Nijji Diary De Panne: ਬਾਬੇ ਨਾਨਕ ਦੀ ਸਿੱਖੀ ਨੂੰ ਖਤਮ ਹੁੰਦਾ ਵੇਖਣਾ ਚਾਹੁਣ ਵਾਲੀਆਂ ‘ਚਲਾਕ’ ਸ਼ਕਤੀਆਂ ਦਾ ਚੌਤਰਫ਼ਾ ਘੇਰਾ!

By : GAGANDEEP

Published : Nov 26, 2023, 7:06 am IST
Updated : Nov 26, 2023, 8:57 am IST
SHARE ARTICLE
Nijji Diary De Panne
Nijji Diary De Panne

Nijji Diary De Panne: ਸਿੱਖਾਂ ਨੂੰ ਕ੍ਰਿਪਾਨ, ਬੰਦੂਕ ਵਾਲੇ ਹਮਲਾਵਰਾਂ ਨੂੰ ਪਛਾੜਨਾ ਤਾਂ ਖ਼ੂਬ ਆਉਂਦੈ ਪਰ ‘ਚਲਾਕ’ ਸ਼ਕਤੀਆਂ ਦੀਆਂ ‘ਚਲਾਕੀਆਂ’ ਹੱਥੋਂ ਸਦਾ ਹੀ ..

A four-sided circle of 'clever' powers who want to see Baba Nanak's Sikhism come to an end!:ਇਸ ਵੇਲੇ ਮੈਨੂੰ ਤਾਂ ਸਿੱਖੀ ਡਾਢੇ ਸੰਕਟ ਵਿਚ ਘਿਰੀ ਹੋਈ ਦਿਸਦੀ ਹੈ ਪਰ ਇਹ ਸੱਚ ਵੀ ਕੋਈ ਛੋਟਾ ਸੱਚ ਨਹੀਂ ਕਿ 550 ਸਾਲਾਂ ਵਿਚ ਸਿੱਖਾਂ ਨੇ ਇਹ ਸਾਬਤ ਕਰ ਵਿਖਾਇਆ ਹੈ ਕਿ ਉਹ ਜਿਸ ਵੀ ਖੇਤਰ ਵਿਚ ਪੈਰ ਧਰਦੇ ਹਨ, ਸਿਖਰ ’ਤੇ ਪਹੁੰਚੇ ਬਿਨਾਂ ਨਹੀਂ ਰੁਕਦੇ। ਛੋਟੀ ਜਿਹੀ ਕੌਮ ਜਿਹੜੀ ਅਪਣੀ ਜਨਮ-ਭੂਮੀ ਭਾਰਤ ਵਿਚ ਵੀ ਇਕ ਡੇਢ ਫ਼ੀਸਦੀ ਤੋਂ ਵੱਧ ਨਹੀਂ, ਉਸ ਦੇ ਵਿਹੜੇ ਵਿਚ ਜਨਮੀ ਨਿੱਕੀ ਹੈਲੇ, ਇਸ ਵੇਲੇ ਅਮਰੀਕੀ ਰਾਸ਼ਟਰਪਤੀ ਬਣਨ ਲਈ ਚੋਣ ਲੜ ਰਹੀ ਹੈ। ਕੈਨੇਡਾ ਦਾ ਡੀਫ਼ੈਂਸ ਮਨਿਸਟਰ ਇਕ ਸਿੱਖ ਹਰਜੀਤ ਸਿੰਘ ਸੱਜਣ ਰਹਿ ਚੁੱਕਾ ਹੈ ਤੇ ਹਿੰਦੁਸਤਾਨ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜ ਮੁਖੀ, ਵਿਦੇਸ਼ ਮੰਤਰੀ ਤੇ ਡੀਫ਼ੈਂਸ ਮਨਿਸਟਰ ਵੀ ਸਿੱਖ ਰਹਿ ਚੁੱਕੇ ਹਨ। ਵਪਾਰ, ਖੇਤੀ, ਸਿਖਿਆ, ਖੇਡਾਂ ਅਤੇ ਚੰਗੀਆਂ ਪ੍ਰ੍ਰ੍ਰਸ਼ਾਸਨਿਕ ਸੇਵਾਵਾਂ ਦੇਣ ਵਿਚ ਸਿੱਖ ਕਦੇ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ।

ਪਰ ਚਿੰਤਾ ਦੀ ਅਸਲ ਗੱਲ ਇਹ ਹੈ ਕਿ ਇਸ ਕੌਮ ਦੇ ਚਲਾਕ ਵੈਰੀਆਂ ਨੇ ਜਿਹੜੇ ਚਲਾਕੀ ਭਰੇ ਹਥਕੰਡੇੇ ਇਸ ਕੌਮ ਨੂੰ ਖ਼ਤਮ ਕਰਨ ਜਾਂ ਨੁਕਸਾਨ ਪਹੁੰਚਾਉਣ ਲਈ ਵਰਤੇ, ਉਨ੍ਹਾਂ ’ਚੋਂ ਕਿਸੇ ਇਕ ਨੂੰ ਵੀ ਸਿੱਖ ਨਾ ਤਾਂ ਸਮਝ ਹੀ ਸਕੇ, ਨਾ ਉਨ੍ਹਾਂ ਦਾ ਮੁਕਾਬਲਾ ਹੀ ਕਰ ਸਕੇ। ਮੈਂ ਅਕਸਰ ਵੇਖਿਆ ਹੈ ਕਿ ਮੰਦ ਇਰਾਦੇ ਨਾਲ ਜੋ ਵੀ ਖ਼ਰਾਬੀ, ਚਲਾਕ ਦੁਸ਼ਮਣ ਨੇ ਇਸ ਦੇ ਮੱਥੇ ’ਤੇ ਚਿਪਕਾ ਦਿਤੀ, ਉਸ ਨੂੰ ਇਹ ਕੌਮ ਪੂੰਝ ਵੀ ਨਹੀਂ ਸਕੀ, ਮਿਟਾ ਸਕਣ ਦੀ ਤਾਂ ਗੱਲ ਹੀ ਛੱਡੋ। ਵਕਤ ਪਾ ਕੇ ਜਦ ਕੋਈ ਭਲਾ ਸਿੱਖ, ਦੁਸ਼ਮਣ ਦੀ ਸ਼ੁਰੂ ਕੀਤੀ ਖ਼ਰਾਬੀ ਵਲ ਧਿਆਨ ਵੀ ਦਿਵਾਂਦਾ ਹੈ ਤਾਂ ਇਸ ਕੌਮ ਦੇ ‘ਗਰਮ ਖ਼ਿਆਲੀਏ’ ਉਸ ਨੂੰ ਹੀ ਪੈ ਜਾਂਦੇ ਹਨ ਕਿ ਸਿੱਖੀ ਦੇ ਵਿਹੜੇ ਵਿਚ ਗੱਡੇ ਸੇਹ ਦੇ ਤਕਲੇ ਨੂੰ ਬੁਰਾ ਕਹਿਣ ਵਾਲਾ ਹੀ ਬੁਰਾ ਬੰਦਾ ਹੈ, ਇਸ ਨੂੰ ਹੀ ਪੰਥ ’ਚੋਂ ਛੇਕ ਦਿਉ ਜਾਂ ਹੋ ਸਕੇ ਤਾਂ ਖ਼ਤਮ ਹੀ ਕਰ ਦਿਉ।

ਭਾਈ ਬਾਲਾ ਦੀ ਨਕਲੀ ਕਹਾਣੀ, ਸੌ ਫ਼ੀ ਸਦੀ ਨਕਲੀ ਤੇ ਮਨ ਘੜਤ ਕਈ ਸਾਖੀਆਂ ਅਤੇ ਗੁਰੂਆਂ ਨੂੰ ਭਾਰਤੀ ਬਾਬਿਆਂ ਵਾਂਗ ਚਮਤਕਾਰੀ ਦੱਸਣਵਾਲੇ ਝੂਠਾਂ ਦੀ ਲੰਮੀ ਸੂਚੀ ਪੇਸ਼ ਕਰ ਸਕਦਾ ਹਾਂ ਪਰ ਹਾਲ ਦੀ ਘੜੀ ‘ਦਸਮ ਗ੍ਰੰਥ’ ਦੀ ਗੱਲ ਹੀ ਲੈ ਲਉ। ਕੁੱਝ ‘ਬ੍ਰਾਹਮਣਵਾਦੀ ਸਿੱਖਾਂ’ ਨੂੰ ਛੱਡ ਕੇ, ਵਿਦਵਾਨ ਲੋਕ ਇਕ ਮੱਤ ਹੋ ਕੇ ਇਸ ਨਤੀਜੇ ’ਤੇ ਪਹੁੰਚ ਚੁੱਕੇ ਹਨ ਕਿ ਇਸ ਰਾਹੀਂ ਦੁਸ਼ਮਣ ਨੇ ਸਿੱਖੀ ਨੂੰ ਵੱਡੀ ਸੱਟ ਮਾਰਨ ਦਾ ਯਤਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਲੋਕਾਂ ਨੂੰ ਕ੍ਰਿਪਾਨ ਸਾਹਮਣੇ ਟਿਕਣ ਨਹੀਂ ਸੀ ਦੇਂਦੇ, ਉਨ੍ਹਾਂ ਹੀ ਸ਼ਕਤੀਆਂ ਨੇ ‘ਦਸਮ ਗ੍ਰੰਥ’ (ਜਿਸ ਦਾ ਅਸਲ ਨਾਂ ‘ਬਚਿੱਤਰ ਨਾਟਕ’ ਸੀ ਪਰ ਹੌਲੀ-ਹੌਲੀ ਸਾਡੇ ਪੁਜਾਰੀਆਂ ਅਥਵਾ ਸਿੱਖ ਬਾਣੇ ਵਾਲੇ ਬ੍ਰਾਹਮਣਾਂ ਨੇ ਜਿਸ ਨੂੰ ‘ਦਸਮ ਗ੍ਰੰਥ’ ਬਣਾ ਦਿਤਾ ਤੇ ਹੁਣ ਹੌਲੀ-ਹੌਲੀ ਇਸ ਨੂੰ ‘ਦਸਮ ਗੁਰੂ ਗ੍ਰੰਥ’ ਬਣਾਉਣ ਦੇ ਆਹਰ ਵਿਚ ਲੱਗੇ ਹੋਏ ਹਨ, ਪੰਜ ਤਖ਼ਤਾਂ ’ਚੋਂ ਇਕ ਤਖ਼ਤ ਉਤੇ ਇਸ ਦਾ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀਤਾ ਜਾਂਦਾ ਹੈ ਤੇ ਬਾਕਾਇਦਾ ‘ਹੁਕਮਨਾਮਾ’ ਉਸ ਵਿਚੋਂ ਲਿਆ ਜਾਂਦਾ ਹੈ) ਸਿੱਖੀ ਦੇ ਵਿਹੜੇ ਵਿਚ ਰੱਖ ਦਿਤਾ ਤੇ ਹੁਣ ਇਸ ਦਾ ਸੱਚ ਦੱਸਣ ਵਾਲਿਆਂ ਵਿਰੁਧ, ਮਾੜੇ ਤੋਂ ਮਾੜਾ ਹਸ਼ਰ ਕਰਨ ਦੇ ਜੈਕਾਰੇ ਛਡਦੇ ਹੋਏ ‘ਜੱਥੇ’ ਉਠ ਖੜੇ ਹੁੰਦੇ ਹਨ। ‘ਦਸਮ ਗ੍ਰੰਥ’ ਨੂੰ ਦੁਸ਼ਮਣ ਦੀ ਚਾਲ ਕਹਿਣ ਵਾਲੇ ਪੱਕੇ ਗੁਰਸਿੱਖ ਹਨ ਪਰ ਇਸ ਗੱਲ ਨੂੰ ਬਿਲਕੁਲ ਨਹੀਂ ਵੇਖਿਆ ਜਾਂ ਵਿਚਾਰਿਆ ਜਾਂਦਾ ਤੇ ਠਾਹ ਕਰ ਕੇ ‘ਹੁਕਮਨਾਮਾ’ ਜਾਰੀ ਕਰ ਦਿਤਾ ਜਾਂਦਾ ਹੈ। ‘ਦਸਮ ਗ੍ਰੰਥ’ ਵਿਰੁਧ ਸੱਚ ਬੋਲਣ ਵਾਲਿਆਂ ਦਾ ਹਾਲ ਵੇਖਣਾ ਹੋਵੇ ਤਾਂ ਮਾਰ ਲਉ ਪੰਥ ਦੀ ਆਕਾਸ਼ ਗੰਗਾ ਵਲ ਇਕ ਝਾਤ। ਤੁਸੀ ਵੇਖ ਲਉਗੇ ਕਿ: 

 ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਰਾਗੀ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕ ਦਿਤਾ ਗਿਆ ਹੈ ਕਿਉਂਕਿ ਉਹ ‘ਦਸਮ ਗ੍ਰੰਥ’ ਵਿਰੁਧ ਬੋਲਿਆ ਸੀ।ਸ਼੍ਰੋਮਣੀ ਗੁਰਮਤਿ ਲੇਖਕ ਜਿਸ ਨੇ ਹਰ ਦਲੀਲ ਦੇ ਹੱਕ ਵਿਚ ਗੁਰਬਾਣੀ ਦੇ 5 ਪ੍ਰਮਾਣ ਦੇਣ ਦੀ ਪਿਰਤ ਸ਼ੁਰੂ ਕਰਨ ਸਮੇਤ ਕਈ ਨਵੀਆਂ ਪਹਿਲਾਂ ਕੀਤੀਆਂ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਵੀ ਪੰਥ ’ਚੋਂ ਛੇਕ ਦਿਤਾ ਗਿਆ ਕਿਉਂਕਿ ਉਹ ‘ਦਸਮ ਗ੍ਰੰਥ’ ਅਤੇ ਤਖ਼ਤਾਂ ਉਤੇ ਬੈਠੇ ਪੁਜਾਰੀਆਂ ਦੀ ਆਲੋਚਨਾ ਕਰਦਾ ਸੀ ਤੇ ‘ਗੁਰਬਿਲਾਸ ਪਾਤਸ਼ਾਹੀ-6’ ਦਾ ਵਿਰੋਧ ਕਰਦਾ ਸੀ। ਉਹ ਅਖ਼ੀਰ  ਸੰਸਾਰ ਹੀ ਛੱਡ ਗਿਆ ਪਰ ਇਨ੍ਹਾਂ ਦੀ ਸੋਚ ਵਿਚ ਕੋਈ ਫ਼ਰਕ ਨਹੀਂ ਆਇਆ। 
 ਸੰਸਾਰ ਪ੍ਰਸਿੱਧ ਪੰਥ ਪ੍ਰਚਾਰਕਾਂ ਨੂੰ ਗੁਰਦਵਾਰਿਆਂ (ਖ਼ਾਸ ਤੌਰ ਤੇ ਵਿਦੇਸ਼ਾਂ ਵਿਚ) ‘ਦਸਮ ਗ੍ਰੰਥ’ ਵਿਰੁਧ ਬੋਲਣ ਨਹੀਂ ਦਿਤਾ ਜਾਂਦਾ ਤੇ ਅਪਮਾਨਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਮਰੀਕਾ ਤੋਂ ਇਕ ਪ੍ਰਸਿੱਧ ਲੇਖਕ ਨੇ ਪਿਛਲੇ ਮਹੀਨੇ ਹੀ ਮੈਨੂੰ ਦਸਿਆ ਕਿ ‘ਬਚਿੱਤਰ ਨਾਟਕ’ ਦਾ ਸੱਚ ਲਿਖਣ ਕਰ ਕੇ ਉਸ ਨੂੰ ਵਾਰ ਵਾਰ ਕਤਲ ਕਰ ਦੇਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ।

 ਰੋਜ਼ਾਨਾ ਸਪੋਕਸਮੈਨ ਤੇ ਇਸ ਦੇ ਸੇਵਕਾਂ ਦਾ ‘ਕਸੂਰ’ ਵੀ ਕੇਵਲ ਏਨਾ ਹੀ ਤਾਂ ਸੀ ਕਿ ਇਸ ਨੇ ਸਿੱਖੀ ਦੇ ਵਿਹੜੇ ਵਿਚ (ਅੰਧ-ਵਿਸ਼ਵਾਸ, ਕਰਮ-ਕਾਂਡ, ਫ਼ਰਜ਼ੀ ਕਥਾ-ਕਹਾਣੀਆਂ ਵਰਗੀ ਬੁਰਾਈ ਅਰਥਾਤ ‘ਪੁਜਾਰੀਵਾਦ’) ਨੂੰ  ਸਿੱਖੀ ਵਿਚ ਦਾਖ਼ਲ ਹੀ ਨਾ ਕਰ ਦਿਤਾ ਸਗੋਂ ਇਸ ਨੂੰ ਬ੍ਰਾਹਮਣ ਨਾਲੋਂ ਵੀ ਜ਼ਿਆਦਾ ਤਾਕਤਵਰ ਬਣਾ ਕੇ ਸਿੱਖਾਂ ਅਤੇ ਸਿੱਖੀ ਦੀ ਧੌਣ ਇਨ੍ਹਾਂ ਦੇ ਹੱਥ ਫੜਾ ਦਿਤੀ  ਜਦਕਿ ਇਨ੍ਹਾਂ ਦੀ ਅਪਣੀ ਡੋਰ ਸਿਆਸੀ ਲੀਡਰਾਂ ਨੇ, ਘੁਟ ਕੇ ਅਪਣੇ ਹੱਥਾਂ ਵਿਚ ਫੜੀ ਹੋਈ ਹੁੰਦੀ ਹੈ। ਸਪੋਕਸਮੈਨ ਨੇ ਇਸ ‘ਪਾਪ’ ਵਿਰੁਧ ਸਿੱਖਾਂ ਨੂੰ ਸਿਰਫ਼ ਜਾਗ੍ਰਿਤ ਹੀ ਕੀਤਾ। ਇਹੀ ਸਪੋਕਸਮੈਨ ਦਾ ਵੱਡਾ ਕਸੂਰ ਬਣ ਗਿਆ। ਇਨ੍ਹਾਂ ਨੇ ਐਲਾਨ ਕਰ ਦਿਤਾ ਕਿ ਸਪੋਕਸਮੈਨ ਨੂੰ ਛੇ ਮਹੀਨੇ ਨਹੀਂ ਚਲਣ ਦੇਣਾ, ਸਾਲ ਤੋਂ ਪਹਿਲਾਂ ਬੰਦ ਕਰਵਾ ਕੇ ਰਹਿਣਾ ਹੈ। ਚਲੋ ਸਾਡੇ ਪਾਠਕ ਦੀਵਾਰ ਬਣ ਕੇ ਸਪੋਕਸਮੈਨ ਨਾਲ ਖੜੇ ਹੋ ਗਏ ਤੇ ਲਗਭਗ ਇਕ ਹਫ਼ਤੇ ਮਗਰੋਂ ਪਹਿਲੀ ਦਸੰਬਰ, 2024 ਨੂੰ ਸਪੋਕਸਮੈਨ 19ਵੇਂ ਸਾਲ ਵਿਚ ਦਾਖ਼ਲ ਹੋ ਜਾਵੇਗਾ। ਹੁਣ ਸਪੋਕਸਮੈਨ ਦੇ ਪਾਠਕਾਂ ਵਲੋਂ ਤਿਆਰ ਕੀਤਾ ‘ਉੱਚਾ ਦਰ ਬਾਬੇ ਨਾਨਕ ਦਾ’ ਇਹਨਾਂ ਦੀ ਨਫ਼ਰਤ ਤੇ ਹੰਕਾਰ ਦਾ ਅਗਲਾ ਨਿਸ਼ਾਨਾ ਬਣ ਗਿਆ ਹੈ ਹਾਲਾਂਕਿ ਅਜੇ ਇਸ ਨੇ ਕੰਮ ਕਰਨਾ ਤੇ ਸਪੋਕਸਮੈਨ ਵਾਂਗ ਅਪਣਾ ਜਲਵਾ ਵਿਖਾਣਾ ਸ਼ੁਰੂ ਵੀ ਨਹੀਂ ਕੀਤਾ। ਇਕ ਵਾਰ ਫਿਰ ਸਾਰੇ ਸੱਚੇ ਨਾਨਕ ਨਾਮ ਲੇਵਾ ਲੋਕਾਂ ਲਈ ਇਸ ਦੇ ਹੱਕ ਵਿਚ ਡਟਣ ਦਾ ਸਮਾਂ ਆ ਗਿਆ ਹੈ। 

ਸ਼੍ਰੋਮਣੀ ਕਮੇਟੀ ਅਥਵਾ ਵੋਟਾਂ ਰਾਹੀਂ ਚੁਣੀ ਗਈ ਤੇ ਸਿਆਸਤਦਾਨਾਂ ਦੀ ਤਾਬੇਦਾਰੀ ਮੰਨਣ ਵਾਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪੁਜਾਰੀਵਾਦ, ਅੰਗਰੇਜ਼ ਵਲੋਂ ਸਿੱਖੀ ਦੇ ਵਿਹੜੇ ਵਿਚ ਸੁੱਟੇ ਉਹ ‘ਚਲਾਕ ਹਥਿਆਰ’ ਸਨ ਜੋ ਇਹ ਸੋਚ ਕੇ ਸੁੱਟੇ ਗਏ ਸਨ ਕਿ ਸਿੱਖਾਂ ਨੂੰ ਇਨ੍ਹਾਂ ਦੀ ਮਾਰੂ ਤਾਕਤ ਜਦ ਨੂੰ ਸਮਝ ਆਵੇਗੀ, ਤਦ ਤਕ ਕਮੇਟੀ ਸਿੱਖੀ ਦਾ ਨਾ ਪੂਰਿਆ ਜਾ ਸਕਣ ਵਾਲਾ ਨੁਕਸਾਨ ਕਰ ਚੁਕੀ ਹੋਵੇਗੀ। ਅੰਗਰੇਜ਼ ਨੂੰ ਸਿੱਖਾਂ ਵਰਗੀ ਛੋਟੀ ਕੌਮ ਹੱਥੋਂ ਵੱਡੀਆਂ ਹਾਰਾਂ ਵੇਖਣੀਆਂ ਪਈਆਂ ਸਨ ਤੇ ਉਹ ਬਦਲਾ ਲੈਣੋਂ ਚੂਕ ਜਾਣ ਵਾਲੀ ਕੌਮ ਨਹੀਂ। ਇਸ ਕਮੇਟੀ ਹੱਥੋਂ ਸਿੱਖੀ ਦਾ ਗਰਾਫ਼ ਲਗਾਤਾਰ ਹੇਠਾਂ ਕਿਵੇਂ ਲਿਆਂਦਾ ਗਿਆ ਹੈ, ਇਸ ਬਾਰੇ ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਈਸਾਈ ਵੀ ਬਾਹਰੋਂ ਆ ਕੇ ਇਸ ਕੌਮ ਨੂੰ ਪਿੰਡ ਪਿੰਡ ਵਿਚ ਚੁਨੌਤੀ ਦੇਣ ਲੱਗ ਪਏ ਹਨ ਜਦਕਿ ਅੰਗਰੇਜ਼ੀ ਰਾਜ ਵੇਲੇ ਭਰਪੂਰ ਯਤਨ ਕਰਨ ਦੇ ਬਾਵਜੂਦ ਉਹ ਇਕ ਦੋ ਸ਼ਹਿਰੀ ਇਲਾਕਿਆਂ ਨੂੰ ਛੱਡ, ਇਕ ਵੀ ਪਿੰਡ ਵਿਚ ਪੈਰ ਨਹੀਂ ਸਨ ਰੱਖ ਸਕੇ। ਕੁਲ ਮਿਲਾ ਕੇ ਚਾਰੇ ਪਾਸੇ ਤੋਂ (ਅੰਦਰੋਂ ਬਾਹਰੋਂ) ਸਿੱਖੀ, ਚਲਾਕ ਦੁਸ਼ਮਣਾਂ ਦੇ ਘੇਰੇ ਵਿਚ ਘਿਰ ਚੁਕੀ ਹੈ। ਵੇਖੋ ਸਿੱਖ ਸਿਆਣਪ ਵਿਖਾਂਦੇ ਹਨ ਜਾਂ ਚਲਾਕਾਂ ਦੀਆਂ ਚਲਾਕੀਆਂ ਨੂੰ ਸਮਝਣ ਵਿਚ, ਹਮੇਸ਼ਾ ਵਾਂਗ ਨਾਕਾਮ ਰਹਿ ਕੇ ਅਪਣਾ ਭਵਿੱਖ ਹਨੇਰੇ ਦੀ ਬੁੱਕਲ ਵਿਚ ਸੁਟ ਦੇਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement