
Nijji Diary De Panne: ਜਿਵੇਂ ਰੋਜ਼ਾਨਾ ਸਪੋਕਸਮੈਨ ਤੇ ‘ਉੱਚਾ ਦਰ’ ਵੀ ਦੁਸ਼ਮਣਾਂ ਦੀਆਂ ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਸਨ ਰੁਕੇ, ਉਸੇ ਤਰ੍ਹਾਂ ਅਗਲੇ ਪ੍ਰੋਗਰਾਮ ਵੀ ਨਹੀਂ ਰੁਕਣਗੇ।
Ucha dar babe nanak da Nijji Diary De Panne: ‘ਉੱਚਾ ਦਰ’ ਬਾਰੇ ਲਿਖਣ ਲਗਿਆਂ ਮੈਨੂੰ ਵਾਰ-ਵਾਰ ਸਪੱਸ਼ਟ ਕਰਨਾ ਪੈਂਦਾ ਹੈ ਕਿ ਮੈਂ ਜਾਂ ਮੇਰੀ ਪਤਨੀ ਜਾਂ ਮੇਰੀ ਬੇਟੀ ਇਸ ਦੇ ਮੈਂਬਰ ਵੀ ਕਦੇ ਨਹੀਂ ਬਣੇ ਕਿਉਂਕਿ ਮੈਂ ਇਸ ਨੂੰ ‘ਲੋਕਾਂ ਦਾ ਅਜੂਬਾ’ ਬਣਿਆ ਵੇਖਣਾ ਚਾਹੁੰਦਾ ਸੀ, ਅਪਣਾ ਅਜੂਬਾ ਨਹੀਂ। ਹੁਣ ਵੀ ਕਈ ਲੋਕ ਇਸ ਨੂੰ ‘ਜੋਗਿੰਦਰ ਸਿੰਘ ਦਾ ਅਜੂਬਾ’ ਕਹਿ ਦੇਂਦੇ ਹਨ ਪਰ ਇਹ ਠੀਕ ਨਹੀਂ। ਕਈ ਸਾਲ ਪਹਿਲਾਂ ਮੈਂ ਜਦ ਅਖ਼ਬਾਰ ਵਿਚ ਪਹਿਲੀ ਵਾਰ ਇਹ ਐਲਾਨ ਕੀਤਾ ਸੀ ਤਾਂ ਬਹੁਤੇ ਪਾਠਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਜੇ ਮੈਂ ਇਸ ਦਾ ਮੁਖੀ ਨਾ ਰਿਹਾ ਤਾਂ ਕੋਈ ਹੋਰ ਇਸ ਨੂੰ ਮੁਕੰਮਲ ਨਹੀਂ ਕਰ ਸਕੇਗਾ। ਮੈਂ ਜਵਾਬ ਦਿਤਾ ਸੀ ਕਿ ਬਾਹਰ ਰਹਿ ਕੇ ਵੀ ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਾਂਗਾ ਕਿ ਇਹ ਮੇਰੇ ਜਿਊਂਦਿਆਂ ਹੀ ਚਾਲੂ ਹੋ ਜਾਏ ਤੇ ਬਹੁਤ ਵਧੀਆ ਰੂਪ ਵਿਚ ਚਾਲੂ ਹੋਵੇ। ਸਰਕਾਰੀਆਂ, ਪੁਜਾਰੀਆਂ ਤੇ ਹਵਾਰੀਆਂ ਦਾ ਵਿਰੋਧ ਵੀ ਏਨਾ ਤੇਜ਼ ਸੀ ਕਿ ਕਈ ਵਾਰ ਮੈਨੂੰ ਵੀ ਲਗਦਾ ਸੀ, ਮੈਂ ਸ਼ਾਇਦ ਅਪਣੇ ਜੀਵਨ ਕਾਲ ਵਿਚ ਇਸ ਨੂੰ ਚਾਲੂ ਹੋਇਆ ਨਾ ਵੇਖ ਸਕਾਂ। ਵੱਡਾ ਕਾਰਨ ਇਹ ਸੀ ਕਿ ਸਾਡੇ ਪਾਠਕਾਂ ’ਚੋਂ ਵੀ ਕਾਫ਼ੀ ਲੋਕ, ਦੁਸ਼ਮਣਾਂ ਦੇ ਇਸ ਝੂਠ ਦਾ ਅਸਰ ਕਬੂਲ ਕਰ ਗਏ ਸੀ ਕਿ ‘‘ਇਨ੍ਹਾਂ ਨੇ ਉੱਚਾ ਦਰ ਬਣਾਣਾ ਤਾਂ ਹੈ ਕੋਈ ਨਹੀਂ, ਤੁਹਾਡਾ ਪੈਸਾ ਲੈ ਕੇ ਵਿਦੇਸ਼ ਭੱਜ ਜਾਣਗੇ।’’
ਲੱਖ ਲਾਹਨਤ ਇਹੋ ਜਿਹੇ ਝੂਠ ਬੋਲਣ ਵਾਲਿਆਂ ਤੇ। ਮੈਨੂੰ ਤਾਂ ਹਾਕਮਾਂ ਕੋਲੋਂ, ਸਿਰਫ਼ ਅਪਣੀ ਨੀਤੀ ਬਦਲ ਲੈਣ ਤੇ ਹੀ ਕਰੋੜਾਂ ਰੁਪਏ ਮਿਲ ਸਕਦੇ ਸਨ ਪਰ ਮੈਂ ਹਰਾਮ ਦੇ ਇਕ ਪੈਸੇ ਨੂੰ ਵੀ ਕਦੇ ਹੱਥ ਨਹੀਂ ਸੀ ਲਾਇਆ। ਇਸੇ ਲਈ ਪੰਜਾਹ ਸਾਲ ਦੀ ਐਡੀਟਰੀ ਮਗਰੋਂ ਮੈਂ ਅੱਜ ਕਿਰਾਏ ਦੇ ਮਕਾਨ ਵਿਚ ਰਹਿੰਦਾ ਹਾਂ, ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਜਾਂ ਬੈਂਕ ਬੈਲੈਂਸ ਨਹੀਂ ਪਰ ਲੋਕਾਂ ਦੇ ਪਿਆਰ ਸਦਕਾ ਹੀ ਉਡਦਾ ਫਿਰਦਾ ਹਾਂ। ਮੈਂ ‘ਭੁੱਖਾ ਨੰਗਾ’ ਹੀ ਸਹੀ ਪਰ ਅੰਨ੍ਹੀ ਵਿਰੋਧਤਾ ਤੇ ਆਰਥਕ ਨਾਕੇਬੰਦੀ ਦੌਰਾਨ ਵੀ ਮੇਰੇ ਰੱਬ ਨੇ ਤੇ ਮੇਰੇ ਪਾਠਕਾਂ ਨੇ ਮੇਰੀ ਪਿਠ ਨਹੀਂ ਲੱਗਣ ਦਿਤੀ ਤੇ ਵੱਡਾ ਰੋਜ਼ਾਨਾ ਸਪੋਕਸਮੈਨ ਤੇ ਮਹਾਂ ਵੱਡਾ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦੋ ਵੱਡੇ ਸੁਪਨੇ ਸਾਕਾਰ ਕਰਵਾ ਦਿਤੇ। ਮੇਰੇ ਕੋਲ ਜੋ ਕੁੱਝ ਵੀ ਸੀ, ਮੈਂ ਅਪਣੇ ਬੱਚਿਆਂ ਜਾਂ ਪ੍ਰਵਾਰ ਨੂੰ ਉਸ ਵਿਚੋਂ ਕੁੱਝ ਨਾ ਦੇ ਕੇ ਅਖ਼ਬਾਰ ਤੇ ‘ਉੱਚਾ ਦਰ’ ਨੂੰ ਦੇ ਦਿਤਾ। ਅਜਿਹਾ ਬੰਦਾ ਕੀ ਬਾਬੇ ਨਾਨਕ ਦੇ ਨਾਂ ’ਤੇ ਠੱਗੀ ਕਰਨ ਦੀ ਸੋਚ ਵੀ ਸਕਦਾ ਹੈ ਜਾਂ ਅਜਿਹਾ ਕਰਨ ਦੀ ਉਸ ਨੂੰ ਲੋੜ ਵੀ ਸੀ?
ਅਤੇ ਹੁਣ ਜਦ ਦੋਵੇਂ ਚੀਜ਼ਾਂ ਤੁਹਾਡੇ ਸਾਹਮਣੇ ਹਨ ਤਾਂ ਮੇਰੀ ਬੇਨਤੀ ਜਿਵੇਂ ਰੱਬ ਮਨ ਲੈਂਦਾ ਹੈ, ਤੁਸੀ ਵੀ ਮਨ ਲਉ (ਮੇਰੇ ਉਤੇ ਕੋਈ ਸ਼ੱਕ ਕੀਤੇ ਬਿਨਾਂ) ਕਿ ਹੁਣ ਤੁਹਾਡਾ ਇਮਤਿਹਾਨ ਸ਼ੁਰੂ ਹੋਣ ਵਾਲਾ ਹੈ। ਪਹਿਲਾਂ ਮੈਂ ਆਪ ਪ੍ਰੀਖਿਆ ਦਿਤੀ ਤੇ ਪੂਰੇ ਨੰਬਰ ਲੈ ਕੇ ਪਾਸ ਹੋ ਵਿਖਾਇਆ। ਹੁਣ ਵਾਰੀ ਤੁਹਾਡੀ ਹੈ। ਮੈਂ ਅਪਣੇ ਹੱਥ ਵਿਚ ਚੁੱਕੀ ਬਾਬੇ ਨਾਨਕ ਦੀ ਮਸ਼ਾਲ ਡਿਗਣ ਜਾਂ ਬੁੱਝਣ ਨਹੀਂ ਦਿਤੀ। ਤੁਸੀ ਵੀ ਇਸ ਨੂੰ ਬਲਦੀ ਤੇ ਚਾਨਣ ਫੈਲਾਂਦੀ ਹਾਲਤ ਵਿਚ ਹੀ ਰਖਣਾ। ਰੋਜ਼ਾਨਾ ਸਪੋਕਸਮੈਨ ਵੀ ਛੇਤੀ ਹੀ ਅਸੀ ‘ਉੱਚਾ ਦਰ ਬਾਬੇ ਨਾਨਕ ਦਾ’ ਟਰੱਸਟ ਦੇ ਨਾਂ ਲਗਵਾ ਰਹੇ ਹਾਂ। ਰੱਬ ਕੋਲ ਜਾ ਕੇ ਮੈਂ ਇਹੀ ਕਹਿਣਾ ਚਾਹਾਂਗਾ ਕਿ ‘ਰੱਬ ਜੀ, ਜਿਸ ਹਾਲ ਵਿਚ ਤੁਸੀ ਭੇਜਿਆ ਸੀ, ਉਸੇ ਹਾਲ ਵਿਚ, ਖ਼ਾਲੀ ਹੱਥ ਵਾਪਸ ਆ ਗਿਆ ਹਾਂ ਤੇ ਤੇਰੀ ਧਰਤੀ ਦੇ ਇਕ ਕਿਣਕੇ ਤੇ ਵੀ ਅਪਣੀ ਮਾਲਕੀ ਦੀ ਮੋਹਰ ਲਵਾ ਕੇ ਨਹੀਂ ਆਇਆ। (ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ) ਮੈਂ ਜੋ ਦੋ ਚਾਰ ਬੂਟੇ ਤੇਰੀ ਧਰਤੀ ਉਤੇ ਲਾ ਜਾਂ ਲਵਾ ਆਇਆ ਹਾਂ, ਉਨ੍ਹਾਂ ਨੂੰ ਖਾਦ ਪਾਣੀ ਦੇਣ ਦਾ ਕੰਮ ਤੇਰੇ ਬੰਦਿਆਂ ਦੇ ਹਵਾਲੇ ਕਰ ਆਇਆ ਹਾਂ। ਅੱਗੋਂ ਉਹ ਜਾਣਨ ਜਾਂ ਤੂੰ ਜਾਣੇਂ (ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥)
ਪਾਠਕਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ‘ਰੋਜ਼ਾਨਾ ਸਪੋਕਸਮੈਨ’ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਨਾਂ ਦੇ ਦੋਵੇਂ ਬੂਟੇ ਬੇਸ਼ਕ ਮੇਰੀ ਮਲਕੀਅਤ ਨਹੀਂ ਪਰ ਇਨ੍ਹਾਂ ਵਿਚ ਮੇਰੀ ਜਾਨ ਵਸਦੀ ਹੈ ਤੇ ਵਸਦੀ ਰਹੇਗੀ। ਇਹਨਾਂ ਨੂੰ ਅਪਣੇ ਬਣਾ ਲਉ। ਦਰਬਾਰ ਸਾਹਿਬ ਅੰਮ੍ਰਿਤਸਰ ਸੋਨੇ ਤੇ ਹੀਰੇ ਜੜੀ ਇਮਾਰਤ ਹੈ ਪਰ ਜੇ ਉਸ ਦੀ ਵੀ ਲਗਾਤਾਰ ਸੇਵਾ ਸੰਭਾਲ ਉਤੇ ਕਰੋੜਾਂ ਦਾ ਖ਼ਰਚਾ ਨਾ ਕੀਤਾ ਜਾਵੇ ਤੇ ਮਾਇਆ ਦੀ ਕਮੀ ਆ ਜਾਏ ਤਾਂ ਉਸ ਦੀ ਸੁੰਦਰਤਾ ਵੀ ਫਿੱਕੀ ਪੈ ਜਾਏਗੀ। ਸੁੰਦਰ ਇਮਾਰਤਾਂ ਨੂੰ ਸੰਭਾਲਣਾ ਜ਼ਿਆਦਾ ਔਖਾ ਹੁੰਦਾ ਹੈ। ਸੇਵਾ ਸੰਭਾਲ ਨਾ ਕਰਦੇ ਰਹੋ ਤਾਂ ਉਹ ਖੰਡਰ ਬਣ ਜਾਂਦੀਆਂ ਹਨ। ਫਿਰ ਉੱਚਾ ਦਰ ਨੂੰ ਤਾਂ ਨਿਰੀ ਪੁਰੀ ਇਕ ਇਮਾਰਤ ਵਜੋਂ ਨਹੀਂ ਸੀ ਉਸਾਰਿਆ ਗਿਆ। ਇਹ ਤਾਂ ‘ਨਾਨਕੀ ਇਨਕਲਾਬ’ ਸ਼ੁਰੂ ਕਰ ਕੇ ਉਸ ਸੱਚੇ ਧਰਮ ਨੂੰ ਮੁੜ ਤੋਂ ਸਜੀਵ ਕਰਨ ਲਈ ਬਣਾਇਆ ਗਿਆ ਹੈ ਜਿਸ ਵਿਚ ਅੰਧ-ਵਿਸ਼ਵਾਸ, ਪੁਜਾਰੀਵਾਦ, ਕਰਮ-ਕਾਂਡ, ਪਖੰਡ ਤੇ ਧਾਗੇ-ਤਵੀਤਾਂ ਲਈ ਕੋਈ ਥਾਂ ਨਹੀਂ ਹੋਵੇਗੀ ਤੇ ਜੋ ਸਾਇੰਸ, ਤਰਕ ਤੇ ਕੁਦਰਤ ਦਾ ਰਾਜ਼ਦਾਰ ਧਰਮ ਹੋਵੇਗਾ। ਇਸ ਕੰਮ ਲਈ ਨਾਨਕ ਟੀਵੀ ਚੈਨਲ ਤੇ ਪਬਲਿਸ਼ਿੰਗ ਹਾਊਸ ਸਮੇਤ ਬਹੁਤ ਸਾਰੇ ਕੰਮ ਕਰਨੇ ਹੋਣਗੇ।
ਜਿਵੇਂ ਰੋਜ਼ਾਨਾ ਸਪੋਕਸਮੈਨ ਤੇ ‘ਉੱਚਾ ਦਰ’ ਵੀ ਦੁਸ਼ਮਣਾਂ ਦੀਆਂ ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਸਨ ਰੁਕੇ, ਉਸੇ ਤਰ੍ਹਾਂ ਅਗਲੇ ਪ੍ਰੋਗਰਾਮ ਵੀ ਨਹੀਂ ਰੁਕਣਗੇ। ਸ਼ਰਤ ਇਕੋ ਹੈ ਕਿ ‘ਉੱਚਾ ਦਰ’ ਦੇ ਇਸ ਵੇਲੇ ਜੋ ਤਿੰਨ ਹਜ਼ਾਰ ਮੈਂਬਰ ਹਨ, ਉਨ੍ਹਾਂ ਨੂੰ 10 ਹਜ਼ਾਰ ਤਕ ਲੈ ਜਾਉ ਤੇ ਇਕ ਦੋ ਮਹੀਨਿਆਂ ਵਿਚ ਹੀ ਲੈ ਜਾਉ। ਮੈਂਬਰ ਬਣਨ ਲਈ ਕੀ ਕਰਨਾ ਹੈ, ਉੱਚਾ ਦਰ ਦੇ ਦਫ਼ਤਰ ਵਿਚ ਚਿੱਠੀ ਭੇਜ ਕੇ ਪਤਾ ਕਰ ਲਉ। ਪੁਰਾਣਾ ਸਿਸਟਮ ਬਦਲ ਗਿਆ ਹੈ ਤੇ ਹੁਣ ਨਵੇਂ ਅਧੀਨ ਹੀ ਮੈਂਬਰ ਬਣਿਆ ਜਾ ਸਕਦਾ ਹੈ।