ਦੁਨੀਆਂ ਵਿਚ ਸਿੱਖਾਂ ਤੇ ਸਿੱਖੀ ਦਾ ਨਾਂ ਉੱਚਾ ਕਰਨ ਦੇ ਯਤਨ ਕੋਈ ਸ਼ੁਰੂ ਕਰੇ ਤਾਂ ਸਿੱਖਾਂ ਕੋਲ ਪੈਸੇ...
Published : Mar 23, 2019, 10:53 pm IST
Updated : Mar 23, 2019, 10:53 pm IST
SHARE ARTICLE
Sikhs
Sikhs

ਸਿੱਖ ਅਕਸਰ ਇਸ ਗੱਲ ਨੂੰ ਲੈ ਕੇ ਝੂਰਦੇ ਰਹਿੰਦੇ ਹਨ ਕਿ ਲੀਡਰਾਂ ਤੇ ਡੇਰਿਆਂ ਵਾਲਿਆਂ ਨੇ ਸਿੱਖੀ ਦਾ ਬੁਰਾ ਹਾਲ ਕਰ ਦਿਤਾ ਹੈ। ਬੱਚੇ ਬਾਗ਼ੀ ਹੋ ਗਏ ਨੇ ਤੇ ਗੁਰਦਵਾਰਿਆਂ...

ਸਿੱਖ ਅਕਸਰ ਇਸ ਗੱਲ ਨੂੰ ਲੈ ਕੇ ਝੂਰਦੇ ਰਹਿੰਦੇ ਹਨ ਕਿ ਲੀਡਰਾਂ ਤੇ ਡੇਰਿਆਂ ਵਾਲਿਆਂ ਨੇ ਸਿੱਖੀ ਦਾ ਬੁਰਾ ਹਾਲ ਕਰ ਦਿਤਾ ਹੈ। ਬੱਚੇ ਬਾਗ਼ੀ ਹੋ ਗਏ ਨੇ ਤੇ ਗੁਰਦਵਾਰਿਆਂ, ਸਿੱਖ ਸੰਸਥਾਵਾਂ ਵਿਚ ਵੀ ਧਰਮ ਦਾ ਨਾਂ ਹੀ ਲਿਆ ਜਾਂਦਾ ਹੈ, ਉਂਜ ਉਥੇ ਸਿਆਸਤਦਾਨਾਂ ਅਤੇ ਕੌਮ ਦੇ ਨਾਮ-ਧਰੀਕ 'ਚੌਧਰੀਆਂ' ਦੇ ਨਿਜੀ ਫ਼ਾਇਦੇ ਦੀਆਂ ਗੱਲਾਂ ਹੀ ਹੁੰਦੀਆਂ ਹਨ। ਗੁਰਦਵਾਰਿਆਂ ਤੇ ਡੇਰਿਆਂ ਵਿਚ ਮੱਥਾ ਟੇਕ ਕੇ (ਪੈਸਾ ਚੜ੍ਹਾ ਕੇ) ਸਿੱਖ ਇਹ ਵੀ ਮੰਨ ਲੈਂਦੇ ਹਨ ਕਿ ਇਸ ਨਾਲ ਕੌਮ ਦਾ ਕੋਈ ਭਲਾ ਨਹੀਂ ਹੋਣਾ ਤੇ ਪੈਸਾ ਚੌਧਰੀਆਂ, ਸਿਆਸਤਦਾਨਾਂ, ਭਾਈਆਂ ਤੇ ਬਾਬਿਆਂ ਦੀਆਂ ਜੇਬਾਂ ਵਿਚ ਹੀ ਚਲਾ ਜਾਣਾ ਹੈ ਪਰ ਇਹ ਕਹਿ ਕੇ ਦਿਲ ਨੂੰ ਤਸੱਲੀ ਦੇ ਲੈਂਦੇ ਹਨ ਕਿ, ''ਚਲੋ ਅਸੀ ਜੋ ਕੁੱਝ ਧਰਮ ਦੇ ਲੇਖੇ ਦੇਣਾ ਸੀ, ਗੁਰੂ ਦੇ ਨਮਿਤ ਦੇ ਆਏ ਹਾਂ ਤੇ ਮੱਥਾ ਟੇਕ ਆਏ ਹਾਂ, ਅੱਗੋਂ ਗੁਰੂ ਜਾਣੇ ਤੇ ਗੁਰਦਵਾਰਿਆਂ ਵਾਲੇ ਜਾਣਨ, ਡੇਰਿਆਂ ਵਾਲੇ ਜਾਣਨ।'' ਇਹ ਬਿਆਨ ਸਿੱਖਾਂ ਦੀ ਘੋਰ ਨਿਰਾਸ਼ਾ 'ਚੋਂ ਨਿਕਲਿਆ ਬਿਆਨ ਬਣ ਜਾਂਦਾ ਹੈ ਜਿਸ ਦਾ ਸਾਫ਼ ਸ਼ਬਦਾਂ ਵਿਚ ਮਤਲਬ ਇਹ ਹੈ ਕਿ ''ਅਸੀ ਜਾਣਦੇ ਹੋਏ ਵੀ ਕਿ ਸਾਡੇ ਟੇਕੇ ਗਏ ਪੈਸੇ ਦਾ ਕੌਮ ਨੂੰ ਕੋਈ ਲਾਭ ਨਹੀਂ ਹੋਣਾ, ਅਸੀ ਇਹ ਪੈਸਾ ਗੁਰੂ ਦੇ ਨਾਂ ਤੇ, ਅਪਣੇ ਵਲੋਂ ਖੂਹ ਵਿਚ ਸੁਟ ਰਹੇ ਹਾਂ। ਅੱਗੋਂ ਗੁਰੂ ਜਾਣੇ ਜਾਂ...।''

ਪਰ ਇਸ ਨਿਰਾਸ਼ਾ ਭਰੇ ਮਾਹੌਲ 'ਚੋਂ ਕੌਮ ਨੂੰ ਬਾਹਰ ਕੱਢਣ ਲਈ ਜੇ ਕੋਈ ਐਲਾਨ ਕਰੇ ਕਿ ''ਮੇਰੇ ਕੋਲ ਅਜਿਹਾ ਪ੍ਰੋਗਰਾਮ ਹੈ ਜਿਸ ਨਾਲ ਕੌਮ ਦਾ ਨਾਂ ਦੁਨੀਆਂ ਵਿਚ ਉੱਚਾ ਹੋ ਸਕਦਾ ਹੈ ਪਰ ਮੇਰੇ ਕੋਲ ਪੈਸਾ ਕੋਈ ਨਹੀਂ। ਜੇ ਕੌਮ ਪੈਸਾ ਦੇ ਦੇਵੇ ਤਾਂ ਬਣਨ ਵਾਲੇ ਅਦਾਰੇ ਦੀ ਮਾਲਕੀ ਕੌਮ ਲੈ ਲਵੇ, ਮੈਨੂੰ ਕੁੱਝ ਨਹੀਂ ਚਾਹੀਦਾ'' ਤਾਂ ਸਿੱਖਾਂ ਦਾ ਕੀ  ਜਵਾਬ ਹੋਵੇਗਾ?

ਯਹੂਦੀਆਂ ਨੇ ਇਨ੍ਹਾਂ ਹੀ ਹਾਲਾਤ ਵਿਚ ਇਸ ਸਵਾਲ ਦਾ ਜਵਾਬ ਇਹ ਦਿਤਾ ਸੀ ਕਿ ਕੌਮ ਦੇ ਸਮਝਦਾਰ ਲੋਕਾਂ ਦੀ ਗੁਪਤ ਮੀਟਿੰਗ ਤੁਰਤ ਬੁਲਾ ਕੇ ਸਾਰਾ ਪ੍ਰੋਗਰਾਮ ਸਮਝ ਲਿਆ ਤੇ ਤਿੰਨ ਦਿਨਾਂ ਵਿਚ ਲੋੜੀਂਦਾ ਸਾਰਾ ਪੈਸਾ ਇਕੱਠਾ ਕਰ ਕੇ, ਉਸ ਦੇ ਖਾਤੇ ਵਿਚ ਜਮ੍ਹਾਂ ਕਰਾ ਦਿਤਾ ਤੇ ਉਸ ਨੂੰ ਕਿਹਾ ਕਿ ਅਪਣੀ ਦੇਖ-ਰੇਖ ਹੇਠ ਤਿਆਰ ਕਰਵਾ ਕੇ ਦੇਵੇ ਤੇ ਬਦਲੇ ਵਿਚ ਉਸ ਨੂੰ ਕਾਰ ਕੋਠੀ ਤੇ ਸਾਰੀ ਉਮਰ ਲਈ ਵਧੀਆ ਗੁਜ਼ਾਰਾ ਦਿਤਾ ਜਾਂਦਾ ਰਹੇਗਾ। ਸੋ ਇਸ ਤਰ੍ਹਾਂ 'ਹਾਲੋਕਾਸਟ ਮਿਊਜ਼ੀਅਮ' ਸ਼ੁਰੂ ਹੋਇਆ ਜਿਸ ਦੀ ਕਾਮਯਾਬੀ ਨੇ ਯਹੂਦੀ ਕੌਮ ਦਾ, ਦੁਨੀਆਂ ਵਿਚ ਨਾਂ ਬਹੁਤ ਉੱਚਾ ਕਰ ਦਿਤਾ। ਕੌਮ ਏਨੀ ਖ਼ੁਸ਼ ਹੋਈ ਕਿ ਇਕ ਦੀ ਥਾਂ ਹੁਣ, ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਦਰਜਨ ਭਰ 'ਹਾਲੋਕਾਸਟ ਮਿਊਜ਼ੀਅਮ' ਬਣੇ ਹੋਏ ਹਨ ਜਿਨ੍ਹਾਂ ਦਾ ਸਾਰਾ ਖ਼ਰਚਾ ਯਹੂਦੀ ਕੌਮ ਨੇ ਦਿਤਾ ਤੇ ਇਸ ਦਾ ਵਿਚਾਰ ਦੇਣ ਵਾਲੇ ਨੂੰ ਜੱਸ ਹੀ ਨਾ ਦਿਤਾ ਸਗੋਂ ਉਮਰ ਭਰ ਲਈ ਮਾਲਾਮਾਲ ਵੀ ਕਰ ਦਿਤਾ।

Khalsa CollegeKhalsa College

ਖਾਲਸਾ ਕਾਲਜ
ਇਹ ਸੀ ਕੌਮ ਦੇ ਭਲੇ ਦਾ ਵਿਚਾਰ ਦੇਣ ਵਾਲੇ ਪ੍ਰਤੀ ਉਸ ਦੀ ਸ਼ੁਕਰਗੁਜ਼ਾਰ ਕੌਮ ਦਾ ਪ੍ਰਤੀਕਰਮ। ਸਿੱਖਾਂ ਨਾਲੋਂ ਅੱਧੀ ਗਿਣਤੀ ਵਾਲੇ ਲੋਕ ਜਿਨ੍ਹਾਂ ਨੂੰ ਕਲ ਤਕ ਸੱਭ ਤੋਂ ਬਦਨਾਮ ਕੌਮ ਸਮਝਿਆ ਜਾਂਦਾ ਸੀ, ਅੱਜ ਦੁਨੀਆਂ ਦੀ ਸੱਭ ਤੋਂ ਉੱਤਮ ਕੌਮ ਮੰਨੀ ਜਾਣ ਲੱਗੀ ਹੈ। ਹੁਣ ਆਈਏ, ਇਹੋ ਜਹੀ ਹਾਲਤ ਵਿਚ, ਸਿੱਖਾਂ ਦੇ ਪ੍ਰਤੀਕਰਮ ਵਲ। ਅੰਗਰੇਜ਼ਾਂ ਵੇਲੇ ਸਿੱਖਾਂ ਨੂੰ ਸੁਝਾਅ ਦਿਤਾ ਗਿਆ ਕਿ ਜੇ ਉਹ ਪੜ੍ਹਾਈ ਲਿਖਾਈ ਵਿਚ ਦੁਨੀਆਂ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ ਤਾਂ ਬਨਾਰਸ ਹਿੰਦੂ ਯੂਨੀਵਰਸਟੀ ਦਾ ਨੀਂਹ ਪੱਥਰ ਰੱਖ ਕੇ ਹੀ ਖ਼ੁਸ਼ ਨਾ ਹੋ ਜਾਣ ਬਲਕਿ ਅੰਮ੍ਰਿਤਸਰ ਵਿਚ ਇਕ ਸ਼੍ਰੋਮਣੀ ਖ਼ਾਲਸਾ ਕਾਲਜ ਵੀ ਉਸਾਰ ਲੈਣ। ਅੰਗਰੇਜ਼ਾਂ ਨੇ ਇਹ ਗੱਲ ਸਿੱਖ ਸਟੇਟਾਂ ਦੇ ਰਾਜਿਆਂ ਨੂੰ ਸਮਝਾਈ। ਜ਼ਮੀਨ ਤਾਂ ਖ਼ਰੀਦੀ ਗਈ ਪਰ ਉਸਾਰੀ ਦੇ ਖ਼ਰਚੇ ਲਈ ਕੋਈ ਸਿੱਖ ਹੁੰਗਾਰਾ ਨਾ ਭਰੇ। ਅਖ਼ੀਰ ਮਹਾਰਾਜਾ ਨਾਭਾ ਨੇ ਰਾਜਿਆਂ ਦੀ ਮੀਟਿੰਗ ਬੁਲਾ ਕੇ ਪਹਿਲੇ ਖ਼ਾਲਸਾ ਕਾਲਜ ਲਈ ਅਪਣੇ ਕੋਲੋਂ ਚੋਖੀ ਰਕਮ ਦੇਣ ਮਗਰੋਂ ਝੋਲੀ ਅੱਡ ਕੇ ਸਿੱਖ ਰਾਜਿਆਂ ਕੋਲੋਂ ਇਹ ਕਹਿੰਦਿਆਂ ਪੈਸੇ ਮੰਗੇ, ''ਮੇਰੀ ਝੋਲੀ ਖ਼ੈਰ ਹੀ ਪਾ ਦਿਉ ਤਾਕਿ ਖ਼ਾਲਸਾ ਕਾਲਜ ਬਣ ਸਕੇ।'' ਕੁੱਝ ਰਾਜਿਆਂ ਨੇ ਸਰਕਾਰੀ ਖ਼ਜ਼ਾਨੇ 'ਚੋਂ ਪੈਸੇ ਦਿਤੇ ਪਰ ਸਿੱਖ ਚੁਪਚਾਪ ਜੇਬ-ਘੁੱਟੀ ਵੇਖਦੇ ਹੀ ਰਹੇ। ਇਤਿਹਾਸ ਗਵਾਹ ਹੈ ਕਿ ਸਿੱਖਾਂ ਅੰਦਰ ਪੜ੍ਹਨ-ਲਿਖਣ ਦਾ ਇਨਕਲਾਬ ਇਸ ਖ਼ਾਲਸਾ ਕਾਲਜ ਤੋਂ ਹੀ ਸ਼ੁਰੂ ਹੋਇਆ ਸੀ। 

NewspaperNewspaper

ਸਿੱਖਾਂ ਦਾ ਅੰਗਰੇਜ਼ੀ ਅਖ਼ਬਾਰ
ਫਿਰ ਸਿੱਖਾਂ ਦਾ ਪਹਿਲਾ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ (ਟ੍ਰਿਬਿਊਨ ਦੇ ਮੁਕਾਬਲੇ) ਸ਼ੁਰੂ ਕਰਨ ਦਾ ਐਲਾਨ ਅਕਾਲੀ ਦਲ ਨੇ ਕੀਤਾ। ਮਾ. ਤਾਰਾ ਸਿੰਘ ਦੀ ਅਗਵਾਈ ਹੇਠ ਵਰਕਰ ਘਰ ਘਰ ਪੁੱਜੇ, ਅਪੀਲਾਂ ਕੀਤੀਆਂ, ਕਾਨਫ਼ਰੰਸਾਂ ਕੀਤੀਆਂ ਪਰ 50 ਲੱਖ ਦਾ ਟੀਚਾ ਸਾਢੇ ਸੱਤ ਲੱਖ ਤੋਂ ਉਪਰ ਨਾ ਟੱਪ ਸਕਿਆ ਕਿਉਂਕਿ ਸਿੱਖ ਕਾਨਫ਼ਰੰਸਾਂ ਵਿਚ ਤਾਂ ਬਾਹਵਾਂ ਉੱਚੀਆਂ ਕਰ ਦੇਂਦੇ ਸਨ ਤੇ ਜੈਕਾਰੇ ਛੱਡ ਦੇਂਦੇ ਸਨ ਪਰ ਜਦ ਅਕਾਲੀ ਲੀਡਰ ਤੇ ਵਰਕਰ ਪੈਸਾ ਮੰਗਣ ਜਾਂਦੇ ਸਨ ਤਾਂ ਪੈਸਾ ਕੋਈ ਨਹੀਂ ਸੀ ਦੇਂਦਾ। ਜੇ ਉਨ੍ਹਾਂ ਸ਼ੁਰੂ ਦੇ ਦਿਨਾਂ ਵਿਚ ਸਿੱਖ ਅਪਣਾ ਅੰਗਰੇਜ਼ੀ ਦਾ ਅਖ਼ਬਾਰ ਕੱਢ ਲੈਂਦੇ ਤੇ ਅਕਾਲੀ ਦਲ ਨੂੰ ਪੈਸਾ ਦੇ ਦੇਂਦੇ ਤਾਂ ਅੱਜ ਪੰਜਾਬ ਅਤੇ ਪੰਥ ਦੀ ਹਾਲਤ ਬਿਲਕੁਲ ਹੋਰ ਹੀ ਹੋਣੀ ਸੀ ਤੇ ਜਿਹੜੇ ਧੱਕੇ ਪੰਜਾਬ ਨਾਲ ਕੀਤੇ ਗਏ, ਉਹ ਨਹੀਂ ਸਨ ਹੋ ਸਕਣੇ। ਪਰ ਅਜਿਹੇ ਹਰ ਉੱਦਮ ਵੇਲੇ ਸਿੱਖਾਂ ਕੋਲ ਤਾਂ ਪੈਸੇ ਹੀ ਮੁਕ ਜਾਂਦੇ ਹਨ ਤੇ ਸਿੱਖ ਚਾਹੁੰਦੇ ਹਨ ਕਿ 10-20 ਰੁਪਏ ਦਾ ਮੱਥਾ ਤਾਂ ਜਿਥੇ ਮਰਜ਼ੀ ਟਿਕਵਾ ਲਉ ਪਰ ਹੋਰ ਨਾ ਕੁੱਝ ਮੰਗੋ। 

Ucha Dar Babe Nanak DaUcha Dar Babe Nanak Da

ਉੱਚਾ ਦਰ ਬਾਬੇ ਨਾਨਕ ਦਾ
ਹੁਣ ਇਸੇ ਸਬੰਧ ਵਿਚ ਗੱਲ ਆ ਜਾਂਦੀ ਹੈ 'ਉੱਚਾ ਦਰ ਬਾਬੇ ਨਾਨਕ ਦਾ' ਦੀ। ਕੀ ਹੈ ਉੱਚਾ ਦਰ ਬਾਬੇ ਨਾਨਕ ਦਾ? ਸਿੱਖਾਂ ਨੂੰ ਘੋਰ ਨਿਰਾਸ਼ਾ 'ਚੋਂ ਕੱਢ ਕੇ ਦੁਨੀਆਂ ਭਰ ਵਿਚ ਸਿਰ ਉੱਚਾ ਚੁਕ ਕੇ ਚੱਲਣ ਦੇ ਕਾਬਲ ਬਣਾਉਣ ਦਾ ਇਕ ਵੱਡਾ ਤੇ ਨਵੇਂ ਯੁਗ ਦੇ ਉਪਰਾਲਾ¸ਯਹੂਦੀਆਂ ਦੇ ਹਾਲੋਕਾਸਟ ਮਿਊਜ਼ੀਅਮ ਵਰਗਾ। ਯਹੂਦੀਆਂ ਨੇ 3 ਦਿਨਾਂ ਵਿਚ ਹਾਲੋਕਾਸਟ ਮਿਊਜ਼ੀਅਮ ਲਈ ਲੋੜੀਂਦਾ ਖ਼ਰਚਾ ਇਕੱਠਾ ਕਰ ਕੇ ਵਿਚਾਰ ਦੇਣ ਵਾਲੇ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿਤਾ ਤੇ ਕਹਿ ਦਿਤਾ ਕਿ ਹੁਣ ਸਮੇਂ ਸਿਰ ਇਸ ਨੂੰ ਬਣਾ ਕੇ ਚਾਲੂ ਕਰਨਾ ਤੇਰੀ ਜ਼ਿੰਮੇਵਾਰੀ। ਜੇ ਉਹ ਲਾਭ ਕੌਮ ਨੂੰ ਮਿਲ ਗਏ ਜਿਨ੍ਹਾਂ ਦਾ ਤੂੰ ਦਾਅਵਾ ਕੀਤਾ ਹੈ ਤਾਂ ਜੀਵਨ ਭਰ ਲਈ ਤੈਨੂੰ ਮੂੰਹ-ਮੰਗਿਆ ਖ਼ਜ਼ਾਨਾ ਦੇ ਦਿਤਾ ਜਾਵੇਗਾ।'' ਠੀਕ ਇਸ ਤਰ੍ਹਾਂ ਹੀ ਹੋਇਆ। 

ਇਧਰ 'ਉੱਚਾ ਦਰ ਬਾਬੇ ਨਾਨਕ ਦਾ' ਦਾ ਵਿਚਾਰ ਜਦ ਮੈਂ ਦਿਤਾ¸ਤਾਂ ਖੁਲ੍ਹ ਕੇ ਪਾਠਕਾਂ ਨੂੰ ਦਸਿਆ ਕਿ ਯਹੂਦੀਆਂ ਕੋਲ ਤਾਂ ਇਕ ਹਿਟਲਰ ਦੇ ਜ਼ੁਲਮ ਸਨ ਜਿਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਵਿਖਾ ਕੇ ਉਹ ਸਾਰੀ ਦੁਨੀਆਂ ਦਾ ਜੱਸ ਖੱਟ ਗਏ ਪਰ ਤੁਹਾਡੇ ਕੋਲ ਤਾਂ ਬਾਬੇ ਨਾਨਕ ਵਰਗਾ ਦੁਨੀਆਂ ਦਾ ਉਹ ਸੱਭ ਤੋਂ ਵੱਡਾ ਵਿਦਵਾਨ ਤੇ ਗਿਆਨ ਦਾ ਪਹਾੜ ਹੈ ਜੋ ਧਰਮੀ ਆਗੂਆਂ ਵਿਚ ਬੈਠਾ ਸੱਭ ਤੋਂ ਵੱਡਾ ਧਰਮੀ, ਸਾਇੰਸਦਾਨਾਂ ਵਿਚ ਬੈਠਾ ਸੱਭ ਤੋਂ ਵੱਡਾ ਸਾਇੰਸਦਾਨ, ਤਰਕਵਾਦੀਆਂ ਵਿਚ ਬੈਠਾ ਸੱਭ ਤੋਂ ਵੱਡਾ ਤਰਕਵਾਦੀ, ਨੌਜੁਆਨਾਂ ਵਿਚ ਬੈਠਾ ਸੱਭ ਤੋਂ ਵੱਡਾ ਇਨਕਲਾਬੀ.... ਹੈ। ਇਸ ਬਾਬੇ ਨਾਨਕ ਤੇ ਉਸ ਦੇ ਫ਼ਲਸਫ਼ੇ ਨੂੰ ਠੀਕ ਤਰ੍ਹਾਂ ਪੇਸ਼ ਕਰ ਦਈਏ ਤਾਂ ਸਿੱਖ ਵੀ ਦੁਨੀਆਂ ਦੀ ਸੱਭ ਤੋਂ ਵੱਡੀ ਤੇ ਸਤਿਕਾਰੀ ਕੌਮ ਬਣ ਸਕਦੀ ਹੈ। 60 ਕਰੋੜ ਦਾ ਪ੍ਰਾਜੈਕਟ ਦੇਣਾ ਚਾਹੁੰਦਾ ਹਾਂ, ਅੱਧੇ ਦਾ ਪ੍ਰਬੰਧ ਮੈਂ (ਅਖ਼ਬਾਰ ਰਾਹੀਂ) ਕਰ ਦੇਵਾਂਗਾ, ਅੱਧਾ ਤੁਸੀ ਦੇ ਦਿਉ। ਸਿੱਖਾਂ (ਸਪੋਕਸਮੈਨ ਦੇ ਪਾਠਕਾਂ) ਨੇ ਦੋਵੇਂ ਬਾਹਵਾਂ ਖੜੀਆਂ ਕਰ ਕੇ ਪ੍ਰਵਾਨਗੀ ਦਿਤੀ ਤੇ ਨਾਲ ਹੀ ਕਿਹਾ, ''ਤੁਹਾਨੂੰ ਇਕ ਵੀ ਪੈਸਾ ਨਹੀਂ ਖ਼ਰਚਣਾ ਪਵੇਗਾ, ਪੂਰੇ ਦਾ ਪੂਰਾ ਪੈਸਾ ਅਸੀ ਆਪ ਦੇਵਾਂਗੇ।''

ਕੰਮ ਸ਼ੁਰੂ ਹੋ ਗਿਆ। ਜਦ ਆਵਾਜ਼ਾਂ ਮਾਰੀਆਂ ਕਿ ਹੁਣ ਮਦਦ ਕਰੋ। ਕਦੇ ਦੋ ਪਾਠਕ ਨਿਤਰਦੇ, ਕਦੇ ਚਾਰ। ਅਸੀ 10 ਹਜ਼ਾਰ ਮੈਂਬਰ ਮੰਗੇ ਸੀ, ਹੁਣ ਤਕ ਵੀ 2500-3000 ਦੇ ਕਰੀਬ ਬਣੇ ਹਨ। ਅਸੀ ਕਰਜ਼ਾ ਚੁਕ ਕੇ ਅਪਣਾ ਅੱਧਾ ਹਿੱਸਾ ਪਾ ਦਿਤਾ ਪਰ ਜਿਸ ਨੂੰ ਵੀ ਯਾਦ ਕਰਾਈਏ, ਉਹ ਇਹੀ ਜਵਾਬ ਦੇਵੇ, ''ਮੇਰੇ ਅਪਣੇ ਕੋਲ ਤਾਂ ਪੈਸੇ ਹੈ ਨਹੀਂ, ਮੈਂ ਕਿਸੇ ਹੋਰ ਨੂੰ ਪ੍ਰੇਰਾਂਗਾ।'' ਹੁਣ ਜਦ ਕੇਵਲ 10 ਫ਼ੀ ਸਦੀ ਕੰਮ ਹੀ ਬਾਕੀ ਰਹਿ ਗਿਆ ਹੈ ਤੇ ਇਹਦੇ ਵਿਚ ਵੀ ਸਾਡਾ ਹੱਥ ਵਟਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ ਤਾਂ ਮੈਂ ਚਾਹਾਂਗਾ ਕਿ ਪੂਰਾ ਵੇਰਵਾ ਹਰ ਪਾਠਕ ਤੇ ਦੁਨੀਆਂ ਵਾਲਾ ਜਾਣ ਲਵੇ ਤੇ ਫਿਰ ਫ਼ੈਸਲਾ ਕਰੇ ਕਿ ਕੀ ਇਹ ਕੌਮ 'ਉੱਚਾ ਦਰ' ਵਰਗੇ ਵੱਡੇ ਅਜੂਬੇ ਪ੍ਰਾਪਤ ਕਰਨ ਦੀ ਹੱਕਦਾਰ ਵੀ ਹੈ ਜਾਂ ਗੋਲਕਾਂ ਵਾਲਿਆਂ ਹੱਥੋਂ ਲੁੱਟੀ ਜਾ ਕੇ ਖ਼ਤਮ ਹੋ ਜਾਣ ਦੀ ਅਧਿਕਾਰੀ ਹੀ ਹੈ? ਨਾਨਕੀ ਫ਼ਲਸਫ਼ੇ ਦੇ ਖ਼ਜ਼ਾਨੇ ਨੂੰ ਵੀ ਇਹ 'ਗੋਲਕਧਾਰੀਆਂ' ਕੋਲ ਵੇਚ ਦੇਣ ਦੀ ਦੋਸ਼ੀ ਹੈ। ਮੈਂ ਬਿਲਕੁਲ ਸਹੀ ਤੱਥ ਤੇ ਅੰਕੜੇ ਅਗਲੇ ਹਫ਼ਤੇ ਪੇਸ਼ ਕਰਾਂਗਾ ਤਾਕਿ ਮੇਰੇ ਮਨ ਦਾ ਭਾਰ ਵੀ ਹਲਕਾ ਹੋ ਜਾਵੇ।

ਇਥੇ ਦਸ ਦਿਆਂ ਕਿ ਅਸੀ ਚਾਹੁੰਦੇ ਤਾਂ ਅਕਾਲੀਆਂ, ਸੰਤ ਸਮਾਜ ਤੇ ਹੋਰਨਾਂ ਦੀਆਂ ਇਕ ਦੋ ਸ਼ਰਤਾਂ ਮੰਨ ਕੇ ਤੇ 150 ਕਰੋੜ ਦੇ ਸਰਕਾਰੀ ਇਸ਼ਤਿਹਾਰ ਵੀ (12 ਸਾਲਾਂ ਦੇ) ਬਚਾ ਲੈਂਦੇ ਤੇ ਕਿਸੇ ਕੋਲੋਂ ਇਕ ਧੇਲਾ ਲਏ ਬਿਨਾਂ ਵੀ, 'ਉੱਚਾ ਦਰ' ਅਪਣੇ ਕੋਲੋਂ ਬਣਾ ਕੇ ਪੇਸ਼ ਕਰ ਦੇਂਦੇ ਪਰ ਅਸੀ ਫ਼ੈਸਲਾ ਕੀਤਾ ਕਿ ਪੈਸੇ ਨੂੰ ਨਹੀਂ ਜਿੱਤਣ ਦੇਣਾ, ਅਸੂਲ ਦੀ ਜਿੱਤ ਲਈ ਜੋ ਵੀ ਕੁਰਬਾਨੀ ਦੇਣੀ ਪਈ ਕਰਾਂਗੇ ਕਿਉਂਕਿ ਮੈਨੂੰ ਯਕੀਨ ਸੀ ਕਿ ਸਪੋਕਸਮੈਨ ਦੇ ਪਾਠਕ, ਬਰਾਬਰ ਦਾ ਭਾਰ ਵੰਡਾਉਣ ਦਾ ਵਾਅਦਾ ਜ਼ਰੂਰ ਨਿਭਾਉਣਗੇ। ਪਰ ਜੋ ਹੋਇਆ ਤੇ ਜਿਵੇਂ ਸਾਨੂੰ ਅਸੂਲਾਂ ਦੀ ਲੜਾਈ ਲੜਨ ਲਈ ਨਰਕ ਵਰਗਾ ਜੀਵਨ ਬਤੀਤ ਕਰਨ ਲਈ 'ਅਪਣਿਆਂ' ਨੇ ਹੀ (ਜਿਨ੍ਹਾਂ ਉਤੇ ਟੇਕ ਰੱਖ ਕੇ ਅਸੀ ਅਸੂਲ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਸੀ) ਮਜਬੂਰ ਕੀਤਾ, ਉਸ ਦਾ ਸੰਖੇਪ ਸਾਰ ਜ਼ਰੂਰ ਦੇਣਾ ਚਾਹਵਾਂਗਾ। ਕਿਉਂ? ਕਿਉਂਕਿ ਕੌਮ ਲਈ ਕੁੱਝ ਕਰਨ ਵਾਲਿਆਂ ਪ੍ਰਤੀ ਇਸ ਤਰ੍ਹਾਂ ਦਾ ਵਤੀਰਾ, ਕੌਮ ਨੂੰ ਕਦੇ ਅੱਗੇ ਨਹੀਂ ਵਧਣ ਦੇਵੇਗਾ। ਜ਼ਰਾ ਵੇਖੋ, ਸਾਡੇ ਨਾਲੋਂ ਗਿਣਤੀ ਵਿਚ ਅੱਧੀ ਯਹੂਦੀ ਕੌਮ ਦਾ ਵਤੀਰਾ ਤੇ ਅਪਣਾ ਵਤੀਰਾ।

ਇਸ ਤਰ੍ਹਾਂ ਚੰਗਾ ਕੰਮ ਕਰਨ ਵਾਲਿਆਂ ਦੇ ਦਿਲ ਟੁਟ ਜਾਂਦੇ ਹਨ। ਮੇਰੇ ਤਾਂ ਬੱਚੇ ਵੀ ਰੋਜ਼ ਕਹਿੰਦੇ ਹਨ, ''ਜੇ ਤੁਹਾਨੂੰ ਪਤਾ ਸੀ ਕਿ ਇਸ ਕੌਮ ਨੇ ਕਦੇ ਵੀ ਚੰਗੇ ਕੰਮ ਲਈ ਪੈਸਾ ਨਹੀਂ ਦਿਤਾ ਤਾਂ ਫਿਰ ਇਹ ਤੁਹਾਡੀ ਮੂਰਖਤਾ ਸੀ ਕਿ ਬਾਹਵਾਂ ਖੜੀਆਂ ਵੇਖ ਕੇ ਹੀ, ਅਪਣਾ ਸੱਭ ਕੁੱਝ ਨਿਛਾਵਰ ਵੀ ਕਰ ਦਿਤਾ, ਸੱਭ ਨੂੰ ਦੁਸ਼ਮਣ ਵੀ ਬਣਾ ਲਿਆ ਤੇ 10 ਫ਼ੀ ਸਦੀ ਬਾਕੀ ਰਹਿ ਗਏ ਕੰਮ ਲਈ ਵੀ ਤਰਲੇ ਕਰਦੇ ਫਿਰਦੇ ਓ।'' ਇਸੇ ਲਈ ਮੈਂ ਹੋਰ ਕੁੱਝ ਨਹੀਂ ਕਰ ਸਕਦਾ ਤਾਂ ਕੁੱਝ ਸੱਚ ਤਾਂ ਲਿਖ ਦੇਵਾਂ। ਸ਼ਾਇਦ ਕੁੱਝ ਸਿੱਖਾਂ ਨੂੰ ਸ਼ਰਮ ਆ ਜਾਵੇ ਤੇ ਉਹ ਰਵਈਆ ਬਦਲ ਵੀ ਲੈਣ। ਮੈਨੂੰ ਉਨ੍ਹਾਂ ਸਿੱਖਾਂ ਨਾਲ ਕੋਈ ਗਿਲਾ ਨਹੀਂ ਜਿਨ੍ਹਾਂ ਨੂੰ 'ਉੱਚਾ ਦਰ' ਪਿੱਛੇ ਕੰਮ ਕਰਦੇ ਸਿਧਾਂਤ ਬਾਰੇ ਪਤਾ ਹੀ ਕੁੱਝ ਨਹੀਂ ਪਰ ਗਿਲਾ ਸਪੋਕਸਮੈਨ ਦੇ ਲੱਖਾਂ ਪਾਠਕਾਂ ਨਾਲ ਜ਼ਰੂਰ ਹੈ ਜੋ ਸੱਭ ਕੁੱਝ ਜਾਣਦੇ ਬੁਝਦੇ ਹੋਏ ਵੀ ਉੱਚਾ ਦਰ ਨੂੰ ਚਾਲੂ ਕਰਨ ਲਈ ਕੋਈ ਚਿੰਤਾ ਨਹੀਂ ਪ੍ਰਗਟ ਕਰ ਰਹੇ ਤੇ ਕੋਈ ਜ਼ਿੰਮੇਵਾਰੀ ਮਹਿਸੂਸ ਨਹੀਂ ਕਰ ਰਹੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement