ ਨੂੰ ਸਾਖ਼ਸ਼ਾਤ ਕਰਨ ’ਚ ਸਾਥ ਦਿਤਾ ਤੇ ਉਨ੍ਹਾਂ ਤੋਂ ਬਾਅਦ ਵੀ ਇਸ ਅਦਾਰੇ ਨੂੰ ਜੀਵਤ ਰੱਖਣ ’ਚ ਹਰ ਸੰਭਵ ਯੋਗਦਾਨ ਪਾ ਰਹੇ ਹਨ। ਸਿਰਫ਼ ਦੋ ਸੌ ਰੁਪਏ ਦੀ ਟਿਕਟ ਨਾਲ ਤੁਸੀ ਇਥੋਂ ਸਹੀ ਢੰਗ ਨਾਲ ਗੁਰਮਤਿ ਦੀ ਸਮਝ ਲੈ ਕੇ ਬਾਹਰ ਆਉਂਦੇ ਹੋ, ਤੁਹਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ, ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਮਨੁੱਖਤਾ ਦੇ ਅਸਲੀ ਧਰਮ ਨਾਲ ਜਾਣ ਪਛਾਣ ਹੋ ਜਾਂਦੀ ਹੈ, ਜਿਸ ਦੀ ਗੱਲ ਗੁਰਬਾਣੀ ਅੰਦਰ ਥਾਂ ਥਾਂ ’ਤੇ ਕੀਤੀ ਗਈ ਹੈ। 

ਇਥੇ ਲਾਇਬ੍ਰੇਰੀ ਮੌਜੂਦ ਹੈ ਤੇ ਨਨਕਾਣਾ ਬਾਜ਼ਾਰ ਵੀ ਜਿੱਥੇ ਤੁਸੀ ਖ਼ਰੀਦੋ ਫ਼ਰੋਖ਼ਤ ਕਰ ਸਕਦੇ ਹੋ। 

ਕੁਲ ਮਿਲਾ ਕੇ ਸਾਡਾ ਟੂਰ ਬਹੁਤ ਵਧੀਆ ਰਿਹਾ। ਅਪਣੇ ਹਿਰਦੇ ’ਚ ਸੰਜੋਈਆਂ ਇਹ ਖ਼ੂਬਸੂਰਤ ਯਾਦਾਂ ਮੈਂ ਅਪਣੇ ਆਲੇ-ਦੁਆਲੇ ਨਾਲ ਸਾਂਝੀਆ ਵੀ ਕਰਾਂਗੀ ਤੇ ਉਨ੍ਹਾਂ ਨੂੰ ਇਥੇ ਆਉਣ ਲਈ ਪ੍ਰੇਰਿਤ ਵੀ ਕਰਾਂਗੀ ਤਾਂ ਜੋ ਮੇਰੇ ਬਾਕੀ ਵੀਰ ਭੈਣਾਂ ਤੇ ਬੱਚੇ ਇਥੇ ਆਉਣ ਤੇ ਅਪਣੇ ਧਰਮ ਅਤੇ ਵਿਰਸੇ ਬਾਰੇ ਸਟੀਕ ਜਾਣਕਾਰੀ ਲੈ ਸਕਣ।
ਅਫ਼ਸੋਸ ਨਾਲ ਕਹਿਣਾ ਪੈ ਰਿਹੈ ਕਿ ਸਾਡੇ ਆਲੀਸ਼ਾਨ ਗੁਰਦੁਆਰਿਆਂ ਵਿਚੋਂ ਸਿਵਾਏ ਕਿਰਾਏ ਦੇ ਪਾਠਾਂ ਅਤੇ ਅਰਦਾਸਾਂ ਤੋਂ ਹੋਰ ਕੁੱਝ ਵੀ ਨਹੀਂ ਮਿਲਦਾ। ਉਥੇ ਗੁਰੂ ਨਾਨਕ ਜੀ ਕਿਧਰੇ ਵੀ ਦਿਖਾਈ ਨਹੀਂ ਦਿੰਦੇ, ਜੇ ਦਰਸ਼ਨ ਕਰਨੇ ਹਨ ਤਾਂ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਆਉ, ਤੁਹਾਨੂੰ ਬਾਬਾ ਜੀ ਇਥੇ ਮਿਲਣਗੇ।
ਉਮੀਦ ਕਰਦੀ ਹਾਂ ਕਿ ਇਹੋ ਜਿਹੇ ਉਪਰਾਲੇ ਬਾਕੀ ਸ਼ਹਿਰਾਂ ਤੇ ਦੇਸ਼ ਵਿਦੇਸ਼ ਵਿਚ ਵੀ ਹੋਣ ਤਾਂ ਜੋ ਅਸੀਂ ਬਾਬਾ ਨਾਨਕ ਜੀ ਬਾਰੇ ਚੰਗੀ ਤਰ੍ਹਾਂ ਆਪ ਜਾਣ ਸਕੀਏ ਤੇ ਦੁਨੀਆਂ ਨੂੰ ਵੀ ਉਨ੍ਹਾਂ ਦੇ ਦਰਸ਼ਨ ਕਰਵਾ ਸਕੀਏ। 

ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜੋ ਇਲਜ਼ਾਮ ਲਗਾਉਣ ’ਚ ਮਾਹਰ ਹੁੰਦੇ ਨੇ, ਜਿਨ੍ਹਾਂ ਆਪ ਜ਼ਿੰਦਗੀ ’ਚ ਸਮਾਜ ਦੀ ਬਿਹਤਰੀ ਵਾਸਤੇ ਕੁੱਝ ਨਹੀਂ ਕੀਤਾ ਹੁੰਦਾ, ਪਰ ਜੋ ਕਰ ਰਹੇ ਹੁੰਦੇ ਨੇ, ਉਨ੍ਹਾਂ ’ਤੇ ਉਂਗਲੀ ਕਰਦੇ ਰਹਿੰਦੇ ਨੇ, ਮੇਰਾ ਉਨ੍ਹਾਂ ਸਾਰਿਆਂ ਵੀਰਾਂ ਭੈਣਾਂ ਨੂੰ ਇਕੋ ਹੀ ਸਵਾਲ ਹੈ ਕਿ ਕਦੀ ਸ਼੍ਰੋਮਣੀ ਕਮੇਟੀ ਦੇ ਵਹੀ ਖਾਤੇ ਚੈੱਕ ਕੀਤੇ? ਕਦੀ ਡੇਰੇਦਾਰਾਂ ਦੀ ਆਮਦਨ ਦਾ ਹਿਸਾਬ ਮੰਗਣ ਦੀ ਹਿੰਮਤ ਹੋਈ? ਜਿਨ੍ਹਾਂ ਸਿੱਖ ਸੰਗਤ ਨੂੰ ਲੰਮੇ ਸਮੇਂ ਤੋ ਵਹਿਮਾਂ-ਭਰਮਾਂ ’ਚ ਫਸਾਇਐ, ਬਾਬਾ ਨਾਨਕ ਜੀ ਦੀ ਵਿਚਾਰਧਾਰਾ ਤੋਂ ਦੂਰ ਕੀਤਾ ਤੇ ਸਿੱਖ ਨੌਜਵਾਨਾਂ ਨੂੰ ਗਿਆਨਵਾਨ ਬਣਾਉਣ ਦੀ ਥਾਂ ਲੱਠਮਾਰ ਤੇ ਗੁਸੈਲ ਬਣਾ ਕੇ, ਪੰਜਾਬ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ, ਪੰਥ ਦੀ ਭਲਾਈ ਵਾਲਾ ਸਮਾਜ ਨੂੰ ਸਿਆਣੇ ਬਣਾਉਣ ਵਾਲਾ ਕੁੱਝ ਵੀ ਨਹੀਂ ਦਿਤਾ। 

ਪਰ ਸ. ਜੋਗਿੰਦਰ ਸਿੰਘ ਹੋਰਾਂ ਸਪੋਕਸਮੈਨ ਰਾਹੀਂ ਸਾਨੂੰ ਮੱਤ ਵੀ ਦਿਤੀ, ਗੁਰਮਤਿ ਦੀ ਸੋਝੀ ਵੀ ਬਖ਼ਸ਼ੀ ਤੇ ਇਸ ਰਸਤੇ ’ਤੇ ਚਲਦਿਆਂ ਉਨ੍ਹਾਂ ਵੱਡੇ ਧਾਰਮਕ ਮਾਫ਼ੀਏ ਕੋਲੋਂ ਅਪਮਾਨ ਵੀ ਸਹਿਣ ਕੀਤਾ ਪਰ ਪ੍ਰਵਾਹ ਨਹੀਂ ਕੀਤੀ ਤੇ ਅੱਜ ਲਗਿਆ ਪੈਸਾ ਤੇ ਕੀਤੀ ਮਿਹਨਤ ‘ਉੱਚਾ ਦਰ ਬਾਬੇ ਨਾਨਕ ਦਾ’ ਰਾਹੀਂ ਸਾਫ਼ ਨਜ਼ਰ ਆ ਰਹੀ ਹੈ। 

ਮੈਂ ਸ਼੍ਰੋਮਣੀ ਕਮੇਟੀ, ਵੱਖ-ਵੱਖ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸਕੂਲਾਂ ਕਾਲਜਾਂ ਦੇ ਸਟਾਫ਼ ਨੂੰ ਬੇਨਤੀ ਕਰਾਂਗੀ ਕਿ ਇਥੇ ਜ਼ਰੂਰ ਆਉ ਤੇ ਹੋਰਨਾਂ ਨੂੰ ਵੀ ਨਾਲ ਲੈ ਕੇ ਆਉ, ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰ ਸਕੋ ਤੇ ਦੁਨੀਆਂ ਨੂੰ ਮਾਣ ਨਾਲ ਕਹਿ ਸਕੋ ਕਿ ਸਚਮੁੱਚ ਬਾਬਾ ਨਾਨਕ ਜੀ ਜੇਹਾ ਕੋਈ ਨਹੀਂ।

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement