ਝੂਠ ਦੇ ਪ੍ਰਚਾਰਕੋ! ‘ਉੱਚਾ ਦਰ ਬਾਬੇ ਨਾਨਕ ਦਾ’ ਬਾਰੇ : ਅਪਣੇ ਬੋਲੇ ਕਿਸੇ ਇਕ ਵੀ ਝੂਠ ਨੂੰ ਸਹੀ ਸਾਬਤ ਕਰ ਦਿਉ,ਤਾਂ 5 ਕਰੋੜ ਦਾ ਇਨਾਮ ਜਿੱਤ ਲਉ!
Published : Jul 23, 2023, 7:08 am IST
Updated : Jul 23, 2023, 7:08 am IST
SHARE ARTICLE
photo
photo

ਰੱਬ ਤੋਂ ਤਾਂ ਤੁਸੀ ਨਹੀਂ ਡਰਦੇ ਪਰ ‘ਅਦਾਲਤ ਦੀ ਮਾਣਹਾਨੀ’ ਕਰ ਕੇ ਝੂਠ ਲਿਖੀ/ਪ੍ਰਚਾਰੀ ਤਾਂ ਨਾ ਜਾਉ!!

 

ਪਿਛਲੇ ਮਹੀਨੇ ‘ਉੱਚਾ ਦਰ ਬਾਬੇ ਨਾਨਕ ਦਾ’ ਸ਼ੁਰੂ ਕਰਨ ਦਾ ਐਲਾਨ ਉੱਚਾ ਦਰ ਟਰੱਸਟ ਵਾਲਿਆਂ ਨੇ ਕੀਤਾ ਤਾਂ ਨਾਲ ਹੀ, ਹਾਸੇ ਹਾਸੇ ਵਿਚ ਸਾਰੇ ਇਕ ਦੂਜੇ ਨੂੰ ਕਹਿ ਰਹੇ ਸਨ, ‘‘ਬਸ ਹੁਣ ਤਿਆਰ ਹੋ ਜਾਉ ਉੱਚਾ ਦਰ ਸ਼ੁਰੂ ਹੋਣ ਦੇ ਐਲਾਨ ਤੋਂ ਦੁਖੀ ਹੋਣ ਵਾਲੇ ਦੋਖੀ ਵੀਰਾਂ ਦਾ ਚੀਕ ਚਹਾੜਾ ਵੀ ਸ਼ੁਰੂ ਹੋਇਆ ਕਿ ਹੋਇਆ ਸਮਝੋ।’’

ਹਾਂ, ਚੀਕ ਚਹਾੜਾ ਹਰ ਉਸ ਮੌਕੇ ਸ਼ੁਰੂ ਹੋ ਜਾਂਦਾ ਹੈ ਜਦ ਮੇਰੇ ਨਾਂ ਨਾਲ ਸਿੱਧੇ ਜਾਂ ਵਿੰਗੇ ਢੰਗ ਨਾਲ ਜੁੜੀ ਕਿਸੇ ਵੀ ਚੀਜ਼ ਦੀ ਸਫ਼ਲਤਾ ਜਾਂ ਚੜ੍ਹਤ, ਕੁੱਝ ਪੈਦਾਇਸ਼ੀ ਈਰਖਾਲੂਆਂ ਦੇ ਦਿਲਾਂ ਨੂੰ ਚੀਰ ਕੇ ਰੱਖ ਦੇਂਦੀ ਹੈ। ਹੁੰਦੇ ਇਹ ਸਾਰੇ ਬਾਦਲਾਂ ਦੇ ਜ਼ਰ ਖ਼ਰੀਦ ਭੋਂਪੂ ਹੀ ਹਨ।
ਪਹਿਲਾ ਦੌਰਾ (9)

ਮਾਸਕ ਸਪੋਕਸਮੈਨ ਨੂੰ ‘ਰੋਜ਼ਾਨਾ ਸਪੋਕਸਮੈਨ’ ਵਿਚ ਤਬਦੀਲ ਕਰਨ ਤੇ ਜਦ ਇਸ ਦਾ ਪਹਿਲਾ ਅੰਕ ਹੀ ਬਾਜ਼ਾਰ ਵਿਚ ਆਇਆ ਤਾਂ ਦੋਖੀ ਬਾਦਲ ਲਾਣੇ ਨੂੰ ਪਹਿਲਾ ਦੌਰਾ ਪਿਆ ਤੇ ‘ਅਜੀਤ’ ਜਲੰਧਰ ਦਾ ਮਾਲਕ, ਐਡੀਟਰ ਬਰਜਿੰਦਰ ਹਮਦਰਦ ਤਾਂ ਹੋਸ਼ ਹੀ ਗਵਾ ਬੈਠਾ ਤੇ ਬਾਦਲ ਸਾਹਿਬ ਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਤਰਲੇ ਮਾਰਨ ਲੱਗਾ ਕਿ ਰੋਜ਼ਾਨਾ ਸਪੋਕਸਮੈਨ ਨੂੰ ਅੱਜ ਹੀ ਤੇ ਹੁਣੇ ਹੀ ਰੋਕੋ ਨਹੀਂ ਤਾਂ ਮੇਰਾ ਅਖ਼ਬਾਰ ਮਰ ਜਾਵੇਗਾ। ਸੋ ਬਾਦਲ ਸਰਕਾਰ ਨੇ ਕਲਮਦਾਨ ਸੰਭਾਲਦਿਆਂ ਹੀ ‘ਰੋਜ਼ਾਨਾ ਸਪੋਕਸਮੈਨ’ ਨੂੰ ਇਸ਼ਤਿਹਾਰ ਦੇਣ ਤੇ ਪਾਬੰਦੀ ਲਗਾ ਦਿਤੀ ਪਰ ‘ਜਥੇਦਾਰ’ ਜੋ ਪਹਿਲੀ ਗ਼ਲਤੀ ਤੋਂ ਹੀ ਪਛਤਾ ਰਹੇ ਸਨ, ਉਨ੍ਹਾਂ ਨੇ ਦੂਜੀ ਵਾਰ ਗ਼ਲਤੀ ਕਰਨ ਤੋਂ ਨਾਂਹ ਕਰ ਦਿਤੀ ਤਾਂ ਜ਼ੋਰ ਪਾ ਕੇ ਸ਼੍ਰੋਮਣੀ ਕਮੇਟੀ ਦੇ ਪਬਲਿਸਟੀ ਇੰਚਾਰਜ ਭੰਵਰ ਕੋਲੋੋਂ ਹੀ ‘ਹੁਕਮਨਾਮਾ’ ਜਾਰੀ ਕਰਵਾ ਲਿਆ ਕਿ ਕੋਈ ਇਸ ਨਵੇਂ ਅਖ਼ਬਾਰ ਨੂੰ ਨਾ ਪੜ੍ਹੇ ਤੇ ਕੋਈ........।’’ ਇਹ ਉਸੇ ਦਿਨ ਸ਼ਾਮ ਨੂੰ ਜਾਰੀ ਹੋਇਆ ਜਿਸ ਦਿਨ ਸਵੇਰੇ ‘ਰੋਜ਼ਾਨਾ ਸਪੋਕਸਮੈਨ’ ਦਾ ਪਹਿਲਾ ਪਰਚਾ ਬਾਜ਼ਾਰ ਵਿਚ ਆਇਆ ਸੀ ਅਰਥਾਤ ਇਹ ਸੂਰਜ ਚੜਿ੍ਹਆ ਸੀ।
ਦੂਜਾ ਦੌਰਾ (99)

ਦੂਜਾ ਦੌਰਾ ਇਸ ਲਾਣੇ ਨੂੰ ਉਦੋਂ ਪਿਆ ਜਦੋਂ ‘ਉੱਚਾ ਦਰ’ ਦੀ ਪਹਿਲੀ ਵੱਡੀ ਬਿਲਡਿੰਗ ਦਾ ਢਾਂਚਾ ਜੀਟੀ ਰੋਡ ਤੋਂ ਲੰਘਦੇ ਯਾਤਰੀਆਂ ਦਾ ਧਿਆਨ ਖਿੱਚਣ ਲੱਗ ਪਿਆ। ਇਹ ਗੱਲ 2014 ਦੀ ਹੈ। ਇਨ੍ਹਾਂ ਦੀ ਬੁਜ਼ਦਿਲੀ ਵੇਖੋ ਕਿ ਸਾਹਮਣੇ ਆ ਕੇ ਗੱਲ ਕਰਨ ਦੀ ਬਜਾਏ, ਰਜ਼ਾਈ ਵਿਚ ਮੂੰਹ ਛੁਪਾ ਕੇ ਬੇਨਾਮੀ ‘ਚਿੱਠੀਆਂ’ ਹਜ਼ਾਰਾਂ ਦੀ ਗਿਣਤੀ ਵਿਚ ਰਾਸ਼ਟਰਪਤੀ ਤੋਂ ਲੈ ਕੇ ਹਰ ਵੱਡੀ ਏਜੰਸੀ ਨੂੰ ਭੇਜ ਦਿਤੀਆਂ ਕਿ ਉੱਚਾ ਦਰ ਦਾ ਨਾਂ ਲੈ ਕੇ ਜੋਗਿੰਦਰ ਸਿੰਘ ਨੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰ ਲਏ ਹਨ ਤੇ ਹੁਣ ਦੇਸ਼ ’ਚੋਂ ਭੱਜਣ ਦੀ ਤਾਕ ਵਿਚ ਹੈ ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਜਾਏਗੀ, ਇਸ ਲਈ ਇਸ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਏ।

ਇਕ ‘ਗੁਮਨਾਮ ਚਿੱਠੀ’ ਸਾਡੇ ਹੱਥ ਵੀ ਲੱਗ ਗਈ ਤਾਂ ਅਸੀ ਸਾਰੇ ਹੱਸਣ ਲੱਗ ਪਏ। ਹੱਸੇ ਇਸ ਲਈ ਕਿ ਉਦੋਂ ਤਕ ਪਾਠਕਾਂ ਨੇ ਕੁਲ 15-16 ਕਰੋੜ ਰੁਪਿਆ ਹੀ ‘ਉੱਚਾ ਦਰ’ ਲਈ ਭੇਜਿਆ ਸੀ ਜੋ ਜ਼ਮੀਨ ਖ਼ਰੀਦਣ, ਸੀ.ਐਲ.ਯੂ. ਲੈਣ, ਨਕਸ਼ੇ ਪਾਸ ਕਰਵਾਉਣ, ਬਾਉਂਡਰੀ (ਵਲਗਣ) ਉਸਾਰਨ ਤੇ ਪਹਿਲੀ ਬਿਲਡਿੰਗ ਤਿਆਰ ਕਰਨ ਤਕ ਸਾਰੀ ਖ਼ਰਚ ਹੋ ਚੁਕੀ ਸੀ ਤੇ ਅਸੀ ਫ਼ਿਕਰਮੰਦ ਹੋ ਕੇ ਹਰ ਵੇਲੇ ਸੋਚਦੇ ਰਹਿੰਦੇ ਸੀ ਕਿ ਹੁਣ ਅਗਲੀ ਉਸਾਰੀ ਲਈ ਪੈਸਾ ਕਿਥੋਂ ਆਵੇਗਾ ਕਿਉਂਕਿ ਸ਼ੁਰੂ ਵਿਚ ਜੋਸ਼ ਵਿਖਾ ਕੇ ਪਾਠਕ ਠੰਢੇ ਪੈ ਚੁੱਕੇ ਸਨ। 

ਸੋ ‘ਬੇਨਾਮੀ ਚਿੱਠੀ’ ਵਿਚ ਲਿਖੇ ‘ਹਜ਼ਾਰਾਂ ਕਰੋੜ’ ਪੜ੍ਹ ਕੇ ਅਸੀ ਆਪਸ ਵਿਚ ਮਜ਼ਾਕ ਕਰਨ ਲੱਗ ਪਏ ਕਿ ‘‘ਕੀ ਪਤਾ ਇਨ੍ਹਾਂ ਬੇਨਾਮੀ ਚਿੱਠੀਆਂ ਵਾਲਿਆਂ ਨੇ ਆਪ ਹੀ ਨਾ ਸਾਡੇ ਖਾਤੇ ਵਿਚ ਹਜ਼ਾਰਾਂ ਕਰੋੜ ਜਮ੍ਹਾਂ ਕਰਵਾ ਦਿਤੇ ਹੋਣ ਤਾਕਿ ਸਾਨੂੰ ਫਸਾਇਆ ਜਾ ਸਕੇ। ਬੈਂਕ ਵਿਚ ਬੰਦਾ ਭੇਜ ਕੇ ਪਤਾ ਤਾਂ ਕਰਵਾ ਲਉ। ਸ਼ਾਇਦ ਸਚਮੁਚ ਹੀ ਉਥੇ ਹਜ਼ਾਰਾਂ ਕਰੋੜ ਪਏ ਹੋਣ।’’

ਬੈਂਕ ਤੋਂ ਫ਼ੋਨ ਰਾਹੀਂ ਪੁਛਿਆ ਕਿ ਕਿੰਨੇ ਪੈਸੇ ਜਮ੍ਹਾਂ ਹਨ? ਉਥੇ ਤਾਂ ਭੰਗ ਭੁਜਦੀ ਪਈ ਸੀ। ਬਿਲਕੁਲ ਖ਼ਾਲੀ ਪਿਆ ਸੀ। ਅਸੀ ਫਿਰ ਸਾਰੇ ਹੱਸਣ ਲੱਗ ਪਏ। ਖ਼ੈਰ ਥੋੜੇ ਦਿਨਾਂ ਬਾਅਦ ਪੜਤਾਲੀਆ ਏਜੰਸੀਆਂ ਵਾਲੇ ਵੀ ਆ ਗਏ ਤੇ ਕਹਿਣ ਲੱਗੇ ਕਿ ਤੁਹਾਡੇ ਉਤੇ ਲੱਗੇ ਦੋਸ਼ ਬੜੇ ਗੰਭੀਰ ਹਨ ਕਿ ਤੁਸੀ ਹਜ਼ਾਰਾਂ ਕਰੋੜ ਇਕੱਠੇ ਕਰ ਲਏ ਨੇ। ਅਸੀ ਤੁਹਾਡਾ ਸਾਰਾ ਰੀਕਾਰਡ ਚੈੱਕ ਕਰਨਾ ਹੈ।’’

ਅਸੀ ਉਨ੍ਹਾਂ ਨਾਲ ਵੀ ਹਾਸਾ ਮਜ਼ਾਕ ਸ਼ੁਰੂ ਕਰ ਦਿਤਾ ਤੇ ਕਿਹਾ, ‘‘ਭਾਈ ਸਾਹਬ, ਜੰਮ ਜੰਮ ਸਾਰੇ ਕਾਗ਼ਜ਼ ਫਰੋਲੋ ਤੇ ਜੇ ਤੁਹਾਨੂੰ ਦੋ ਚਾਰ ਲੱਖ ਵੀ ਲੱਭ ਜਾਣ ਤਾਂ ਸਾਨੂੰ ਜ਼ਰੂਰ ਦਸਿਉ, ਸਾਡੇ ਰੁਕੇ ਹੋਏ ਕੰਮ ਦੋ ਤਿੰਨ ਤਾਂ ਚਲਦੇ ਰਹਿ ਹੀ ਸਕਣਗੇ।’’

ਖ਼ੈਰ, ਤਫ਼ਤੀਸ਼ਾਂ ਤੇ ਤਲਾਸ਼ੀਆਂ ਸ਼ੁਰੂ ਹੋ ਗਈਆਂ। ਕਹਿੰਦੇ, ਕੇਂਦਰ ਸਰਕਾਰ ਨੇ ਮਾਮਲੇ ਨੂੰ ਗੰਭੀਰ ਸਮਝ ਕੇ ਰੀਪੋਰਟਾਂ ਮੰਗਵਾਈਆਂ ਹਨ, ਇਸ ਲਈ ਤੁਸੀ ਵੀ ਗੰਭੀਰ ਹੋ ਜਾਉ ਤੇ ਜੋ ਮੰਗੀਏ, ਤੁਰਤ ਦਈ ਜਾਉ, ਟਾਲਣ ਦੀ ਕੋਸ਼ਿਸ਼ ਨਾ ਕਰਨਾ ਵਰਨਾ ਸਾਡੇ ਕੋਲ ਗ੍ਰਿਫ਼ਤਾਰ ਕਰਨ ਤੇ ਜਾਇਦਾਦ ਜ਼ਬਤ ਕਰਨ ਦੇ ਅਧਿਕਾਰ ਵੀ ਹਨ.....।’’

ਫਿਰ ਬੜੀ ਗੰਭੀਰ ਤਫ਼ਤੀਸ਼, ਆਰਥਕ ਮਾਮਲਿਆਂ ਬਾਰੇ ਹਿੰਦੁਸਤਾਨ ਦੀ ਸੱਭ ਤੋਂ ਵੱਡੀ ਏਜੰਸੀ ‘ਸੇਬੀ’ ਨੇ ਅਪਣੇ ਹੱਥ ਵਿਚ ਲੈ ਲਈ। ਸੀਬੀਆਈ ਨੇ ਵੀ ‘ਸੇਬੀ’ ਨੂੰ ਲਿਖਿਆ ਕਿ ‘ਸਖ਼ਤ ਐਕਸ਼ਨ’ ਲੈ ਕੇ ਉਸ ਨੂੰ ਦਸਿਆ ਜਾਏ। ਸਾਨੂੰ ਦਿੱਲੀ ਵੀ ਬੁਲਾਇਆ ਗਿਆ। ਉਥੇ ਵੀ ਵਕੀਲ ਕਰਨੇ ਪਏ। ਅਖ਼ੀਰ ਦੋ ਸਾਲ ਦੀ ਪੜਤਾਲ ਮਗਰੋਂ ਬੋਲੇ, ‘‘ਸਾਨੂੰ ਤਾਂ ਇਕ ਪੈਸੇ ਦੀ ਵੀ ਹੇਰਾ ਫੇਰੀ ਜਾਂ ਗ਼ਲਤੀ ਨਹੀਂ ਲੱਭੀ। ਤੁਸੀ ਬੜਾ ਸਾਫ਼ ਸੁਥਰਾ ਹਿਸਾਬ ਕਿਤਾਬ ਰਖਿਆ ਹੋਇਆ ਹੈ। ਪਰ ਸਮਝ ਨਹੀਂ ਆਈ ਏਨੇ ਚੰਗੇ ਅਦਾਰੇ ਬਾਰੇ ਝੂਠੀਆਂ ਸ਼ਿਕਾਇਤਾਂ ਕੌਣ ਕਰ ਰਿਹਾ ਹੈ? ਇਹ ਕੌਣ ਲੋਕ ਨੇ ਜਿਹੜੇ ਤੁਹਾਡੇ ਵਿਰੁਧ ਝੂਠ ਫੈਲਾ ਰਹੇ ਨੇ? ਨਿਰੇ ਪਾਗ਼ਲ ਲਗਦੇ ਨੇ।’’

ਮੈਂ ਕਿਹਾ, ‘‘ਇਹ ਤਾਂ ਤੁਸੀ ਲੱਭ ਕੇ ਦਸਣਾ ਹੈ ਕਿ ਇਹ ਮੂੰਹ ਛੁਪਾ ਕੇ ਏਨੀਆਂ ਝੂਠੀਆਂ ਊਜਾਂ ਲਾਉਣ ਵਾਲੇ ਕੌਣ ਨੇ। ਪਰ ਮੈਂ ਤੁਹਾਡੇ ਨਾਲ ਇਸ ਗੱਲੇ ਸਹਿਮਤ ਨਹੀਂ ਕਿ ਇਹ ਪਾਗ਼ਲ ਹਨ। ਇਹ ਤਾਂ ਬਹੁਤ ਸ਼ਾਤਰ ਤੇ ਅਪ੍ਰਾਧੀ ਬਿਰਤੀ ਵਾਲੇ ਲੋਕ ਨੇ ਜਿਨ੍ਹਾਂ ਨੂੰ 100 ਫ਼ੀ ਸਦੀ ਝੂਠ ਬੋਲ ਕੇ ਲੋਕਾਂ ਅੰਦਰ ਇਕ ਨੇਕ ਕੰਮ ਪ੍ਰਤੀ ਵੀ ਸ਼ੰਕਾ ਉਤਪਨ ਕਰਨ ਦੀ ਪੂਰੀ ਮੁਹਾਰਤ ਹਾਸਲ ਹੈ। ਇਹੀ ਟੀਚਾ ਹੁੰਦਾ ਹੈ ਖ਼ਰੂਦੀਆਂ ਦਾ ਤੇ ਸਾੜਾ ਕਰਨ ਵਾਲਿਆਂ ਦਾ ਕਿ ਚੰਗਾ ਕੰਮ ਕਰਨ ਵਾਲਿਆਂ ਦੀ ਖ਼ੁਸ਼ੀ ਕਿਵੇਂ ਕਿਰਕਿਰੀ ਕੀਤੀ ਜਾਏ ਤੇ ਉਨ੍ਹਾਂ ਵਿਰੁਧ ਵੱਧ ਤੋਂ ਵੱਧ ਲੋਕਾਂ ਦੇ ਮਨਾਂ ਅੰਦਰ ਸ਼ੰਕੇ ਕਿਵੇਂ ਉਤਪਨ ਕੀਤੇ ਜਾਣ। ਉਹ ਕਿਸੇ ਨੇਕ ਆਤਮਾ ਨੂੰ ਦੁਖ ਤੇ ਕਸ਼ਟ ਪਹੁੰਚਾ ਕੇ ਬਹੁਤ ਖ਼ੁਸ਼ ਹੁੰਦੇ ਨੇ।
ਤੀਜਾ ਦੌਰਾ (999)
ਤੀਜਾ ਦੌਰਾ ਹੁਣ ਇਨ੍ਹਾਂ ਨੂੰ ਇਹ ਵੇਖ ਕੇ ਪਿਆ ਹੈ ਕਿ ਉਨ੍ਹਾਂ ਵਲੋਂ ਹਜ਼ਾਰ ਰੁਕਾਵਟਾਂ ਖੜੀਆਂ ਕਰਨ ਦੇ ਬਾਵਜੂਦ ‘ਭਾਈ ਲਾਲੋ’ (ਗ਼ਰੀਬੜੇ ਸਿੱਖ), ਰੋਜ਼ਾਨਾ ਸਪੋਕਸਮੈਨ ਦੀ ਮਦਦ ਨਾਲ ‘ਉੱਚਾ ਦਰ’ ਸ਼ੁਰੂ ਕਰਨ ਦੀ ਹਾਲਤ ਵਿਚ ਆ ਗਏ ਹਨ। ਤੀਜੇ ਦੌਰੇ ਦੇ ਅਸਰ ਹੇਠ, ਉਨ੍ਹਾਂ ਫਿਰ ਤੋਂ ਚੀਕਣਾ ਸ਼ੁਰੂ ਕਰ ਦਿਤਾ ਹੈ ਕਿ ਬਾਬੇ ਨਾਨਕ ਦੇ ਨਾਂ ਤੇ ਲੋਕਾਂ ਤੋਂ ਲਿਆ ‘ਹਜ਼ਾਰਾਂ ਕਰੋੜ’ ਸਪੋਕਸਮੈਨ ਜਾਂ ਜੋਗਿੰਦਰ ਸਿੰਘ ਖਾ ਗਿਆ ਹੈ ਤੇ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਠੱਗ ਰਹੇ ਹਨ.... ਵਗ਼ੈਰਾ ਵਗ਼ੈਰਾ।

ਦੋ ਸਾਲ ਦਾ ਲੰਮਾ ਅਰਸਾ ਲਗਾ ਕੇ ਭਾਰਤ ਦੀ ਸੱਭ ਤੋਂ ਵੱਡੀ ‘‘ਫ਼ਰਾਡ ਰੋਕੂ’’ ਏਜੰਸੀ ‘ਸੇਬੀ’ ਨੇ ਜਿਨ੍ਹਾਂ ਇਲਜ਼ਾਮਾਂ ਨੂੰ ਗ਼ਲਤ ਠਹਿਰਾਇਆ ਹੋਵੇ ਤੇ ਅਕਾਲੀ ਸਰਕਾਰ ਵੇਲੇ ਹੀ ਪੰਜਾਬ ਦੇ ਚੀਫ਼ ਸੈਕਟਰੀ ਸਰਵੇਸ਼ ਕੌਸ਼ਲ ਆਈ.ਏ.ਐਸ. ਨੂੰ ਚਿੱਠੀ ਲਿਖ ਕੇ ਅਪਣੇ ਫ਼ੈਸਲੇ ਤੋਂ ਜਾਣੂ ਕੀਤਾ ਹੋਵੇ ਤੇ ਇਹ ਵੀ ਲਿਖਿਆ ਹੋਵੇ ਕਿ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ ਤੇ ਕੋਈ ਗ਼ਲਤੀ ਨਹੀਂ ਲੱਭੀ ਗਈ ਤਾਂ ਉਸ ਤੋਂ ਬਾਅਦ ਕੋਈ ਮਹਾਂ-ਮੂਰਖ, ਨੀਮ-ਪਾਗ਼ਲ ਤੇ ਖ਼ਾਲਸ ਅਗਿਆਨੀ ਹੀ, ਉਹੀ ਪੁਰਾਣੇ ਇਲਜ਼ਾਮ ਪਬਲਿਕ ਵਿਚ ਦੁਬਾਰਾ ਦੁਹਰਾ ਸਕਦਾ ਹੈ। ਇਹ ਉਸ ਏਜੰਸੀ ਦੀ ਵੀ ਤੌਹੀਨ ਬਣਦੀ ਹੈ ਤੇ ‘ਅਦਾਲਤੀ ਮਾਣਹਾਨੀ’ ਵੀ ਬਣਦੀ ਹੈ ਜਿਸ ਦੀ ਸਜ਼ਾ ਜੇਲ੍ਹ ਵੀ ਬਣਦੀ ਹੈ ਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਪਰ ਇਹੀ ਗ਼ਲਤੀ ਬਾਦਲਾਂ ਨੂੰ ਖ਼ੁਸ਼ ਕਰਨ ਲਈ ਪੀਟੀਸੀ ਤੇ ‘ਅਜੀਤ’ ਅਖ਼ਬਾਰ, ਦੋਵੇਂ ਕਰ ਰਹੇ ਹਨ। ਦੋਹਾਂ ਨੂੰ ਸਚਾਈ ਤੇ ਅਸਲੀਅਤ ਦਾ ਰੱਤੀ ਜਿੰਨਾ ਵੀ ਗਿਆਨ ਨਹੀਂ ਪਰ ਮਾਇਆ ਲੈ ਕੇ ਜੋ ਵੀ ਉਨ੍ਹਾਂ ਨੂੰ ਉਪਰੋਂ ਹੁਕਮ ਹੁੰਦਾ ਹੈ, ਉਸ ਨੂੰ ਮੰਨ ਕੇ ਅੰਨ੍ਹਾ ਝੂਠ ਬੋਲਣ ਦਾ ਕਾਨੂੰਨੀ ਅਪ੍ਰਾਧ ਕਰ ਰਹੇ ਹਨ।

2014 ਤੋਂ ਬਾਅਦ 9 ਸਾਲ ਬਾਅਦ ਜੇ ਦੁਬਾਰਾ ਉਹੀ ਇਲਜ਼ਾਮ ਦੁਹਰਾਉਣੇ ਸਨ ਤਾਂ ਪਹਿਲਾਂ 9 ਸਾਲ ਦਾ ਲੇਖਾ ਜੋਖਾ ਤਾਂ ਇਕੱਤਰ ਕਰ ਲੈਣਾ ਸੀ ਕਿ ਇਸ ਸਮੇਂ ਕੀ ਕੀ ਤਬਦੀਲੀਆਂ ਆਈਆਂ ਹਨ। ‘ਉੱਚਾ ਦਰ ਬਾਬੇ ਨਾਨਕ ਦਾ’ ਟਰੱਸਟ ਹਰ ਸਾਲ ਅਪਣਾ ਹਿਸਾਬ ਕਿਤਾਬ ਆਡਿਟ ਕਰਵਾਉਂਦਾ ਹੈ ਤੇ ਇਨਕਮ ਟੈਕਸ ਵਿਭਾਗ ਨੂੰ ਭੇਜਦਾ ਹੈ ਜੋ ਇਸ ਦੀ ਪੂਰੀ ਪੁਣ ਛਾਣ ਕਰਦਾ ਹੈ। 9 ਸਾਲ ਦਾ ਸਾਰਾ ਲੇਖਾ ਜੋਖਾ ਇਕੱਤਰ ਕਰ ਕੇ, ਜੇ ਇਨ੍ਹਾਂ ਨੂੰ ਉਸ ਵਿਚ ਕੋਈ ਕਮੀ ਜਾਂ ਗ਼ਲਤੀ ਜਾਂ ਠੱਗੀ ਨਜ਼ਰ ਆਉਂਦੀ ਏ ਤਾਂ ਇਹ ਲਾਣਾ ਕੇਵਲ ਉਸ ਏਜੰਸੀ ਕੋਲ ਹੀ ਜਾ ਸਕਦਾ ਸੀ ਤੇ ਨਵੇਂ ਤੱਥ (ਗੱਪ ਗਪੌੜ ਨਹੀਂ) ਉਸ ਅੱਗੇ ਰੱਖ ਕੇ ਕਹਿ ਸਕਦਾ ਸੀ ਕਿ ਨਵੇਂ ਲੱਭੇ ਤੱਥਾਂ ਨੂੰ ਲੈ ਕੇ ਫਿਰ ਤੋਂ ਪੜਤਾਲ ਕੀਤੀ ਜਾਵੇ ਪਰ ਟੀਵੀ ਤੇ ਅਖ਼ਬਾਰਾਂ ਵਿਚ ਜਾ ਕੇ ਪਾਰਟੀ ਨੂੰ ਖ਼ਾਹਮਖ਼ਾਹ ਬਦਨਾਮ ਤਾਂ ਨਹੀਂ ਕਰ ਸਕਦੇ। ਇਹ ‘ਅਦਾਲਤੀ ਤੌਹੀਨ’ ਅਤੇ ਦੇਸ਼ ਦੀ ਸੱਭ ਤੋਂ ਵੱਡੀ ‘ਫ਼ਰਾਡ ਰੋਕੂ’ ਸਰਕਾਰੀ ਏਜੰਸੀ ਵਲੋਂ ਸਾਫ਼ ਬਰੀ ਕੀਤੀ ਜਾ ਚੁੱਕੀ ਪਾਰਟੀ ਅਤੇ ਉਸ ਦੇ ਮੈਂਬਰਾਂ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਵੀ ਹੈ। ਇਸ ਬਾਰੇ ਟਰੱਸਟ ਵਕੀਲਾਂ ਨਾਲ ਸਲਾਹ ਕਰ ਰਿਹਾ ਹੈ।

ਸਰਕਾਰਾਂ ਦੀ ਗੋਦੀ ਵਿਚ ਬਹਿ ਕੇ ਲਿਖਣ ਵਾਲੇ ਤੇ ਸਰਕਾਰੀ ਪੈਸੇ ਨਾਲ ਖੇਡਣ ਵਾਲੇ ਲੋਕਾਂ ਲਈ ਸਰਕਾਰੀ ਪੈਸਾ ਖਾ ਜਾਣਾ ਸ਼ਾਇਦ ਆਮ ਜਹੀ ਗੱਲ ਹੈ। ‘ਅਜੀਤ’ ਦਾ ਐਡੀਟਰ ਆਪ ਇਸ ਇਲਜ਼ਾਮ ਨਾਲ ਲਿਬੜਿਆ ਹੋਇਆ, ਵਿਜੀਲੈਂਸ ਅੱਗੇ ਸਫ਼ਾਈਆਂ ਦੇ ਰਿਹਾ ਹੈ। ਪਰ ਉਹਨੂੰ ਸ਼ਾਇਦ ਇਹ ਨਹੀਂ ਪਤਾ ਕਿ ‘ਉੱਚਾ ਦਰ’ ਤਾਂ ਸ਼ੁਰੂ ਹੀ ਉਨ੍ਹਾਂ ਨੇ ਕੀਤਾ ਸੀ ਜੋ ਗੁਰੂ ਦੇ ਨਾਂ ਤੇ ਪੈਸਾ ਇਕੱਤਰ ਕਰ ਕੇ ਅਪਣੇ ਲਈ ਵਰਤ ਜਾਣ ਵਾਲਿਆਂ ਵਿਰੁਧ ਅੰਦੋਲਨ ਕਰਨ ਵਾਲੇ ਭਾਈ ਲਾਲੋ ਹਨ। ਮੈਂ ਅਪਣੀ ਗੱਲ ਕਰਾਂ ਤਾਂ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਇਕ ਵੀ ਪੈਸਾ ਜੇ ਕੋਈ ਸਾਬਤ ਕਰ ਵਿਖਾਏ ਕਿ ਮੈਂ ਖਾ ਲਿਆ ਹੈ ਤਾਂ ਮੈਂ ਮਰਨਾ ਕਬੂਲ ਕਰਾਂਗਾ ਪਰ ਕਿਸੇ ਨੂੰ ਮੂੰਹ ਨਹੀਂ ਵਿਖਾਵਾਂਗਾ। ਇਹੀ ਹਾਲ ‘ਉੱਚਾ ਦਰ’ ਵਿਚ ਕੰਮ ਕਰਨ ਵਾਲੇ ਟਰੱਸਟੀਆਂ ਦਾ ਹੈ।

ਸਾਰੇ ਕੁਰਬਾਨੀ ਵਾਲੇ ਹਨ। ਇਕ ਪੈਸਾ ਨਹੀਂ ਲੈਂਦੇ। ਨਿਰ-ਸਵਾਰਥ ਹੋ ਕੇ ਕੰਮ ਕਰਦੇ ਹਨ ਤੇ ਬਾਬੇ ਨਾਨਕ ਦੀ ਸਹੁੰ ਖਾਣ ਦਾ ਮਤਲਬ ਸਮਝਦੇ ਹਨ। ‘ਉੱਚਾ ਦਰ’ ਰਾਹੀਂ ਤਾਂ ਅਸੀ ਸਮੁੱਚੇ ਸੰਸਾਰ ਅੱਗੇ ਇਕ ਮਿਸਾਲ ਪੈਦਾ ਕਰਨਾ ਚਾਹੁੰਦੇ ਹਾਂ ਕਿ ਪ੍ਰਬੰਧਕ ਆਪ ਇਕ ਪੈਸਾ ਵੀ ਲਏ ਬਿਨਾਂ, ਕਿਵੇਂ ਇਕ ਵੱਡੀ ਸੰਸਥਾ ਚਲਾ ਕੇ ਵਿਖਾ ਸਕਦੇ ਹਨ ਜਿਸ ਦਾ 100 ਫ਼ੀ ਸਦੀ ਲਾਭ ਕੇਵਲ ਗ਼ਰੀਬਾਂ ਨੂੰ ਦੇ ਦੇਂਦੇ ਹਨ। ਸ਼ਾਇਦ ਇਸੇ ਗੱਲ ਤੋਂ ਚਿੜ ਕੇ ਹੀ ਝੂਠ ਦੀ ਝੱਗ ਉਨ੍ਹਾਂ ਦੇ ਮੂੰਹਾਂ ਚੋਂ ਲਗਾਤਾਰ ਬਾਹਰ ਆ ਰਹੀ ਹੈ। ਨਾਲੇ ਅਜੇ ਤਾਂ ਪੈਸਾ ਖਾਣ ਦਾ ਸਕੋਪ ਹੀ ਕੋਈ ਨਹੀਂ।

ਅਜੇ ਤਾਂ ਪੈਸੇ ਦੀ ਲਗਾਤਾਰ ਕੁਰਬਾਨੀ ਕਰਨ ਦਾ ਸਮਾਂ ਹੈ। ਲੈਣ ਨੂੰ ਤਾਂ ਉਥੇ ਅਜੇ ਇਮਾਰਤ ਤੋਂ ਬਿਨਾਂ ਹੈ ਈ ਕੁੱਝ ਨਹੀਂ। ਇਮਾਰਤ ਵੀ ਪੂਰੀ ਕਰਨ ਲਈ ਹਰ ਮਹੀਨੇ ਰੋਜ਼ਾਨਾ ਸਪੋਕਸਮੈਨ ਨੂੰ ਤੇ ਹੋਰਨਾਂ ਨੂੰ ਕੁੱਝ ਨਾ ਕੁੱਝ ਦੇਣਾ ਪੈਂਦਾ ਹੈ। ਪਰ ਮੈਂ ਹਵਾਈ ਦਾਅਵੇ ਨਹੀਂ ਕਰਾਂਗਾ। ਇਕ ਇਕ ਅੰਕੜਾ ਤੇ ਸਬੂਤ ਦੇ ਕੇ ਅਪਣਾ ਪੱਖ ਰੱਖਾਂਗਾ। ਅਪਣਾ ਹਰ ਵਾਰ ਨਾਕਾਮ ਹੁੰਦਾ ਵੇਖ ਕੇ ਸੜ ਭੁਜ ਰਹੇ ਲਾਣੇ ਦੇ ਮੂਰਖਾਨਾ ਦੋਸ਼ਾਂ ਦਾ ਉੱਤਰ ਅਗਲੀ ਵਾਰ ਦੇਵਾਂਗਾ ਤੇ ਅਖ਼ੀਰ ਤੇ ਇਸ ਲਾਣੇ ਨੂੰ ਪੰਜ ਕਰੋੜ ਦਾ ਇਨਾਮ ਵੀ ਪੇਸ਼ ਕਰਾਂਗਾ ਜੇ ਇਹ ਅਪਣਾ ਇਕ ਵੀ ਦੋਸ਼ ਸਾਬਤ ਕਰ ਵਿਖਾਣਾ ਚਾਹੁਣ। ਬਾਕੀ ਅਗਲੇ ਹਫ਼ਤੇ।       (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement