ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ? (10)
Published : Oct 24, 2021, 8:08 am IST
Updated : Oct 24, 2021, 12:16 pm IST
SHARE ARTICLE
SIKH
SIKH

ਯਾਦ ਰਹੇ, 1947 ਤੋਂ ਪਹਿਲਾਂ, ਕਾਫ਼ੀ ਸਮੇਂ ਤਕ ਅਕਾਲੀ ਤੇ ਕਾਂਗਰਸੀ ਏਨੀ ਗੂਹੜੀ ਯਾਰੀ ਵਿਚ ਬੱਝੇ ਚਲੇ ਆ ਰਹੇ ਸਨ ਕਿ ਕੋਈ ਵੀ ਸਿੱਖ.......

 

1946 ਵਿਚ ਸਾਰੀ ਸਿੱਖ ਕੌਮ ਇਕ ਸਾਂਝਾ ਫ਼ੈਸਲਾ ਲੈ ਚੁੱਕੀ ਸੀ ਕਿ ਜੇ ਅੰਗਰੇਜ਼ ਸਿੱਖ ਸਟੇਟ ਨਹੀਂ ਦੇ ਸਕਦਾ (ਸਿੱਖਾਂ ਦੀ ਗਿਣਤੀ ਪੰਜਾਬ ਵਿਚ ਕੇਵਲ 13 ਫ਼ੀ ਸਦੀ ਹੋਣ ਕਰ ਕੇ) ਅਤੇ ਹਿੰਦੁਸਤਾਨ ਦੀ ਵੰਡ ਵੀ ਰੋਕੀ ਨਹੀਂ ਜਾ ਸਕਦੀ ਤਾਂ ਉਸ ਹਾਲਤ ਵਿਚ ਮੁਸਲਿਮ ਲੀਗ ਦੇ ਸੌ ਵਾਅਦੇ ਰੱਦ ਕਰ ਕੇ ਅਤੇ ਕਾਂਗਰਸ ਦੇ 50 ਵਾਅਦੇ ਮੰਨ ਕੇ ਵੀ ਹਿੰਦੁਸਤਾਨ ਵਿਚ ਹੀ ਜਾਣਾ ਸਿੱਖਾਂ ਦੇ ਭਲੇ ਦੀ ਗੱਲ ਹੋਵੇਗੀ। ਯਾਦ ਰਹੇ, 1947 ਤੋਂ ਪਹਿਲਾਂ, ਕਾਫ਼ੀ ਸਮੇਂ ਤਕ ਅਕਾਲੀ ਤੇ ਕਾਂਗਰਸੀ ਏਨੀ ਗੂਹੜੀ ਯਾਰੀ ਵਿਚ ਬੱਝੇ ਚਲੇ ਆ ਰਹੇ ਸਨ ਕਿ ਕੋਈ ਵੀ ਸਿੱਖ, ਇਕੋ ਸਮੇਂ, ਅਕਾਲੀ ਦਲ ਦਾ ਮੈਂਬਰ ਵੀ ਹੋ ਸਕਦਾ ਸੀ ਤੇ ਕਾਂਗਰਸ ਦਾ ਵੀ। ਬਹੁਤੇ ਹਿੰਦੂ ਗੁਰਬਾਣੀ ਦਾ ਪਾਠ ਪੂਰੀ ਸ਼ਰਧਾ ਨਾਲ ਕਰਦੇ ਸਨ ਤੇ ਰੋਜ਼ ਗੁਰਦਵਾਰੇ ਵੀ ਜਾਂਦੇ ਸਨ।

 

Sikhs Sikhs

 

ਆਰੀਆ ਸਮਾਜ ਨੇ ਦੁਹਾਂ ਵਿਚ ਕੁੱਝ ਫ਼ਰਕ ਪੈਦਾ ਕੀਤਾ ਪਰ ਸਮਾਜਕ ਪੱਧਰ ਤੇ, ਅਖ਼ੀਰ ਤਕ ਹਿੰਦੂ-ਸਿੱਖ ਸਬੰਧ ਭਰਾਵਾਂ ਵਾਲੇ ਹੀ ਸਨ। ਇਹ ਤੇ ਹੋਰ ਕਈ ਕਾਰਨ ਸਨ, ਜਿਨ੍ਹਾਂ ਨੂੰ ਵਿਚਾਰ ਕੇ ਸਾਰੀ ਕੌਮ ਨੇ ਉਪ੍ਰੋਕਤ ਸਾਂਝਾ ਫ਼ੈਸਲਾ ਲਿਆ।  ਕਪੂਰ ਸਿੰਘ ਦੀ ਪੁਸਤਕ ਵਿਚ ਵੀ ਚਾਰ ਸਿੱਖਾਂ ਦੇ ਨਾਂ ਨਹੀਂ ਲੱਭੇ ਜਾ ਸਕਦੇ ਜੋ ਇਸ ਫ਼ੈਸਲੇ ਨੂੰ ਪ੍ਰਵਾਨ ਨਹੀਂ ਸਨ ਕਰਦੇ। ਪਰ ਅੰਗਰੇਜ਼ ਹਾਕਮ ਵੀ ਅਖ਼ੀਰ ਤਕ ਪੂਰੀ ਕੋਸ਼ਿਸ਼ ਕਰਦੇ ਰਹੇ ਕਿ ਅੰਗਰੇਜ਼ਾਂ ਦੇ ਲਾਈਲੱਗ ਸਿੱਖਾਂ ਦਾ ਇਕ ਧੜਾ, ਪਾਕਿਸਤਾਨ ਵਿਚ ਟਿਕੇ ਰਹਿਣ ਦੇ ਹੱਕ ਵਿਚ ਆਵਾਜ਼ ਉੱਚੀ ਕਰੇ। ਕਪੂਰ ਸਿੰਘ ਦੀ ਅਪਣੀ ਲਿਖਤ ਅਨੁਸਾਰ, ਕੇਵਲ ਤਿੰਨ ਸਿੱਖ ਹੀ ਨਿਕਲ ਸਕੇ ਜੋ ਅੰਗਰੇਜ਼ ਅਤੇ ਜਿਨਾਹ ਦੀ ਗੱਲ ਮੰਨ ਕੇ ਪਾਕਿਸਤਾਨ ਵਿਚ ਰਹਿਣ ਦੀ ਵਕਾਲਤ ਕਰਦੇ ਸਨ।

 

Kapur Singh
Kapur Singh

 

ਇਹ ਸਨ  ਕਪੂਰ ਸਿੰਘ ਆਪ, ਸਰ ਜੋਗਿੰਦਰਾ ਸਿੰਘ (ਵਾਇਰਸਰਾਏ ਕੌਂਸਲ ਦੇ ਸਿੱਖ ਮੈਂਬਰ) ਤੇ ਸ. ਸ਼ਿਵਦੇਵ ਸਿੰਘ ਜੋ ਕਪੂਰ ਸਿੰਘ ਨੂੰ ਆਪ ਕਹਿੰਦੇ ਸਨ (ਸਾਚੀ ਸਾਖੀ ਅਨੁਸਾਰ) ਕਿ ‘ਚੀਫ਼ੀਏ’ ਹੋਣ ਕਰ ਕੇ ਉਨ੍ਹਾਂ ਨੂੰ ਅੰਗਰੇਜ਼ ਦੇ ਭਾਈਵਾਲ ਮੰਨਿਆ ਜਾਂਦਾ ਸੀ।  ਅਜਿਹੀ ਹਾਲਤ ਵਿਚ ਵੀ ਸ. ਕਪੂਰ ਸਿੰਘ ਪੂਰਾ ਹੱਕ ਰਖਦੇ ਸੀ ਕਿ ਉਹ ਕਿਤਾਬ ਲਿਖ ਕੇ, ਅੰਗਰੇਜ਼-ਪ੍ਰਸਤ ਤੇ ਜਿਨਾਹ ਦੇ ਹਮਾਇਤੀ ਸਿੱਖਾਂ ਦਾ ਪੱਖ ਸਪੱਸ਼ਟ ਕਰਦੇ (ਭਾਵੇਂ ਉਨ੍ਹਾਂ ਦੀ ਗਿਣਤੀ ਤਿੰਨ ਚਾਰ ਹੀ ਸੀ) ਕਿ ਉਹ ਪਾਕਿਸਤਾਨ ਦੇ ਹੱਕ ਵਿਚ ਕਿਉਂ ਸਨ।  ਪਰ ਕਪੂਰ ਸਿੰਘ ਨੇ ਅਪਣੇ ਇਸ ਹੱਕ ਨੂੰ ਇਸਤੇਮਾਲ ਕਰਨ ਦੀ ਬਜਾਏ ਉਨ੍ਹਾਂ ਸਾਰੇ ਸਿੱਖ ਲੀਡਰਾਂ ਵਿਰੁਧ ਹੀ ਲੱਠ ਚੁਕ ਲਈ ਜਿਨ੍ਹਾਂ ਕਪੂਰ ਸਿੰਘ ਦੀ ਗੱਲ ਨਹੀਂ ਸੀ ਮੰਨੀ (1946-47 ਵਿਚ) ਤੇ ਆਜ਼ਾਦੀ ਮਗਰੋਂ ਉਹ ਸਾਰੇ, ਅਪਣੇ ਅਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਸਨ ਕਿ ਨਹਿਰੂ ਸਰਕਾਰ, ਸਿੱਖਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ। ਸ. ਕਪੂਰ ਸਿੰਘ ਨੇ ਅਜਿਹੇ ਕਿਸੇ ਸਿੱਖ ਵਿਰੁਧ ਇਕ ਅੱਖਰ ਵੀ ਨਾ ਲਿਖਿਆ ਜਿਸ ਨੇ ਆਜ਼ਾਦੀ ਮਗਰੋਂ ਸਰਕਾਰੀ ਨਿਵਾਜ਼ਸ਼ਾਂ ਪ੍ਰਾਪਤ ਕਰ ਕੇ ਸਿੱਖਾਂ ਬਾਰੇ ਜਾਂ ਸਿੱਖ ਮੰਗਾਂ ਬਾਰੇ ਮੂੰਹ ਉਤੇ ਪੂਰੀ ਤਰ੍ਹਾਂ ਪੱਟੀ ਬੰਨ੍ਹ ਲਈ ਸੀ।

 

Sirdar Kapur SinghKapur Singh

 

ਅੰਤਮ ਗੱਲ ਕਿ ਕਪੂਰ ਸਿੰਘ ਨੇ ਵਾਅਦੇ ਪੂਰੇ ਕਰਨ ਦੀ ਮੰਗ ਕਰਨ ਵਾਲਿਆਂ ਵਿਰੁਧ ਉਹੀ ਝੂਠੇ ਦੋਸ਼ ਲਾਏ ਜੋ ਖ਼ੁਫ਼ੀਆ ਏਜੰਸੀਆਂ ਆਪ ਜਾਂ ਅਪਣੇ ਸਿੱਖ ਸ਼ਕਲਾਂ ਵਾਲੇ ਪੱਤਰਕਾਰਾਂ, ਛੋਟੇ ਮੋਟੇ ਸਿਆਸਤਦਾਨਾਂ ਰਾਹੀਂ ਇਨ੍ਹਾਂ ਪੰਥ ਪ੍ਰਤੀ ਪ੍ਰਤੀਬੱਧ ਸਿੱਖ ਲੀਡਰਾਂ ਵਿਰੁਧ ਫੈਲਾਅ ਰਹੀਆਂ ਸਨ।  ਬਲਦੇਵ ਸਿੰਘ ਤੇ ਗਕਰਤਾਰ ਸਿੰਘ ਬਾਰੇ ਤਾਂ ਤੁਸੀ ਪੜ੍ਹ ਹੀ ਚੁਕੇ ਹੋ, ਹੁਣ ਵਾਰੀ ਆਉਂਦੀ ਹੈ, ਮਹਾਰਾਜਾ ਪਟਿਆਲਾ ਯਾਦਵਿੰਦਰਾ ਸਿੰਘ ਦੀ। ਸਿੱਖ ਸਟੇਟ ਦੀ ਬਜਾਏ ‘ਮਹਾਨ ਪਟਿਆਲਾ’ ਕਪੂਰ ਸਿੰਘ ਦਾ ਪਹਿਲਾ ਇਲਜ਼ਾਮ ਹੈ ਕਿ ਜਦ ਸਿੱਖ ਸਟੇਟ ਦੀ ਮੰਗ ਮੰਨਣ ਤੋਂ ਅੰਗਰੇਜ਼ ਨੇ ਨਾਂਹ ਕਰ ਦਿਤੀ ਤਾਂ ਜਿਨਾਹ ਨੇ ਮਹਾਰਾਜਾ ਪਟਿਆਲਾ ਅੱਗੇ ਇਹ ਤਜਵੀਜ਼ ਰੱਖੀ ਕਿ ‘ਮਹਾਨ ਪਟਿਆਲਾ’ ਦੀ ਮੰਗ ਰੱਖ ਲਈ ਜਾਵੇ ਜਿਸ ਨੂੰ ਅੰਗਰੇਜ਼ ਨਾਂਹ  ਨਹੀਂ ਕਰ ਸਕਣਗੇ।

ਜਿਨਾਹ ਅਨੁਸਾਰ, ਜਮਨਾ ਤੇ ਰਾਵੀ ਵਿਚਕਾਰ ਦਾ ਇਲਾਕਾ, ਸਾਰੀਆਂ ਸਿੱਖ ਰਿਆਸਤਾਂ ਤੇ ਪੰਜਾਬ ਦੇ ਕੁੱਝ ਇਲਾਕੇ ਸ਼ਾਮਲ ਕਰ ਕੇ ‘ਮਹਾਨ ਪਟਿਆਲਾ’ ਰਾਜ (ਪਾਕਿਸਤਾਨ ਅੰਦਰ) ਬਣਾ ਦਿਤਾ ਜਾਏ ਜਿਸ ਦਾ ਸਿੱਖ ਰਾਜਾ ਹੋਵੇਗਾ ਜੋ ‘ਸਿੱਖਾਂ ਦਾ ਜਥੇਦਾਰ’ ਮੰਨ ਕੇ, ਇਸ ਰਾਜ ਦਾ ਰਾਜ ਪ੍ਰਮੁੱਖ ਹੋਵੇਗਾ। ਫਿਰ ਇਹ ਇਲਾਕਾ, ਪਾਕਿਸਤਾਨ ਨਾਲ ਸੰਧੀ ਕਰੇਗਾ ਜਿਸ ਰਾਹੀਂ ਪਾਕਿਸਤਾਨ ਇਸ ਨੂੰ ਉਹ ਸਾਰੇ ਅਧਿਕਾਰ ਦੇਵੇਗਾ ਜੋ ਮਿਸਾਲ ਦੇ ਤੌਰ ਤੇ ਕਸ਼ਮੀਰ ਨੂੰ ਹਿੰਦੁਸਤਾਨ ਨੇ ਸੰਵਿਧਾਨ ਰਾਹੀਂ ਦਿਤੇ ਸਨ। ਮਹਾਰਾਜਾ ਯਾਦਵਿੰਦਰਾ ਸਿੰਘ ਨੂੰ ਇਹ ਤਜਵੀਜ਼ (ਸ. ਕਪੂਰ ਸਿੰਘ ਅਨੁਸਾਰ) ਲਾਰਡ ਵੇਵਲ ਨੇ ਵੀ ਪੇਸ਼ ਕੀਤੀ ਸੀ। ਮਹਾਰਾਜੇ ਦਾ ਉੱਤਰ ਸੀ ਕਿ ਜਦ ਸਾਰੇ ਸਿੱਖ, ਪਾਕਿਸਤਾਨ ਵਿਚ ਰਹਿਣ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਤਾਂ ਉਹ ਕਿਵੇਂ ਸਿੱਖ ਕੌਮ ਦੇ ਉਲਟ ਜਾ ਕੇ ਕੋਈ ਗੱਲ ਮੰਨ ਸਕਦੇ ਹਨ? ਉਨ੍ਹਾਂ ਦੀ ਦਲੀਲ ਠੀਕ ਸੀ ਕਿ ਜਿਹੜੀ ਵੀ ਤਜਵੀਜ਼ ਮਨਵਾਉਣੀ ਹੈ, ਉਹ ਪਹਿਲਾਂ ਅਕਾਲੀ ਲੀਡਰਾਂ ਤੋਂ ਪ੍ਰਵਾਨ ਕਰਵਾਈ ਜਾਵੇ। ਸ. ਕਪੂਰ ਸਿੰਘ ਇਸ ਗੱਲ ਤੋਂ ਚਿੜ ਜਾਂਦੇ ਸਨ ਤੇ ਉਹ ਚਾਹੁੰਦੇ ਸੀ ਕਿ ਮਹਾਰਾਜਾ ਪਟਿਆਲਾ, ਮਾ. ਤਾਰਾ ਸਿੰਘ ਤੇ ਗਿ. ਕਰਤਾਰ ਸਿੰਘ ਨਾਲ ਗੱਲ ਕੀਤੇ ਬਿਨਾਂ ਜਿਨਾਹ, ਵੇਵਲ ਤੇ ਕਪੂਰ ਸਿੰਘ ਦੀ ਗੱਲ ਮੰਨ ਲੈਣ। 

ਦੂਜਾ, ਮਹਾਰਾਜਾ ਪਟਿਆਲਾ ਮਾ. ਤਾਰਾ ਸਿੰਘ ਦੀ ਉਸ ਤਜਵੀਜ਼ ਦੀ ਹਮਾਇਤ ਕਰਦੇ ਸਨ ਜਿਸ ਨੂੰ ‘ਆਜ਼ਾਦ ਪੰਜਾਬ’ ਸਕੀਮ ਦਾ ਨਾਂ ਦਿਤਾ ਗਿਆ ਸੀ ਤੇ ਜਿਸ ਵਿਚ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਬਰਾਬਰ ਬਰਾਬਰ ਗਿਣਤੀ ਵਾਲਾ ਰਾਜ ਕਾਇਮ ਕਰਨ ਦੀ ਮੰਗ ਕੀਤੀ ਗਈ ਸੀ। ਇਸ ਨਾਲ ਪੰਜਾਬ ਦੀ ਵੰਡ ਹੀ ਨਹੀਂ ਸੀ ਰੁਕ ਜਾਣੀ ਸਗੋਂ ਹਿੰਦੁਸਤਾਨ ਦੀ ਵੰਡ ਵੀ ਰੁਕ ਜਾਣੀ ਸੀ ਪਰ ਮੁਸਲਿਮ ਲੀਡਰ ਜਦ ਇਹ ‘ਤਿੰਨਾਂ ਕੌਮਾਂ ਦੀ ਬਰਾਬਰੀ’ ਵਾਲਾ ਫ਼ਾਰਮੂਲਾ ਵੀ ਮੰਨਣ ਲਈ ਤਿਆਰ ਨਹੀਂ ਸਨ ਤਾਂ ਪਾਕਿਸਤਾਨ ਅੰਦਰ ਵੱਧ ਤਾਕਤਾਂ ਦੀ ਗੱਲ ਤਾਂ ਸਾਰੀ ਸਿੱਖ ਕੌਮ ਨੂੰ,  ਨਿਰਾ ਛਲਾਵਾ ਹੀ ਲਗਦੀ ਸੀ, ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ ਨੂੰ ਛੱਡ ਕੇ। ਕਪੂਰ ਸਿੰਘ ਸਗੋਂ ਮੁਸਲਿਮ ਲੀਡਰ ਡਾ. ਮੁਹੰਮਦ ਇਕਬਾਲ ਤੇ ਸਰ ਗਜ਼ਨਫ਼ਰ ਅਲੀ ਦੇ ਇਹ ਲਫ਼ਜ਼ ਦੁਹਰਾ ਕੇ ਉਨ੍ਹਾਂ ਨੂੰ ਠੀਕ ਸਾਬਤ ਕਰਨਾ ਚਾਹੁੰਦੇ ਹਨ ਕਿ ‘‘ਸਿੱਖ ਪਤਾ ਨਹੀਂ ਕੀ ਵਿਚਾਰ ਕੇ, ਅਪਣੇ ਲਾਭ ਹਾਣ ਤੋਂ ਬੇਪ੍ਰਵਾਹ ਹੋ ਕੇ, ਕੇਵਲ ਹਿੰਦੂਆਂ ਦੇ ਹਥਠੋਕੇ ਬਣ ਕੇ, ਅਪਣੇ ਮੁਸਲਮਾਨ ਗਵਾਂਢੀਆਂ ਦੇ ਲਹੂ ਵਿਚ ਨਹਾਉਣਾ ਚਾਹੁੰਦੇ ਹਨ।’’

ਇਸ ਕਥਨ ਦੀ ਤਾਈਦ ਕਰਦੇ ਹੋਏ ਕਪੂਰ ਸਿੰਘ ਆਪ ਲਿਖਦੇ ਹਨ, ‘‘ਇਸ ਪ੍ਰਸ਼ਨ ਦਾ ਉੱਤਰ ਸਿੱਖਾਂ ਕੋਲੋਂ ਤਵਾਰੀਖ਼ ਅੱਜ ਵੀ ਮੰਗ ਰਹੀ ਹੈ।’’ ਮਤਲਬ ਤਵਾਰੀਖ਼ ਉਸੇ ਨਿਰਦੋਸ਼ ਤੋਂ ਜਵਾਬ ਮੰਗਦੀ ਹੈ ਜਿਸ ਦਾ ਸੱਭ ਤੋਂ ਵੱਧ ਲਹੂ ਵਗਿਆ ਹੋਵੇ ਤੇ ਸੱਭ ਤੋਂ ਵੱਧ ਲੁੱਟੀ ਮਾਰੀ ਗਈ ਹੋਵੇ? ਕਪੂਰ ਸਿੰਘ ਦੇ ਇਹੋ ਜਿਹੇ ਨਿਸ਼ਕਰਸ਼ ਪੜ੍ਹ ਕੇ ਲਗਦਾ ਨਹੀਂ, ਇਹ ਕਿਤਾਬ ਕਿਸੇ ਸਿੱਖ ਦੀ ਲਿਖੀ ਹੋਈ ਹੈ..... ਮੈਨੂੰ ਤਾਂ ਕਿਸੇ ਵੇਲੇ ਇਕ ਮੁਸਲਿਮ ਲੀਗੀ ਦੀ ਲਿਖੀ ਹੋਈ ਪ੍ਰਤੀਤ ਹੁੰਦੀ ਹੈ ਤੇ ਕਿਸੇ ਵੇਲੇ ਇਕ ਅੰਗਰੇਜ਼ ਭਗਤ ਦੀ।  ਲਗਦਾ ਹੈ ਆਜ਼ਾਦੀ ਤੋਂ ਪਹਿਲਾਂ ਕਪੂਰ ਸਿੰਘ ਸਿਰਫ਼ ਜਿਨਾਹ, ਲਾਰਡ ਵੇਵਲ ਤੇ ਡਾ. ਇਕਬਾਲ ਦੇ ਵਕੀਲ ਹੀ ਬਣੇ ਰਹੇ। ਸਿੱਖਾਂ ਦੀ ਹਰ ਗੱਲ ਤਾਂ ਉਹ ਲੀਗੀ ਲੀਡਰਾਂ ਦੀ ਜ਼ਬਾਨ ਵਰਤ ਕੇ ਰੱਦ ਕਰ ਦੇਂਦੇ ਸਨ। ਅੰਤ ਵਿਚ ਨਿਰਣਾ ਲੀਗੀ ਲੀਡਰਾਂ ਵਾਲਾ ਹੀ ਦੇਂਦੇ ਹਨ, ‘‘ਸੰਨ 1946 ਦੇ ਅੰਤ ਵਿਚ ਇਹ ਸਪੱਸ਼ਟ ਹੋ ਚੁਕਾ ਸੀ ਕਿ ਸਿੱਖਾਂ ਦੇ ਲੀਡਰ, ਸਿੱਖਾਂ ਦਾ ਹਾਣ ਲਾਭ ਵਿਚਾਰਨ ਦੀ ਥਾਂ, ਕੇਵਲ ਮੁਸਲਮਾਨਾਂ ਨੂੰ ਨਿਜੀ ਰਖਿਆ ਦੇ ਸਾਧਨਾਂ ਵਿਚ ਸਫ਼ਲ ਨਹੀਂ ਸਨ ਹੋਣ ਦੇਣਾ ਚਾਹੁੰਦੇ।’’ 

ਅੰਤ ਵਿਚ ਉਹ 1946 ਵਿਚ ਪੋਠੋਹਾਰ ਵਿਚ  ਸਿੱਖਾਂ ਉਤੇ, ਬਿਨਾਂ ਕਾਰਨ ਕੀਤੇ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਨੂੰ ਵੀ ਇਹ ਕਹਿ ਕੇ ਜਾਇਜ਼ ਠਹਿਰਾਅ ਦੇਂਦੇ ਹਨ ਕਿ ਜਿਵੇਂ ਚਾਰੇ ਪਾਸਿਉਂ, ਘਿਰੀ ਹੋਈ ਬਿੱਲੀ, ਅਪਣੇ ਆਪ ਨੂੰ ਬਚਾਉਣ ਲਈ ਖ਼ੂੰਖ਼ਾਰ ਬਣ ਜਾਂਦੀ ਹੈ, ਇਸੇ ਤਰ੍ਹਾਂ ਮੁਸਲਮਾਨ ‘ਫਸੀ ਹੋਈ ਬਿੱਲੀ’ ਵਾਂਗ, ਸਿੱਖਾਂ ਦਾ ਕਤਲੇਆਮ ਕਰ ਗਏ, ਵੈਸੇ ਉਹ ਏਨੇ ਮਾੜੇ ਨਹੀਂ ਸਨ।   (ਪਤਾ ਨਹੀਂ 84 ਦਾ ਸਿੱਖ ਕਤਲੇਆਮ ਕਰਨ ਵਾਲਿਆਂ ਨੇ ਕਪੂਰ ਸਿੰਘ ਦੀ ਅਤਿ ਘਟੀਆ ਦਲੀਲ ਅਪਣੇ ਕਤਲੇਆਮ ਨੂੰ ਜਾਇਜ਼ ਦੱਸਣ ਲਈ ਕਿਉਂ ਨਹੀਂ ਵਰਤੀ?) ਕੁੱਝ ਨਹੀਂ ਦਸਿਆ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ ਕਿਥੇ ਘੇਰਿਆ ਹੋਇਆ ਸੀ ਤੇ ਪੋਠੋਹਾਰ ਦੇ ਸਿੱਖ ਤਾਂ ਪਹਾੜੀ ਇਲਾਕੇ ਵਿਚ ਰਹਿੰਦੇ ਹੋਣ ਕਰ ਕੇ, ਕਿਸੇ ਨੂੰ ਘੇਰਨ ਦੀ ਤਾਕਤ ਹੀ ਨਹੀਂ ਸਨ ਰਖਦੇ। ਪੁਸਤਕ ਦੇ ‘ਕਮਿਊਨਲ ਅਵਾਰਡ’ ਵਾਲੇ ਭਾਗ ਵਿਚ ਸ. ਕਪੂਰ ਸਿੰਘ ਮੁਸਲਿਮ ਲੀਗ ਦੇ ਵਕੀਲ ਹੀ ਲਗਦੇ ਹਨ, ਜਿਨ੍ਹਾਂ ਦਾ ਮਕਸਦ ਸਿੱਖਾਂ ਉਤੇ ਹੀ ਸਾਰਾ ਦੋਸ਼ ਮੜ੍ਹਨਾ ਮਿਥਿਆ ਗਿਆ ਸੀ ਤੇ ਅੰਗਰੇਜ਼ਾਂ, ਮੁਸਲਮਾਨਾਂ ਨੂੰ ਬਰੀ ਕਰਨਾ। ਅਜਿਹੇ ਲੇਖਕ ਨੂੰ ਸਿੱਖ ਲੇਖਕ ਕਹਿਣਾ ਵੀ ਔਖਾ ਲਗਦਾ ਹੈ। ਬਾਕੀ ਅਗਲੇ ਐਤਵਾਰ।                    (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement