ਗੁਰਦਵਾਰਾ ਪ੍ਰਬੰਧ ਨੂੰ ਵੋਟ-ਸਿਸਟਮ ਤੇ ਹੋਰ ਖਰਾਬੀਆਂ ਤੋਂ ਮੁਕਤ ਨਾ ਕੀਤਾ ਗਿਆ ਤਾਂ ਸਿੱਖੀ ਦਾ ਵਿਕਾਸ ਸਦਾ ਲਈ ਰੁਕ ਜਾਏਗਾ!
Published : Apr 23, 2023, 7:31 am IST
Updated : Apr 23, 2023, 7:31 am IST
SHARE ARTICLE
photo
photo

ਗੁਰਦਵਾਰਾ ਨਿਜ਼ਾਮ ਤੋਂ ਨਿਰਾਸ਼ਾ ਭਾਰਤ ਤੋਂ ਅਮਰੀਕਾ ਤਕ ਇਕੋ ਜਹੀ!

 

ਪਿਛਲੇ ਦਿਨੀਂ ਅਮਰੀਕਾ ਤੋਂ ਨਾਰਥ ਅਮਰੀਕਾ ਸਿੱਖ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪੁਨੀਆਂ ਮੈਨੂੰ ਮਿਲਣ ਲਈ ਚੰਡੀਗੜ੍ਹ ਆਏ। ਅਪਣੇ ਅਮਰੀਕਾ ਦੌਰੇ ਦੌਰਾਨ ਮੈਂ ਕੁੱਝ ਦਿਨ ਉਨ੍ਹਾਂ ਦੇ ਘਰ ਵੀ ਠਹਿਰਿਆ ਸੀ ਤੇ ਉਨ੍ਹਾਂ ਨੇ ਅਮਰੀਕਾ ਦੇ ਸੈਂਕੜੇ ਸਿੱਖ ਡਾਕਟਰਾਂ ਨਾਲ ਮੇਰੀ ਜਾਣ ਪਛਾਣ ਵੀ ਕਰਵਾਈ ਸੀ। ਉਸ ਤੋਂ ਇਲਾਵਾ ਉਹ ਉਥੋਂ ਦੇ ਗੁਰਦਵਾਰਿਆਂ ਨਾਲ ਵੀ ਸਬੰਧਤ ਸਨ ਤੇ ਇਕ ਗੁਰਦਵਾਰੇ ਦੇ ਪ੍ਰਧਾਨ ਵੀ। ਮੈਨੂੰ ਕਈ ਗੁਰਦਵਾਰਿਆਂ ਵਿਚ ਵੀ ਲੈ ਗਏ ਤੇ ਇਕ ਗੁਰਦਵਾਰੇ ਵਿਚ ਮੈਨੂੰ ਬੋਲਣ ਲਈ ਵੀ ਮਜਬੂਰ ਕਰ ਦਿਤਾ ਹਾਲਾਂਕਿ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਕਹਿ ਦਿਤਾ ਸੀ ਕਿ ਰੱਬ ਨੇ ਮੈਨੂੰ ਲਿਖਣ ਦਾ ਥੋੜਾ ਬਹੁਤ ਹੁਨਰ ਜ਼ਰੂਰ ਦਿਤਾ ਹੈ ਪਰ ਲੈਕਚਰ ਕਰਨ ਦੀ ਗੱਲ ਸੁਣ ਕੇ ਮੇਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ।

ਅਮਰੀਕਾ ਤੇ ਬਰਤਾਨੀਆ ਵਿਚ ਮੈਂ ਜਿਥੇ ਵੀ ਜਾਂਦਾ, ਮੈਨੂੰ ਲੈਕਚਰ ਕਰਨ ਲਈ ਜ਼ਰੂਰ ਕਿਹਾ ਜਾਂਦਾ। ਮੈਂ ਜਦ ਦਸਦਾ ਕਿ ਮੈਨੂੰ ਲੈਕਚਰ ਕਰਨਾ ਨਹੀਂ ਆਉਂਦਾ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਸਪੋਕਸਮੈਨ ਵਿਚ ਜ਼ੋਰਦਾਰ ਢੰਗ ਨਾਲ ਕਲਮ ਚਲਾ ਕੇ ਉਨ੍ਹਾਂ ਦਾ ਚਹੇਤਾ ਬਣ ਚੁੱਕਾ ਐਡੀਟਰ, ਇਕ ਲੈਕਚਰ ਵੀ ਨਹੀਂ ਕਰ ਸਕਦਾ!! ਸੋ ‘ਦੋ ਸ਼ਬਦ ਹੀ ਬੋਲ ਦਿਉ, ਸੰਗਤ ਸਪੋਕਸਮੈਨ ਦੇ ਐਡੀਟਰ ਦੀ ਆਵਾਜ਼ ਸੁਣਨਾ ਚਾਹੁੰਦੀ ਹੈ’ ਵਰਗੇ ਫ਼ਿਕਰਿਆ ਨਾਲ ਅਖ਼ੀਰ ਮੈਨੂੰ ‘ਭਾਸ਼ਨ ਕਰਤਾ’ ਵੀ ਉਨ੍ਹਾਂ ਨੇ ਬਣਾ ਹੀ ਛਡਿਆ। ਸ਼ੁਰੂ-ਸ਼ੁਰੂ ਵਿਚ ਬੜੀ ਮਿਹਨਤ ਕਰਨੀ ਪੈਂਦੀ ਸੀ ਕਿ ਲੈਕਚਰ ਕਰਦਿਆਂ ਮੈਂ ਥਿੜਕ ਨਾ ਜਾਵਾਂ। ਮੈਨੂੰ ਗੁਰਦਵਾਰਾ ਸਟੇਜਾਂ ਤੋਂ ਬੋਲਣ ਜੋਗਾ ਬਣਾ ਦੇਣ ਦਾ ਪਹਿਲਾ ਸਿਹਰਾ ਡਾ. ਪੁਨੀਆਂ ਦੇ ਸਿਰ ਹੀ ਬਝਦਾ ਹੈ।

ਸੋ ਕੁੱਝ ਦਿਨ ਪਹਿਲਾਂ ਜਦ ਡਾ. ਪੁਨੀਆਂ ਅਪਣੇ ਪ੍ਰਵਾਰ ਸਮੇਤ ਮੈਨੂੰ ਮਿਲਣ ਆਏ ਤਾਂ ਰੋਟੀ ਦੇ ਮੇਜ਼ ਦੁਆਲੇ ਬੈਠਿਆਂ ਮੈਂ ਹੋਰ ਗੱਲਾਂ ਦੇ ਨਾਲ-ਨਾਲ ਉਨ੍ਹਾਂ ਤੋਂ ਇਹ ਵੀ ਪੁਛ ਲਿਆ ਕਿ ‘‘ਉਥੋਂ ਦੇ ਗੁਰਦਵਾਰਿਆਂ ਦਾ ਕੀ ਹਾਲ ਹੈ? ਅਜੇ ਵੀ ਪ੍ਰਧਾਨਗੀ ਕਰ ਰਹੇ ਹੋ ਕਿਸੇ ਗੁਰਦਵਾਰੇ ਦੀ?’’

ਇਕਦੰਮ ਬੋਲੇ, ‘‘ਨਹੀਂ, ਅੰਦਰ ਜਾ ਕੇ ਜੋ ਕੁੱਝ ਮੈਂ ਵੇਖਿਆ, ਉਸ ਤੋਂ ਬਾਅਦ ਹੁਣ ਉਧਰ ਜਾਣ ਨੂੰ ਦਿਲ ਹੀ ਨਹੀਂ ਕਰਦਾ।’’

ਮੈਂ ਕਿਉਂਕਿ ਡਾ. ਪੁਨੀਆਂ ਨੂੰ ਅਮਰੀਕਾ ਦੇ ਗੁਰਦਵਾਰਿਆਂ ਬਾਰੇ ਘੰਟਿਆਂ ਬੱਧੀ ਚਰਚਾ (ਸ਼ਰਧਾਪੂਰਵਕ ਚਰਚਾ) ਕਰਦਿਆਂ ਸੁਣਿਆ ਸੀ, ਇਸ ਲਈ ਮੈਨੂੰ ਬੜੀ ਹੈਰਾਨੀ ਹੋਈ ਕਿ ਉਨ੍ਹਾਂ ਨੂੰ ਪ੍ਰਬੰਧਕਾਂ ਦਾ ਰਵਈਆ ਵੇਖ ਕੇ ਕਾਫ਼ੀ ਨਿਰਾਸ਼ਾ ਹੋਈ ਹੈ ਭਾਵੇਂ ਧਰਮ ਨਾਲ ਦਿਲੋਂ ਮਨੋਂ ਉਹ ਅੱਜ ਵੀ ਪਹਿਲਾਂ ਵਾਂਗ ਹੀ ਜੁੜੇ ਹੋਏ ਹਨ। ਉਨ੍ਹਾਂ ਨੇ ਅਪਣੀ ਕਮਾਈ ’ਚੋਂ ਬਚਾ ਕੇ, ਵੱਡੀ ਰਕਮ, ਕਿਸੇ ਗੁਰਦਵਾਰੇ ਨੂੰ ਦੇਣ ਦੀ ਬਜਾਏ, ਪਟਿਆਲੇ ਨੇੜੇ ਅਪਣੇ ਜੱਦੀ ਪਿੰਡ ਵਿਚ ਇਕ ਸਕੂਲ ਬਣਾ ਦਿਤਾ ਹੈ ਜਿਥੇ ਮਾਡਰਨ ਢੰਗ ਦੀ ਪੜ੍ਹਾਈ ਦੇ ਸਾਰੇ ਪ੍ਰਬੰਧ ਉਨ੍ਹਾਂ ਨੇ ਕਰ ਦਿਤੇ ਹਨ।

ਦੂਜੀ ਘਟਨਾ ਵੀ ਥੋੜਾ ਸਮਾਂ ਪਹਿਲਾਂ ਦੀ ਹੀ ਹੈ। ਹਰਿਆਣੇ ਦੇ ਇਕ ਪੁਰਾਣੇ ਅਕਾਲੀ ਲੀਡਰ ਦੀਦਾਰ ਸਿੰਘ ਨਲਵੀ ਮੇਰੇ ਕੋਲ ਆਏ ਤੇ ਕਹਿਣ ਲੱਗੇ, ‘‘ਮੈਂ ਤੁਹਾਡਾ ਧਨਵਾਦ ਕਰਨ ਆਇਆ ਹਾਂ ਕਿਉਂਕਿ ਜੇ ਸਪੋਕਸਮੈਨ ਵਿਚ ਤੁਸੀ ਸਾਡੀ ਮਦਦ ਨਾ ਕਰਦੇ ਤਾਂ ਹਰਿਆਣੇ ਦੀ ਵਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਦੇ ਨਹੀਂ ਸੀ ਬਣਨੀ।’’

ਮੈਂ ਕਿਹਾ, ‘‘ਹਾਂ ਮੈਂ ਡੱਟ ਕੇ ਵਖਰੀ ਕਮੇਟੀ ਦੀ ਹਮਾਇਤ ਕੀਤੀ ਸੀ ਕਿਉਂਕਿ ਅੰਮ੍ਰਿਤਸਰ ਵਾਲੇ ਹਰਿਆਣਵੀ ਸਿੱਖਾਂ ਦਾ ਹੱਕ ਮਾਰ ਰਹੇ ਸਨ ਤੇ ਉਨ੍ਹਾਂ ਦਾ ਸਤਿਕਾਰ ਨਹੀਂ ਸਨ ਬਣਨ ਦੇ ਰਹੇ। ਪਰ ਇਕ ਗੱਲ ਦੱਸ ਦਿਆਂ, ਨਾ ਸ਼੍ਰੋਮਣੀ ਕਮੇਟੀ ਸਿੱਖੀ ਦਾ ਕੋਈ ਭਲਾ ਕਰ ਸਕੀ ਹੈ, ਨਾ ਹਰਿਆਣਾ ਕਮੇਟੀ ਹੀ ਕਰ ਸਕੇਗੀ ਕਿਉਂਕਿ ਇਹ ਵੋਟਾਂ ਵਾਲਾ ਪ੍ਰਬੰਧ, ਅੰਗਰੇਜ਼ਾਂ ਨੇ ਸਿੱਖਾਂ ਤੇ ਸਿੱਖੀ ਦੇ ਵਿਨਾਸ਼ ਲਈ ਦਾਖ਼ਲ ਕੀਤਾ ਸੀ। ਸੱਭ ਕੁੱਝ ਤੁਹਾਡੇ ਸਾਹਮਣੇ ਹੈ। ਈਸਾਈ ਚਰਚ ਪੰਜਾਬ ਦੇ ਲਗਭਗ ਹਰ ਪਿੰਡ ਵਿਚ ਖੁਲ੍ਹ ਗਏ ਹਨ। ਪੰਜਾਬ ਦੇ ਕਈ ਪਿੰਡਾਂ ਵਿਚ 5 ਦਸਤਾਰਧਾਰੀ ਸਿੱਖ ਨਹੀਂ ਲੱਭੇ ਜਾ ਸਕਦੇ। ਪਰ ਸ਼੍ਰੋਮਣੀ ਕਮੇਟੀ ਨੂੰ ਕੋਈ ਫ਼ਿਕਰ ਨਹੀਂ। ਉਸ ਦਾ ਕੰਮ ਸਿਰਫ਼ ਏਨਾ ਹੀ ਰਹਿ ਗਿਆ ਹੈ ਕਿ ਸੰਗਤ ਵਲੋਂ ਆਈ ਅਰਬਾਂ ਰੁਪਏ ਦੀ ਮਾਇਆ ਬਾਰੇ ਕਾਗ਼ਜ਼ੀ ਕਾਰਵਾਈ ਕਰ ਕੇ, ਏਨਾ ਹੀ ਦਸਦੀ ਰਹੇ ਕਿ ਮਾਇਆ ਸਾਰੀ ਖ਼ਰਚ ਹੋ ਗਈ ਹੈ। ਪਰ ਸਿੱਖੀ ਕਿੰਨੀ ਉਪਰ ਜਾਂ ਹੇਠਾਂ ਚਲੀ ਗਈ ਹੈ, ਇਸ ਦਾ ਕੋਈ ਹਿਸਾਬ ਕਿਤਾਬ ਨਹੀਂ ਦਿਤਾ ਜਾਂਦਾ। ਵੱਡੇ ਵੱਡੇ ਸਮਾਗਮਾਂ ਉਤੇ ਕਰੋੜਾਂ ਰੁਪਏ ਖ਼ਰਚੇ ਗਏ ਦਸ ਦਿਤੇ ਜਾਂਦੇ ਹਨ।

ਪੁੱਛਣ ਲਗੇ, ‘‘ਖ਼ਰਾਬੀ ਕਿਥੇ ਹੈ?’’

ਮੈਂ ਕਿਹਾ, ਖ਼ਰਾਬੀ ਚੋਣ ਸਿਸਟਮ ਦੀ ਹੈ ਜਿਸ ਅਧੀਨ ਗੁਰਦਵਾਰਾ ਪ੍ਰਬੰਧ ਵੀ ਸਿਆਸਤਦਾਨਾਂ ਅਧੀਨ ਚਲਾ ਜਾਂਦਾ ਹੈ। ਵੋਟਾਂ ਰਾਹੀਂ ਪ੍ਰਬੰਧਕ ਚੁਣੋਗੇ ਤਾਂ ਸਿਆਸੀ ਲੋਕ ਜਾਂ ਉਨ੍ਹਾਂ ਦੇ ਖ਼ਾਸਮਖ਼ਾਸ ਬੰਦੇ ਹੀ ਚੁਣੇ ਜਾ ਸਕਣਗੇ। ਅੰਗਰੇਜ਼ਾਂ ਨੇ ਸਿੱਖਾਂ ਦੇ ਗਰਮਾ ਗਰਮ ਲੀਡਰਾਂ ਤੇ ਹਰ ਵੇਲੇ ਜੇਲਾਂ ਭਰਨ ਲਈ ਤਿਆਰ ਰਹਿਣ ਵਾਲੇ ਤੇ ਕੁਰਬਾਨੀ ਕਰਨ ਵਾਲੇ ਸਿੱਖਾਂ ਨੂੰ ਆਪਸੀ ਲੜਾਈ ਵਿਚ ਰੁੱਝੇ ਰੱਖਣ ਲਈ ਇਹ ਸਿਸਟਮ ਸਿੱਖਾਂ ਅੰਦਰ ਦਾਖ਼ਲ ਕੀਤਾ ਸੀ।

ਜੇ ਇਹ ਸਿਸਟਮ ਬੁਰਾ ਨਾ ਹੁੰਦਾ ਤੇ ਧਰਮ ਦਾ ਨੁਕਸਾਨ ਕਰਨ ਵਾਲਾ ਨਾ ਹੁੰਦਾ ਤਾਂ ਉਹ ਅਪਣੇ ਚਰਚਾਂ ਦੇ ਪ੍ਰਬੰਧਕ ਵੀ, ਵੋਟਾਂ ਪੁਆ ਕੇ ਹੀ ਕਰਦੇ ਹੁੰਦੇ। ਪਰ ਦੁਨੀਆਂ ਦੇ ਕਿਸੇ ਵੀ ਧਰਮ ਨੇ ਇਹ ਸਿਆਸੀ ਕਿਸਮ ਦਾ ਵੋਟ ਸਿਸਟਮ ਅਪਣੇ ਧਰਮ ਅਸਥਾਨਾਂ ਦੇ ਪ੍ਰਬੰਧਕ ਚੁਣਨ ਲਈ ਨਹੀਂ ਅਪਣਾਇਆ ਹੋਇਆ। ਸਿੱਖਾਂ ਉਤੇ ਵੀ ਇਹ ਗ਼ਲਤ ਸਿਸਟਮ ਉਦੋਂ ਲੱਦਿਆ ਗਿਆ ਜਦੋਂ ਸਾਰੇ ਸਿੱਖ ਲੀਡਰ ਜੇਲਾਂ ਵਿਚ ਬੰਦ ਸਨ।

ਅੰਗਰੇਜ਼ ਨੇ ਸ਼ਰਤ ਰੱਖ ਦਿਤੀ ਕਿ ਜਿਹੜਾ ਸਿੱਖ ਲੀਡਰ ਇਸ ਧਰਮ-ਮਾਰੂ ਸਿਸਟਮ ਨੂੰ ਪ੍ਰਵਾਨ ਕਰੇਗਾ, ਉਸ ਨੂੰ ਰਿਹਾਅ ਕਰ ਦਿਤਾ ਜਾਏਗਾ ਤੇ ਜਿਹੜਾ ਪ੍ਰਵਾਨ ਨਹੀਂ ਕਰੇਗਾ, ਉਸ ਨੂੰ ਜੇਲ ਵਿਚ ਹੀ ਬੰਦ ਰਹਿਣਾ ਪਵੇਗਾ। ਜ਼ਰਾ ਸੋਚੋ ਤਾਂ ਸਹੀ ਕਿ ਜੇ ਇਹ ਵੋਟ ਪ੍ਰਬੰਧ ਸਿੱਖਾਂ ਦਾ ਭਲਾ ਕਰਨ ਵਾਲਾ ਹੁੰਦਾ ਤਾਂ ਅੰਗਰੇਜ਼ ਨੂੰ ਇਹੋ ਜਹੀ ਸ਼ਰਤ ਰਖਣੀ ਪੈਂਦੀ? ਅੱਧੇ ਲੀਡਰ ਇਸ ਸਿਸਟਮ ਨੂੰ ਮੰਨ ਕੇ ਬਾਹਰ ਆ ਗਏ ਸਨ ਤੇ ਅੱਧੇ ਅੰਦਰ ਹੀ ਬੈਠੇ ਰਹੇ। ਤੇਜਾ ਸਿੰਘ ਸਮੁੰਦਰੀ ਨੇ ਅੰਦਰ ਰਹਿ ਕੇ ਜਾਨ ਵੀ ਦੇ ਦਿਤੀ ਪਰ ਇਸ ਗੰਦੇ ਸਿਸਟਮ ਨੂੰ ਨਾ ਮੰਨਿਆ ਪਰ ਅੱਜ ਉਸੇ ਦੇ ਨਾਂ ਤੇ ਸਮੁੰਦਰੀ ਹਾਲ ਬਣਾ ਕੇ ਉਥੋਂ ਹੀ ਇਹ ਧਰਮ-ਮਾਰੂ ਸਿਸਟਮ ਧਰਮ ਦੇ ਵਿਹੜੇ ਵਿਚੋਂ ਚਲਾਇਆ ਜਾ ਰਿਹਾ ਹੈ।

ਹਰਿਆਣਵੀ ਅਕਾਲੀ ਲੀਡਰ ਮੇਰੀਆਂ ਗੱਲਾਂ ਸੁਣ ਸੁਣ ਕੇ ਨਿਰੁੱਤਰ ਹੋਈ ਜਾ ਰਹੇ ਸਨ ਪਰ ਉਨ੍ਹਾਂ ਦੇ ਸ਼ੰਕੇ ਅਜੇ ਵੀ ਕਾਇਮ ਸਨ। ਮੈਂ ਕਿਹਾ, ਥੋੜੇ ਦਿਨਾਂ ਬਾਅਦ ਤੁਸੀ ਹਰਿਆਣਵੀ ਸਿੱਖ ਲੀਡਰਾਂ ਨੂੰ ਸਿਰ ਫਟੌਲ ਕਰਦਿਆਂ ਤੇ ਇਕ ਦੂਜੇ ਉਤੇ ਘਟੀਆ ਇਲਜ਼ਾਮ ਲਾਉਂਦੇ ਵੇਖੋਗੇ ਤਾਂ ਤੁਹਾਨੂੰ ਹੋਰ ਕਿਸੇ ਦਲੀਲ ਦੀ ਲੋੜ ਨਹੀਂ ਰਹੇਗੀ। 

ਅੱਜ ਵੇਖ ਲਉ, ਹਰਿਆਣੇ ਵਿਚ ਦੋ ‘ਡੇਰੇਦਾਰ’ ਇਹ ਦਾਅਵਾ ਜਤਾ ਰਹੇ ਹਨ ਕਿ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰਨ ਦਾ ਹੱਕ ਕੇਵਲ ਉਨ੍ਹਾਂ ਦਾ ਹੀ ਬਣਦਾ ਹੈ। ਕਿਉਂ ਬਈ ਸਿੱਖੀ ਦੀ ਤਾਂ ਪਹਿਲੀ ਸ਼ਰਤ ਹੀ ਇਹ ਹੈ ਕਿ ਜਿਹੜਾ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਰੋਟੀ ਨਹੀਂ ਖਾਂਦਾ, ਉਹ ਤਾਂ ਧਰਮੀ ਅਖਵਾਉਣ ਦਾ ਹੱਕਦਾਰ ਹੀ ਨਹੀਂ। ‘ਚੋਲੇ’ ਪਾ ਕੇ ‘ਧਰਮੀ ਆਗੂ’ ਬਣ ਬੈਠਣ ਵਾਲਿਆਂ ਬਾਰੇ ਤਾਂ ਬਾਬੇ ਨਾਨਕ ਨੇ ਬਾਣੀ ਵਿਚ ਬੜੀ ਸਖ਼ਤ ਭਾਸ਼ਾ ਵਰਤੀ ਹੈ। ਫਿਰ ਜਿਨ੍ਹਾਂ ਨੇ ਨਿਜੀ ‘ਡੇਰੇ’ ਬਣਾ ਲਏ ਹਨ, ਉਹ ਗੁਰਦਵਾਰਿਆਂ ਦੇ ਪ੍ਰਬੰਧਕ ਕਿਉਂ ਬਣਨਾ ਚਾਹੁੰਦੇ ਹਨ? ਕੋਈ ਤਾਂ ਦਲੀਲ ਵਾਲੀ ਗੱਲ ਵੀ ਹੋਣੀ ਹੀ ਚਾਹੀਦੀ ਹੈ। ਪਰ ਇਸ ਰੱਟੇ ’ਚੋਂ ਨਿਕਲਿਆ ਕਿਵੇਂ ਜਾਏ? ਇਸੇ ਵਿਸ਼ੇ ’ਤੇ ਚਰਚਾ ਜਾਰੀ ਰਹੇਗੀ। ਪਾਠਕ ਵੀ ਜ਼ਰੂਰ ਹਿੱਸਾ ਲਿਆ ਕਰਨ।             (ਚਲਦਾ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement