
ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਜਾਂ ਕੁਚਲਵਾਉਣ ਵਾਲੇ ਕਿਸੇ ਐਡੀਟਰ ਨੂੰ ਇਨਾਮ ਲਈ ਚੁਣਨਾ ਹੋਵੇ ਤਾਂ ਪਹਿਲਾ ਇਨਾਮ ਯਕੀਨਨ ਤੁਹਾਨੂੰ ਹੀ ਮਿਲੇਗਾ, ਹੋਰ ਕੋਈ ਨਹੀਂ ਲੈ ਸਕਦਾ
Nijji Diary De Panne : ਬਰਜਿੰਦਰ ਹਮਦਰਦ ਨੂੰ ਮੈਂ ਅਪਣੇ ਛੋਟੇ ਭਰਾ ਵਜੋਂ ਜਾਣਦਾ ਸੀ। ਉਸ ਦੇ ਅਪਣੇ ਪਿਤਾ ਨਾਲ ਮਤਭੇਦ ਹੋ ਗਏ ਕਿਉਂਕਿ ਬਰਜਿੰਦਰ ਕਾਮਰੇਡੀ ਸੋਚ ਵਾਲਾ ਨੌਜੁਆਨ ਸੀ ਤੇ ਪਿਤਾ (ਸ. ਸਾਧੂ ਸਿੰਘ ਹਮਦਰਦ) ਅਕਾਲੀ ਰਾਜਨੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਧਾਰਮਕ ਮਾਹੌਲ ਦੀ ਪੈਦਾਵਾਰ ਸਨ। ਹੋਰ ਵੀ ਘਰੇਲੂ ਕਾਰਨ ਸਨ। ਅਖ਼ੀਰ ਪਿਤਾ ਨੇ ਦੋ ਲੱਖ ਰੁਪਏ ਦੇ ਕੇ ਬਰਜਿੰਦਰ ਨੂੰ ਵੱਖ ਕਰ ਦਿਤਾ।
ਮੇਰੀ ਹਮਦਰਦੀ ਬਰਜਿੰਦਰ ਨਾਲ ਸੀ। ਜਲੰਧਰ ਗਿਆ ਤਾਂ ਮੈਂ ਪਹਿਲੀ ਵਾਰ ਕਿਸੇ ਦੂਜੇ ਐਡੀਟਰ ਦੇ ਘਰ ਉਸ ਨੂੰ ਮਿਲਣ ਲਈ ਚਲਾ ਗਿਆ। ਬਰਜਿੰਦਰ ਨੇ ਘਰ ਵਿਚ ਹੀ ਇਕ ਛੋਟੀ ਪ੍ਰਿੰਟਿੰਗ ਮਸ਼ੀਨ ਲਾਈ ਹੋਈ ਸੀ ਜਿਸ ਉਤੇ ਉਹ ਅਪਣਾ ਕਾਮਰੇਡੀ ਭਾਅ ਵਾਲਾ ਪਰਚਾ ਛਾਪਦਾ ਸੀ। ਪਰਚਾ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਿਆ ਸੀ।
ਮੈਂ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਹੀ ਬਰਜਿੰਦਰ ਨੂੰ 5-7 ਵਾਰ ਮਿਲਿਆ ਸੀ ਜਿਥੇ ਉਹ ‘ਅਜੀਤ’ ਦੇ ਕੰਮ ਕਾਜ ਦੇ ਸਬੰਧ ਵਿਚ ਆਉਂਦਾ ਰਹਿੰਦਾ ਸੀ।
ਹਰ ਵਕਤ ਹੱਸ ਕੇ ਮਿਲਣ ਵਾਲਾ ਤੇ ਖੁਲ੍ਹ ਕੇ ਗੱਲਾਂ ਕਰਨ ਵਾਲਾ ਬਰਜਿੰਦਰ ਮੈਨੂੰ ਚੰਗਾ ਲੱਗਾ। ਉਹਨੇ ਦਸਿਆ ਕਿ ਉਹ ਮੇਰਾ ਪਰਚਾ ਬਾਕਾਇਦਗੀ ਨਾਲ ਪੜ੍ਹਦਾ ਸੀ ਤੇ ਇਸ ਨੂੰ ਪਸੰਦ ਵੀ ਬਹੁਤ ਕਰਦਾ ਸੀ। ਪਰ ਹਾਲੇ ਇਹ ਸਾਡੀ ਕੱਚੀ ਜਹੀ ਦੋਸਤੀ ਹੀ ਸੀ। ਜਲੰਧਰ ਵਿਚ ਮੈਂ ਉਸ ਨੂੰ ਅਪਣੇ ਛੋਟੇ ਭਰਾ ਵਜੋਂ ਉਦੋਂ ਲੈਣਾ ਸ਼ੁਰੂ ਕੀਤਾ ਜਦੋਂ ਉਸ ਨੇ ਖੁਲ੍ਹ ਕੇ ਅਪਣੀ ਵਿਥਿਆ ਸੁਣਾਈ ਤੇ ਅਖ਼ੀਰ ਤੇ ਜਦ ਉਸ ਨੇ ਇਹ ਦਸਿਆ ਕਿ, ‘‘ਪਿਤਾ ਵਲੋਂ ਦਿਤੇ ਸਾਰੇ ਪੈਸੇ ਖ਼ਤਮ ਹੋ ਗਏ ਨੇ, ਅਗਲਾ ਪਰਚਾ ਛਾਪਣ ਲਈ ਪੈਸਾ ਕਿਥੋਂ ਮਿਲੇਗਾ, ਅਜੇ ਕੁੱਝ ਨਹੀਂ ਪਤਾ ਲੱਗ ਰਿਹਾ।’’
ਇਕ ਮਾਸੂਮ ਬੱਚੇ ਵਾਂਗ ਉਸ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਤਾਂ ਮੈਨੂੰ ਉਹ ਏਨਾ ਮਾਸੂਮ ਲੱਗਾ ਜਿਵੇਂ ਮੇਰਾ ਸਕਾ ਭਰਾ ਹੀ ਹੋਵੇ। ਮੈਂ ਆਪ ਉਸ ਵੇਲੇ ਕਰਜ਼ਾ ਚੁਕ ਚੁਕ ਕੇ ‘ਪੰਜ ਪਾਣੀ’ ਕੱਢ ਰਿਹਾ ਸੀ। ਲੋਕਾਂ ਅੰਦਰ ਇਸ ਦੀ ਮੰਗ ਤਾਂ ਬਹੁਤ ਸੀ, ਇਸੇ ਲਈ ਬੰਦ ਕਰਨ ਤੋਂ ਬਚਣਾ ਚਾਹ ਰਿਹਾ ਸੀ ਪਰ ਅਸਲ ਮੁਸ਼ਕਲ ਇਹ ਸੀ ਕਿ ਮੈਨੂੰ ਇਸ਼ਤਿਹਾਰ ਲੈਣ ਦੀ ਜਾਚ ਹੀ ਨਹੀਂ ਸੀ ਆ ਰਹੀ। ਸੋ ਮੈਂ ਏਨਾ ਕਹਿ ਕੇ ਹੀ ਉਠ ਆਇਆ, ‘‘ਬਰਜਿੰਦਰ ਰੱਬ ’ਤੇ ਵਿਸ਼ਵਾਸ ਰੱਖ, ਉਹ ਤੇਰੇ ਵਰਗੇ ਚੰਗੇ ਬੰਦੇ ਦੀ ਜ਼ਰੂਰ ਸੁਣੇਗਾ ਤੇ ਛੇਤੀ ਸੁਣੇਗਾ।’’ ਦਿਲ ਤਾਂ ਮੇਰਾ ਇਹ ਕਰਦਾ ਸੀ ਕਿ ਇਸ ਨੂੰ ਛੋਟਾ ਭਰਾ ਮੰਨਾਂ ਹੀ ਨਾ ਸਗੋਂ ਇਸ ਦੀ ਪੂਰੀ ਮਦਦ ਵੀ ਕਰਾਂ। ਪਰ ਮੇਰੀ ਜੇਬ ਵੀ ਬਿਲਕੁਲ ਖ਼ਾਲੀ ਸੀ।
ਰੱਬ ਦੀ ਕਰਨੀ, ਥੋੜੇ ਦਿਨਾਂ ’ਚ ਹੀ ਉਸ ਦੇ ਪਿਤਾ ਦੇ ਦੋਸਤ ਕੁਲਦੀਪ ਨਈਅਰ ਨੇ ਬਰਜਿੰਦਰ ਨੂੰ ‘ਪੰਜਾਬੀ ਟਰੀਬਿਊਨ’ ਦਾ ਐਡੀਟਰ ਲਗਵਾ ਦਿਤਾ। ਸੱਭ ਤੋਂ ਵੱਧ ਖ਼ੁਸ਼ੀ ਮੈਨੂੰ ਹੀ ਹੋਈ। ਬਰਜਿੰਦਰ ਤੇ ਉਸ ਦਾ ਸਾਰਾ ਪ੍ਰਵਾਰ ਚੰਡੀਗੜ੍ਹ ਆ ਗਿਆ। ਦੋਵੇਂ ਪ੍ਰਵਾਰ ਗੂੜ੍ਹੇ ਮਿੱਤਰ ਬਣ ਗਏ। ਹਰ ਹਫ਼ਤੇ, ਇਕ ਦਿਨ ਉਹ ਸਾਡੇ ਘਰ ਖਾਣਾ ਖਾਂਦੇ ਤੇ ਇਕ ਦਿਨ ਅਸੀ ਸਾਰਾ ਟੱਬਰ ਉਨ੍ਹਾਂ ਦੇ ਘਰ ਖਾਣਾ ਖਾਂਦੇ।
ਦੋਵੇਂ ਪ੍ਰਵਾਰ ਆਪਸੀ ਮੇਲ-ਮਿਲਾਪ ਕਾਰਨ ਬਹੁਤ ਖ਼ੁਸ਼ ਸਨ। ਦੋਹਾਂ ਪ੍ਰਵਾਰਾਂ ਨੇ ਫ਼ੈਸਲਾ ਕੀਤਾ ਕਿ ਗਰਮੀਆਂ ਵਿਚ ਸ਼ਿਮਲੇ ਜਾ ਕੇ ਦੋ ਚਾਰ ਦਿਨ ਛੁੱਟੀ ਦੇ ਬਿਤਾਏ ਜਾਣ। ਬਰਜਿੰਦਰ ਅਪਣੀ ਕਾਰ ਨੂੰ ਖ਼ੁਦ ਚਲਾ ਕੇ ਸਾਨੂੰ ਸਾਰਿਆਂ ਨੂੰ ਸ਼ਿਮਲੇ ਲੈ ਗਿਆ। ਉਹ ਬੜੀ ਵਧੀਆ ਡਰਾਈਵਿੰਗ ਕਰਦਾ ਸੀ ਤੇ ਕਈ ਵਾਰੀ ਸੌੜੀਆਂ ਢਲਾਨਾਂ ਤੇ ਸਾਨੂੰ ਡਰ ਲਗਦਾ ਸੀ ਕਿ ਮਾੜੀ ਜਹੀ ਚੂਕ ਹੋ ਗਈ ਤਾਂ ਕਾਰ ਖਾਈ ਵਿਚ ਜਾ ਡਿੱਗੇਗੀ ਤੇ ਦੋਵੇਂ ਪ੍ਰਵਾਰ ਖ਼ਤਮ ਹੋ ਜਾਣਗੇ। ਪਰ ਬਰਜਿੰਦਰ ਅਪਣੇ ਖ਼ਾਸ ਅੰਦਾਜ਼ ਵਿਚ ਹਸਦਾ ਹਸਦਾ ਗੱਡੀ ਟਿਕਾਣੇ ਪਹੁੰਚਾ ਦੇਂਦਾ ਤੇ ਗੱਡੀ ਨੂੰ ਝਰੀਟ ਵੀ ਨਾ ਲਗਦੀ।
ਇਕ ਦਿਨ ਬਰਜਿੰਦਰ ਦੇ ਪਿਤਾ ਜੀ ਸ. ਸਾਧੂ ਸਿੰਘ ਹਮਦਰਦ ਦਾ ਫ਼ੋਨ ਆਇਆ ਕਿ ਮੈਨੂੰ ਮਿਲ ਕੇ ਉਹ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਹਨ। ਮੈਂ ਕਿਹਾ, ‘‘ਸ਼ਾਮ ਦੇ ਖਾਣੇ ’ਤੇ ਆ ਜਾਉ, ਖੁਲ੍ਹ ਕੇ ਤੁਹਾਡੇ ਤੋਂ ਬੜੀਆਂ ਚੰਗੀਆਂ ਗੱਲਾਂ ਵੀ ਸੁਣ ਸਕਾਂਗੇ।’’ ਉਹ ਮੰਨ ਗਏ। ਮੈਂ ਵੱਡੇ ਹਮਦਰਦ ਸਾਹਿਬ ਨੂੰ ਦੱਸੇ ਬਿਨਾਂ, ਬਰਜਿੰਦਰ ਨੂੰ ਵੀ ਖਾਣੇ ’ਤੇ ਬੁਲਾ ਲਿਆ।
ਸ. ਸਾਧੂ ਸਿੰਘ ਨੇ ਅੰਗਰੇਜ਼ੀ ਵਿਚ ਸਪਤਾਹਰ ਪਰਚਾ ਕੱਢਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਕਈਆਂ ਨਾਲ ਸਲਾਹ ਕੀਤੀ। ਸ਼ਾਮ ਨੂੰ ਆ ਕੇ ਕਹਿਣ ਲੱਗੇ, ‘‘ਸੱਭ ਦੀ ਸਾਂਝੀ ਰਾਏ ਹੈ ਕਿ ਤੁਸੀ ਹੀ ਅੰਗਰੇਜ਼ੀ ਦਾ ਪੰਥਕ ਪਰਚਾ ਕਾਮਯਾਬ ਕਰ ਸਕਦੇ ਹੋ। ਸੋ ਇਹੀ ਪੇਸ਼ਕਸ਼ ਲੈ ਕੇ ਮੈਂ ਤੁਹਾਡੇ ਕੋਲ ਆਇਆ ਹਾਂ।’’ ਮੈਂ ਕਿਹਾ, ‘‘ਹਮਦਰਦ ਸਾਹਿਬ, ਤੁਹਾਡਾ ਆਖਿਆ ਮੇਰੇ ਲਈ ਹੁਕਮ ਹੋ ਸਕਦਾ ਹੈ ਪਰ ਮੇਰੀ ਮੁਸ਼ਕਲ ਇਹ ਹੈ ਕਿ ਮੈਂ ਚੰਡੀਗੜ੍ਹ ਤੋਂ ਬਿਨਾਂ ਹੋਰ ਕਿਸੇ ਸ਼ਹਿਰ ਵਿਚ ਰਹਿ ਹੀ ਨਹੀਂ ਸਕਦਾ ਤੇ ਨੌਕਰੀ ਕਰਨ ਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ। ਮੈਨੂੰ ਰੱਬ ਨੇ ਅਪਣਾ ਮਾਲਕ ਆਪ ਬਣੇ ਰਹਿਣ ਲਈ ਹੀ ਬਣਾਇਆ ਹੈ ਸ਼ਾਇਦ।
ਮੈਂ ਅਪਣੇ ਪਿਤਾ ਦਾ ਕਰੋੜਾਂ ਦਾ ਕੰਮ ਵੀ ਛੱਡ ਕੇ ਇਥੇ ਆਇਆ ਹਾਂ...।’’ ਮੈਂ ਉਨ੍ਹਾਂ ਨੂੰ ਸ. ਪ੍ਰਿਥੀਪਾਲ ਸਿੰਘ ਕਪੂਰ ਦਾ ਨਾਂ ਸੁਝਾਇਆ ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਏਨੇ ਨੂੰ ਬਰਜਿੰਦਰ ਦਾ ਪ੍ਰਵਾਰ ਵੀ ਆ ਗਿਆ। ਮੈਂ ਬਾਪ-ਬੇਟੇ ਦੀਆਂ ਜੱਫੀਆਂ ਪਵਾਈਆਂ ਤੇ ਦੋਹਾਂ ਨੂੰ ਕਿਹਾ ਕਿ ਉਹ ਹੁਣ ਇਕੱਠੇ ਹੋ ਜਾਣ ਤੇ ਇਕੱਠੇ ਹੋ ਕੇ ‘ਅਜੀਤ’ ਨੂੰ ਮਜ਼ਬੂਤ ਕਰਨ। ਦੋਵਾਂ ਨੇ ਜਵਾਬ ਵਿਚ ਕੁੱਝ ਨਾ ਕਿਹਾ।
ਕੁਦਰਤ ਦਾ ਭਾਣਾ ਅਜਿਹਾ ਵਰਤਿਆ ਕਿ ਵੱਡੇ ਹਮਦਰਦ ਸਾਹਿਬ ਚਲਾਣਾ ਕਰ ਗਏ। ਸੱਭ ਪਾਸਿਉਂ ਜ਼ੋਰ ਪੈਣ ਲੱਗਾ ਕਿ ਬਰਜਿੰਦਰ ਅਪਣੇ ਪਿਤਾ ਦੀ ਵਿਰਾਸਤ ਸੰਭਾਲ ਲਵੇ ਪਰ ਉਹ ਰਾਜ਼ੀ ਨਹੀਂ ਸੀ ਹੋ ਰਿਹਾ। ਉਹਨੂੰ ਲਗਦਾ ਸੀ ਕਿ ਅਖ਼ਬਾਰ ਵਿਚ ਐਡੀਟਰ ਵਜੋਂ ਨੌਕਰੀ ਕਰਨੀ ਸੌਖੀ ਹੈ ਪਰ ਅਖ਼ਬਾਰ ਆਪ ਚਲਾਣਾ ਬਹੁਤ ਔਖਾ ਹੁੰਦਾ ਹੈ। ਜੇ ਪੈਸੇ ਦਾ ਪ੍ਰਬੰਧ ਹੀ ਨਾ ਹੋ ਸਕੇ ਤਾਂ ਬਾਕੀ ਸੱਭ ਕੁੱਝ ਬੇਕਾਰ ਹੋ ਕੇ ਰਹਿ ਜਾਂਦਾ ਹੈ। ਮੈਂ ਵੀ ਉਸ ਨੂੰ ਜਲੰਧਰ ਜਾ ਕੇ ‘ਅਜੀਤ’ ਨੂੰ ਸੰਭਾਲਣ ਲਈ ਜ਼ੋਰ ਦੇ ਰਿਹਾ ਸੀ। ਅਖ਼ੀਰ ਉਹ ਮੰਨ ਗਿਆ।
ਪਰ ਜਾਣ ਲਗਿਆਂ ਜਿਹੜੇ ਲਫ਼ਜ਼ ਉਸ ਨੇ ਮੈਨੂੰ ਆਖੇ, ਉਹ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ, ‘‘ਵੇਖੋ ਮੈਂ ਤੁਹਾਡੇ ਕਹਿਣ ਤੇ ਜਲੰਧਰ ਜਾ ਰਿਹਾ ਹਾਂ ਪਰ ਕੇਵਲ ਇਸ ਸ਼ਰਤ ਤੇ ਕਿ ਹਫ਼ਤੇ ਵਿਚ ਦੋ ਦਿਨ ਮੈਨੂੰ ਮਿਲਣ ਲਈ ਜ਼ਰੂਰ ਆਇਆ ਕਰੋਗੇ। ਨਹੀਂ ਆਉਗੇ ਤਾਂ ਮੈਂ ਵਾਪਸ ਭੱਜ ਆਵਾਂਗਾ।’’ਉਸ ਦੇ ਇਨ੍ਹਾਂ ਲਫ਼ਜ਼ਾਂ ਨੇ ਮੇਰੇ ਅੰਦਰ ਵੀ ਝਰਨਾਟ ਛੇੜ ਦਿਤੀ। ਕੋਈ ਭਰਾ ਹੀ ਅਪਣੇ ਭਰਾ ਨੂੰ ਇਸ ਤਰ੍ਹਾਂ ਕਹਿ ਸਕਦਾ ਹੈ। ਪਰ ਇਹ ਉਸ ਦੇ ਆਖ਼ਰੀ ਲਫ਼ਜ਼ ਸਨ ਜੋ ਸਾਡੇ ਭਾਈ-ਭਾਈ ਹੋਣ ਦੀ ਗਵਾਹੀ ਭਰਦੇ ਸਨ। ਉਸ ਤੋਂ ਬਾਅਦ ਉਸ ਨੇ ਅਪਣੇ ਪਿਤਾ ਵਾਂਗ, ਵਕਤ ਦੇ ਹਾਕਮ (ਪ੍ਰਕਾਸ਼ ਸਿੰਘ ਬਾਦਲ) ਨਾਲ ਅਜਿਹਾ ਯਰਾਨਾ ਪਾ ਲਿਆ ਕਿ ਜ਼ਿੰਦਗੀ ਪ੍ਰਤੀ ਉਸ ਦਾ ਨਜ਼ਰੀਆ ਹੀ ਬਦਲ ਗਿਆ। ਬਾਕੀ ਅਗਲੇ ਹਫ਼ਤੇ। (ਚਲਦਾ)