
? ਜੇ ਬਾਦਲਾਂ ਦੀਆਂ ਕਮੀਆਂ ਜਾਂ ਗ਼ਦਾਰੀਆਂ ਨੂੰ ਲੈ ਕੇ ਇਸ ਨੂੰ ਭੰਡਦੇ ਹੀ ਰਹਾਂਗੇ ਤਾਂ ਅਕਾਲੀ ਦਲ ਕਾਇਮ ਕਿਸ ਤਰ੍ਹਾਂ ਰਹੇਗਾ?''
ਮੇਰੇ ਕੋਲ ਇਕ ਪੰਥਕ ਵਿਚਾਰਾਂ ਵਾਲੇ ਸਿੰਘ ਜੀ ਪਿਛਲੇ ਦਿਨੀਂ ਆਏ | ਬੜੀ ਚਿੰਤਿਤ ਮੁਦਰਾ ਵਿਚ ਸਨ | ਰੀਟਾਇਰ ਹੋ ਚੁੱਕੇ ਵੱਡੇ ਅਫ਼ਸਰ ਸਨ | ਮੈਨੂੰ ਪਹਿਲੀ ਵਾਰ ਮਿਲ ਰਹੇ ਸਨ | ਕਹਿਣ ਲੱਗੇ, ''ਮੈਂ ਸਪੋਕਸਮੈਨ ਨੂੰ ਪਿਛਲੇ 10-12 ਸਾਲ ਤੋਂ ਪੜ੍ਹਦਾ ਆ ਰਿਹਾ ਹਾਂ | ਇਸ ਦੇ ਬਹੁਤੇ ਵਿਚਾਰਾਂ ਨਾਲ ਸਹਿਮਤ ਵੀ ਹਾਂ ਪਰ ਇਸ ਵੇਲੇ ਕੌਮ ਜਿਵੇਂ ਪਹਿਲਾਂ ਆਗੂ-ਰਹਿਤ ਹੋਈ ਤੇ ਹੁਣ ਪਾਰਟੀ-ਰਹਿਤ ਹੋ ਗਈ ਹੈ, ਤੁਸੀ ਪੰਥ-ਪ੍ਰਸਤ ਹੋਣ ਨਾਤੇ ਕੀ ਕਰਨ ਜਾ ਰਹੇ ਹੋ? ਕੀ ਅਕਾਲੀ ਦਲ ਬਿਨਾਂ ਕੌਮ ਦਾ ਕੁੱਝ ਬਣ ਸਕੇਗਾ? ਕੀ ਅਕਾਲੀ ਦਲ ਵਰਗੀ ਪਾਰਟੀ ਦੀ ਲੋੜ ਸਦੀਵੀ ਤੌਰ 'ਤੇ ਸਿੱਖਾਂ ਲਈ ਨਹੀਂ ਬਣੀ ਰਹਿਣੀ ਚਾਹੀਦੀ? ਜੇ ਬਾਦਲਾਂ ਦੀਆਂ ਕਮੀਆਂ ਜਾਂ ਗ਼ਦਾਰੀਆਂ ਨੂੰ ਲੈ ਕੇ ਇਸ ਨੂੰ ਭੰਡਦੇ ਹੀ ਰਹਾਂਗੇ ਤਾਂ ਅਕਾਲੀ ਦਲ ਕਾਇਮ ਕਿਸ ਤਰ੍ਹਾਂ ਰਹੇਗਾ?''
ਮੈਂ ਕਿਹਾ, ''ਅਕਾਲੀ ਦਲ ਤਾਂ ਕਾਇਮ ਰਹਿਣਾ ਚਾਹੀਦੈ ਪਰ ਕੌਮ ਨੂੰ ਲਾਭ ਤਾਂ ਹੀ ਹੋਵੇਗਾ ਜੇ ਇਹ ਉਸ ਰੂਪ ਵਿਚ ਹੀ ਰਹੇ ਜਿਸ ਰੂਪ ਵਿਚ 1920 ਵਿਚ ਬਣਾਇਆ ਗਿਆ ਸੀ ਤੇ 40-45 ਸਾਲ ਬਣਿਆ ਰਿਹਾ ਸੀ | ਉਸ ਸਮੇਂ ਇਸ ਦੇ ਵੱਡੇ ਤੋਂ ਵੱਡੇ ਲੀਡਰ ਵੀ ਫ਼ਕੀਰਾਂ ਵਰਗੇ ਹੀ ਹੁੰਦੇ ਸੀ ਜਿਨ੍ਹਾਂ ਦਾ ਨਾਹਰਾ ਹੁੰਦਾ ਸੀ, ''ਮੈਂ ਮਰਾਂ, ਪੰਥ ਜੀਵੇ |'' ਉਨ੍ਹਾਂ ਦੀ ਅਪਣੀ ਜ਼ਮੀਨ ਜਾਇਦਾਦ ਉਹੀ ਰਹਿੰਦੀ ਸੀ ਜੋ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਕੋਲ ਹੁੰਦੀ ਸੀ ਪਰ ਪੰਥਕ ਸੇਵਾ ਦੇ ਸਮੇਂ ਦੌਰਾਨ ਉਹ ਅਪਣਾ ਕੁੱਝ ਨਹੀਂ ਸੀ ਬਣਾਂਦੇ, ਪੰਥ ਦਾ ਹੀ ਬਣਾਂਦੇ ਸਨ | ਬਾਦਲਾਂ ਨੇ ਇਸ 'ਪੰਥਕ ਪਾਰਟੀ' ਦਾ ਸੰਵਿਧਾਨ ਬਦਲ ਕੇ ਮੋੋਗਾ ਕਾਨਫ਼ਰੰਸ ਵਿਚ ਇਸ ਨੂੰ 'ਪੰਜਾਬੀ ਪਾਰਟੀ' ਬਣਾ ਦਿਤਾ ਜੋ ਅਕਾਲ ਤਖ਼ਤ ਵਿਰੁਧ ਵੀ ਬਗ਼ਾਵਤ ਤੋਂ ਘੱਟ ਨਹੀਂ ਸੀ ਜਿਥੇ ਬੈਠ ਕੇ ਇਕ ਪੰਥਕ ਪਾਰਟੀ ਵਜੋਂ ਇਸ ਨੂੰ ਬਣਾਇਆ ਗਿਆ ਸੀ | ਇਸ ਨੂੰ ਕਾਇਮ ਕਰਨ ਵਾਲੇ ਕੋਈ ਸਿਆਸੀ ਬੰਦੇ ਨਹੀਂ ਸਨ ਸਗੋਂ ਇਹ ਸਮੁੱਚੇ ਪੰਥ ਵਲੋਂ ਚੰਗੀ ਤਰ੍ਹਾਂ ਵਿਚਾਰ ਮੰਥਨ ਕਰ ਕੇ, ਪੰਥ ਦੀ ਪ੍ਰਤੀਨਿਧ ਪਾਰਟੀ ਕਾਇਮ ਕੀਤੀ ਗਈ ਸੀ | ਅਕਾਲ ਤਖ਼ਤ ਤੋਂ ਪਾਰਟੀ ਦੇ ਸੰਵਿਧਾਨ ਨਾਲ ਕੀਤੀ ਛੇੜਛਾੜ ਵਿਰੁਧ ਜ਼ੋਰਦਾਰ ਐਕਸ਼ਨ ਲਿਆ ਜਾਣਾ ਚਾਹੀਦਾ ਸੀ ਪਰ ਉਥੇ ਤਾਂ ਇਨ੍ਹਾਂ ਨੇ ਅਪਣੇ ਹੀ ਬੰਦੇ ਬਿਠਾਏ ਹੋਏ ਹਨ | ਉਨ੍ਹਾਂ ਨੇ ਚੂੰ ਤਕ ਵੀ ਨਾ ਕੀਤੀ |
''ਕਹਿਣ ਲੱਗੇ, ''ਪਰ ਹਿੰਦੁਸਤਾਨ ਦਾ ਕਾਨੂੰਨ ਤਾਂ ਹੁਣ ਧਰਮ ਆਧਾਰਤ ਪਾਰਟੀ ਬਣਾਉਣ ਦੀ ਆਗਿਆ ਹੀ ਨਹੀਂ ਦੇਂਦਾ |'' ਮੈਂ ਕਿਹਾ, ''ਨਹੀਂ ਕਾਨੂੰਨ ਤਾਂ ਕੋਈ ਰੁਕਾਵਟ ਨਹੀਂ ਖੜੀ ਕਰਦਾ | ਬੜੀਆਂ ਧਰਮ-ਆਧਾਰਤ ਜਥੇਬੰਦੀਆਂ ਸਿੱਖਾਂ ਨੇ ਵੀ ਬਣਾਈਆਂ ਹੋਈਆਂ ਨੇ ਤੇ ਦੂਜੀਆਂ ਕੌਮਾਂ ਨੇ ਵੀ ਬਣਾਈਆਂ ਹੋਈਆਂ ਨੇ | ਕਿਸੇ ਕਾਨੂੰਨ ਨੇ ਉਨ੍ਹਾਂ ਨੂੰ ਨਹੀਂ ਟੋਕਿਆ | ਕਾਨੂੰਨ ਸਿਰਫ਼ ਇਹ ਕਹਿੰਦਾ ਹੈ ਕਿ ਧਰਮ-ਆਧਾਰਤ ਪਾਰਟੀਆਂ ਸਿਆਸੀ ਚੋਣਾਂ ਨਹੀਂ ਲੜ ਸਕਦੀਆਂ | ਇਹ ਗੱਲ ਵੀ ਅਜੇ ਕਾਗ਼ਜ਼ਾਂ ਵਿਚ ਹੀ ਲਿਖੀ ਮਿਲਦੀ ਹੈ | ਉਂਜ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਸਮੇਤ, ਸਿੱਖਾਂ ਦੀਆਂ ਵੀ ਨਿਰੋਲ ਧਰਮ ਆਧਾਰਤ ਪਾਰਟੀਆਂ ਸ਼ਰੇਆਮ ਸਿਆਸੀ ਚੋਣਾਂ ਲੜ ਰਹੀਆਂ ਹਨ | ਹਿੰਦੂ ਜਥੇਬੰਦੀ ਆਰ.ਐਸ.ਐਸ. ਆਪ ਚੋਣਾਂ ਨਹੀਂ ਲੜਦੀ ਪਰ ਉਹ ਅਪਣੀਆਂ ਸ਼ਰਤਾਂ ਮਨਵਾ ਕੇ ਕਦੇ ਬੀਜੇਪੀ ਨੂੰ ਤਾਕਤ ਦੇਂਦੀ ਹੈ, ਕਦੇ ਕਾਂਗਰਸ ਨੂੰ ਤੇ ਕਦੇ ਕਿਸੇ ਹੋਰ ਪਾਰਟੀ ਨੂੰ |
ਸ਼ਰਤ ਇਹੀ ਹੁੰਦੀ ਹੈ ਕਿ ਆਰ.ਐਸ.ਐਸ. ਦੀ ਮਦਦ ਲੈਣ ਵਾਲੀ ਪਾਰਟੀ ਆਰ.ਐਸ.ਐਸ. ਦੇ ਤਿਆਰ ਕੀਤੇ ਏਜੰਡੇ ਨੂੰ ਜ਼ਰੂਰ ਲਾਗੂ ਕਰੇਗੀ | ਅਕਾਲੀ ਦਲ ਨੂੰ ਵੀ ਆਰ.ਐਸ.ਐਸ. ਵਾਂਗ, ਸਿੱਖ ਸ਼ਕਤੀ ਨੂੰ ਜੋੜੀ ਰੱਖਣ ਵਾਲੀ ਪਾਰਟੀ ਬਣੇ ਰਹਿਣਾ ਚਾਹੀਦਾ ਸੀ ਤੇ ਹੋਰ ਪਾਰਟੀਆਂ ਕੋਲੋਂ ਅਪਣਾ 'ਪੰਥਕ ਏਜੰਡਾ' ਮਨਵਾ ਕੇ, ਉਨ੍ਹਾਂ ਨੂੰ ਅਪਣੀ ਮਦਦ ਦੇਣੀ ਚਾਹੀਦੀ ਹੈ ਪਰ ਆਪ ਪੰਥ ਦੀ ਕੇਂਦਰੀ ਜਥੇਬੰਦੀ ਬਣੇ ਰਹਿਣਾ ਚਾਹੀਦਾ ਹੈ | ਇਸ ਨਾਲ ਪੰਥ ਅਤੇ ਪੰਜਾਬ ਦੀਆਂ ਹੁਣ ਨਾਲੋਂ ਜ਼ਿਆਦਾ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ | ਇਸੇ ਨੀਤੀ ਤੇ ਚਲ ਕੇ, ਸੌਦਾ ਸਾਧ ਤੇ ਰਾਧਾ ਸਵਾਮੀ ਫ਼ਿਰਕਿਆਂ ਨੇ, ਆਪ ਚੋਣਾਂ ਨਾ ਲੜ ਕੇ ਤੇ ਦੂਜੀਆਂ ਪਾਰਟੀਆਂ ਦੀ ਮਦਦ ਕਰ ਕੇ, ਅਪਣੇ ਫ਼ਿਰਕਿਆਂ ਲਈ ਵੀ ਤੇ ਅਪਣੇ ਲਈ ਵੀ ਸਿੱਖਾਂ ਨਾਲੋਂ ਜ਼ਿਆਦਾ ਪ੍ਰਾਪਤੀਆਂ ਹਾਸਲ ਕਰ ਲਈਆਂ ਹਨ |
ਉਹ ਅਫ਼ਸਰ ਸਾਹਿਬ, ਜਿਨ੍ਹਾਂ ਨੇ ਅਪਣਾ ਨਾਂ ਨਾ ਲਿਖਣ ਦੀ ਸਹੁੰ ਪਾਈ ਸੀ, ਬੋਲੇ, ''ਗੱਲ ਤਾਂ ਜਚਦੀ ਹੈ ਪਰ ਅਕਾਲੀ ਅਜਿਹਾ ਕਿਉਂ ਨਹੀਂ ਕਰਦੇ?'' ਮੈਂ ਕਿਹਾ, ''ਕਿਉਂਕਿ ਉਹ ਪੰਜਾਬ ਅਤੇ ਪੰਥ ਦੀਆਂ ਮੰਗਾਂ ਨਹੀਂ ਮਨਵਾਉਣੀਆਂ ਚਾਹੁੰਦੇੇ, ਕੇਵਲ ਅਪਣੀਆਂ ਨਿਜੀ ਲੋੜਾਂ ਪੂਰੀਆਂ ਕਰਵਾਉਣ ਲਈ ਇਕ ਜ਼ਿੰਦਾ ਜਾਂ ਮੁਰਦਾ ਪਰ ਇਤਿਹਾਸਕ ਮਹੱਤਤਾ ਵਾਲੀ ਪਾਰਟੀ ਅਪਣੇ ਕਬਜ਼ੇ ਹੇਠ ਕਰੀ ਰਖਣਾ ਚਾਹੁੰਦੇ ਹਨ | ਗੁਰੂ ਗ੍ਰੰਥ ਸਾਹਿਬ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਟੇਜ ਤੋਂ ਕਿਹਾ ਸੀ, ''ਔਹ ਸ. ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਬੈਠੇ ਨੇ | ਪੁਛ ਲਉ, ਇਨ੍ਹਾਂ ਨੇ ਇਕ ਵਾਰ ਵੀ ਕਦੇ ਪੰਜਾਬ ਦੀ ਕੋਈ ਮੰਗ ਮੇਰੇ ਕੋਲ ਰੱਖੀ ਹੋਵੇ ਤਾਂ | ਜਦ ਵੀ ਮੈਨੂੰ ਮਿਲੇ ਹਨ, ਅਪਣੀ ਕੋਈ ਨਿਜੀ ਮੰਗ ਲੈ ਕੇ ਹੀ ਮਿਲੇੇ ਹਨ | ਕਦੇ ਮੁੰਡੇ ਦੀ, ਕਦੇ ਨੂੰਹ ਦੀ, ਕਦੇ....!''
ਅਫ਼ਸਰ ਸਾਹਿਬ ਹੱਸ ਪਏ ਤੇ ਬੋਲੇ, ''ਇਹ ਤਾਂ ਮੈਨੂੰ ਵੀ ਪਤਾ ਹੈ ਪਰ ਸਵਾਲ ਇਹ ਹੈ ਕਿ ਸਮੱਸਿਆ ਦਾ ਹੱਲ ਕੀ ਨਿਕਲੇ?''
ਮੈਂ ਕਿਹਾ, ''ਹੱਲ ਇਕੋ ਹੈ ਕਿ ਅਕਾਲੀ ਦਲ ਨੂੰ ਪੰਥ ਦੀ ਪਾਰਟੀ ਮੰਨ ਲਿਆ ਜਾਵੇ, ਵੋਟਾਂ ਲਈ ਹਰ ਰੋਜ਼ ਨਵਾਂ ਮੁਖੌਟਾ ਧਾਰਨ ਕਰਨ ਵਾਲੀ ਪਾਰਟੀ ਨਹੀਂ ਸਗੋਂ ਹਮੇਸ਼ਾ ਲਈ ਤੇ ਹਰ ਹਾਲਾਤ ਦਾ ਮੁਕਾਬਲਾ ਕਰਨ ਲਈ ਪੰਥ ਦੀ ਫ਼ਿਕਰ ਕਰਨ ਵਾਲੀ ਪਾਰਟੀ | ਬਾਕੀ ਸਾਰੀਆਂ ਸਮੱਸਿਆਵਾਂ ਦਾ ਹੱਲ ਪੰਥ ਦੇ ਸਿਆਣੇ ਲੋਕ ਬੈਠ ਕੇ ਲੱਭ ਲਿਆ ਕਰਨਗੇ |'' ਲਗਦਾ ਸੀ, ਰੀਟਾਇਰਡ ਅਫ਼ਸਰ ਸਾਹਿਬ ਪੂਰੀ ਤਰ੍ਹਾਂ ਮੇਰੇ ਨਾਲ ਸਹਿਮਤ ਹੋ ਚੁੱਕੇ ਸਨ ਪਰ ਇਕ ਆਖ਼ਰੀ ਗੱਲ ਕਹਿਣੋਂ ਝਿਜਕ ਰਹੇ ਸਨ ਜੋ ਅਖ਼ੀਰ ਉਨ੍ਹਾਂ ਨੇ ਕਹਿ ਹੀ ਦਿਤੀ, ''12 ਸਾਲਾਂ ਵਿਚ ਸਪੋਕਸਮੈਨ ਨੇ ਕਦੇ ਕੋਈ ਗ਼ਲਤ ਗੱਲ ਨਹੀਂ ਲਿਖੀ | ਅੱਜ ਵੀ ਮੈਂ ਕਹਿ ਸਕਦਾ ਹਾਂ ਕਿ ਕੌਮ ਦਾ ਭਲਾ ਕਰਨ ਲਈ ਸਪੋਕਸਮੈਨ ਜੋ ਵੀ ਕਹਿੰਦੈ, ਠੀਕ ਹੀ ਕਹਿੰਦੈ | ਇਸ ਦਾ ਹਰ ਕਥਨ, ਬੀਤੇ ਵਿਚ ਵੀ ਠੀਕ ਸਾਬਤ ਹੋਇਐ ਪਰ ਸਵਾਲ ਇਹ ਹੈ ਕਿ ਕੀ ਇਹ ਸੱਚ ਸੁਖਬੀਰ ਬਾਦਲ ਤੇ ਉਸ ਦੇ ਸਾਥੀਆਂ ਨੂੰ ਸਮਝਾਇਆ ਜਾ ਸਕਦੈ?''
ਮੈਂ ਹੱਸ ਪਿਆ ਤੇ ਕਿਹਾ, ''ਸਰਦਾਰ ਸਾਹਿਬ ਇਹੀ ਤਾਂ ਉਹ ਲੱਖ ਡਾਲਰ ਦਾ ਸਵਾਲ ਹੈ ਜਿਸ ਦਾ ਜਵਾਬ ਸਿਰਫ਼ ਬਾਦਲ ਪ੍ਰਵਾਰ ਹੀ ਦੇ ਸਕਦਾ ਹੈ, ਹੋਰ ਕੋਈ ਨਹੀਂ | ਜਦ ਵੀ ਕਿਸੇ ਨੇ ਬਾਦਲ ਪ੍ਰਵਾਰ ਨੂੰ ਇਹ ਗੱਲ ਸਮਝਾ ਲਈ, ਉਸ ਤੋਂ ਬਾਅਦ ਉਸ ਨੂੰ ਮੇਰੇ ਵਰਗਿਆਂ ਕੋਲੋਂ ਕੁੱਝ ਵੀ ਪੁਛਣਾ ਨਹੀਂ ਪਵੇਗਾ | ਪਰ ਜਿਵੇਂ ਕਿ ਮੈਂ ਸੁਣਿਆ ਪੜਿ੍ਹਆ ਹੈ, ਸੱਤਾ ਦੀ ਭੁੱਖ ਤੇ ਪੈਸੇ ਦੀ ਭੁੱਖ ਜਿਨ੍ਹਾਂ ਨੂੰ ਲੱਗ ਜਾਂਦੀ ਹੈ, ਉਹਨਾਂ ਦੀ ਭੁੱਖ ਜੀਵਨ ਦੇ ਅੰਤਮ ਪਲਾਂ ਤਕ ਮਿਟਦੀ ਕਿਸੇ ਨਹੀਂ ਵੇਖੀ | ਫਿਰ ਵੀ ਜੇ ਤੁਹਾਨੂੰ ਕੋਈ ਚੰਗੀ ਖ਼ਬਰ ਪਤਾ ਲੱਗੇ ਤਾਂ ਮੈਨੂੰ ਵੀ ਦਸਣਾ ਜ਼ਰੂਰ |'' ਜੋਗਿੰਦਰ ਸਿੰਘ