ਅਕਾਲੀ ਦਲ ਨੂੰ ਮੁੜ ਤੋਂ ਅਕਾਲ ਤਖ਼ਤ ਅਥਵਾ ਪੰਥ ਦੀ ਪਾਰਟੀ ਬਣਾਉਣ ਦਾ ਇਕੋ ਇਕ ਢੰਗ -- ਸਿਦਕਦਿਲੀ ਵਾਲਾ ਪਸ਼ਚਾਤਾਪ!
Published : Dec 22, 2024, 6:39 am IST
Updated : Dec 22, 2024, 7:58 am IST
SHARE ARTICLE
Nijji Diary De Panne today article
Nijji Diary De Panne today article

ਅਕਾਲੀਆਂ ਨੇ ‘ਪੰਥਕ’ ਦੱਸਣ ਲਈ ਰੈਲੀਆਂ ਸ਼ੁਰੂ ਕੀਤੀਆਂ ਪਰ ਰੈਲੀਆਂ ਵਿਚ ਸੌਦਾ ਸਾਧ ਦੇ ਪੇ੍ਰਮੀ ਤੇ ਦਿਹਾੜੀਦਾਰ ਮਜ਼ਦੂਰ ਹੀ ਸ਼ਰਾਬ ਲੈ ਕੇ, ਸਜੇ ਵਿਖਾਈ ਦਿਤੇ !

ਪਿਛਲੇ ਹਫ਼ਤੇ ਦੀ ਡਾਇਰੀ ਵਿਚ ਲਿਖਿਆ ਸੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਨੇ ਜੋ ਜਾਰਿਹਾਨਾ (ਜ਼ੁਲਮੀ) ਸਲੂਕ ਮੇਰੇ ਨਾਲ ਜਾਂ ਸਪੋਕਸਮੈਨ ਨਾਲ ਕੀਤਾ ਹੈ, ਉਸ ਨੂੰ ਵੇਖ ਕੇ ਉਨ੍ਹਾਂ ਬਾਰੇ ਕੋਈ ਚੰਗਾ ਸ਼ਬਦ ਤਾਂ ਮੂੰਹੋਂ ਨਹੀਂ ਨਿਕਲਦਾ ਪਰ ਬਤੌਰ ਸਿੱਖ, ਮੈਂ ਸਮਝਦਾ ਹਾਂ ਕਿ ਪੁਲੀਟੀਕਲ ਯੁਗ ਵਿਚ ਸਿੱਖਾਂ ਦੀ ਇਕ ਵਖਰੀ ਰਾਜਸੀ ਪਾਰਟੀ ਵੀ ਜ਼ਰੂਰ ਹੋਣੀ ਚਾਹੀਦੀ ਹੈ। ਅਜਿਹਾ ਕਿਉਂ? 

20ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ਾਂ ਨੇ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਜ਼ੋਰਦਾਰ ਈਸਾਈ ਮਿਸ਼ਨਰੀ ਲਹਿਰ ਚਲਾਈ, ਸਕੂਲ, ਕਾਲਜ ਅਤੇ ਗਿਰਜੇ ਪੰਜਾਬ ਵਿਚ ਚਾਲੂ ਕੀਤੇ ਅਤੇ ਕੁੱਝ ਸਿੱਖ ਰਾਜੇ ਵੀ ਈਸਾਈ ਬਣਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਤੇ ਗੁਰਮੁਖੀ ਵਿਚ ਬਾਈਬਲ ਛਾਪ ਕੇ ਵੀ ਵੱਡੇ ਪੱਧਰ ’ਤੇ ਵੰਡੀ। ਅੰਗਰੇਜ਼ਾਂ ਨੇ ਸਿੱਖ ਧਰਮ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਦੋ ਫਾਨੇ ਇਸ ਦੇ ਵਿਹੜੇ ਵਿਚ ਗੱਡੇ:

(1) ਵੋਟਾਂ ਨਾਲ ਚੁਣੀ ਜਾਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ: ਜਿਹੜੀ ਕਮੇਟੀ ਹੀ ਭੀੜਾਂ ਵਲੋਂ ਚੁਣੀ ਜਾਣੀ ਹੋਵੇ, ਉਹ ਰਾਜਸੀ ਲੋਕਾਂ ਦੀ ਤਾਂ ਕਮੇਟੀ ਹੋ ਸਕਦੀ ਹੈ, ਧਾਰਮਕ ਲੋਕਾਂ ਦੀ ਨਹੀਂ। ਇਹੀ ਅੰਗਰੇਜ਼ ਚਾਹੁੰਦਾ ਸੀ। ਇਸ ਲਈ ਉਸ ਨੇ ਜੇਲਾਂ ਵਿਚ ਡੱਕੇ ਸਿੱਖ ਲੀਡਰਾਂ ਅੱਗੇ ਸ਼ਰਤ ਰੱਖੀ ਕਿ ਜਿਹੜਾ ਇਸ ਨੂੰ ਮੰਨ ਲੈਣ ਦਾ ਐਲਾਨ ਕਰੇਗਾ, ਉਸੇ ਨੂੰ ਰਿਹਾਅ ਕੀਤਾ ਜਾਵੇਗਾ, ਬਾਕੀਆਂ ਨੂੰ ਨਹੀਂ। ਇਸ ਤਰ੍ਹਾਂ ਪਹਿਲੇ ਦਿਨ ਹੀ ਸਿੱਖ ਲੀਡਰ ਦੋ ਧੜਿਆਂ ਵਿਚ ਵੰਡੇ ਗਏ ਤੇ ਦਿਨ-ਬ-ਦਿਨ ਹਾਲਤ ਵਿਗੜਦੀ ਵਿਗੜਦੀ ਅੱਜ ਕਿਥੇ ਪਹੁੰਚ ਗਈ ਹੈ, ਇਹ ਦੱਸਣ ਦੀ ਲੋੜ ਨਹੀਂ ਹੋਣੀ ਚਾਹੀਦੀ।

(2) ਪੁਜਾਰੀਵਾਦ ਨੂੰ ਫ਼ਤਵੇ ਜਾਰੀ ਕਰਨ ਵਾਲੀ ਤੇ ਪੰਥ-ਪ੍ਰਸਤਾਂ ਨੂੰ ਜ਼ਲੀਲ ਕਰਨ ਵਾਲੀ ‘ਪੁਰਾਣੇ ਪੋਪ’ ਵਰਗੀ ਸੰਸਥਾ ਬਣਾ ਕੇ ਸਿੰਘ ਸਭਾ ਲਹਿਰ ਦੇ ਬਾਨੀਆਂ ਨੂੰ ਪੰਥ ’ਚੋਂ ਛੇਕਵਾ ਦਿਤਾ, ਦੇਸ਼-ਭਗਤਾਂ ਵਿਰੁਧ ਸਿੱਖ ਨਾ ਹੋਣ ਦੇ ਫ਼ਤਵੇ ਜਾਰੀ ਕਰਵਾ ਦਿਤੇ ਤੇ ਜਨਰਲ ਡਾਇਰ ਵਰਗਿਆਂ ਨੂੰ ‘ਮਹਾਨ ਸਿੱਖ’ ਕਹਿ ਕੇ ਅਕਾਲ ਤਖ਼ਤ ਤੋਂ ਸਨਮਾਨਤ ਵੀ ਕਰਵਾ ਦਿਤਾ। ਅਕਾਲ ਤਖ਼ਤ ਦੀ ਸੰਸਥਾ ਤਾਂ ਪਹਿਲਾਂ ਵੀ ਮੌਜੂਦ ਸੀ ਪਰ ਇਥੋਂ ਰਣਜੀਤ ਸਿੰਘ ਦੇ ਰਾਜ-ਕਾਲ ਤਕ ਕੇਵਲ ਅੰਮ੍ਰਿਤ ਛਕਣ ਮਗਰੋਂ ਦਰਬਾਰ ਸਾਹਿਬ ਆਉਣ ਵਾਲੇ ਸਿੱਖਾਂ ਦੀ, ਰਹਿਤ ਵਿਚ ਪ੍ਰਪੱਕ ਹੋਣ ਦੀ ਪੜਤਾਲ ਕੀਤੀ ਜਾਂਦੀ ਸੀ, ਹੋਰ ਕੁੱਝ ਨਹੀਂ। ਮਿਸਲਾਂ ਵੇਲੇ, ਇਕ ਹੋਰ ਕਾਰਵਾਈ ਸ਼ੁਰੂ ਕਰ ਦਿਤੀ ਗਈ ਕਿ ਸਾਰੀਆਂ ਮਿਸਲਾਂ ਦੇ ਜਥੇਦਾਰ ਇਥੇ ਬੈਠ ਕੇ ਅਪਣੇ ਮਤਭੇਦ ਸੁਲਝਾ ਲੈਂਦੇ ਸਨ ਤੇ ਇਕ ਸਾਂਝਾ ਮਾਂਜਾ ਜਥੇਦਾਰ, ਅਪਣੇ ਵਿਚੋਂ ਹੀ ਚੁਣ ਕੇ ਸਾਰੀ ਕਾਰਵਾਈ ਕਰ ਲੈਂਦੇ ਸਨ। ਇਹ ਸਾਂਝੀ ਬੈਠਕ ਉਹ ਕਿਸੇ ਵੀ ਥਾਂ ਕਰ ਸਕਦੇ ਸਨ ਪਰ ਇਸ ਥਾਂ ਨੂੰ ਸੁਰੱਖਿਅਤ ਸਮਝ ਕੇ ਇਥੇ ਬੈਠਕ ਕਰਦੇ ਸਨ ਪਰ ਅਕਾਲ ਤਖ਼ਤ ਨਾਲ ਇਸ ਦਾ ਸਿੱਧਾ ਸਬੰਧ ਕੋਈ ਨਹੀਂ ਸੀ। 

ਅਜਿਹੀ ਹਾਲਤ ਵਿਚ ਅੰਗਰੇਜ਼ ਚਾਹੁੰਦਾ ਸੀ ਕਿ ਸ਼੍ਰੋਮਣੀ ਕਮੇਟੀ ਤੇ ਉਸ ਦੇ ਪੁਜਾਰੀ (1947 ਤਕ ਉਨ੍ਹਾਂ ਨੂੰ ‘ਪੁਜਾਰੀ’ ਹੀ ਲਿਖਿਆ ਤੇ ਬੋਲਿਆ ਜਾਂਦਾ ਸੀ) ਸਿੱਖਾਂ ਉਤੇ ਗ਼ਲਬਾ ਬਣਾਈ ਰੱਖਣ ਤਾਕਿ ਅੰਗਰੇਜ਼ ਸਰਕਾਰ ਨੂੰ ਸਿੱਖਾਂ ਵਾਲੇ ਪਾਸਿਉਂ ਕੋਈ ਔਕੜ ਪੇਸ਼ ਨਾ ਆਵੇ। 

ਸਿੱਖ ਲੀਡਰਾਂ ਦਾ ਠੀਕ ਫ਼ੈਸਲਾ
ਬਹੁਤੇ ਸਿੱਖ ਲੀਡਰ ਉਸ ਵੇਲੇ ਅੰਗਰੇਜ਼ ਦੇ ਦਿਲ ਦੀ ਗੱਲ ਨਹੀਂ ਸਨ ਬੁੱਝ ਸਕੇ ਤੇ ਉਹ ਵੀ ਖ਼ੁਸ਼ ਸਨ ਕਿ ਸਾਰੇ ਸਿੱਖਾਂ ਵਲੋਂ ਚੁਣੀ ਗਈ ਤਾਕਤਵਰ ‘ਅਸੈਂਬਲੀ’ ਹੋਂਦ ਵਿਚ ਆ ਗਈ ਸੀ ਜਿਥੋਂ ਹਰ ਸਿੱਖ ਮਸਲੇ ਬਾਰੇ ਵਿਚਾਰ-ਚਰਚਾ ਕਰ ਕੇ, ਪੰਥਕ ਫ਼ੈਸਲੇ ਲਏ ਜਾਇਆ ਕਰਨਗੇ ਤੇ ਸਾਰੇ ਪੰਥ ਦੇ ਫ਼ੈਸਲੇ, ਸਰਕਾਰ ਵੀ ਮੰਨਣ ਲਈ ਮਜਬੂਰ ਕੀਤੀ ਜਾ ਸਕੇਗੀ।

ਪਰ ਉਸ ਵੇਲੇ ਦੇ ਸਿੱਖ ਲੀਡਰ ਖ਼ੁਦਗਰਜ਼ ਨਹੀਂ ਸਨ, ਪੜ੍ਹੇ ਲਿਖੇ ਵੀ ਸਨ ਤੇ ਪੱਕੇ ਪੰਥ-ਪ੍ਰਸਤ ਵੀ ਸਨ, ਇਸ ਲਈ ਉਨ੍ਹਾਂ ਨੇ ਠੀਕ ਫ਼ੈਸਲਾ ਲਿਆ ਕਿ ਸ਼੍ਰੋਮਣੀ ਕਮੇਟੀ ਦਾ ਕਾਰਜ-ਖੇਤਰ ‘ਗੁਰਦਵਾਰਾ ਪ੍ਰਬੰਧ’ ਤਕ ਹੀ ਸੀਮਤ ਰਖਿਆ ਜਾਏ ਤੇ ਰਾਜਸੀ ਯੁਗ ਦੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਇਕ ਖ਼ਾਲਸ ਸਿੱਖ ਰਾਜਸੀ ਪਾਰਟੀ ਵੀ ਕਾਇਮ ਕੀਤੀ ਜਾਏ। ਸੋ ਅੰਗਰੇਜ਼ ਦੀ ਇੱਛਾ ਦੇ ਉਲਟ ਜਾ ਕੇ, ਸ਼੍ਰੋਮਣੀ ਅਕਾਲੀ ਦਲ, ਕਾਇਮ ਕਰ ਦਿਤਾ ਗਿਆ ਤੇ ਇਸ ਪਾਰਟੀ ਨੇ ਸਚਮੁਚ ਹੀ ਸਿੱਖ ਪੰਥ ਦੀ ਬਹੁਤ ਸੇਵਾ ਕੀਤੀ। ਅੰਗਰੇਜ਼ਾਂ ਨੂੰ ਮੋਰਚੇ ਲਾ ਕੇ ਵੀ ਭਾਂਜ ਦਿਤੀ, ਸਿੱਖਾਂ ਦਾ ਸਿੱਕਾ ਵੀ ਮਨਵਾਇਆ ਅਤੇ ਕਾਂਗਰਸ ਨਾਲ ਰਲ ਕੇ ਆਜ਼ਾਦੀ ਦੀ ਲੜਾਈ ਵਿਚ ਵੀ ਵੱਡੇ ਮਾਅਰਕੇ ਮਾਰੇ।

ਸੱਚੀ ਗੱਲ ਇਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਇਸ ਨੇ ਹਿੰਦੁਸਤਾਨ ਦੀਆਂ ਅੱਜ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨਾਲੋਂ ਜ਼ਿਆਦਾ ਨਾਮਣਾ ਖਟਿਆ। ਨਤੀਜੇ ਵਜੋਂ, ਸਿੱਖਾਂ ਨੇ ਅਪਣੇ ਗੁਰਦਵਾਰਿਆਂ ਦਾ ਪ੍ਰਬੰਧ ਵੀ ਲਗਾਤਾਰ ਇਸੇ ਦੇ ਹਵਾਲੇ ਕਰੀ ਰਖਿਆ। ਆਜ਼ਾਦੀ ਤੋਂ ਪਹਿਲਾਂ ਸਿੱਖ ਲੀਡਰਾਂ ਨੇ ਕਾਂਗਰਸ ਅੱਗੇ ਜੋ ਵੀ ਮੰਗਾਂ ਰਖੀਆਂ, ਕਾਂਗਰਸੀ ਲੀਡਰ (ਗਾਂਧੀ, ਨਹਿਰੂ, ਪਟੇਲ ਤੇ ਕਾਂਗਰਸ ਵਰਕਿੰਗ ਕਮੇਟੀ) ਨੇ ਝੱਟ ਹਾਂ ਕਰ ਦਿਤੀ ਪਰ ਲਿਖਤੀ ਸਮਝੌਤਾ ਨਾ ਕਰਨ ਦਾ ਬਹਾਨਾ ਇਹ ਲਾਇਆ ਕਿ ਇਸ ਨਾਲ ਮੁਸਲਿਮ ਲੀਗ ਨੂੰ ਵੀ ਉਹੀ ਕੁੱਝ ਦੇਣਾ ਪਵੇਗਾ ਜੋ ਕਾਂਗਰਸੀ ਆਗੂ ਨਹੀਂ ਸਨ ਦੇਣਾ ਚਾਹੁੰਦੇ। 

ਆਜ਼ਾਦੀ ਤੋਂ ਬਾਅਦ ਅਕਾਲੀਆਂ ਨੇ ਜਦ ਵਾਅਦੇ ਯਾਦ ਕਰਵਾਏ ਤਾਂ ਉਨ੍ਹਾਂ ਨੂੰ ਸਾਫ਼ ਕਹਿ ਦਿਤਾ ਗਿਆ ਕਿ, ‘‘ਵਕਤ ਬਦਲ ਗਏ ਨੇ ਤੇ ਤੁਸੀ ਵੀ ਪੁਰਾਣੀਆਂ ਗੱਲਾਂ ਹੁਣ ਭੁੱਲ ਹੀ ਜਾਉ ਤਾਂ ਚੰਗਾ ਰਹੇਗਾ।’’ ਅਕਾਲੀ ਦਲ ਨੇ ਇਸ ਨੂੰ ਚੈਲਿੰਜ ਵਜੋਂ ਲਿਆ ਤੇ ਬਾਕੀ ਦੇਸ਼ਵਾਸੀਆਂ ਵਾਂਗ ਹੀ ਇਕ-ਭਾਸ਼ਾਈ ਪੰਜਾਬ (ਪੰਜਾਬੀ ਸੂਬੇ) ਲਈ ਅੰਦੋਲਨ ਛੇੜ ਦਿਤਾ ਤਾਕਿ ‘ਆਜ਼ਾਦ ਪੰਜਾਬ’ ਦਾ ਟੀਚਾ ਜਾਂ ਕਸ਼ਮੀਰ ਵਰਗਾ ਦਰਜਾ ਕਿਸਤਾਂ ਵਿਚ ਪ੍ਰਾਪਤ ਕੀਤਾ ਜਾ ਸਕੇ। ਵਿਚਕਾਰ ਆਈ ਹਰ ਔਕੜ ਦਾ ਮੁਕਾਬਲਾ ਅਕਾਲੀਆਂ ਨੇ ਬੜੀ ਸਿਆਣਪ ਤੇ ਦਿ੍ਰੜਤਾ ਨਾਲ ਕੀਤਾ ਤੇ ਕੇਂਦਰ ਦੇ ਹਰ ਲਾਲਚ ਤੇ ਹਰ ਜਬਰ ਨੂੰ ਠੁਕਰਾ ਦਿਤਾ ਤੇ ਮੰਜ਼ਲ ਵਲ ਵਧਦਾ ਗਿਆ। 15-16 ਸਾਲ ਦੀ ਜਦੋਜਹਿਦ ਮਗਰੋਂ ਪੰਜਾਬੀ ਸੂਬਾ ਤਾਂ ਪ੍ਰਾਪਤ ਕਰ ਲਿਆ ਪਰ ਕੈਰੋਂ-ਨਹਿਰੂ ਪੈਕਟ ਮੁਤਾਬਕ, ਅਕਾਲੀਆਂ ਅੰਦਰ ਕਮਜ਼ੋਰ, ਲਾਲਚੀ ਤੇ ਕੇਂਦਰ ਦੀ ਕਠਪੁਤਲੀ ਬਣ ਕੇ ਚਲਣ ਵਾਲੇ ਬੰਦੇ ਵੀ ਦਾਖ਼ਲ ਕਰ ਲਏ ਗਏ ਜੋ ਉਪਰੋਂ ਵੇਖਣ ਨੂੰ ਪੱਕੇ ਧਰਮੀ ਅਤੇ ਨਾਹਰੇ ਮਾਰਨ ਵਿਚ ਸੱਭ ਨੂੰ ਮਾਤ ਪਾਉਣ ਵਾਲੇ ਹੁੰਦੇ ਸਨ ਪਰ ਅੰਦਰੋਂ ਕੇਂਦਰ ਦੀਆਂ ਪੀਪਣੀਆਂ ਹੀ ਸਨ ਜੋ ਕੇਂਦਰ ਵਲੋਂ ਮਾਰੀ ਫੂਕ ਅਨੁਸਾਰ ਹੀ ਵਜਦੀਆਂ ਸਨ। 

1966 ਵਿਚ ਬਣੇ ਪੰਜਾਬੀ ਸੂਬੇ ਨੇ ਅਕਾਲੀਆਂ ਦੇ ਪੈਰਾਂ ਹੇਠ ਸੱਤਾ ਦੇ ਪਾਏਦਾਨ ਵੀ ਵਿਛਾ ਦਿਤੇ ਅਤੇ ਕੇਂਦਰ ਦੀਆਂ ਪੀਪਣੀਆਂ ਇਸ ਗੱਲ ਵਿਚ ਰੁੱਝ ਗਈਆਂ ਕਿ ਅਕਾਲੀ ਦਲ ਨੂੰ ਪੰਥ ਤੋਂ ਦੂਰ ਕਰ ਕੇ, ਪੂਰੀ ਤਰ੍ਹਾਂ ਕੇਂਦਰ ਦੇ ਅਧੀਨ ਕਰ ਦਿਤਾ ਜਾਏ। 84 ਦੇ ਘਲੂਘਾਰੇ ਮਗਰੋਂ ਉਹ ਇਹ ਟੀਚਾ ਸਰ ਕਰਨ ਵਿਚ ਵੀ ਸਫ਼ਲ ਹੋ ਗਏ ਅਤੇ ਪੰਥਕ ਪਾਰਟੀ ‘ਪੰਜਾਬੀ ਪਾਰਟੀ’ ਬਣ ਗਈ ਭਾਵੇਂ ਗੁਰਦਵਾਰਾ ਗੋਲਕਾਂ ਉਤੇ ਕਾਬਜ਼ ਹੋਈ ਰਹਿਣ ਲਈ ਪੰਥ ਦਾ ਬੇਸੁਰਾ ਰਾਗ ਵੀ ਅਲਾਪਦੇ ਰਹਿਣਾ, ਨਵੇਂ ਅਕਾਲੀ-ਪੰਜਾਬੀਆਂ ਦੀ ਮਜਬੂਰੀ ਬਣ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੋਰਚੇ ਨੇ ਅਕਾਲੀਆਂ ਦੇ ਇਸ ਦੋਗਲੇਪਣ ਉਤੋਂ ਪਰਦਾ ਹਟਾ ਦੇਣ ਦਾ ਕੰਮ ਕੀਤਾ ਜਿਸ ਨਾਲ ਪਾਰਟੀ ਅੰਦਰ ਵੀ ਟਕਸਾਲੀ ਅਕਾਲੀਆਂ ਨੇ ਬਗ਼ਾਵਤ ਕਰ ਦਿਤੀ।

ਸਿੱਖ ਵੀ ਇਸ ਤੋਂ ਦੂਰ ਖਿਸਕਣ ਲੱਗ ਪਏ। ਸਥਿਤੀ ਗੰਭੀਰ ਹੁੰਦੀ ਵੇਖ ਕੇ ਅਕਾਲੀਆਂ ਨੇ ਅੱਕੀਂ ਪਲਾਹੀਂ ਹੱਥ ਮਾਰਨੇ ਸ਼ੁਰੂ ਕੀਤੇ ਤੇ ਅਪਣੇ ਆਪ ਨੂੰ ਮੁੜ ਤੋਂ ‘ਪੰਥਕ’ ਦੱਸਣ ਲਈ ਰੈਲੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਵਿਚੋਂ ਸਿੱਖ ਪੂਰੀ ਤਰ੍ਹਾਂ ਗ਼ੈਰ-ਹਾਜ਼ਰ ਰਹੇ ਤੇ ਸੌਦਾ ਸਾਧ ਦੇ ਪ੍ਰੇਮੀ ਤੇ ਦਿਹਾੜੀਦਾਰ ਮਜ਼ਦੂਰ ਹੀ ਸ਼ਰਾਬ ਲੈ ਕੇ, ਸਜੇ ਵਿਖਾਈ ਦਿਤੇ। ਕਈ ਰੈਲੀਆਂ ਵਿਚ ਸ੍ਰੋਤਿਆਂ ਦੀਆਂ ਸ਼ਕਲਾਂ ਵੇਖ ਕੇ ਅਕਾਲੀ ਆਗੂ ਆਪ ਵੀ ਏਨੇ ਖਿੱਝ ਗਏ ਕਿ ਰੋਜ਼ਾਨਾ ਸਪੋਕਸਮੈਨ, ਸਪੋਕਸਮੈਨ ਟੀ.ਵੀ. ਅਤੇ ਜ਼ੀ ਟੀ.ਵੀ. ਨੂੰ ਹੀ ਅਪਣੀਆਂ ਸਾਰੀਆਂ ਔਕੜਾਂ ਦਾ ਕਾਰਨ ਦਸ ਕੇ ਇਨ੍ਹਾਂ ਦਾ ‘ਬਾਈਕਾਟ’ ਕਰਨ ਦੇ ‘ਹੁਕਮਨਾਮੇ’ ਜਾਰੀ ਕਰਨ ਲੱਗ ਪਏ ਤੇ ‘ਅਸੀ ਤਾਂ ਪਿਤਾ ਸਮਾਨ ਬਾਦਲ ਸਾਹਿਬ ਦਾ ਵਿਰੋਧ ਕਰਨ ਵਾਲਿਆਂ ਨੂੰ ਚੀਰ ਕੇ ਰੱਖ ਦੇਂਦੇ ਹਾਂ’ ਵਰਗੀਆਂ ਧਮਕੀਆਂ ਦੇਣ ਲੱਗ ਪਏ। 

ਰੈਲੀਆਂ ਦੀ ਦਾਲ ਵੀ ਨਾ ਗਲੀ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇਕ ਕਿਤਾਬ ਦੇ ਖਰੜੇ ਨੂੰ ਫੜ ਕੇ ਉਂਗਲੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਵਿਚ ਰੁਝ ਗਏ ਤੇ ਇਹੋ ਜਹੇ ਛੋਟੇ ਮੋਟੇ ਹੋਰ ਤੀਲੇ ਲੱਭਣ ਲੱਗ ਪਏ ਜੋ ‘ਡੁਬਦੇ ਲਈ ਤੀਲੇ ਦਾ ਸਹਾਰਾ’ ਵੀ ਨਹੀਂ ਸਨ ਬਣ ਸਕਦੇ ਕਿਉਂਕਿ ਉਨ੍ਹਾਂ ਦੀ ‘ਪੰਥਕ ਆਗੂ’ ਹੋਣ ਦੀ ਕਾਬਲੀਅਤ ਨੂੰ ਜਿਸ ਵੱਡੇ ਪੱਧਰ ਤੇ ਚੁਨੌਤੀ ਦਿਤੀ ਜਾ ਰਹੀ ਸੀ, ਉਥੇ ਇਨ੍ਹਾਂ ਛੋਟੇ ਛੋਟੇ ‘ਤੀਲਿਆਂ’ ਸਹਾਰੇ ਰੁੜ੍ਹਦੀ ਜਾਂਦੀ ਬੇੜੀ ਨੂੰ ਨਹੀਂ ਸੀ ਬਚਾਇਆ ਜਾ ਸਕਦਾ ਤੇ ਨਾ ਹੀ ਅਪਣੇ ਆਪ ਨੂੰ ਪੰਥਕ ਕਾਫ਼ਲੇ ਦੀ ਰਹਿਬਰੀ ਕਰਨ ਦੇ ਯੋਗ ਸਾਬਤ ਕੀਤਾ ਜਾ ਸਕਦਾ ਸੀ। 

ਅਕਾਲੀ ਦਲ, ਹੋਰ ਗੱਲਾਂ ਤੋਂ ਇਲਾਵਾ, ਸੱਭ ਤੋਂ ਪਹਿਲਾਂ ਇਕ ਰਾਜਸੀ ਪਾਰਟੀ ਹੈ ਤੇ ਅਪਣੇ ਰੀਕਾਰਡ ਨੂੰ ਖੰਘਾਲ ਕੇ ਜਦ ਤਕ ਇਹ ਪਾਰਟੀ ਕੁੱਝ ਸਵਾਲਾਂ ਦੇ ਸਾਫ਼, ਸਪੱਸ਼ਟ ਤੇ ਸਿੱਧੇ ਜਵਾਬ ਨਹੀਂ ਦੇ ਲੈਂਦੀ, ਇਸ ਦੇ ‘ਮਾਲਦਾਰ’ ਲੀਡਰ ਇਹ ਨਾ ਸਮਝਣ ਕਿ ਪਾਰਟੀ ਨੂੰ ਮੁੜ ਤੋਂ, ਪੈਸੇ ਦੇ ਜ਼ੋਰ ਨਾਲ ਹੀ, ਚੋਣਾਂ ਜਿੱਤਣ ਦੇ ਕਾਬਲ ਬਣਾ ਲਿਆ ਜਾਏਗਾ। ਕੁੱਝ ਕੁ ਜ਼ਰੂਰੀ ਸਵਾਲ ਉਨ੍ਹਾਂ ਲਈ ਹੇਠਾਂ ਦਿਤੇ ਜਾਂਦੇ ਹਨ:-
1. ਮੌਜੂਦਾ ਅਕਾਲੀ ਲੀਡਰਸ਼ਿਪ 1966 ਤੋਂ ‘ਸੱਤਾਧਾਰੀ’ ਪਾਰਟੀ ਬਣੀ ਹੋਈ ਹੈ। ਪੰਜਾਬੀ ਸੂਬਾ ਪਿਛਲੀ ਲੀਡਰਸ਼ਿਪ ਨੇ 15-16 ਸਾਲ ਦੀ ਲੜਾਈ ਮਗਰੋਂ ਲੈ ਲਿਆ ਸੀ ਪਰ ਇਹ ਲੀਡਰਸ਼ਿਪ 52 ਸਾਲ (ਅੱਧੀ ਸਦੀ ਤੋਂ ਵੱਧ) ਦੇ ਸਮੇਂ ਵਿਚ ਵੀ ਇਸ ਦੀ ਰਾਜਧਾਨੀ ਕਿਉਂ ਨਹੀਂ ਲੈ ਸਕੀ? ਜੇ ਨਹੀਂ ਲੈ ਸਕੀ ਤਾਂ ਫਿਰ ਇਹ ਕੇਂਦਰ ਵਿਚ ਭਾਈਵਾਲ ਕਿਉਂ ਬਣ ਕੇ ਬੈਠੀ ਰਹੀ? 

2. ਜਿਸ ਅਕਾਲੀ ਦਲ ਦੀ ਸਥਾਪਤੀ ਅਕਾਲ ਤਖ਼ਤ ’ਤੇ ਹੋਈ ਤੇ ਜਿਸ ਦਾ ਪੰਥਕ ਸੰਵਿਧਾਨ ਵੀ ਅਕਾਲ ਤਖ਼ਤ ਤੇ ਘੜਿਆ ਗਿਆ, ਉਸ ਦੀ ਅਜੋਕੀ ਲੀਡਰਸ਼ਿਪ ਨੂੰ ‘ਪੰਜਾਬੀ’ ਪਾਰਟੀ ਬਣਾਉਣ ਦਾ ਅਪਰਾਧ ਕਿਵੇਂ ਤੇ ਕਿਸ ਦੇ ਕਹਿਣ ਤੇ ਕੀਤਾ? 
3. ਮੌਜੂਦਾ ਲੀਡਰਸ਼ਿਪ ਦੇ ਅਹਿਦ ਵਿਚ ਸਿੱਖਾਂ ਵਿਚ ਪਤਿਤਪੁਣਾ ਹੱਦਾਂ ਪਾਰ ਕਰ ਗਿਆ ਤੇ ਇਸ ਲੀਡਰਸ਼ਿਪ ਨੇ ਇਸ ਨੂੰ ਰੋਕਣ ਲਈ ਚੀਚੀ ਉਂਗਲੀ ਵੀ ਨਾ ਹਿਲਾਈ। ਕਿਉਂ? 
4. ਪੰਜਾਬੀ ਸੂਬਾ ਬਣਾਇਆ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਗਿਆ ਸੀ ਪਰ ਇਸ ਲੀਡਰਸ਼ਿਪ ਦੇ ਰਾਜ ਵਿਚ ਪੰਜਾਬੀ ਦਾ ਹਾਲੋ ਬੇਹਾਲ ਕਿਉਂ ਹੋ ਗਿਆ ਹੈ? 
5. ਅਕਾਲੀ ਦਲ ਤਾਂ ‘ਬਾਬਾਵਾਦ’ ਤੇ ਦੇਹਧਾਰੀਆਂ ਵਿਰੁਧ ਧਰਮ-ਯੁਧ ਛੇੜਨ ਵਾਲੀ ਪਾਰਟੀ ਸੀ ਪਰ ਮੌਜੂਦਾ ਲੀਡਰਸ਼ਿਪ ਨੇ ਸੌਦਾ ਸਾਧ ਵਰਗੇ ਅਨੇਕਾਂ ਸਾਧਾਂ ਨੂੰ ਸਤਵੇਂ ਅਸਮਾਨ ਤੇ ਚੜ੍ਹਾ ਬਿਠਾਇਆ ਤੇ ਆਪ ਉਨ੍ਹਾਂ ਦੇ ਚਰਨਾਂ ਵਿਚ ਬੈਠ ਕੇ ਵੋਟਾਂ ਦੀ ਭੀਖ ਮੰਗਦੀ ਰਹੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਸਿੱਖੀ ਤੇ ਅਕਾਲੀ ਸ਼ਬਦ ਦੀ ਤੌਹੀਨ ਨਹੀਂ ਕੀਤੀ?

6. ਮੌਜੂਦਾ ਲੀਡਰਸ਼ਿਪ ਨੇ ਅਕਾਲੀ-ਬੀ.ਜੇ.ਪੀ. ਸਿਆਸੀ ਸਮਝੌਤੇ ਦੇ ਹੱਕ ਵਿਚ ਬੋਲਦਿਆਂ ਇਸ ਸਾਂਝ ਨੂੰ ਪਤੀ-ਪਤਨੀ ਵਾਲੀ ਸਾਂਝ ਦਸ ਕੇ ਕੀ ਅਕਾਲੀ ਦਲ ਦੀ ਬੇਪਤੀ ਨਹੀਂ ਸੀ ਕੀਤੀ ਤੇ ਪੰਜਾਬ, ਸਿੱਖਾਂ ਦਾ ਭਵਿੱਖ ਇਕ ਕੱਟੜਵਾਦੀ ਹਿੰਦੂਤਵੀ ਪਾਰਟੀ ਦੇ ਹੱਥ ਵਿਚ ਨਹੀਂ ਸੀ ਫੜਾ ਦਿਤਾ?
7. ਮੌਜੂਦਾ ਲੀਡਰਸ਼ਿਪ ਨੇ ਬਲੂ-ਸਟਾਰ ਆਪ੍ਰੇਸ਼ਨ ਮਗਰੋਂ, ਸਾਰੇ ਮਾਮਲੇ ਦੀ ਨਿਰਪੱਖ ਪੜਤਾਲ ਕਰਾ ਕੇ ਤੇ ਰੀਪੋਰਟ ਛਾਪਣ ਦਾ ਵਾਅਦਾ ਪੂਰਾ ਨਾ ਕਰ ਕੇ ਸਿੱਖਾਂ ਨਾਲ ਧੋਖਾ ਨਹੀਂ ਕੀਤਾ? 
8. ਮੌਜੂਦਾ ਅਕਾਲੀ ਲੀਡਰਸ਼ਿਪ ਨੇ ਰਾਜਗੱਦੀ ਸੰਭਾਲ ਕੇ ਪੰਜਾਬ ਨੂੰ ਪਹਿਲੇ ਤੋਂ 14ਵੇਂ ਸਥਾਨ ’ਤੇ ਲਿਆ ਪਹੁੰਚਾਇਆ ਤੇ ਇਸ ਗਿਰਾਵਟ ਦੇ ਸਮੇਂ ਵਿਚ ਕੇਂਦਰ ਵਿਚ ਵੀ ਵਜ਼ੀਰੀਆਂ ਮਾਣੀਆਂ ਤਾਂ ਕਿਉਂ? 

9. ਮੌਜੂਦਾ ਲੀਡਰਸ਼ਿਪ ਨੇ ਰਾਜ ਸੱਤਾ ਸੰਭਾਲ ਕੇ ਧਰਮੀ ਫ਼ੌਜੀਆਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਾ ਕਰ ਕੇ, ਬਲੂ-ਸਟਾਰ ਦੇ ਜ਼ੁਲਮਾਂ ਵਿਰੁਧ ਜੂਝਣ ਵਾਲਿਆਂ ਦੀ ਬੇਪਤੀ ਕੀਤੀ ਤਾਂ ਕਿਉਂ? 
10. ਮੌਜੂਦਾ ਲੀਡਰਸ਼ਿਪ ਨੇ ਅਕਾਲੀ ਵਜ਼ਾਰਤ ਵਿਚ ਇਕੋ ਪ੍ਰਵਾਰ ਦੇ ਅੱਧਾ ਦਰਜਨ ਵਜ਼ੀਰ ਬਿਠਾ ਕੇ ਅਤੇ ਕੇਂਦਰ ਵਿਚ ਵੀ ਸਿੱਖਾਂ ਵਲੋਂ ਉਸੇ ਪ੍ਰਵਾਰ ਦਾ ਜੀਅ ਵਜ਼ੀਰ ਬਣਵਾ ਕੇ, ਸਿੱਖਾਂ ਦਾ ਮਜ਼ਾਕ ਨਹੀਂ ਬਣਾਇਆ? 
11. ਮੌਜੂਦਾ ਲੀਡਰਸ਼ਿਪ ਨੇ ਸੱਚ ਦਾ ਝੰਡਾ ਚੁਕਣ ਵਾਲੀ ਸਿੱਖ ਪ੍ਰੈੱਸ ਵਿਰੁਧ ਅਕਹਿ ਤੇ ਅਸਹਿ ਜ਼ੁਲਮ ਢਾਹ ਕੇ ਜਿਵੇਂ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ 2004 ਤੋਂ ਲਗਾਤਾਰ ਜ਼ੁਲਮ ਅਤੇ ਅਨਿਆਂ ਦੀ ਹਨੇਰੀ ਝੁਲਾਈ ਹੋਈ ਹੈ, ਕੀ ਕਿਸੇ ਹੋਰ ਵੀ ਲੋਕ-ਰਾਜੀ ਦੇਸ਼ ਵਿਚ ਇਸ ਤਰ੍ਹਾਂ ਪ੍ਰੈੱਸ ਨਾਲ ਕਿਸੇ ਸਰਕਾਰ ਨੇ ਕੀਤਾ ਹੈ? ਕੀ ਇਸ ਨੂੰ ਤੇ ਇਸ ਦੀਆ ਮਾਤਹਿਤ ਸੰਸਥਾਵਾਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਪੁਜਾਰੀਆਂ ਨੇ ਕਦੀ ਇਸ ਬਾਰੇ ਪਸ਼ਚਾਤਾਪ ਕੀਤਾ ਹੈ? 
12. ਅਕਾਲੀ ਰਾਜ ਵਿਚ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਫੜੇ ਕਿਉਂ ਨਾ ਗਏ ਤੇ ਬੇਅਦਬੀ ਕਰਾਉਣ ਦੇ ਇਲਜ਼ਾਮ ਅਕਾਲੀ ਲੀਡਰਾਂ ਉਤੇ ਹੀ ਕਿਉਂ ਲੱਗ ਰਹੇ ਹਨ?

13. ਅਕਾਲੀ ਲੀਡਰਸ਼ਿਪ ਨੇ ਅਕਾਲ ਤਖ਼ਤ ਨੂੰ, ਅਪਣੀ ਮਰਜ਼ੀ ਅਨੁਸਾਰ ਵਰਤ ਕੇ, ਇਸ ਦੀ ਪ੍ਰਤਿਭਾ ਖ਼ਤਮ ਕਰ ਕੇ ਰੱਖ ਦਿਤੀ ਹੈ। ਕਿਉਂ?
ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਦਿਤੇ ਬਿਨਾਂ, ਅਕਾਲੀ ਦਲ ਮੁੜ ਤੋਂ ਖੜਾ ਨਹੀਂ ਹੋ ਸਕਦਾ। ਨਾਟਕਬਾਜ਼ੀ ਨਾਲ ਪਾਰਟੀ ਨੂੰ ਪੁਰਾਣੇ ਸਮੇਂ ਵਾਲੀ ਲੋਕ-ਪਿ੍ਰਯਤਾ ਨਹੀਂ ਦਿਵਾਈ ਜਾ ਸਕਦੀ। ਜਿਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਬਣਦੇ, ਉਨ੍ਹਾਂ ਦਾ ਪਸ਼ਚਾਤਾਪ ਕਿਵੇਂ ਕੀਤਾ ਜਾਵੇਗਾ, ਇਹ ਵੀ ਦਸਣਾ ਪਵੇਗਾ ਵਰਨਾ ਮੌਜੂਦਾ ਲੀਡਰਸ਼ਿਪ ਆਪ ਤਾਂ ਡੁੱਬੇਗੀ ਹੀ, ਸਿੱਖ ਪੰਥ ਵਲੋਂ ਬਣਾਈ ਪਾਰਟੀ ਨੂੰ ਵੀ ਨਾਲ ਲੈ ਡੁੱਬੇਗੀ। ਪਸ਼ਚਾਤਾਪ ਅਤੇ ਸਹੀ ਪਸ਼ਚਾਤਾਪ (ਵਿਖਾਵੇ ਦਾ ਨਹੀਂ) ਹੀ ਪਾਰਟੀ ਨੂੰ ਬਚਾਉਣ ਦਾ ਇਕੋ ਇਕ ਰਾਹ ਬਾਕੀ ਰਹਿ ਗਿਆ ਹੈ।                               ਜੋਗਿੰਦਰ ਸਿੰਘ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 31/07/2025

31 Jul 2025 6:39 PM

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM
Advertisement