
ਸ਼ੁਕਰ ਹੈ ਅਕਾਲੀਆਂ ਨੂੰ ਵੀ ‘ਚੌਥੇ ਥੰਮ’ ਦੇ ਦਰਦ ਦਾ ਅਹਿਸਾਸ ਹੋ ਗਿਆ ਹੈ, ਭਾਵੇਂ ਗ਼ਲਤ ਮੌਕੇ ਹੀ ਸਹੀ!
ਜ਼ੁਰਾ ਕੁ ਕੰਡਾ ਚੁੱਭਣ ਤੇ ਹਾਹਾਕਾਰ ਮਚਾ ਦੇਣ ਵਾਲੀ ਪੱਤਰਕਾਰੀ ਉਸ ਪੰਜਾਬ ਵਿਚ
ਜਿਥੇ 21 ਸਾਲ (11+10) ਤਕ ਸਰਕਾਰੀ ਇਸ਼ਤਿਹਾਰਾਂ ਨੂੰ ਲੱਤ ਮਾਰ ਕੇ ਸਪੋਕਸਮੈਨ ਨੇ ਸੰਸਾਰ ਰੀਕਾਰਡ ਕਾਇਮ ਕੀਤਾ
ਸ਼ੁਕਰ ਹੈ ਅਕਾਲੀਆਂ ਨੂੰ ਵੀ ‘ਚੌਥੇ ਥੰਮ’ ਦੇ ਦਰਦ ਦਾ ਅਹਿਸਾਸ ਹੋ ਗਿਆ ਹੈ, ਭਾਵੇਂ ਗ਼ਲਤ ਮੌਕੇ ਹੀ ਸਹੀ!
ਬਾਦਲ ਪ੍ਰਵਾਰ ਦਾ ਇਕ ਚਹੇਤਾ ਅਖ਼ਬਾਰ ਹੈ ਪੰਜਾਬ ਵਿਚ ਜੋ ਅਖ਼ਬਾਰ ਨਾਲੋਂ ਜ਼ਿਆਦਾ ਬਾਦਲ ਪ੍ਰਵਾਰ ਦਾ ‘ਚੌਥਾ ਥੰਮ੍ਹ’ ਹੈ। ਉਸੇ ਅਖ਼ਬਾਰ ਤੋਂ ਪਤਾ ਲੱਗਾ ਹੈ ਕਿ ਉਸ ਦੇ ਸਰਕਾਰੀ ਇਸ਼ਤਿਹਾਰ ਕੁੱਝ ਦਿਨਾਂ ਤੋਂ ਸਰਕਾਰ ਨੇ ਰੋਕ ਦਿਤੇ ਹਨ (ਕੋਈ ਨਾਰਾਜ਼ਗੀ ਹੋ ਗਈ ਹੋਣੀ ਹੈ ਕਿਸੇ ਗੱਲੋਂ) ਪਰ ਇਹ ਕੋਈ ਖ਼ਾਸ ਗੱਲ ਵੀ ਨਹੀਂ, ਥੋੜੇ ਦਿਨਾਂ ਵਾਸਤੇ ਇਸ਼ਤਿਹਾਰ ਰੋਕਣਾ ਇਸ ਦੇਸ਼ ਵਿਚ ਆਮ ਜਹੀ ਗੱਲ ਹੈ। ਟਰੀਬਿਊਨ ਦੇ ਇਸ਼ਤਿਹਾਰ ਵੀ ਕਈ ਵਾਰ ਰੋਕੇ ਗਏ ਹਨ ਤੇ ਸ਼ਾਇਦ ਅੱਜ ਵੀ ਰੁਕੇ ਹੋਏ ਹਨ। ਸਪੋਕਸਮੈਨ ਦੇ ਇਸ਼ਤਿਹਾਰ ਪਿਛਲੇ ਦੋ ਸਾਲਾਂ ਵਿਚ ਤੇ ਇਸ ਸਾਲ ਵੀ ਤਿੰਨ ਵਾਰ ਰੁਕੇ ਹਨ। ਇਨ੍ਹਾਂ ਦੁਹਾਂ ਨੇ ਤਾਂ ਜ਼ਿਕਰ ਵੀ ਕਦੇ ਨਹੀਂ ਕੀਤਾ ਕਿਉਂਕਿ ਇਹ ਆਮ ਹੁੰਦਾ ਹੈ ਤੇ ਵਾਰ ਵਾਰ ਹੁੰਦਾ ਹੈ ਪਰ ਬਾਦਲਾਂ ਦੇ ‘ਚੌਥੇ ਥੰਮ੍ਹ’ ਦੇ ਇਸ਼ਤਿਹਾਰ ਤਿੰਨ ਚਾਰ ਦਿਨ ਲਈ ਰੋਕਣ ਮਗਰੋਂ ਵੇਖੋ ਸਾਡੇ ਅਕਾਲੀ ਲੀਡਰਾਂ ਨੂੰ ‘ਚੌਥੇ ਥੰਮ੍ਹ’ ਦਾ ਹੇਜ ਕਿਵੇਂ ਜਾਗ ਪਿਆ ਤੇ ਕਿਵੇਂ ਬਿਆਨਬਾਜ਼ੀ ਸ਼ੁਰੂ ਹੋ ਗਈ।
ਹਾਂ ਹਾਂ, ਮੈਨੂੰ ਸਮਝ ਆ ਗਈ ਕਿ ਦੂਜੇ ਅਖ਼ਬਾਰ ਅਜਿਹੀ ਆਰਜ਼ੀ ਪਾਬੰਦੀ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇਂਦੇ ਕਿਉਂਕਿ ਇਹ ਉਨ੍ਹਾਂ ਲਈ ਆਮ ਜਹੀ ਗੱਲ ਹੁੰਦੀ ਹੈ ਪਰ ਇਸ ਬਾਦਲਾਂ ਦੇ ‘ਚੌਥੇ ਥੰਮ੍ਹ’ ਉਤੇ ਦੋ ਚਾਰ ਦਿਨ ਦੀ ਪਾਬੰਦੀ ਲਗਣੀ ਵੀ ਇਕ ‘ਇਤਿਹਾਸਕ’ ਗੱਲ ਹੈ ਸ਼ਾਇਦ ਕਿਉਂਕਿ ਬਾਦਲਾਂ ਦਾ ਇਹ ਚੌਥਾ ਥੰਮ੍ਹ ਤਾਂ ਸ਼ੁਰੂ ਤੋਂ ਹੀ ਹਰ ਸਰਕਾਰ ਦਾ ਪਹਿਲੇ ਦਿਨ ਤੋਂ ਯਾਰ ਦੋਸਤ ਬਣ ਜਾਂਦਾ ਰਿਹਾ ਹੈ। ਕੈਰੋਂ ਤੋਂ ਸ਼ੁਰੂ ਹੋ ਕੇ ਅੱਜ ਤਕ ਇਸ ਚੌਥੇ ਥੰਮ੍ਹ ਦੀ, ਹਰ ਸਰਕਾਰ ਨਾਲ ਯਾਰੀ ਪੱਕੀ ਰਹੀ ਹੈ (ਸਿਵਾਏ ਇਕ ਵਾਰ ਥੋੜੇ ਸਮੇਂ ਲਈ ਕੈਪਟਨ ਅਮਰਿੰਦਰ ਸਰਕਾਰ ਨਾਲ ਜੋ ਛੇਤੀ ਹੀ ਠੀਕ ਠਾਕ ਵੀ ਹੋ ਗਈ)। ਬਾਦਲਾਂ ਦੇ ਨਜ਼ਦੀਕੀ ਅਖ਼ਬਾਰ ਉਤੇ ਤਾਜ਼ਾ ਪਾਬੰਦੀ, ਭਾਵੇਂ ਕੁੱਝ ਦਿਨਾਂ ਦੀ ਹੀ ਹੈ ਪਰ ‘ਇਤਿਹਾਸਕ’ ਇਸ ਲਈ ਹੈ ਕਿ ਜਿਸ ਅਖ਼ਬਾਰ ਨੇ ਸਰਕਾਰੇ ਦਰਬਾਰੋਂ ‘ਪਦਮ ਸ੍ਰੀ’ ਤੋਂ ਲੈ ਕੇ ਰਾਜ ਸਭਾ ਦੀ ਮੈਂਬਰੀ, ਸਰਕਾਰ ਵਲੋਂ ਬਣਾਈਆਂ ਵੱਡੀਆਂ ਯਾਦਗਾਰਾਂ ਦੀਆਂ ਚੇਅਰਮੈਨੀਆਂ ਮੁਫ਼ਤ ਵਿਚ ਲਈਆਂ ਹੋਣ ਤੇ ਪੰਜਾਬ ਵਿਚ ਥਾਂ-ਥਾਂ ਸਰਕਾਰ ਕੋਲੋਂ ਜਾਇਦਾਦਾਂ ਵੀ ਲਈਆਂ ਹੋਣ ਤੇ ਉਸ ਦੇ ਇਹ ਸਰਕਾਰੀ ‘ਗੱਫੇ’ ਹੀ ਉਸ ਦੀ ਆਜ਼ਾਦ ਪੱਤਰਕਾਰੀ ਦਾ ਜੀਊਂਦਾ ਜਾਗਦਾ ਸਬੂਤ ਹੋਣ ਤਾਂ ਉਸ ਦੇ ਮਾਮਲੇ ਵਿਚ ਕੁੱਝ ਦਿਨ ਦੀ ਸਰਕਾਰੀ ਨਾਰਾਜ਼ਗੀ ਹੈਰਾਨ ਕਰ ਦੇਣ ਵਾਲੀ ਘਟਨਾ ਹੀ ਬਣ ਜਾਂਦੀ ਹੈ। ਸਿਆਸਤ ਅਤੇ ਪੱਤਰਕਾਰੀ ਨੂੰ ਨਿਜੀ ਪ੍ਰਤਿਭਾ ਅਤੇ ਠਾਠ ਲਈ ਵਰਤਣ ਵਾਲੇ ਹੀ ਤਾਂ ਅੱਜ ਪੀੜਤ ਅਤੇ ਕੁਰਬਾਨੀ ਵਾਲੇ ਹੋਣ ਦਾ ਢੰਡੋਰਾ ਪਿਟਦੇ ਵੇਖੇ ਜਾਂਦੇ ਹਨ ਜਦਕਿ ਉਨ੍ਹਾਂ ਦੇ ਅਤਾਬ ਦਾ ਮੁਕਾਬਲਾ ਕਰਨ ਵਾਲੇ ਚੁਪਚਾਪ ਸਾਹਮਣੇ ਬੈਠੇ ਅੱਜ ਵੀ ਉਨ੍ਹਾਂ ਦਾ ਸ਼ੁਰੂ ਕੀਤਾ ਜ਼ੁਲਮ ਸਹਿ ਰਹੇ ਹਨ। ਇਸ ਹਾਲਤ ਵਿਚ ਛੋਟੀ ਜਹੀ ਸਰਕਾਰੀ ਨਾਰਾਜ਼ਗੀ ਸਦਕਾ ਛੋਟਾ ਜਿਹਾ ਨੁਕਸਾਨ ਵੀ ਪਹਾੜ ਜਿੱਡਾ ਲਗਣਾ ਹੀ ਹੋਇਆ ਤੇ ਉਸ ਨੇ ਅਕਾਲੀਆਂ ਨੂੰ ਕਹਿਣਾ ਹੀ ਹੋਇਆ ਕਿ ਛੇਤੀ ਰੌਲਾ ਪਾਉ ਤੇ ਮੇਰਾ ਕੁੱਝ ਦਿਨਾਂ ਦਾ ਨੁਕਸਾਨ ਵੀ ਰੋਕ ਲਉ। ਪੰਜਾਹ ਸਾਲ ਤੋਂ ਹਰ ਸਰਕਾਰੀ ਨਿਵਾਜ਼ਸ਼ ਦਾ ਕੱਲਮ-ਕੱਲਾ ਦਾਅਵੇਦਾਰ (ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ) ਅੱਜ ਇਕ ਡੰਗ ਦੀ ਰੋਟੀ ਖੁੱਸਣ ਤੇ ਏਨਾ ਸ਼ੋਰ ਮਚਾ ਰਿਹਾ ਹੈ ਜਿਵੇਂ ਇਸ ਦਾ ਸੱਭ ਕੁੱਝ ਖੋਹਿਆ ਜਾ ਰਿਹੈ। ਮੁਕਾਬਲੇ ਤੇ ਪੰਜਾਬੀ ਟਰੀਬਿਊਨ ਦਾ ਰਵਈਆ ਵੀ ਵੇਖ ਲਉ। ਸਪੋਕਸਮੈਨ ਮੈਗਜ਼ੀਨ ਤੇ ਅਖ਼ਬਾਰ ਨੇ 21 ਸਾਲ ਲਗਾਤਾਰ ਇਕ ਪੈਸੇ ਦੇ ਵੀ ਸਰਕਾਰੀ ਇਸ਼ਤਿਹਾਰ ਦਾ ਮੂੰਹ ਨਹੀਂ ਸੀ ਵੇਖਿਆ ਤੇ ਅਕਾਲੀ ਵਜ਼ੀਰਾਂ ਵਲੋਂ ਇਸ਼ਤਿਹਾਰ ਜਬਰੀ ਦੇਣ ਤੇ ਵੀ ਲੈਣੋਂ ਨਾਂਹ ਕਰ ਦਿਤੀ ਸੀ, ਇਸੇ ਲਈ ਇਸ ਨੂੰ ਸਬਰ ਕਰਨ ਤੇ ਅਪਣੀ ਮਿਹਨਤ ਉਤੇ ਭਰੋਸਾ ਰੱਖਣ ਦੀ ਚੰਗੀ ਜਾਚ ਹੈ। ਬਾਦਲ ਅਕਾਲੀ ਦਲ ਵਾਲੇ ਜਿਸ ‘ਚੌਥੇ ਥੰਮ੍ਹ’ ਦੀ ‘ਕੁਰਬਾਨੀ’ ਲਈ ਆਵਾਜ਼ ਚੁਕ ਰਹੇ ਹਨ, ਇਤਿਹਾਸ ਵਿਚ ਇਸ ਨੂੰ ਹੀ ਇਹ ਮਾਣ ਪ੍ਰਾਪਤ ਹੈ ਕਿ ਇਸ ਨੇ ਹਰ ਨਵੇਂ ਪੰਜਾਬੀ ਅਖ਼ਬਾਰ ਦਾ ਡੱਟ ਕੇ ਵਿਰੋਧ ਕੀਤਾ। ਜੱਗਬਾਣੀ ਵਿਰੁਧ ਪ੍ਰਚਾਰ ਇਸ ਦੇ ਪੰਨਿਆਂ ’ਤੇ ਦਰਜ ਹੈ। ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਤਾਂ ਇਸ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਦਿਤਾ ਸੀ।
ਯਕੀਨਨ ਬਹੁਤ ‘ਪੀੜਤ’ ਅਖ਼ਬਾਰ ਹੈ ਇਹ ਅਤੇ ਅਕਾਲੀਆਂ ਨੂੰ ਇਸ ਦੇ ਦੋ ਚਾਰ ਦਿਨ ਤੋਂ ਰੋਕੇ ਇਸ਼ਤਿਹਾਰ ਜਾਰੀ ਕਰਵਾ ਦੇਣੇ ਚਾਹੀਦੇ ਹਨ ਕਿਉਂਕਿ ਬਾਦਲਾਂ ਦਾ ‘ਚੌਥਾ ਥੰਮ੍ਹ’ ਬਹੁਤੇ ਦਿਨ ਏਨੇ ਵੱਡੇ ਘਾਟੇ ਅਰਥਾਤ ਦੋ ਚਾਰ ਲੱਖ ਦੀ ਏਨੀ ਵੱਡੀ ‘ਕੁਰਬਾਨੀ’ ਨਹੀਂ ਦੇ ਸਕਦਾ ਤੇ ਅਸਮਾਨ ਸਿਰ ’ਤੇ ਚੁੱਕੀ ਰਖੇਗਾ। ਇਹ ਕੋਈ ਸਪੋਕਸਮੈਨ ਤਾਂ ਨਹੀਂ ਜਿਹੜਾ 20-21 ਸਾਲ ਲਗਾਤਾਰ ਸਰਕਾਰੀ ਇਸ਼ਤਿਹਾਰਾਂ ਤੋਂ ਬਿਨਾਂ ਵੀ ਝੰਡੇ ਗੱਡ ਕੇ ਵਿਖਾ ਸਕਦਾ ਹੋਵੇ।
ਮੈਂ ਹੋਰ ਗੱਲਾਂ ਦਾ ਜ਼ਿਕਰ ਨਹੀਂ ਕਰਦਾ, ਕੇਵਲ ਉਨ੍ਹਾਂ ਦਾ ਜ਼ਿਕਰ ਕਰਦਾ ਹਾਂ ਜੋ ਇਸ ਅਖ਼ਬਾਰ ਦੇ ਪੰਨਿਆਂ ’ਤੇ ਅੱਜ ਵੀ ਵੇਖੀਆਂ ਜਾ ਸਕਦੀਆਂ ਹਨ।
ਬਾਦਲਾਂ ਦੇ ‘ਚੌਥੇ ਥੰਮ੍ਹ’ ਦੇ ਹੱਕ ਵਿਚ ਅਥਰੂ ਵਹਾਉਣ ਵਾਲੇ ਅਕਾਲੀਆਂ ਦੇ ਅਪਣੇ ਰਾਜ ਵੇਲੇ ਹਾਲ ਕੀ ਸੀ, ਇਸ ਬਾਰੇ ਅਪਣਾ ਤਜਰਬਾ ਸੁਣਾ ਦੇਂਦਾ ਹਾਂ।
ਪਹਿਲੇ 3-4 ਸਾਲ ਤਾਂ ਉਹ ਖ਼ੂਬ ਗਰਜਦੇ ਰਹੇ ਕਿ ‘ਬੰਦ ਕਰਵਾ ਕੇ ਵਿਖਾ ਦਿਆਂਗੇ’ ਤੇ ਐਡੀਟਰ ਨੂੰ ਗੱਲ ਵਿਚ ਪੱਲਾ ਪਾ ਕੇ ਮਾਫ਼ੀ ਮੰਗਣ ਲਈ ਮਜਬੂਰ ਕਰ ਦਿਆਂਗੇ।’ ਮੈਂ ਇਨ੍ਹਾਂ ਨੂੰ ਪੁਛਿਆ ਕਿ ਮੈਂ ਤਾਂ ਉਨ੍ਹਾਂ ਅਨੁਸਾਰ, ਕੁੱਝ ਗ਼ਲਤ ਕੀਤਾ ਹੋਵੇਗਾ ਪਰ ਅਖ਼ਬਾਰ ਵਿਰੁਧ ਉਹ ਕਿਹੜੀ ਗੱਲੋਂ ਲੱਠ ਲੈ ਕੇ ਪਹਿਲੇ ਦਿਨ ਤੋਂ ਹੀ ਪਏ ਹੋਏ ਹਨ? ਅਖ਼ਬਾਰ ਨੇ ਪਹਿਲੀ ਦਸੰਬਰ 2005 ਨੂੰ ਹੀ ਕੀ ਗ਼ਲਤ ਲਿਖ ਦਿਤਾ ਸੀ? ਉਨ੍ਹਾਂ ਕੋਲ ਜਵਾਬ ਕੋਈ ਨਹੀਂ ਸੀ। ਮੂੰਹ ਇਕ ਪਾਸੇ ਕਰ ਕੇ ਕਹਿ ਦੇਂਦੇ ਸਨ, ‘‘ਤੈਨੂੰ ਚੁੱਪ ਤਾਂ ਹੀ ਕਰਾ ਸਕਾਂਗੇ ਜੇ ਰੋਜ਼ਾਨਾ ਸਪੋਕਸਮੈਨ ਨੂੰ ਚੁੱਪ ਕਰਵਾ ਲਿਆ।’’.... ਖ਼ੈਰ, 3-4 ਸਾਲ ਮਗਰੋਂ ਜਦ ਉਨ੍ਹਾਂ ਨੂੰ ਸਮਝ ਆ ਗਈ ਕਿ ਉਹ ਅਖ਼ਬਾਰ ਨਾਲ ਲੜਾਈ ਜਿੱਤ ਨਹੀਂ ਸਕਣਗੇ ਤਾਂ ਉਨ੍ਹਾਂ ‘ਸਮਝੌਤੇ’ ਦੀ ਗੱਲ ਛੇੜ ਦਿਤੀ। ਬਾਦਲ ਪ੍ਰਵਾਰ ਦੇ ਲਗਭਗ ਸਾਰੇ ਜੀਅ ਮੇਰੇ ਕੋਲ ‘ਗਿਫ਼ਟ’ ਲੈ ਕੇ ਆਏ, ਪ੍ਰਸ਼ਾਦ ਪਾਣੀ ਛੱਕ ਕੇ ਗਏ ਤੇ ਬੇਨਤੀਆਂ ਕਰਨ ਲੱਗੇ ਕਿ ਮੈਂ ਪਿਛਲਾ ਸੱਭ ਕੁੱਝ ਭੁਲ ਜਾਵਾਂ ਤੇ ਇਕ ਮਿੰਟ ਲਈ ਅਕਾਲ ਤਖ਼ਤ ਦੇ ਪੁਜਾਰੀਆਂ ਕੋਲ ਪੇਸ਼ ਹੋਣ ਦੀ ਰਸਮ ਪੂਰੀ ਕਰ ਆਵਾਂ ‘‘ਤਾਂ ਬਾਕੀ ਜੋ ਤੁਸੀ ਕਹੋਗੇ, ਉਹੀ ਹੋਵੇਗਾ।’’ ਮੈਂ ਕਿਹਾ ਜਦ ਪੁਜਾਰੀਆਂ ਦਾ ਫ਼ੈਸਲਾ ਹੀ ਗ਼ਲਤ ਸੀ ਤਾਂ ਮੈਂ ਕਿਉਂ ਜਾਵਾਂ? ਜੇ ਏਨੀ ਗੱਲ ਹੀ ਸਮਝਾ ਦਿਉ ਤਾਂ ਮੈਂ ਚਲਾ ਜਾਵਾਂਗਾ ਪਰ ਜਦ ਤਕ ਮੈਨੂੰ ਮੇਰੀ ਗ਼ਲਤੀ ਨਹੀਂ ਦੱਸੀ ਜਾਂਦੀ, ਮੈਂ ਬਿਲਕੁਲ ਪੇਸ਼ ਨਹੀਂ ਹੋਵਾਂਗਾ।
ਫਿਰ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਕੋਲੋਂ ਮੈਨੂੰ ਟੈਲੀਫ਼ੋਨ ਕਰਵਾਇਆ। ਮੈਨੂੰ ਵੀ ਬੜੀ ਹੈਰਾਨੀ ਹੋਈ ਕਿ ਮੈਨੂੰ ਜਥੇਦਾਰ ਕਿਵੇਂ ਫ਼ੋਨ ਕਰ ਸਕਦਾ ਹੈ, ਪਰ ਉਹਨਾਂ ਦੋ ਵਾਰ ਕਿਹਾ, ‘‘ਮੈਂ ਜਥੇਦਾਰ ਅਕਾਲ ਤਖ਼ਤ ਹੀ ਹਾਂ ਗਿਆਨੀ ਗੁਰਬਚਨ ਸਿੰਘ ਤੇ ਫਿਰ ਸਾਡੇ ਅੰਮ੍ਰਿਤਸਰ ਦੇ ਪੱਤਰਕਾਰ ਕੋਲੋਂ ਤਸਦੀਕ ਕਰਵਾਈ ਅਤੇ ਬੋਲੇ, ‘‘ਮੈਂ ਇਹ ਕਹਿਣ ਲਈ ਹੀ ਫ਼ੋਨ ਕੀਤਾ ਹੈ ਕਿ ਹੁਣ ਬਹੁਤ ਹੋ ਗਈ ਹੈ, ਪੰਥ ਦੀ ਖ਼ਾਤਰ ਲੜਾਈ ਬੰਦ ਕਰ ਕੇ ਇਕ ਮਿੰਟ ਲਈ ਆ ਜਾਉ। ਇਕ ਮਿੰਟ ਵਿਚ ਕੋਈ ਸਵਾਲ ਜਵਾਬ ਕੀਤੇ ਬਿਨਾ, ਮਾਮਲਾ ਖ਼ਤਮ ਕਰ ਦਿਤਾ ਜਾਏਗਾ।’’
ਮੈਂ ਕਿਹਾ, ‘‘ਪੰਥ ਦੀ ਖ਼ਾਤਰ ਮੈਂ ਕਲ ਵੀ ਆਉਣ ਨੂੰ ਤਿਆਰ ਹਾਂ ਪਰ ਪਹਿਲਾਂ ਮੇਰੀ ਗ਼ਲਤੀ ਤਾਂ ਮੈਨੂੰ ਦੱਸੋ। ਮੈਂ ਗ਼ਲਤੀ ਕਿਹੜੀ ਕਰ ਦਿਤੀ ਸੀ?’’
ਗਿ. ਗੁਰਬਚਨ ਸਿੰਘ ਬੋਲੇ, ‘‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਐਲਾਨ ਕਰਦਾ ਹਾਂ ਕਿ ਤੁਸੀ ਕੋਈ ਗ਼ਲਤੀ ਨਹੀਂ ਸੀ ਕੀਤੀ, ਗ਼ਲਤੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ (ਪਿਛਲੇ ਜਥੇਦਾਰ) ਨੇ ਕੀਤੀ ਸੀ....।’’
ਮੈਂ ਕਿਹਾ, ‘‘ਫਿਰ ਵੇਦਾਂਤੀ ਨੂੰ ਪੇਸ਼ੀ ’ਤੇ ਬੁਲਾਉ। ਨਹੀਂ ਬੁਲਾਣਾ ਤਾਂ ਸਿੱਧੀ ਗ਼ਲਤੀ ਮੰਨੋ ਤੇ ਹੁਕਮਨਾਮਾ ਵਾਪਸ ਲੈ ਲਉ।’’ ਜਥੇਦਾਰ ਜੀ ਕਹਿਣ ਲੱਗੇ ਕਿ ‘‘ਮਰਿਆਦਾ ਇਹੀ ਹੈ ਕਿ ਗ਼ਲਤੀ ਭਾਵੇਂ ਸਾਡੀ ਹੀ ਹੋਵੇ ਪਰ ਭੁੱਲ ਤਨਖ਼ਾਹੀਏ ਨੂੰ ਹੀ ਬਖ਼ਸ਼ਵਾਣੀ ਪੈਂਦੀ ਹੈ ਤੇ ਤਾਂ ਹੀ ਹੁਕਮਨਾਮਾ ਵਾਪਸ ਹੋ ਸਕਦਾ ਹੈ।’’
ਮੈਂ ਕਿਹਾ, ‘‘ਫਿਰ ਇਹ ਤਾਂ ਧੱਕਾ ਹੈ ਕਿ ਜਿਸ ਉਤੇ ਗ਼ਲਤ ਇਲਜ਼ਾਮ ਲਾ ਕੇ ਹੁਕਮਨਾਮਾ ਜਾਰੀ ਕਰ ਦਿਤਾ, ਉਹੀ ਅਕਾਲ ਤਖ਼ਤ ’ਤੇ ਆ ਕੇ ਝੂਠੀ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਮੇਰੀ ਭੁੱਲ ਮਾਫ਼ ਕਰ ਦਿਉ ਜੀ। ਮੈਂ ਇਹ ਝੂਠੀ ਅਰਦਾਸ ਨਹੀਂ ਕਰਨੀ। ਤੁਹਾਨੂੰ ਹੀ ਗ਼ਲਤ ਫ਼ੈਸਲਾ ਵਾਪਸ ਲੈਣਾ ਪਵੇਗਾ ਨਹੀਂ ਤੇ ਮੈਂ ਅਪਣੀ ਥਾਂ ਰਾਜ਼ੀ, ਤੁਸੀ ਅਪਣੀ ਥਾਂ।’’
ਗਿ. ਗੁਰਬਚਨ ਸਿੰਘ ਦਾ ਅੰਤਮ ਫ਼ਿਕਰਾ ਨੋਟ ਕਰਨ ਵਾਲਾ ਸੀ ਕਿ ‘‘ਉਹਦੇ ਲਈ ਤਾਂ ਫਿਰ ਤੁਹਾਨੂੰ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਜਾਣਾ ਪਵੇਗਾ। ਉਹੀ ਕੁੱਝ ਕਰ ਸਕਦੇ ਹਨ। ਸਾਡੀ ਤਾਂ ਏਨੀ ਤਾਕਤ ਨਹੀਂ।’’
ਸੋ ਇਹ ਸੀ ‘‘ਚੌਥੇ ਥੰਮ੍ਹ’’ ਦੀ ਹਾਲਤ ਅਕਾਲੀ ਸਰਕਾਰ ਵਿਚ ਕਿ ‘ਹੁਕਮਨਾਮੇ’ ਬਾਰੇ ਵੀ ਆਖ਼ਰੀ ਤਾਕਤ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਸੀ, ਜਥੇਦਾਰ ਕੋਲ ਨਹੀਂ। ਮੈਂ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਨਹੀਂ ਗਿਆ ਤੇ ਗੱਲ ਉਥੇ ਹੀ ਖ਼ਤਮ ਹੋ ਗਈ। ‘ਚੌਥੇ ਥੰਮ੍ਹ’ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਜ਼ਰਾ ਅਪਣੇ ਵੇਲੇ ‘ਚੌਥੇ ਥੰਮ੍ਹ’ ਦੀ ਹਾਲਤ ਵਲ ਨਜ਼ਰ ਮਾਰ ਲੈਣ, ਫਿਰ ਕਿਸੇ ਹੋਰ ਬਾਰੇ ਗੱਲ ਕਰਨ ਦੀ ਖੇਚਲ ਕਰਨ।