1947 ਵਿਚ, ਹਿੰਦੁਸਤਾਨ ਲਈ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ, ਓਨੀਆਂ ਕਿਸੇ ਹੋਰ ਭਾਰਤੀ ਕੌਮ ਨੇ ਨਹੀਂ ਸਨ
1947 ਵਿਚ, ਹਿੰਦੁਸਤਾਨ ਲਈ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ, ਓਨੀਆਂ ਕਿਸੇ ਹੋਰ ਭਾਰਤੀ ਕੌਮ ਨੇ ਨਹੀਂ ਸਨ ਦਿਤੀਆਂ ਤੇ ਅਖ਼ੀਰ ਵਿਚ ਵੀ, ਵੰਡ ਦੀ ਲਕੀਰ ਪੈਣ ਤੋਂ ਐਨ ਪਹਿਲਾਂ, ਹਿੰਦੁਸਤਾਨ ਦੀ ਝੋਲੀ ਵਿਚ ਜਿੰਨਾ ਲਾਭ, ਸਿੱਖਾਂ ਨੇ ਪਵਾ ਕੇ ਦਿਤਾ, ਕਿਸੇ ਹੋਰ ਨੇ ਨਹੀਂ ਦਿਤਾ। ਇਹ ਇਤਿਹਾਸ ਦੇ ਅੰਕੜੇ ਹਨ ਤੇ ਸਿੱਖਾਂ ਨੇ ਆਪ ਤਿਆਰ ਨਹੀਂ ਕੀਤੇ ਸਗੋਂ ਕਾਂਗਰਸ ਪਾਰਟੀ ਦਾ ਇਤਿਹਾਸ ਲਿਖਣ ਵਾਲੇ ਲੇਖਕ ਪਟਾਭੀਸੀਤਾਰਮਈਆ ਦੀ ਪੁਸਤਕ ਵਿਚ ਮਿਲਦੇ ਹਨ ਜਾਂ ਦੂਜੇ ਅੰਗਰੇਜ਼, ਭਾਰਤੀ ਇਤਿਹਾਸਕਾਰਾਂ ਦੀਆਂ ਰਚਨਾਵਾਂ ਵਿਚ ਵੇਖੇ ਜਾ ਸਕਦੇ ਹਨ। ਪਰ 15 ਅਗੱਸਤ, 1947 ਦਾ ਦਿਨ ਚੜ੍ਹਦਿਆਂ ਹੀ, ਹਾਲਾਤ ਪੁੱਠਾ ਗੇੜਾ ਲੈਣ ਲੱਗ ਪਏ। ਸਿੱਖਾਂ ਨੂੰ ਇਹੀ ਪਤਾ ਹੈ ਕਿ ਜਵਾਹਰ ਲਾਲ ਨਹਿਰੂ ਤੇ ਗਾਂਧੀ, ਆਜ਼ਾਦੀ ਮਿਲਦਿਆਂ ਹੀ ਬਦਲ ਗਏ ਸਨ ਤੇ ਉਨ੍ਹਾਂ ਨੇ ਮਾ. ਤਾਰਾ ਸਿੰਘ ਨੂੰ ਕਿਹਾ ਸੀ, ‘‘ਪੁਰਾਨੇ ਵਾਅਦੇ ਔਰ ਪੁਰਾਨੀ ਬਾਤੇਂ ਭੂਲ ਜਾਈਏ ਮਾਸਟਰ ਜੀ। ਅੱਬ ਹਾਲਾਤ ਬਦਲ ਗਏ ਹੈਂ।’’
ਸਿੱਖਾਂ ਨੂੰ ਜੋ ਕੁੱਝ ਪਤਾ ਹੈ, ਉਹ ਇਹੀ ਹੈ ਤੇ ਹੈ ਵੀ ਬਿਲਕੁਲ ਸੱਚ ਪਰ ਇਕ ਬਹੁਤ ਵੱਡਾ ਸੱਚ, ਜੋ ਸਿੱਖਾਂ ਨੂੰ ਯਾਦ ਨਹੀਂ ਰਿਹਾ ਤੇ ਉਨ੍ਹਾਂ ਦੀ ਕਿਸੇ ਲਿਖਤ ਵਿਚ ਨਹੀਂ ਮਿਲਦਾ, ਉਹ ਇਹ ਵੀ ਹੈ ਕਿ 16 ਅਗੱਸਤ, 1947 ਨੂੰ ਸਿੱਖਾਂ ਦੇ ਆਗੂ, ਨਹਿਰੂ ਅਤੇ ਪਟੇਲ ਤੋਂ ਵੀ ਪਹਿਲਾਂ ਆਪ ਬਦਲ ਗਏ ਸਨ। ਦਿੱਲੀ ਵਿਚ ਅਜੇ ਵਜ਼ਾਰਤੀ ਕੁਰਸੀਆਂ ਵੰਡਣ ਦੀ ਗੱਲ ਹੀ ਚੱਲੀ ਸੀ ਕਿ ਸੱਭ ਤੋਂ ਪਹਿਲਾਂ ਸਿੱਖ ਲੀਡਰ ਬਦਲਣੇ ਸ਼ੁਰੂ ਹੋ ਗਏ। ਬਲਦੇਵ ਸਿੰਘ, ਸਵਰਨ ਸਿੰਘ, ਮਜੀਠੀਆ, ਪ੍ਰਤਾਪ ਸਿੰਘ ਕੈਰੋਂ, ਮੋਹਨ ਸਿੰਘ ਨਾਗੋਕੇ, ਊਧਮ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ ਤੇ ਗੁਰਮੁਖ ਸਿੰਘ ਮੁਸਾਫ਼ਰ ਸਮੇਤ -- ਸਾਰੇ ਦੇ ਸਾਰੇ ਸਿੱਖ ਲੀਡਰ ਭੁੱਲ ਗਏ ਕਿ ਕਾਂਗਰਸ ਕੋਲੋਂ 15 ਅਗੱਸਤ ਤੋਂ ਪਹਿਲਾਂ ਵਾਲੇ ਵਾਅਦੇ ਲਾਗੂ ਕਰਵਾ ਕੇ ਹੀ, ਉੁਨ੍ਹਾਂ ਨੂੰ ਕੁਰਸੀਆਂ ਮੰਗਣ ਬਾਰੇ ਸੋਚਣਾ ਚਾਹੀਦਾ ਹੈ। ਕੁੱਝ ਵੀ ਸੋਚੇ ਬਿਨਾਂ ਤੇ ਕੌਮ ਲਈ ਕੁੱਝ ਵੀ ਮੰਗੇ ਬਿਨਾਂ, ਉਹ ਕਾਂਗਰਸ ਵਿਚ ਜਾ ਸ਼ਾਮਲ ਹੋਏ। ਦਿੱਲੀ ਦੇ ‘ਹਿੰਦੁਸਤਾਨ ਟਾਈਮਜ਼’ ਨੇ ਉਦੋਂ ਇਕ ਕਾਰਟੂਨ ਛਾਪਿਆ ਸੀ ਜਿਸ ਵਿਚ ਮਾ. ਤਾਰਾ ਸਿੰਘ ਇਕੱਲੇ ਖੜੇ ਸਨ ਤੇ ਉਨ੍ਹਾਂ ਦੇ ਸਾਰੇ ਸਾਥੀ, ਉਨ੍ਹਾਂ ਨੂੰ ਛੱਡ ਕੇ, ਕਾਂਗਰਸ ਵਾਲੇ ਪਾਸੇ ਭੱਜੀ ਜਾ ਰਹੇ ਸਨ। ਮਾਸਟਰ ਜੀ ਦੀ ਸ਼ਕਲ ਇਸ ਤਰ੍ਹਾਂ ਬਣਾਈ ਗਈ ਸੀ ਜਿਵੇਂ ਉਨ੍ਹਾਂ ਦੇ ਹੋਸ਼ ਉਡ ਗਏ ਹੋਣ ਤੇ ਉਹ ਅਪਣੇ ਸਾਥੀਆਂ ਨੂੰ ਵਾਪਸ ਸੱਦਣ ਲਈ ਚੀਕਾਂ ਮਾਰਦੇ-ਮਾਰਦੇ ਬੇਹੋਸ਼ ਹੋ ਰਹੇ ਹੋਣ।
1948 ਵਿਚ ਜਦ ਕੇਂਦਰ ਵਾਲਿਆਂ ਨੇ ਵੇਖਿਆ ਕਿ ਸਾਰੇ ਹੀ ਸਿੱਖ ਲੀਡਰ, ਉਨ੍ਹਾਂ ਦੀ ਗੱਡੀ ਵਿਚ ਸਵਾਰ ਹੋ ਕੇ ਝੂਟੇ ਲੈਣ ਲਈ ਕਾਹਲੇ ਪਏ ਹੋਏ ਹਨ ਤੇ ਉਨ੍ਹਾਂ ਨੂੰ ‘ਵਾਅਦਿਆਂ’ ਦੀ ਗੱਲ ਹੀ ਭੁੱਲ ਗਈ ਹੈ (ਸਿਵਾਏ ਇਕ ਲੀਡਰ ਦੇ) ਤਾਂ ਉਹ ਕਿਉਂ ਨਾ ਆਖਣਗੇ ਕਿ ਇਕ ਇਕੱਲੇ ਲੀਡਰ ਦੀ ਗੱਲ ਸੁਣਨ ਦੀ ਕੋਈ ਲੋੜ ਨਹੀਂ? ਜੇ ਅੱਜ, ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਪਾਣੀਆਂ ਤੇ ਪੰਜਾਬ, ਸਿੱਖਾਂ ਦੇ ਦੂਜੇ ਹੱਕਾਂ ਦੀ ਗੱਲ ਵਲ ਕੇਂਦਰ ਵਾਲੇ ਧਿਆਨ ਨਹੀਂ ਦੇ ਰਹੇ ਤਾਂ ਕੀ ਇਕੱਲੇ ਉਹੀ ਹਨ ਜਿਨ੍ਹਾਂ ਨੂੰ ਦੋਸ਼ੀ ਕਿਹਾ ਜਾ ਸਕਦਾ ਹੈ? ਪੰਜਾਬ ਦੇ ਸਿੱਖਾਂ ਦੇ ਨੁਮਾਇੰਦੇ, ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦੇ ਸਿੱਖਾਂ ਦੀ ਪਾਰਟੀ (ਅਕਾਲੀ ਦਲ) ਕਦੋਂ ਇਹ ਚੀਜ਼ਾਂ ਲੈਣਾ ਚਾਹੁੰਦੇ ਹਨ? ਚੋਣਾਂ ਦੇ ਐਨ ਨੇੜੇ ਆ ਕੇ ਜਦ ਇਹ ਮਾਮਲੇ, ਉਨ੍ਹਾਂ ਲਈ ਕੇਵਲ ‘ਚੋਣ ਮੁੱਦੇ’ ਹੀ ਹੋਣ ਤੇ ਇਸ ਤੋਂ ਵੱਧ ਕੋਈ ਅਹਿਮੀਅਤ ਨਾ ਰਖਦੇ ਹੋਣ ਤਾਂ ਕੇਂਦਰ ਇਨ੍ਹਾਂ ਬਾਰੇ ਕਿਉਂ ਗੰਭੀਰ ਹੋਵੇ?
ਜੇ ਪੰਜਾਬ ਦੇ ਅਕਾਲੀ, ਉਨ੍ਹਾਂ ਲੋਕਾਂ ਨਾਲ ਹੀ ਸਾਂਝ ਪਾ ਕੇ ਰਾਜ ਸੱਤਾ ਉਤੇ ਵੀ ਗਲਵਕੜੀ ਪਾਈ ਬੈਠੇ ਹੋਣ ਜੋ ਸਿੱਖਾਂ ਅਤੇ ਪੰਜਾਬ ਦੀ ਹਰ ਮੰਗ ਦੀ ਵਿਰੋਧਤਾ, ਸ਼ੁਰੂ ਤੋਂ ਹੀ ਨਾ ਕਰ ਰਹੇ ਹੋਣ ਸਗੋਂ ਅੱਜ ਵੀ ਕਰ ਰਹੇ ਹੋਣ-- ਤਾਂ ਕਿਹੜਾ ਕੇਂਦਰ ਹੈ ਜੋ ਪੰਜਾਬ ਦੀਆਂ ਮੰਗਾਂ ਬਾਰੇ ਸੋਚਣ ਲਈ ਤਿਆਰ ਹੋ ਸਕੇਗਾ? ਫ਼ਰਜ਼ ਕਰ ਲਉ, ਅਸੀ ਹੀ ਪ੍ਰਧਾਨ ਮੰਤਰੀ ਹੋਈਏ ਤਾਂ ਕੀ ਅਸੀ ਦੇਸ਼ ਦੇ ਉਸ ਹਿੱਸੇ ਦੀ ਕਿਸੇ ਮੰਗ ਵਲ ਧਿਆਨ ਦਿਆਂਗੇ ਜਿਸ ਦੀ ਗੱਲ ਹੀ ਪੰਜ ਸਾਲਾਂ ਵਿਚ ਇਕ ਵਾਰ, ਚੋਣਾਂ ਨੇੜੇ ਕੀਤੀ ਜਾਂਦੀ ਹੋਵੇ, ਜਿਸ ਦੀ ਸੂਬਾ ਸਰਕਾਰ ਵੀ ਉਨ੍ਹਾਂ ਮੰਗਾਂ ਵਿਚ ਕੋਈ ਦਿਲਚਸਪੀ ਨਾ ਰਖਦੀ ਹੋਵੇ ਜਾਂ ਕੇਵਲ ਰਸਮੀ ਹਮਦਰਦੀ ਹੀ ਜਤਾਂਦੀ ਹੋਵੇ ਜਾਂ ਉਨ੍ਹਾਂ ਲੋਕਾਂ ਦੀ ਭਾਈਵਾਲ ਹੋਵੇ ਜੋ ਕਿਸੇ ਵੀ ਮੰਗ ਦੇ ਮੰਨੇ ਜਾਣ ਦੇ ਕੱਟੜ ਵਿਰੋਧੀ ਹੋਣ? ਯਕੀਨਨ ਤੁਸੀ ਤੇ ਮੈਂ ਵੀ ਅਜਿਹੀ ਕਿਸੇ ਮੰਗ ਵਲ ਧਿਆਨ ਨਹੀਂ ਦੇਵਾਂਗੇ ਜਿਸ ਬਾਰੇ ਸਾਨੂੰ ਯਕੀਨ ਹੋਵੇਗਾ ਕਿ ਇਹ ਤਾਂ ਐਵੇਂ ਇਕ ਰਸਮ ਪੂਰੀ ਕੀਤੀ ਜਾ ਰਹੀ ਹੈ ਪਰ ਗੰਭੀਰ ਕੋਈ ਵੀ ਨਹੀਂ।
ਇਹੀ ਹਾਲ ਜਵਾਹਰ ਲਾਲ ਤੇ ਪਟੇਲ ਦਾ ਉਦੋਂ ਸੀ ਜਦ ਇਕੱਲੇ ਮਾ. ਤਾਰਾ ਸਿੰਘ ਨੂੰ ਛੱਡ ਕੇ, ਬਾਕੀ ਸਾਰੇ ਲੀਡਰ, ਸਰਕਾਰੀ ਅਹੁਦੇ ਅਤੇ ਜ਼ਿਆਫ਼ਤਾਂ ਹਾਸਲ ਕਰਨ ਲਈ, ਦਿੱਲੀ ਵਲ ਦੌੜ ਪਏ ਸਨ। ਜਿਹੜਾ ਨੁਕਤਾ ਮੈਂ ਪੇਸ਼ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਲੋਕ-ਰਾਜ ਵਿਚ, ਛੋਟੀਆਂ ਕੌਮਾਂ ਉਦੋਂ ਹੀ ਕੁੱਝ ਪ੍ਰਾਪਤ ਕਰ ਸਕਦੀਆਂ ਹਨ ਜਦ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਇਸ ਦ੍ਰਿੜ੍ਹ ਇਰਾਦੇ ਨਾਲ ਲੜ ਰਹੀ ਹੋਵੇ ਕਿ ਅਪਣੇ ਲਈ ਉਦੋਂ ਤਕ ਕੁੱਝ ਨਹੀਂ ਮੰਗਣਾ ਜਾਂ ਲੈਣਾ ਜਦ ਤਕ ਕੌਮ ਲਈ ਮਿਥੇ ਗਏ ਟੀਚੇ ਪ੍ਰਾਪਤ ਨਹੀਂ ਹੋ ਜਾਂਦੇ। ਤੇ ਜੇ ਕਿਸੇ ਛੋਟੀ ਕੌਮ ਦੀ ਲੀਡਰਸ਼ਿਪ, ਆਪ ਹੀ ਅਪਣੇ ਟੀਚਿਆਂ ਨੂੰ ਭੁਲ ਜਾਵੇ ਤੇ ਸਗੋਂ ਉਸ ਤੋਂ ਵੀ ਅੱਗੇ ਵੱਧ ਕੇ, ਸਿਰਫ਼ ਤੇ ਸਿਰਫ਼ ਅਪਣੇ ਨਿਜ ਲਈ ਲਾਭ ਪ੍ਰਾਪਤ ਕਰਨ ਨੂੰ ਹੀ ਪਹਿਲ ਦੇਣ ਲੱਗ ਜਾਏ ਤਾਂ ਕੌਮ ਦੇ ਪੱਲੇ ਗੋਲ ਮੋਰੀ (ਸਿਫ਼ਰ) ਤੋਂ ਬਿਨਾਂ, ਕੁੱਝ ਵੀ ਨਹੀਂ ਪੈ ਸਕਦਾ।
ਮਾ. ਤਾਰਾ ਸਿੰਘ ਅਤੇ ਗਿ. ਕਰਤਾਰ ਸਿੰਘ ਤੋਂ ਬਾਅਦ, ਪ੍ਰਤਾਪ ਸਿੰਘ ਕੈਰੋਂ ਨੇ ਦੇਸ਼ ਦਾ ਡੀਫ਼ੈਂਸ ਮਨਿਸਟਰ ਬਣਨ ਦੇ ਲਾਲਚ ਵਿਚ ਸੰਤ ਫ਼ਤਿਹ ਸਿੰਘ ਰਾਹੀਂ ਉਹ ਦੌਰ ਸ਼ੁਰੂ ਕਰ ਦਿਤਾ ਗਿਆ ਜਿਸ ਵਿਚ ਕੌਮ ਲਈ ਨਹੀਂ, ਅਪਣੇ ਲਈ ਮੰਗਣ ਨੂੰ ਹੀ ਜੀਵਨ ਦਾ ਸੱਭ ਤੋਂ ਵੱਡਾ ਮਕਸਦ ਸਮਝਿਆ ਜਾਂਦਾ ਸੀ ਤੇ ਉਹ ਦੌਰ ਅੱਜ ਤਕ ਵੀ ਚਲ ਰਿਹਾ ਹੈ। ਸਿੱਖ ਕੌਮ ਨੇ, ਮਾ. ਤਾਰਾ ਸਿੰਘ ਅਤੇ ਗਿ. ਕਰਤਾਰ ਸਿਘ ਦੇ ਯਤਨਾਂ ਨਾਲ ਜੋ ਪ੍ਰਾਪਤੀਆਂ ਕੀਤੀਆਂ ਸਨ, ਉਸ ਤੋਂ ਅੱਗੇ ਪ੍ਰਾਪਤੀਆਂ ਦਾ ਰਾਹ ਕਿਉੁਂ ਬੰਦ ਹੋ ਗਿਆ ਹੈ? ਨਹਿਰੂ-ਤਾਰਾ ਸਿੰਘ ਪੈਕਟ, ਸੱਚਰ ਫ਼ਾਰਮੂਲਾ, ਰੀਜਨਲ ਫ਼ਾਰਮੂਲਾ, ਪੰਜਾਬੀ ਸੂਬਾ ਸਮੇਤ ਹੋਰ ਛੋਟੀਆਂ ਵੱਡੀਆਂ ਜਿੰਨੀਆਂ ਵੀ ਪ੍ਰਾਪਤੀਆਂ, 1947 ਮਗਰੋਂ ਸਿੱਖਾਂ ਨੇ ਹਾਸਲ ਕੀਤੀਆਂ, ਉਨ੍ਹਾਂ ’ਚੋਂ ਕਿਸੇ ਇਕ ਦਾ ਨਾਂ ਲੈ ਦਿਉ ਜਿਨ੍ਹਾਂ ਨੂੰ ਇਨ੍ਹਾਂ ਦੋ ਆਗੂਆਂ ਨਾਲੋਂ ਵੱਖ ਕਰ ਕੇ ਵੇਖਿਆ ਜਾ ਸਕੇ।
1966 ਵਿਚ ਪੰਜਾਬੀ ਸੂਬਾ ਉਪ੍ਰੋਕਤ ਦੋਹਾਂ ਸਿੱਖ ਲੀਡਰਾਂ ਦੀ ਹਾਜ਼ਰੀ ਵਿਚ ਬਣਿਆ ਸੀ ਪਰ ਉਸ ਵਿਚੋਂ ਇਸ ਦੀ ਰਾਜਧਾਨੀ, ਦਰਿਆਈ ਪਾਣੀ, ਹੈੱਡ ਵਰਕਸ ਤੇ ਪੰਜਾਬੀ ਬੋਲਦੇ ਕਈ ਇਲਾਕੇ, ਬਾਹਰ ਰੱਖ ਲਏ ਗਏ ਸਨ।
50 ਸਾਲ ਮਗਰੋਂ, ਉਸ ਤੋਂ ਮਗਰੋਂ ਆਈ ਲੀਡਰਸ਼ਿਪ, 1966 ਤੋਂ ਦੋ ਢਾਈ ਇੰਚ ਵੀ ਪੰਜਾਬ ਜਾਂ ਸਿੱਖਾਂ ਨੂੰ ਅੱਗੇ ਲਿਜਾ ਸਕੀ ਹੈ? ਜੇ ਨਹੀਂ ਤਾਂ ਕੀ ਇਹ ਉਸ ਅਧੂਰੇ ਕੰਮ ਲਈ ਜੂਝਦੀ ਨਜ਼ਰ ਆ ਰਹੀ ਹੈ ਜਾਂ ਪੰਜਾਬ ਦੇ ‘ਅਧੂਰੇਪਨ’ ਨੂੰ ਰੱਬ ਦਾ ਭਾਣਾ ਮੰਨ ਕੇ ਰਾਜਗੱਦੀ ਉਨ੍ਹਾਂ ਲੋਕਾਂ ਨਾਲ ਸਾਂਝੀ ਕਰ ਰਹੀ ਹੈ ਜੋ ਸਦਾ ਹੀ ਇਹ ਕਹਿੰਦੇ ਸਨ ਕਿ ਇਨ੍ਹਾਂ ਮੰਗਾਂ ਨੂੰ ਚੁਕਿਆ ਜਾਣਾ ਹੀ ਗ਼ਲਤ ਹੈ? ਪਿਛਲੇ 50 ਸਾਲ ਦੀਆਂ ਪ੍ਰਾਪਤੀਆਂ ਦਾ ਬਿਉਰਾ ਅਸੀ ਦੇਣਾ ਹੈ ਜਦਕਿ ਉਸ ਤੋਂ ਪਿਛਲੇ 50 ਸਾਲ ਦੀਆਂ ਪ੍ਰਾਪਤੀਆਂ ਦਾ ਬਿਉਰਾ, ਪਿਛਲੀ ਲੀਡਰਸ਼ਿਪ ਅਰਥਾਤ ਮਾਸਟਰ-ਗਿਆਨੀ ਲੀਡਰਸ਼ਿਪ, ਇਤਿਹਾਸ ਦੇ ਪੰਨਿਆਂ ਵਿਚ ਦੇ ਗਈ ਹੈ। ਮਾਸਟਰ-ਗਿਆਨੀ ਦੌਰ ਤੋਂ ਬਾਅਦ, ਪ੍ਰਾਪਤੀਆਂ ਦੇ ਮਾਮਲੇ ਵਿਚ ਮੁਕੰਮਲ ਖੜੋਤ ਕਿਉਂ ਆ ਗਈ ਹੈ?
ਜਿਹੜੇ ਕਹਿੰਦੇ ਹਨ ਕਿ ਅੰਗਰੇਜ਼ ਤਾਂ ਸੱਭ ਕੁੱਝ ਦੇਂਦਾ ਸੀ, ਮਾ. ਤਾਰਾ ਸਿੰਘ ਨੇ ਨਾ ਲੈ ਕੇ ਤੇ ਹਿੰਦੂ ਲੀਡਰਸ਼ਿਪ ਦਾ ਪਿਛਲੱਗ ਬਣ ਕੇ ਸਿੱਖਾਂ ਨੂੰ ਫਸਾ ਦਿਤਾ, ਉਹਨਾਂ ਦੀ ਅਕਲ ’ਤੇ ਮੈਨੂੰ ਹਾਸਾ ਆਉਂਦਾ ਹੈ। ਜੇ ਮਾ. ਤਾਰਾ ਸਿੰਘ ਨੇ ਸਚਮੁਚ ਇਹ ਕੀਤਾ ਸੀ ਤਾਂ ਕੋਈ ਇਕ ਹੋਰ ਸਿੱਖ ਲੀਡਰ ਤਾਂ ਦੱਸੋ ਜਿਸ ਨੇ 1947 ਤੋਂ ਪਹਿਲਾਂ ਜਾਂ 1947 ਤੋਂ ਬਾਅਦ, ਇਹ ਇਲਜ਼ਾਮ ਮਾ. ਤਾਰਾ ਸਿੰਘ ਉਤੇ ਲਾਇਆ ਹੋਵੇ? ਕੋਈ ਵੀ ਨਹੀਂ ਕਿਉਂਕਿ ਜੋ ਵੀ ਫ਼ੈਸਲੇ ਹੋਏ, ਸਾਰਿਆਂ ਨੇ ਸਾਂਝੇ ਤੌਰ ’ਤੇ ਕੀਤੇ ਤੇ ਸਿੱਖਾਂ ਦੀ ਰਜ਼ਾਮੰਦੀ ਨਾਲ ਕੀਤੇ। ਫਿਰ ਜੇ ਉਸ ਵੇਲੇ ਦਾ ਲੀਡਰ, ਹਿੰਦੂ ਲੀਡਰਸ਼ਿਪ ਦਾ ਪਿਛਲੱਗ ਹੀ ਬਣਿਆ ਸੀ ਤਾਂ ਆਜ਼ਾਦ ਹਿੰਦੁਸਤਾਨ ਵਿਚ, ਹਿੰਦੂ ਲੀਡਰਸ਼ਿਪ ਨੇ, ਸੱਭ ਤੋਂ ਪਹਿਲਾਂ ਉਸੇ ਨੂੰ ਗਿ੍ਰਫ਼ਤਾਰ ਕਿਉਂ ਕੀਤਾ ਸੀ ਤੇ ਅਖ਼ੀਰ ਦਮ ਤਕ ਉਸ ਨੂੰ ਮਾਰਨ ਦੇ ਮਨਸੂਬੇ ਹੀ ਕਿਉਂ ਘੜਦੀ ਰਹੀ ਸੀ? ਕੀ ਉਸ ਨੇ ਅਪਣੇ ਲਈ ਜਾਂ ਅਪਣੀ ਸੰਤਾਨ ਲਈ ਕੁੱਝ ਪ੍ਰਾਪਤ ਕੀਤਾ ਸੀ? ਕੀ ਇਤਿਹਾਸ ਵਿਚੋਂ ਉਸ ਦਾ ਨਾਂ ਮਿਟਾਉਣ ਦੀ ਇਸੇ ਲਈ ਕੋਸ਼ਿਸ਼ ਕੀਤੀ ਗਈ ਸੀ?
ਮੈਂ ਸੱਚੇ ਦਿਲੋਂ ਮਹਿਸੂਸ ਕਰਦਾ ਹਾਂ ਕਿ ਸਿੱਖਾਂ ਵਿਚ ਇਕ ਵਰਗ ਹਮੇਸ਼ਾ ਹੀ ਅਜਿਹਾ ਰਿਹਾ ਹੈ ਜਿਸ ਨੇ ਕੌਮ ਦਾ ਭਲਾ ਕਰਨ ਵਾਲਿਆਂ ਨੂੰ ਨਿਤ ਹੀ ਭੰਡਿਆ ਹੈ ਅਤੇ ਗ਼ਲਤ ਤੌਰ ’ਤੇ ਭੰਡ ਕੇ, ਅਪਣੀ ਜਹਾਲਤ ਦਾ ਸਬੂਤ ਹੀ ਦਿਤਾ ਹੈ। ਸੱਭ ਤੋਂ ਪਹਿਲਾਂ ਬੰਦਾ ਸਿੰਘ ਬੈਰਾਗੀ ਇਸ ਬੁਰੀ ਆਦਤ ਦਾ ਸ਼ਿਕਾਰ ਬਣਿਆ। ਉਸ ਨੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਅਜਿਹੇ ਸਿੱਖ ਤੰਤਰ ਦਾ ਤਾਣਾ-ਬਾਣਾ ਤਿਆਰ ਕੀਤਾ ਜੋ ਮਹਾਰਾਜਾ ਰਣਜੀਤ ਸਿੰਘ ਦੇ ‘ਨਕਲੀ ਸਿੱਖ ਰਾਜ’ ਨਾਲੋਂ ਸੌ ਗੁਣਾਂ ਨਹੀਂ, ਹਜ਼ਾਰ ਗੁਣਾ ਚੰਗਾ ਸੀ ਪਰ ਸਾਡੇ ਕੱਟੜਪੰਥੀ ਸਿੱਖਾਂ ਨੇ ਉਸ ਉਤੇ ਇਹ ਇਲਜ਼ਾਮ ਲਾ ਕੇ ਭੰਡਣਾ ਸ਼ੁਰੂ ਕਰ ਦਿਤਾ ਕਿ ਉਸ ਨੇ ਤਾਂ ਜੀ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ, ਉਹ ਤਾਂ ਜੀ ਅਪਣੇ ਆਪ ਨੂੰ ‘ਗੁਰੂ’ ਬਣਾਉਣਾ ਚਾਹੁੰਦਾ ਸੀ ਤੇ ਉਹ ਤਾਂ ਜੀ ਖ਼ਾਲਸਿਆਂ ਤੇ ਪੰਜਾਂ ਪਿਆਰਿਆਂ ਨੂੰ ਸਮਝਦਾ ਹੀ ਕੁੱਝ ਨਹੀਂ ਸੀ ਆਦਿ ਆਦਿ।
ਸਾਡੇ ਕੱਟੜਪੰਥੀਆਂ ਨੇ, ਬੰਦੇ ਬਾਰੇ ਜੋ ਕੁੱਝ ਵੀ ਕਿਹਾ, ਸੌ ਫ਼ੀ ਸਦੀ ਝੂਠ ਸੀ ਤੇ ਬੰਦੇ ਨੇ ਅਪਣੀ, ਅਪਣੇ ਸਾਥੀਆਂ ਦੀ ਤੇ ਅਪਣੇ ਬੱਚੇ ਤਕ ਦੀ ਕੁਰਬਾਨੀ ਦੇ ਕੇ ਇਸ ਝੂਠ ਨੂੰ ਨੰਗਿਆਂ ਕੀਤਾ ਪਰ ਕੱਟੜਪੰਥੀਆਂ ਦਾ ਰਵਈਆ ਉਸ ਪ੍ਰਤੀ ਫਿਰ ਵੀ ਨਾ ਬਦਲਿਆ। ਇਹ ਤਾਂ ਡਾ. ਗੰਡਾ ਸਿੰਘ ਵਰਗੇ ਇਤਿਹਾਸਕਾਰ ਹੀ ਸਨ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਬਾਰੇ ਸੱਚ ਪ੍ਰਗਟ ਕਰ ਕੇ, ਕੱਟੜਪੰਥੀਆਂ ਦੇ ਪ੍ਰਚਾਰ ਨੂੰ ਡੱਕਾ ਲਾਇਆ। ਇਤਿਹਾਸ, ਸਾਰੇ ਮਨੁੱਖਾਂ ਦਾ ਨਾਂ ਨਹੀਂ ਸੰਭਾਲਦਾ। ਸਾਡੇ ਤੁਹਾਡੇ ਵਰਗੇ, ਕਰੋੜਾਂ ਤੇ ਅਰਬਾਂ, ਖਰਬਾਂ ਲੋਕ ਚਲੇ ਜਾਣਗੇ ਤੇ ਥੋੜੇ ਸਮੇਂ ਬਾਅਦ ਕਿਸੇ ਨੂੰ ਸਾਡਾ ਨਾਂ ਵੀ ਯਾਦ ਨਹੀਂ ਰਹਿਣਾ। ਪਿਛਲੀਆਂ ਸਦੀਆਂ ਦੇ ਇਤਿਹਾਸ ਵਲ ਝਾਤ ਮਾਰ ਕੇ ਵੇਖ ਲਉ, ਕਿੰਨੇ ਕੁ ਨਾਂ, ਇਤਿਹਾਸ ਨੇ ਸੰਭਾਲ ਕੇ ਰੱਖੇ ਹਨ? ਪੈਦਾ ਤਾਂ ਅਰਬਾਂ, ਖਰਬਾਂ ਲੋਕ ਹੋਏ ਸਨ। ਕਿੰਨਿਆਂ ਕੁ ਦਾ ਇਤਿਹਾਸ ਸਾਨੂੰ ਮਿਲਦਾ ਹੈ? ਪਹਿਲਾਂ, ਇਕ ਸਦੀ ਵਿਚੋਂ 100 ਬੰਦੇ ਯਾਦ ਰਹਿ ਜਾਂਦੇ ਹਨ, ਫਿਰ ਜਿਉਂ ਜਿਉਂ ਸਮੇਂ ਦਾ ਪਹੀਆ ਘੁੰਮਦਾ ਰਹਿੰਦਾ ਹੈ, ਇਕ ਸਦੀ ਦੇ ਇਕ ਬੰਦੇ ਦਾ ਨਾਂ ਹੀ ਯਾਦ ਰਹਿ ਜਾਂਦਾ ਹੈ। ਸਿੱਖ ਇਤਿਹਾਸ ਵਿਚ, ਗੁਰੂਆਂ ਤੋਂ ਬਾਅਦ, ਸੱਤਾ ਅਤੇ ਰਾਜਨੀਤੀ ਨਾਲ ਜਿੰਨੇ ਵੀ ਨਾਂ ਜੁੜੇ ਹੋਏ ਹਨ, ਉਨ੍ਹਾਂ ’ਚੋਂ, ਸਮਾਂ ਬੀਤਣ ਨਾਲ, ਹੁਣ ਤਕ ਹੋਏ ਕੇਵਲ ਤਿੰਨ ਸਿੱਖਾਂ ਦੇ ਨਾਂ, ਇਤਿਹਾਸ ਵਿਚ ਰਹਿ ਜਾਣਗੇ, ਬਾਕੀ ਸੱਭ ਸਮੇਂ ਦੀ ਧੂੜ ਵਿਚ ਮਿਲ ਜਾਣਗੇ।
ਪਹਿਲਾ ਨਾਂ, ਬਾਬਾ ਬੰਦਾ ਸਿੰਘ ਦਾ, ਦੂਜਾ ਰਣਜੀਤ ਸਿੰਘ ਮਹਾਰਾਜੇ ਦਾ ਤੇ ਤੀਜਾ ਮਾ. ਤਾਰਾ ਸਿੰਘ ਦਾ। ਹੁਣ ਤਕ ਹੋਏ ਰਾਜਸੀ ਸਿੱਖ ਲੀਡਰਾਂ ’ਚੋਂ ਕਿਸੇ ਚੌਥੇ ਸਿੱਖ ਦਾ ਨਾਂ ਵੀ, ਸਿੱਖ ਇਤਿਹਾਸ ਸੰਭਾਲ ਸਕੇਗਾ-- ਇਹ ਗੱਲ ਅਸੰਭਵ ਜਹੀ ਲਗਦੀ ਹੈ। ਅਜਿਹਾ ਕੋਈ ਨਾਂ ਘੱਟੋ ਘੱਟ ਮੇਰੇ ਸਾਹਮਣੇ ਤਾਂ ਨਹੀਂ ਆਇਆ ਭਾਵੇਂ ਕਿ ਸੱਤਾ ਅਤੇ ਰਾਜਨੀਤੀ ਨਾਲ ਜੁੜੇ ਹੋਏ ਲੱਖਾਂ ਕਰੋੜਾਂ ਨਾਂ ਅਸੀ ਅਪਣੇ ਜੀਵਨ ਵਿਚ ਹੀ ਵੇਖ ਲਏ ਹੋਣਗੇ। ਹਾਂ, ਇਹ ਵੀ ਸੱਚ ਹੈ ਕਿ ਦੁਨੀਆਂ ਦਾ ਵੱਡੇ ਤੋਂ ਵੱਡਾ ਕੋਈ ਵਿਦਵਾਨ, ਧਾਰਮਕ ਆਗੂ ਜਾਂ ਨੇਤਾ ਨਹੀਂ ਹੋਇਆ ਜਿਸ ਦਾ ਭਰਪੂਰ ਵਿਰੋਧ ਨਾ ਹੋਇਆ ਹੋਵੇ ਤੇ ਜਿਸ ਦੇ ਵਿਰੋਧ ਵਿਚ ਢੇਰ ਮਸਾਲਾ ਨਾ ਮਿਲਦਾ ਹੋਵੇ। ਵਿਰੋਧ, ਗਾਲੀ ਗਲੋਚ ਅਤੇ ਨਫ਼ਰਤ ਦਾ ਸ਼ਿਕਾਰ ਹੋਏ ਬਿਨਾਂ, ਅਜੇ ਤਕ ਕੋਈ ‘ਵੱਡਾ’ ਬਣਦਾ ਤਾਂ ਮੈਂ ਨਹੀਂ ਵੇਖਿਆ।
ਅਖ਼ੀਰ ਵਿਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਅਸੀ ਅੱਗੇ ਵਧਣਾ ਹੈ ਤੇ ਨਵੀਆਂ ਪ੍ਰਾਪਤੀਆਂ ਨੂੰ ਹੱਥ ਪਾਉਣਾ ਹੈ ਤਾਂ ਸਾਨੂੰ ਇਤਿਹਾਸ ਨੂੰ ਠੀਕ ਪੜ੍ਹਨ ਦੀ ਜਾਚ ਜ਼ਰੂਰ ਆਉਣੀ ਚਾਹੀਦੀ ਹੈ ਤੇ ਇਤਿਹਾਸ ਤੋਂ ਠੀਕ ਸਬਕ ਸਿਖ ਕੇ, ਇਤਿਹਾਸ ਵਿਚ ਵਧੀਆ ਕੰਮ ਕਰਨ ਵਾਲਿਆਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ ਵਰਨਾ ਹੇਠਾਂ ਜਾਣਾ ਸ਼ੁਰੂ ਕਰ ਦਿਆਂਗੇ। ਅਪਣੇ ਅੱਜ ਦੇ ਸੌੜੇ ਵਿਚਾਰਾਂ ਦੀ ਐਨਕ ਲਾ ਕੇ, ਇਤਿਹਾਸ ਨੂੰ ਨਹੀਂ ਪੜਿ੍ਹਆ ਜਾ ਸਕਦਾ, ਨਾ ਉਸ ਤੋਂ ਕੁੱਝ ਸਿਖਿਆ ਹੀ ਜਾ ਸਕਦਾ ਹੈ। ਸਾਡੇ ਅੱਜ ਦੇ ਵਿਚਾਰਾਂ ਤੇ ਕੰਮਾਂ ਬਾਰੇ, ਆਉਣ ਵਾਲਾ ਸਮਾਂ ਅਪਣਾ ਫ਼ੈਸਲਾ ਜ਼ਰੂਰ ਦੇਵੇਗਾ ਜਾਂ ਸਾਨੂੰ ‘ਫ਼ਜ਼ੂਲ ਦੇ ਬੰਦੇ’ ਸਮਝ ਕੇ ਅੱਖਾਂ ਮੀਟ ਲਵੇਗਾ। ਜਿਨ੍ਹਾਂ ਲੋਕਾਂ ਨੂੰ ਇਤਿਹਾਸ ਅਤੇ ਇਸ ਦੇ ਅਸਲ ਨਾਇਕਾਂ ਦੀ ਪਛਾਣ ਕਰਨੀ ਨਹੀਂ ਆਉਂਦੀ, ਬਦਕਿਸਮਤੀ ਨਾਲ ਉਹੀ ਅੱਜ ਸਿੱਖ ਅੰਬਰ ਉਤੇ ਛਾਏ ਹੋਏ ਹਨ ਤੇ ਇਹੀ ਗੱਲ ਮੈਨੂੰ ਚਿੰਤਾ ਕਰਨ ਲਈ ਮਜਬੂਰ ਕਰਦੀ ਹੈ। ਇਹ ਲੋਕ ਪਿਛਲੇ ਇਤਿਹਾਸ ਨੂੰ ਤਾਂ ਬਦਲ ਨਹੀਂ ਸਕਦੇ ਪਰ ਅੱਜ ਦਾ ਸਮਾਂ ਵਿਅਰਥ ਗਵਾ ਕੇ, ਭਵਿੱਖ ਨੂੰ ਧੁੰਦਲਾ ਕਰਨ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਹਨ। (10 ਅਪ੍ਰੈਲ, 2016 ਦੇ ਪਰਚੇ ’ਚੋਂ)
