
ਚੌਧਰੀ ਦੇਵੀ ਲਾਲ ਦੇ ਕਥਨਾਂ ’ਚੋਂ ਸੰਤੁਸ਼ਟ ਪੰਜਾਬ ਤੇ ਸੰਤੁਸ਼ਟ ਹਰਿਆਣਾ ਲੱਭ ਸਕਦੇ ਹਨ ਤਸਦਾ ਲਈ ਦੋ ‘ਭਾਈ-ਭਾਈ’ ਰਾਜ ਇਕੋ ਸਮੇਂ ਬਣਵਾ ਸਕਦੇ ਹਨ! (3)
ਪਿਛਲੀਆਂ ਦੋ ਕਿਸਤਾਂ ਵਿਚ ਮੈਂ ਜ਼ਿਕਰ ਕਰ ਰਿਹਾ ਸੀ ਹਿਰਆਣਵੀ ਨੇਤਾ ਤੇ ਸਾਬਕਾ ਡਿਪਟੀ ਪ੍ਰਾਈਮ ਮਨਿਸਟਰ ਚੌਧਰੀ ਦੇਵੀ ਲਾਲ ਨਾਲ ਟਰੀਬਿਊਨ ਦੇ ਸੀਨੀਅਰ ਪੱਤਰਕਾਰ ਪ੍ਰੇਮ ਮਹਿੰਦਰਾ ਵਲੋਂ ਕੀਤੀ ਇੰਟਰਵਿਊ ਦਾ ਜਿਸ ਵਿਚ ਉਹ ਮੈਨੂੰ ਵੀ ‘ਇਕ ਚੰਗੇ ਨੇਤਾ’ ਨਾਲ ਮਿਲਾਉਣ ਦਾ ਲਾਲਚ ਦੇ ਕੇ ਲੈ ਗਏ ਸਨ।
ਪ੍ਰੇਮ ਮਹਿੰਦਰਾ ਦੇ ਸਵਾਲਾਂ ਦੇ ਜੋ ਜਵਾਬ ਚੌਧਰੀ ਦੇਵੀ ਲਾਲ ਨੇ ਦਿਤੇ, ਉਨ੍ਹਾਂ ਨੂੰ ਸੁਣ ਕੇ ਮਹਿੰਦਰਾ ਤਾਂ ਹੈਰਾਨ ਨਹੀਂ ਸਨ ਹੋਏ ਪਰ ਮੈਂ ਸਚਮੁਚ ਬਹੁਤ ਹੈਰਾਨ ਹੋ ਗਿਆ ਸੀ। ਇੰਟਰਵਿਊ ਖ਼ਤਮ ਹੋ ਗਿਆ ਤਾਂ ਅਸੀ ਉਠ ਪਏ। ਪਰ ਮਹਿੰਦਰਾ ਨੇ ਅਪਣੀ ਆਦਤ ਮੁਤਾਬਕ, ਚੌਧਰੀ ਲਾਲ ਨੂੰ ਫਿਰ ਛੇੜ ਦਿਤਾ। ਬੋਲਿਆ, ‘‘ਚੌਧਰੀ ਦੇਵੀ ਲਾਲ ਤਾਂ ਅਕਾਲੀ ਦਲ ਵਿਚ ਹੋਣੇ ਚਾਹੀਦੇ ਨੇ। ਜਿੰਨੀ ਸਿਆਣਪ ਨਾਲ ਇਹ ਅਕਾਲੀਆਂ ਦਾ ਕੇਸ ਪੇਸ਼ ਕਰਦੇ ਨੇ, ਕੋਈ ਅਕਾਲੀ ਲੀਡਰ ਵੀ ਨਹੀਂ ਕਰ ਸਕਦਾ। ਮੇਰਾ ਤੇ ਦਿਲ ਕਰਦੈ, ਅੱਜ ਖ਼ਬਰ ਦਾ ਅਨੁਵਾਨ ਹੀ ਇਹ ਲਾ ਦੇਵਾਂ ਕਿ ‘‘ਅਕਾਲੀਆਂ ਦਾ ਕੇਸ ਚੌਧਰੀ ਦੇਵੀ ਲਾਲ ਦੀ ਜ਼ਬਾਨੀ।’’
Chaudhary devi
ਉੱਚੇ ਲੰਮੇ ਚੌਧਰੀ ਲਾਲ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਫਿਰ ਤੋਂ ਬਿਠਾ ਲਿਆ। ਚੌਧਰੀ ਦੇਵੀ ਲਾਲ, ਸਾਡੇ ਨਾਲ ਬੜੀ ਚੰਗੀ ਪੰਜਾਬੀ ਬੋਲ ਲੈਂਦੇ ਸਨ ਪਰ ਗੁੱਸੇ ਵਿਚ ਹਰਿਆਣਵੀ ਭਾਸ਼ਾ ਵੀ ਉਨ੍ਹਾਂ ਦੇ ਮੂੰਹ ’ਚੋਂ ਫੁਟ ਪੈਂਦੀ ਸੀ। ਬੋਲੇ, ‘‘ਰੈ ਬੈਠ ਜਾ ਰੈ ਇਬ ਤੋ। ਤੂੰ ਮੰਨੇ ਅਕਾਲੀਉਂ ਕਾ ਖ਼ੈਰਖ਼ਵਾਹ ਕਹਵੈ ਹੈ। ਨਾ ਮੈਂ ਕਿਸੀ ਕਾ ਨਹੀਂ, ਅਪਣੇ ਦੇਸ਼ ਕਾ ਖ਼ੈਰ ਖ਼ਵਾਹ ਹੋਣ ਕਰ ਕੇ ਸੱਚ ਬੋਲ ਰਿਹਾ ਹੂੰ। ਸੁਣ ਮੇਰੀ ਬਾਤ, ਹਿੰਦੁਸਤਾਨ ਕੋ ਜਬ ਭੀ ਕੋਈ ਮੁਸ਼ਕਲ ਆ ਪੜੀ, ਕੌਣ ਕਾਮ ਆਇਆ? ਕੌਣ ਅਪਣਾ ਸਿਰ ਲੇ ਕੇ ਦੇਸ਼ ਕੀ ਮਦਦ ਪਰ ਆਇਆ? ਮੁਗ਼ਲ ਆਏ, ਅੰਗਰੇਜ਼ ਆਏ, ਚੀਨੀ ਆਏ, ਪਾਕਿਸਤਾਨੀ ਆਏ, ਕਿਸ ਪੇ ਟੇਕ ਰੱਖੀ ਹਿੰਦੁਸਤਾਨ ਨੇ?
ਅਨਾਜ ਅਮਰੀਕਾ ਸੈ ਮਾਂਗੇ ਥਾ ਹਿੰਦੁਸਤਾਨ, ਕਿਸ ਨੇ ਭੰਡਾਰ ਭਰੇ ਦੇਸ਼ ਕੇ? ਅਰੇ ਥਾਰੇ (ਤੁਹਾਡੇ) ਲਾਖੋਂ ਮੰਦਰ ਹੈਂ ਦੇਸ਼ ਮੇਂ, ਕੋਈ ਗ਼ੈਰ-ਹਿੰਦੂ ਯਾਤਰੀ ਤੋ ਕਿਆ, ਹਿੰਦੂ ਭੀ ਜਾ ਕੇ ਮੁਫ਼ਤ ਰੋਟੀ ਔਰ ਰਿਹਾਇਸ਼ ਹੱਕ ਸੇ ਮਾਂਗ ਸਕੇ ਹੈ? ਔਰ ਇਧਰ ਦੇਖੋ, ਹਿੰਦੁਸਤਾਨ ਕੇ ਕਿਸੀ ਭੀ ਕੋਨੇ ਮੇਂ ਗੁਰਦਵਾਰਾ ਦੇਖ ਕੇ ਅੰਦਰ ਚਲੇ ਜਾਉ, ਨਾਮ, ਜਾਤ, ਧਰਮ ਬਤਾਨੇ ਕੀ ਕੋਈ ਜ਼ਰੂਰਤ ਨਾ ਹੋਵੈ, ਬਸ ਲੰਗਰ ਖਾ ਕੇ ਬਿਸਤਰਾ ਔਰ ਕਮਰਾ ਮਾਂਗ ਲੋ। ਕੋਈ ਨਾਂਹ ਨਾ ਕਰੈਗਾ। ਇਨ ਸਿੱਖੋਂ ਕੋ ਛੋਟੀ ਛੋਟੀ ਮਾਂਗ ਮਨਵਾਨੀ ਹੋ ਤੋ ਲੰਬੇ ਸਤਿਆਗ੍ਰਹਿ ਕਰਨੇ ਪੜੇ ਹੈਂ, ਜੇਲੇਂ ਭਰਨੀ ਪੜਤੀ ਹੈਂ। ਕਿਉਂ ਭਾਈ? ਇਨ ਸੇ ਐਸਾ ਸਲੂਕ ਕਰਤੇ ਰਹੋਗੇ ਤੋ ਪਾਕਿਸਤਾਨ ਇਨ ਕੇ ਮਨ ਅੰਦਰ ਖ਼ਾਲਿਸਤਾਨ ਕਾ ਜਜ਼ਬਾ ਤੋ ਭਰੇਗਾ ਹੀ।
ਨਾ ਧਕੇਲੋ ਇਨ ਕੋ ਪਾਕਿਸਤਾਨ ਕੀ ਓਰ। ਮੈਂ ਕਹੂੰ, ਸੰਤੁਸ਼ਟ ਸਿੱਖ ਹਿੰਦੁਸਤਾਨ ਕੇ ਸੱਭ ਸੇ ਬੜ੍ਹੀਆ ਸਿਪਾਹੀ ਹੈਂ, ਜਰਨੈਲ ਹੈਂ, ਮਦਦਗਾਰ ਹੈਂ, ਹਮਦਰਦ ਹੈਂ, ਦਾਨੀ ਹੈਂ। ਯੇਹ ਜਿਸ ਦਿਨ ਜ਼ਿਆਦਾ ਨਾਰਾਜ਼ ਹੋ ਗਏ, ਹਿੰਦੁਸਤਾਨ ਕੋ ਬਚਾਨੇ ਵਾਲਾ ਔਰ ਕੋਈ ਨਾ ਮਿਲੈਗਾ। ਜੋ ਕੋਈ ਕੱਟੜ ਹਿੰਦੂ ਯੇਹ ਸੋਚੇ ਹੈਂ ਕਿ ਬੋਧੀਉਂ ਕੀ ਤਰ੍ਹਾ ਥੋੜੇ ਸੇ ਸਿੱਖੋਂ ਕੋ ਭੀ ਖ਼ਤਮ ਕਰ ਲਵੈਂਗੇ, ਵੋਹ ਯਾਦ ਰੱਖੇਂ, ਬੋਧੀਉਂ ਕੇ ਬਾਅਦ ਕਿਤਨੀ ਸਦੀਆਂ ਹਿੰਦੂਉਂ ਕੋ ਗ਼ੁਲਾਮ ਰਹਿਨਾ ਪੜਾ ਥਾ। ਸਿੱਖ ਨਾ ਰਹੇ ਤੋ ਉਸ ਸੇ ਬੜੀ ਗ਼ੁਲਾਮੀ ਕੁਦਰਤ ਦੇਗੀ। ਕੁਦਰਤ ਐਸੇ ਹੀ ਸਜ਼ਾ ਦੇਵੈ ਸੈ।’’
ਚੌਧਰੀ ਦੇਵੀ ਲਾਲ ਬੜੀ ਗਰਮਜੋਸ਼ੀ ਨਾਲ ਬੋਲ ਰਹੇ ਸਨ। ਪ੍ਰੇਮ ਮਹਿੰਦਰਾ ਨੇ ਉਨ੍ਹਾਂ ਨੂੰ ਠੇਠ ਪੰਜਾਬੀ ਵਿਚ ਟੋਕਿਆ, ‘‘ਚੌਧਰੀ ਸਾਹਬ ਤੁਹਾਡੇ ਨਾਲ ਹਰਿਆਣੇ ਬਾਰੇ ਗੱਲ ਕਰਨ ਆਏ ਸੀ ਕਿਉਂਕਿ ਐਡੀਟਰ ਨੇ ਤੁਹਾਡੇ ਵਿਚਾਰ ਜਾਣਨ ਲਈ ਕਿਹਾ ਸੀ ਪਰ ਤੁਸੀ ਤਾਂ ਗਰਮੀ ਹੀ ਖਾ ਗਏ।’’ ਚੌਧਰੀ ਦੇਵੀ ਲਾਲ ਨਰਮ ਪੈਂਦੇ ਹੋਏ ਫਿਰ ਪੰਜਾਬੀ ਵਿਚ ਬੋਲਣ ਲੱਗ ਪਏ, ‘‘ਨਾ ਭਾਈ, ਗਰਮੀ ਕਿਹੜੀ ਗੱਲ ਦੀ? ਮੈਂ ਵੀ ਹਰਿਆਣਾ ਬਾਰੇ ਹੀ ਗੱਲ ਕਰ ਰਿਹਾ ਸੀ ਕਿ ਦੇ ਦਿਉ ਪੰਜਾਬ ਦਾ ਪਾਣੀ ਤੇ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ। ਕਾਨੂੰਨ ਤੋਂ ਬਾਹਰ ਜਾ ਕੇ ਅਸੀ ਲੈ ਵੀ ਲਵਾਂਗੇ ਤਾਂ ਸਾਨੂੰ ਫਲਣਗੇ ਨਹੀਂ। ਅਸੀ ਨਵੀਂ ਰਾਜਧਾਨੀ ਦਿੱਲੀ ਦੇ ਨੇੜੇ ਫ਼ਰੀਦਾਬਾਦ ’ਚ ਬਣਾ ਲਵਾਂਗੇ ਜੋ ਹਰਿਆਣਾ ਲਈ ਜ਼ਿਆਦਾ ਲਾਭਦਾਇਕ ਰਹੇਗੀ। ਚੰਡੀਗੜ੍ਹ ਵਿਚ ਹਰਿਆਣੇ ਦਾ ਕੀ ਪਿਐ? ਸਿੱਖਾਂ ਨੇ ਪੰਜਾਬੀ ਸੂਬਾ ਮੰਗਿਆ।
ਤੁਸੀ ਇਨ੍ਹਾਂ ਨੂੰ ਸੱਭ ਤੋਂ ਪਹਿਲਾਂ ਸੰਤੁਸ਼ਟ ਕਰੋ। ਫਿਰ ਸਾਨੂੰ ਅਪਣੇ ਸੂਬੇ ਵਿਚ ਜਿਹੜੀਆਂ ਕਮੀਆਂ ਲਗੀਆਂ, ਉਹ ਤੁਸੀ ਯੂਪੀ ਤੋਂ ਲੈ ਕੇ ਸਾਨੂੰ ਵੀ ਸੰਤੁਸ਼ਟ ਕਰ ਦੇਣਾ। ਕੋਈ ਨਵੀਂ ਗੱਲ ਨਹੀਂ ਕਰ ਰਹੇ ਅਸੀ। ਸਦੀਆਂ ਤੋਂ ਕਹਿ ਰਹੇ ਹਾਂ ਕਿ ਯੂਪੀ ਦਾ ਜਾਟੂ (ਮੇਰਠ) ਡਵੀਜ਼ਨ ਹਰਿਆਣੇ ਨਾਲ ਮਿਲਾ ਕੇ ਮਹਾਂ ਹਰਿਆਣਾ ਬਣਾ ਦਿਉ। ਜਾਂ ਕੀ ਤੁਸੀ ਹਰਿਆਣੇ ਨੂੰ ਕਹਿਣਾ ਚਾਹੁੰਦੇ ਹੋ ਕਿ ਜੇ ਅਸੀ ਪੰਜਾਬ ਦਾ ਹੱਕ ਜਬਰੀ ਨਾ ਖੋਹਿਆ ਤਾਂ ਹਿੰਦੁਸਤਾਨ ਤੋਂ ਕਿਸੇ ਗੱਲ ਦੀ ਆਸ ਨਾ ਰਖੀਏ? ਸਿੱਖਾਂ ਨੂੰ ਨਾਰਾਜ਼ ਕਰਨ ਦੀ ਨਾ ਸੋਚੋ, ਖ਼ੁਸ਼ ਕਰਨ ਦੀ ਸੋਚੋ ਕਿਉਂਕਿ ਹਰ ਔਖੇ ਵੇਲੇ, ਦੇਸ਼ ਦੇ ਕੰਮ ਆਉਣ ਵਾਲਾ, ਸਿੱਖਾਂ ਤੋਂ ਚੰਗਾ ਕੋਈ ਹਿੰਦੁਸਤਾਨੀ ਨਹੀਂ ਜੇ। ਪਰ ਦਿੱਲੀ ਵਾਲੇ ਸਿੱਖਾਂ ਦਾ ਹੱਕ ਮਾਰਨ ਲਈ ਸਾਨੂੰ ਲਾਲਚ ਦੇ ਰਹੇ ਨੇ ਕਿ ‘‘ਪੰਜਾਬ ਦੀ ਫ਼ਲਾਣੀ ਕੀਮਤੀ ਚੀਜ਼ ਤੁਹਾਨੂੰ (ਹਰਿਆਣਾ ਨੂੰ) ਦੇ ਦਿਆਂਗੇ, ਤੁਸੀ ਮੰਗ ਨਾ ਛਡਿਉ ਜਦ ਤਕ ਅਸੀ ਤੁਹਾਨੂੰ ਨਾ ਕਹੀਏ....।’’ ਦਸੋ ਇਹ ਕੋਈ ਸਾਊਆਂ ਵਾਲੀ ਰਾਜਨੀਤੀ ਹੈ ਕਿ ਦੋ ਭਰਾਵਾਂ ਨੂੰ, ਦੋ ਗਵਾਂਢੀਆਂ ਨੂੰ ਲੜਾ ਦਿਉ ਤਾਕਿ ਇਸ ’ਚੋਂ ਤੁਸੀ ਅਪਣੀਆਂ ਰੋਟੀਆਂ ਸੇਕ ਸਕੋ....?’’
ਅਗਲੇ ਦਿਨ ਟ੍ਰਿਬਿਊਨ ਵਿਚ ਸਿਰਫ਼ ਏਨੀ ਹੀ ਖ਼ਬਰ ਲੱਗੀ ਕਿ ਚੰਡੀਗੜ੍ਹ ਬੇਸ਼ੱਕ ਪੰਜਾਬ ਨੂੰ ਦੇ ਦਿਤਾ ਜਾਏ, ਅਸੀ ਨਵੀਂ ਰਾਜਧਾਨੀ ਦਿੱਲੀ ਦੇ ਨੇੜੇ ਬਣਾ ਲਵਾਂਗੇ - ਦੇਵੀ ਲਾਲ। ਪਰ ਮੇਰਾ ਦਿਲ ਕਹਿੰਦਾ ਹੈ, ਪੰਜਾਬ-ਪ੍ਰਸਤ ਪੰਜਾਬੀਆਂ ਤੇ ਹਰਿਆਣਾ-ਪ੍ਰਸਤ ਹਰਿਆਣਵੀਆਂ ਦਾ ਇਕ ਜੱਥਾ ਚੌਧਰੀ ਦੇਵੀ ਲਾਲ ਦੇ ਕਥਨਾਂ ਨੂੰ ਪ੍ਰਧਾਨ ਮੰਤਰੀ ਅਤੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਇਕੱਠਿਆਂ ਜਾ ਮਿਲੇ ਤੇ ਮੰਗ ਕਰੇ ਕਿ ਚੌਧਰੀ ਦੇਵੀ ਲਾਲ ਦਾ ਬੋਲਿਆ ਇਕ-ਇਕ ਅੱਖਰ ਜੋ ਸੋਨੇ ਵਿਚ ਤੋਲਿਆ ਜਾਣ ਵਾਲਾ ਹੈ, ਉਸ ਨੂੰ ਮਾਨਤਾ ਦਿਤੀ ਜਾਵੇ ਤੇ ਪੌਣੀ ਸਦੀ ਤੋਂ ਲਟਕਦੇ ਚਲੇ ਆ ਰਹੇ ਮਸਲੇ ਨੂੰ ਖ਼ਤਮ ਕਰਨ ਲਈ ਇਕੋ ਸਮੇਂ ਦੋ ਖ਼ੁਸ਼ਹਾਲ ਤੇ ਸੰਤੁਸ਼ਟ, ਮੁਕੰਮਲ ਸੂਬੇ ਬਣਾ ਦਿਤੇ ਜਾਣ (ਮੁਕੰਮਲ ਪੰਜਾਬ ਤੇ ਮੁਕੰਮਲ ਮਹਾਂ ਹਰਿਆਣਾ), ਦੋਹਾਂ ਦੇ ਕੁਦਰਤੀ ਤੇ ਕਾਨੂੰਨੀ ਅਧਿਕਾਰਾਂ ਨੂੰ ਹਮੇਸ਼ਾ ਲਈ ਮਾਨਤਾ ਦਿਤੀ ਜਾਏ ਤੇ ਦੋ ਆਪਸ ਵਿਚ ਲੜਦੀਆਂ ਸਟੇਟਾਂ ਨਹੀਂ, ‘ਭਾਈ-ਭਾਈ ਸਟੇਟਾਂ’ ਕਾਇਮ ਕਰਨ ਦਾ ਮੁਢ ਬੰਨਿ੍ਹਆ ਜਾਏ (ਹਰਿਆਣੇ ਦਾ ਮੂੰਹ ਪੰਜਾਬ ਵਲੋਂ ਮੋੜ ਕੇ ਕੁਦਰਤੀ ਜਾਟੂ ਰਾਜ ਯੂਪੀ ਦੇ ਮੇਰਠ ਡਵੀਜ਼ਨ ਵਲ ਕਰ ਕੇ)।
ਪੰਜਾਬ-ਹਰਿਆਣੇ ਦਾ ਝਗੜਾ ਤਾਂ ਹੈ ਈ ਕੋਈ ਨਹੀਂ, ਐਵੇਂ ਖ਼ਾਹਮਖ਼ਾਹ ਖੜਾ ਕੀਤਾ ਗਿਆ ਸੀ ਤਾਕਿ ਸਿੱਖਾਂ ਨੂੰ ਪੰਜਾਬੀ ਸੂਬਾ ਮੰਗਣ ਬਦਲੇ ਸਬਕ ਸਿਖਾਇਆ ਜਾਵੇ। ਪਰ ਜਿਵੇਂ ਆਪ ਦੇ ਪੰਜਾਬ ਵਲੋਂ ਰਾਜ ਸਭਾ ਵਿਚ ਭੇਜੇ ਇਕ ਐਮ.ਪੀ. ਸੁਸ਼ੀਲ ਗੁਪਤਾ ਕੋਲੋਂ ਪੰਜਾਬ ਨੂੰ ਨੁਕਸਾਨ ਪਹੁੰਚਾਣ ਵਾਲਾ ਬਿਆਨ ਦਿਵਾਇਆ ਗਿਆ ਹੈ, ਉਸ ਨੂੰ ਵੇਖ ਕੇ ਤਾਂ ਲਗਦਾ ਹੈ ਕਿ ਦੋਹਾਂ ਰਾਜਾਂ ਨੂੰ ਲੜਾਉਣ ਵਾਲੀਆਂ ਸ਼ਕਤੀਆਂ ਵੀ ਲੰਗਰ ਲੰਗੋਟੇ ਕਸ ਰਹੀਆਂ ਹਨ। ਜੋਗਿੰਦਰ ਸਿੰਘ