
ਪਿਛਲੇ ਸਾਲ ਸ. ਸੁਖਦੇਵ ਸਿੰਘ ਢੀਂਡਸਾ ਮੈਨੂੰ ਮਿਲਣ ਆਏ ਤਾਂ ਮੈਂ ਉਨ੍ਹਾਂ ਨੂੰ ਕਿਹਾ, ‘‘ਵੇਖ ਲਉ, ਸਪੋਕਸਮੈਨ ਨੇ ਜੋ ਜੋ ਗੱਲਾਂ ਪਿਛਲੇ 15-20 ਸਾਲਾਂ ਵਿਚ ਲਿਖੀਆਂ ਸਨ...
ਪਿਛਲੇ ਸਾਲ ਸ. ਸੁਖਦੇਵ ਸਿੰਘ ਢੀਂਡਸਾ ਮੈਨੂੰ ਮਿਲਣ ਆਏ ਤਾਂ ਮੈਂ ਉਨ੍ਹਾਂ ਨੂੰ ਕਿਹਾ, ‘‘ਵੇਖ ਲਉ, ਸਪੋਕਸਮੈਨ ਨੇ ਜੋ ਜੋ ਗੱਲਾਂ ਪਿਛਲੇ 15-20 ਸਾਲਾਂ ਵਿਚ ਲਿਖੀਆਂ ਸਨ, ਅੱਜ ਤੁਸੀ ਵੀ ਉਹੀ ਕਹਿ ਰਹੇ ਹੋ।’’ ਢੀਂਡਸਾ ਜੀ ਵੀ ਹੱਸ ਕੇ ਬੋਲੇ, ‘‘ਹਾਂ ਹਾਂ, ਤੁਹਾਡਾ ਪਿਛਲੇ ਹਫ਼ਤੇ ਵਾਲਾ ਲੇਖ ਮੈਂ ਪੜ੍ਹ ਲਿਆ ਸੀ ਤੇ ਦਿਲ ਵਿਚ ਸਾਡੇ ਵੀ ਉਹੀ ਕੁੱਝ ਸੀ ਜੋ ਤੁਸੀ ਲਿਖਦੇ ਸੀ ਪਰ ਅਸੀ ਪਾਰਟੀ ਡਸਿਪਲਿਨ ਦੇ ਬੱਝੇ, ਕਹਿ ਕੁੱਝ ਨਹੀਂ ਸੀ ਸਕਦੇ।’’ਹਾਂ ਜਦੋਂ ਬਾਦਲ ਜਮ੍ਹਾਂ ਉਨ੍ਹਾਂ ਦੇ ਪੁਜਾਰੀ ਮਿੱਤਰ ‘ਸਪੋਕਸਮੈਨ ਵਿਰੁਧ ਧੂਆਂਧਾਰ ਪ੍ਰਚਾਰ ਕਰ ਰਹੇ ਸਨ, ਉਸ ਵੇਲੇ ਵੀ ਮੇਰੀ ਅਪਣੀ ਸੂਚਨਾ ਇਹੀ ਸੀ ਕਿ ਬਹੁਤੇ ਅਕਾਲੀ (ਉਪਰੋਂ ਹੇਠਾਂ ਤਕ) ਬਾਦਲਾਂ ਦੀ ਗੱਲ ਠੀਕ ਨਹੀਂ ਸਨ ਮੰਨਦੇ ਤੇ ‘ਸਪੋਕਸਮੈਨ’ ਦੇ ਸੱਚ ਨੂੰ ਪ੍ਰਵਾਨ ਕਰਦੇ ਸਨ ਪਰ ਉਨ੍ਹਾਂ ਦੀ ਚੁੱਪੀ ਨੂੰ ਬਾਦਲਕੇ ਗ਼ਲਤ ਰੂਪ ਵਿਚ ਲੈ ਕੇ, ਦਾਅਵਾ ਕਰਨ ਲੱਗ ਜਾਂਦੇ ਸਨ ਕਿ ਸਾਰੀ ਪਾਰਟੀ ਉਨ੍ਹਾਂ ਦੇ ਨਾਲ ਹੈ ਤੇ ਇੱਕਾ ਦੁੱਕਾ ਬਾਗ਼ੀਆਂ ਦੀ ਪ੍ਰਵਾਹ ਕਰਨ ਦੀ ਲੋੜ ਕੋਈ ਨਹੀਂ।
Sukhdev Dhindsa
ਹਾਂ, ਖੁਲ੍ਹ ਕੇ ਤਾਂ ‘ਇੱਕਾ ਦੁੱਕਾ’ ਹੀ ਬੋਲਦੇ ਸਨ ਪਰ ਸਾਡੇ ਪੱਤਰਕਾਰਾਂ ਦੀ ਰੀਪੋਰਟ ਇਹੀ ਸੀ ਕਿ ਸਪੋਕਸਮੈਨ ਦੀਆਂ ਲਿਖਤਾਂ ਉਨ੍ਹਾਂ ਨੂੰ ਬਹੁਤ ਪ੍ਰਭਾਵਤ ਕਰ ਰਹੀਆਂ ਸਨ ਤੇ ਜੇ ਬਾਦਲ ਛੇਤੀ ਨਾ ਸੁਧਰੇ ਜਾਂ ਜੇ ਪਾਰਟੀ ਨੇ ਚੁੱਪੀ ਧਾਰਨ ਕਰੀ ਰੱਖੀ ਤਾਂ ਲੋਕ ਬਗ਼ਾਵਤ ਕਰ ਦੇਣਗੇ। ਪਾਰਟੀ ਵਰਕਰਾਂ ਤੇ ਲੀਡਰਾਂ ਨੇ ਸੱਭ ਕੁੱਝ ਸਮਝਦੇ ਹੋਏ ਵੀ ਜਦ ਚੁੱਪੀ ਨਾ ਤੋੜੀ ਜਾਂ ਬੋਲਣ ਦੀ ਹਿੰਮਤ ਨਾ ਜੁਟਾਈ ਤਾਂ ਸਿੱਖ ਵੋਟਰਾਂ ਨੇ ਪਹਿਲ ਕਰ ਵਿਖਾਈ ਤੇ ਅਕਾਲੀ (ਬਾਦਲ) ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਦਸ ਦਿਤਾ ਕਿ ਅਕਾਲੀ ਲੀਡਰ ਤੇ ਵਰਕਰ ਸੱਚ ਬੋਲਣ ਦੀ ਹਿੰਮਤ ਨਹੀਂ ਜੁਟਾ ਸਕਦੇ ਤਾਂ ਨਾ ਬੋਲਣ, ਆਮ ਸਿੱਖ ਤਾਂ ਚੁਪ ਨਹੀਂ ਰਹਿਣਗੇ ਤੇ ਵੋਟ-ਬਕਸਿਆਂ ਰਾਹੀਂ ਬੋਲ ਕੇ ਦੱਸ ਦੇਣਗੇ ਕਿ ਉਹ ਅਕਾਲੀ ਦਲ ਹੁਣ ਉਨ੍ਹਾਂ ਨੂੰ ਮੰਨਜ਼ੂਰ ਨਹੀਂ ਜੋ ਨਾ ਸਿੱਖੀ ਦਾ ਭਲਾ ਸੋਚ ਸਕਦਾ ਹੈ, ਨਾ ਸਿੱਖਾਂ ਦਾ ਤੇ ਕੇਵਲ ਅਪਣੀਆਂ ਲੀਡਰੀਆਂ, ਵਜ਼ੀਰੀਆਂ ਤੇ ਤਜੌਰੀਆਂ ਦੀ ਫ਼ਿਕਰ ਕਰਨ ਵਾਲਿਆਂ ਦਾ ਹੀ ਇਕੱਠ ਬਣ ਕੇ ਰਹਿ ਗਿਆ ਹੈ।
Manpreet Singh Ayali
ਸੋ ਇਹਨਾਂ ਹਾਲਾਤ ਵਿਚ ਵਾਰ ਵਾਰ ਚੋਣਾਂ ਜਿੱਤਣ ਵਾਲੇ ਤੇ ਹਰ-ਦਿਲ ਅਜ਼ੀਜ਼ ਅਕਾਲੀ ਲੀਡਰ ਮਨਪ੍ਰੀਤ ਸਿੰਘ ਇਯਾਲੀ ਨੇ ਅਸਲ ਅਕਾਲੀ ਦਲ ਤੇ ਉਸ ਦੀ ਅਸਲ ਵਿਚਾਰਧਾਰਾ ਨੂੰ ਬਚਾਉਣ ਲਈ ਨਵੇਂ ਰਾਸ਼ਟਰਪਤੀ ਦੀ ਚੋਣ ਵਿਚ ਵੋਟ ਪਾਉਣ ਬਾਰੇ ਪਾਰਟੀ ਦਾ ਆਦੇਸ਼ ਨਾ ਮੰਨਣ ਦੇ ਨਾਲ ਨਾਲ ਇਹ ਸੱਚ ਵੀ ਪ੍ਰਗਟ ਕਰ ਦਿਤਾ ਕਿ ਹੁਣ ਪਾਰਟੀ ਦੀ ਲੀਡਰਸ਼ਿਪ ਬਦਲੇ ਬਿਨਾਂ, ਪਾਰਟੀ ਨਹੀਂ ਬਚਾਈ ਜਾ ਸਕਦੀ। ਸ. ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿਚ ਦੋ ਚਾਰ ਨੂੰ ਛੱਡ ਕੇ ਬਹੁਤੇ ਅਕਾਲੀ ਨਹੀਂ ਨਿਤਰੇ ਪਰ ਉਨ੍ਹਾਂ ਦੇ ਵਿਰੋਧ ਵਿਚ ਤਾਂ ਇਕ ਵੀ ਅਕਾਲੀ ਨੇ ਜ਼ਬਾਨ ਨਹੀਂ ਖੋਲ੍ਹੀ। ਮਤਲਬ ਇਹ ਕਿ ਅਕਾਲੀ ਦਲ ਅੰਦਰ ‘ਚੁੱਪੀ ਧਾਰੂ’ ਅਕਾਲੀਆਂ ਦੀ ਬਹੁਗਿਣਤੀ ਹੋ ਗਈ ਹੈ।
Jathedar Giani Harpreet Singh
ਚੁੱਪੀ ਧਾਰੂ ਉਹੀ ਹੁੰਦੇ ਹਨ ਜੋ ਠੀਕ ਵੇਲੇ ਦੀ ਇੰਤਜ਼ਾਰ ਕਰ ਰਹੇ ਹੁੰਦੇ ਹਨ ਤੇ ਸੱਚ ਬੋਲਣ ਦੀ ਹਿੰਮਤ ਜੁਟਾ ਰਹੇ ਹੁੰਦੇ ਹਨ। ਦੋ-ਚਾਰ ਨੂੰ ਛੱਡ ਕੇ, ਅੰਦਰੋਂ ਸਾਰੇ ਹੀ ਕਾਬਜ਼ ਲੀਡਰਸ਼ਿਪ ਨੂੰ ਇਕ ਪਾਸੇ ਕਰਨ ਵਿਚ ਹੀ ਪਾਰਟੀ ਦਾ ਭਲਾ ਸਮਝਦੇ ਹਨ। ਅਕਾਲ ਤਖ਼ਤ ਉਤੇ ਬੈਠੇ ਹੋਏ ‘ਜਥੇਦਾਰ’ ਵੀ ਬਾਦਲ ਪ੍ਰਵਾਰ ਦੇ ਖ਼ਾਸਮ ਖ਼ਾਸ ਹਨ, ਇਸ ਲਈ ਉਨ੍ਹਾਂ ਵਿਚ ਵੀ ਜਾਨ ਨਾਂ ਦੀ ਤਾਂ ਕੋਈ ਚੀਜ਼ ਰਹਿ ਨਹੀਂ ਗਈ ਪਰ ਹੁਣ ਜੇ ਬਾਦਲਾਂ ਦਾ ਭਲਾ ਸੋਚ ਕੇ ਹੀ, ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਅੰਮ੍ਰਿਤਸਰ ਲਿਜਾ ਕੇ, ਅਕਾਲ ਤਖ਼ਤ ਦੀ ਛਤਰ ਛਾਇਆ ਹੇਠ, ਪੰਥ ਦਾ ਬੁਲਾਰਾ ਬਣ ਕੇ ਕੰਮ ਕਰਨ ਲਈ ਕਹਿ ਦੇਣ ਤੇ ਪੰਜ ਸਾਲ ਤੋਂ ਵੱਧ ਸਮੇਂ ਲਈ ਇਕੋ ਅਹੁਦੇ ਤੇ ਬੈਠਿਆਂ ਨੂੰ ਸਤਿਕਾਰ ਸਹਿਤ ਹੱਟ ਜਾਣ ਅਤੇ ਨਵਿਆਂ ਨੂੰ ਮੌਕਾ ਦੇਣ ਦਾ ਆਦੇਸ਼ ਦੇ ਦੇਣ, ਸਾਰੇ ਪੁਰਾਣਿਆਂ ਨੂੰ ‘ਪੰਥ ਦਾ ਸਰਮਾਇਆ’ ਕਹਿ ਕੇ, ਉਨ੍ਹਾਂ ਸਾਰਿਆਂ ਦੀ ਸਲਾਹਕਾਰ ਕਮੇਟੀ ਬਣਾ ਦੇਣ
S. Partap Singh Kairon
ਜੋ ਪੰਥਕ ਪਾਰਟੀ ਨੂੰ ਸਲਾਹਾਂ ਦੇ ਕੇ ਅਗਵਾਈ ਕਰਦੀ ਰਹੇ ਤਾਂ ਇਸ ਤਰ੍ਹਾਂ ਪੁਰਾਣਿਆਂ ਨੂੰ ਧੱਕੇ ਮਾਰ ਕੇ ਬਾਹਰ ਕਰਨ ਤੇ ਉਨ੍ਹਾਂ ਦੀ ਹੇਠੀ ਕੀਤੇ ਬਗ਼ੈਰ ਨਵੀਂ ਲੀਡਰਸ਼ਿਪ ਕਾਇਮ ਹੋ ਜਾਏਗੀ। ਸਕੂਲਾਂ-ਕਾਲਜਾਂ ਵਿਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਕਾਇਮ ਕਰ ਕੇ ਸਾਲਾਨਾ ਕੈਂਪ ਲਗਾਏ ਜਾਣੇ ਵੀ ਸ਼ੁਰੂ ਕਰ ਦਿਤੇ ਜਾਣ ਪਰ ਕੇਵਲ 30 ਸਾਲ ਤੋਂ ਥੱਲੇ ਦੇ ਸਚਮੁਚ ਦੇ ਵਿਦਿਆਰਥੀ ਹੀ ਉਸ ਦੇ ਮੈਂਬਰ ਹੋਣ। ਇਸ ਤਰ੍ਹਾਂ, ਕਿਸੇ ਨੂੰ ਢਾਹੇ ਅਤੇ ਕੱਢੇ ਬਗ਼ੈਰ, ਸੁਨਹਿਰੀ ਕਾਲ ਫਿਰ ਤੋਂ ਸ਼ੁਰੂ ਹੋ ਸਕਦਾ ਹੈ ਤੇ ਪ੍ਰਤਾਪ ਸਿੰਘ ਕੈਰੋਂ ਨੇ ਜਿਥੋਂ ਅਕਾਲੀ ਰਾਜਨੀਤੀ ਦਾ ਧਾਗਾ ਕਟਿਆ ਸੀ, ਉਥੋਂ ਫਿਰ ਤੋਂ ਜੁੜ ਜਾਏਗਾ ਤੇ ਨਤੀਜੇ ਤਾਂ ਵੇਖਣ ਵਾਲੇ ਹੀ ਹੋਣਗੇ। ਪਰ ਸੁਣੇਗਾ ਕੌਣ? ਚਲੋ ਆਮ ਲੋਕ ਤਾਂ ਸੁਣਨਗੇ ਹੀ। ਜੇ ਕੁਰਸੀਆਂ ਵਾਲੇ ਨਹੀਂ ਸੁਣਦੇ ਤਾਂ ਇਯਾਲੀ ਵਰਗੇ ਬਹੁਤੇ ਸਾਰੇ ਸੱਚੇ ਅਕਾਲੀ, ਮੈਦਾਨ ਵਿਚ ਸਿੱਖੀ ਦਾ ਝੰਡਾ ਚੁੱਕੀ, ਨਿੱਤਰ ਆਉਣਗੇ। ਰੁੱਤ ਨਵਿਆਂ ਦੀ ਆਈ ਪਤ ਝੜੇ ਪੁਰਾਣੇ।