ਚੋਣਾਂ ਜਾਂ ਕਥਿਤ ਦੇਸ਼-ਧ੍ਰੋਹੀਆਂ ਤੇ ਦੇਸ਼ ਭਗਤਾਂ ਵਿਚਕਾਰ ਮਹਾਂਭਾਰਤ ?
Published : Apr 28, 2019, 9:09 am IST
Updated : Apr 28, 2019, 9:09 am IST
SHARE ARTICLE
Narendra Modi & Rahul Gandhi
Narendra Modi & Rahul Gandhi

2019 ਦਾ ਚੋਣ ਘਮਸਾਨ ਹੋਰ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਅੰਤ ਵਿਚ ਆ ਕੇ ਕਥਿਤ ਦੇਸ਼-ਧ੍ਰੋਹੀਆਂ ਤੇ ਰਾਸ਼ਟਰਵਾਦੀਆਂ ਵਿਚਕਾਰ ਮਹਾਂਭਾਰਤ ਦੀ ਜੰਗ ਬਣ ਗਿਆ ਹੈ।

ਦੇਸ਼-ਧ੍ਰੋਹ ਦਾ ਇਹ ਹਥਿਆਰ, ਆਜ਼ਾਦ ਭਾਰਤ ਵਿਚ ਪਹਿਲੀ ਵਾਰ, ਸਿੱਖਾਂ ਵਿਰੁਧ ਹੀ ਵਰਤਿਆ ਗਿਆ ਸੀ ਤਾਕਿ ਦੇਸ਼ਵਾਸੀਆਂ ਦਾ ਧਿਆਨ ਉਨ੍ਹਾਂ ਦੀਆਂ ਮੰਗਾਂ ਵਲ ਨਾ ਜਾਣ ਦਿਤਾ ਜਾਵੇ। ਅੱਜ ਦੇ ਰਾਜਸੀ ਦੰਗਲ ਵਿਚ ਵੀ ਦੇਸ਼-ਧ੍ਰੋਹ ਦਾ ਇਹੀ ਮਤਲਬ ਹੈ, ਹੋਰ ਕੁੱਝ ਨਹੀਂ।

2019 ਦਾ ਚੋਣ ਘਮਸਾਨ ਹੋਰ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਅੰਤ ਵਿਚ ਆ ਕੇ ਕਥਿਤ ਦੇਸ਼-ਧ੍ਰੋਹੀਆਂ ਤੇ ਰਾਸ਼ਟਰਵਾਦੀਆਂ ਵਿਚਕਾਰ ਮਹਾਂਭਾਰਤ ਦੀ ਜੰਗ ਬਣ ਗਿਆ ਹੈ। ਬਸ ਜਿਹੜਾ ਸਾਡੀ ਗੱਲ ਨੂੰ ਟੋਕੇ, ਉਹ ਪਾਕਿਸਤਾਨ ਦਾ ਚਹੇਤਾ ਤੇ ਜਿਹੜਾ ਪਾਕਿਸਤਾਨ ਦਾ ਚਹੇਤਾ, ਉਹ ਦੇਸ਼ ਧ੍ਰੋਹੀ। ਸੋ ਬੇਰੁਜ਼ਗਾਰੀ, ਗ਼ਰੀਬੀ, ਕਿਸਾਨੀ ਖ਼ੁਦਕੁਸ਼ੀਆਂ ਵਰਗੇ ਸੱਭ ਮਾਮਲੇ ਪਿਛੇ ਸੁੱਟ ਦਿਤੇ ਗਏ ਤੇ ਪ੍ਰਚਾਰ ਇਹ ਸ਼ੁਰੂ ਹੋ ਗਿਆ ਕਿ 'ਦੇਸ਼-ਧ੍ਰੋਹੀਆਂ' ਨੂੰ ਹਰਾਉਣਾ ਜ਼ਰੂਰੀ ਹੈ ਤਾਕਿ ਦੇਸ਼ ਬਚ ਸਕੇ। ਲੋਕ ਭੁੱਲ ਗਏ ਹੋਣਗੇ ਕਿ 1947 ਮਗਗੋਂ ਜਦ ਵੀ ਸਿੱਖ ਲੀਡਰਾਂ ਨੇ ਸਿੱਖਾਂ ਦੀਆਂ ਮੰਗਾਂ ਲਈ ਅੰਦੋਲਨ ਸ਼ੁਰੂ ਕੀਤਾ ਤਾਂ ਠੀਕ ਇਸੇ ਢੰਗ ਨਾਲ ਸਿੱਖਾਂ ਨੂੰ ਸੱਭ ਤੋਂ ਪਹਿਲਾਂ 'ਦੇਸ਼ ਧ੍ਰੋਹੀ' ਕਰਾਰ ਦੇ ਕੇ ਸਾਰੀਆਂ ਤੋਪਾਂ ਉਨ੍ਹਾਂ ਵਿਰੁਧ ਬੀੜ ਦਿਤੀਆਂ ਜਾਂਦੀਆਂ ਸਨ। ਅਨੰਦਪੁਰ ਮਤੇ ਤੋਂ ਲੈ ਕੇ ਬਲਿਊ ਸਟਾਰ ਆਪ੍ਰੇਸ਼ਨ ਅਤੇ ਨਵੰਬਰ 84 ਦੇ ਘਲੂਘਾਰਿਆਂ ਦੀ ਇਹੀ ਕਹਾਣੀ ਹੈ। ਜਦ ਵੀ ਸਿੱਖ ਅਪਣੀਆਂ ਮੰਗਾਂ ਲਈ ਲੜਦੇ, ਉਨ੍ਹਾਂ ਨੂੰ ਪਾਕਿਸਤਾਨ ਨਾਲ ਮਿਲੇ ਹੋਏ, ਦੇਸ਼ ਧ੍ਰੋਹੀ ਕਹਿ ਕੇ, ਅਸਲ ਮਸਲੇ ਵਲ ਲੋਕਾਂ ਦਾ ਧਿਆਨ ਹੀ ਨਾ ਜਾਣ ਦਿਤਾ ਜਾਂਦਾ। 1984 ਦੇ ਵਹਿਸ਼ੀ ਕਾਰੇ ਮੌਕੇ ਸਿੱਖਾਂ ਵਿਰੁਧ 'ਦੇਸ਼ ਧ੍ਰੋਹੀ' ਹੋਣ ਦਾ ਏਨਾ ਵੱਡਾ ਸਰਕਾਰੀ ਪ੍ਰਚਾਰ ਕੀਤਾ ਗਿਆ ਕਿ 'ਏਤੀ ਮਾਰ ਪਈ ਕੁਰਲਾਣੇ' ਵਾਲੀ ਹਾਲਤ ਵਿਚ ਵੀ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਵਾਲਾ ਵੀ ਕੋਈ ਨਾ ਨਿਕਲਿਆ। ਅੱਜ 'ਦੇਸ਼-ਧ੍ਰੋਹ' ਦਾ ਨਾਂ ਦੇ ਕੇ ਲੋਕ ਰਾਜ ਨੂੰ ਲੀਹੋਂ ਲਾਹਿਆ ਜਾ ਰਿਹਾ ਹੈ, ਤਾਂ ਵੀ ਬੋਲਣ ਵਾਲੇ ਬਹੁਤ ਥੋੜੇ ਹਨ।

2014 ਵਿਚ ਨਰਿੰਦਰ ਮੋਦੀ 31% ਵੋਟਰਾਂ ਦੀ ਹਮਾਇਤ ਪ੍ਰਾਪਤ ਕਰ ਕੇ ਸਰਕਾਰ ਅਪਣੀ ਪਾਰਟੀ ਦੀ ਬਣਾ ਗਏ। ਉਨ੍ਹਾਂ ਨੇ ਭਾਵੁਕ ਅੰਦਾਜ਼ ਵਿਚ ਕਿਹਾ ਕਿ ''ਤੁਸੀ ਕਾਂਗਰਸ ਨੂੰ ਰਾਜ ਕਰਨ ਲਈ 60 ਸਾਲ ਦਿਤੇ, ਮੈਨੂੰ ਕੇਵਲ 60 ਮਹੀਨੇ (ਪੰਜ ਸਾਲ) ਹੀ ਦੇ ਦਿਉ। ਜੇ ਮੈਂ 60 ਮਹੀਨਿਆਂ ਵਿਚ 60 ਸਾਲ ਤੋਂ ਵੱਧ ਕੰਮ ਨਾ ਕਰ ਵਿਖਾਇਆ ਤਾਂ 2019 ਵਿਚ ਮੈਨੂੰ ਵੋਟਾਂ ਨਾ ਦੇਣਾ।''

ਸੋ ਹਰ ਕੋਈ ਬੜੀ ਆਸ ਲਾ ਕੇ ਵੇਖ ਰਿਹਾ ਸੀ ਕਿ ਪ੍ਰਧਾਨ ਮੰਤਰੀ ਅਪਣੀ ਪੰਜ ਸਾਲ (60 ਮਹੀਨੇ) ਦੀ ਕਾਰਗੁਜ਼ਾਰੀ ਨੂੰ ਕਾਂਗਰਸ ਸਰਕਾਰਾਂ ਦੀ 60 ਸਾਲਾਂ ਦੀ ਕਾਰਗੁਜ਼ਾਰੀ ਨਾਲੋਂ ਬਿਹਤਰ ਦੱਸਣ ਲਈ ਕਿਹੜੇ ਜੁਮਲੇ ਤੇ ਅੰਕੜੇ ਪੇਸ਼ ਕਰਦੇ ਹਨ। ਉਨ੍ਹਾਂ ਦੇ ਸਿਪਾਹ ਸਾਲਾਰਾਂ ਨੇ ਅੰਕੜੇ ਪੇਸ਼ ਕਰਨੇ ਸ਼ੁਰੂ ਕੀਤੇ ''ਅਸੀ ਐਨੇ ਪਖ਼ਾਨੇ ਬਣਵਾ ਕੇ ਦਿਤੇ, ਐਨੇ ਗੈਸ ਸਿਲੰਡਰ ਦਿਤੇ, ਐਨੇ ਅਹਿ ਕੰਮ ਕੀਤੇ, ਐਨੇ ਔਹ ਕੰਮ ਕੀਤੇ...'' ਵਗ਼ੈਰਾ ਵਗ਼ੈਰਾ। ਲੋਕਾਂ ਨੂੰ ਇਹ ਦਾਅਵੇ ਸੁਣ ਕੇ ਉਬਾਸੀਆਂ ਆਉਣ ਲੱਗ ਪਈਆਂ।

Narendra ModiNarendra Modi

ਏਨੇ ਕੰਮ ਤਾਂ ਦਿੱਲੀ, ਬੰਬਈ ਵਰਗੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਕਰਨ ਵਾਲੇ ਕੰਮ ਹਨ ਜਿਨ੍ਹਾਂ ਕੋਲ ਭਾਰਤ ਸਰਕਾਰ ਦੇ ਮੁਕਾਬਲੇ, ਬਜਟ ਬੜਾ ਛੋਟਾ ਹੁੰਦਾ ਹੈ। ਭਾਰਤ ਸਰਕਾਰ ਨੇ ਅਰਬਾਂ ਰੁਪਏ ਟੈਕਸਾਂ ਦੇ ਰੂਪ ਵਿਚ ਲੋਕਾਂ ਤੋਂ ਲੈ ਲਏ ਤਾਂ ਕੀ ਇਹ ਕੁੱਝ ਹਜ਼ਾਰ ਪਖ਼ਾਨੇ ਬਣਾ ਕੇ ਦੇਣ ਲਈ ਲਏ ਸਨ ਤੇ ਕੁੱਝ ਹਜ਼ਾਰ ਗੈਸ ਸਿਲੰਡਰ ਦੇਣ ਲਈ ਜਾਂ ਇਹੋ ਜਹੇ ਛੋਟੇ ਮੋਟੇ ਕੰਮਾਂ ਲਈ ਲਏ ਸਨ? ਇਨ੍ਹਾਂ ਛੋਟੇ ਕੰਮਾਂ ਲਈ ਤਾਂ ਬਹੁਤ ਛੋਟਾ ਬਜਟ ਚਾਹੀਦਾ ਹੁੰਦਾ ਹੈ, ਅਰਬਾਂ ਰੁਪਏ ਵਾਲਾ ਨਹੀਂ। ਤੁਸੀ ਪੰਜ ਸਾਲਾਂ ਵਿਚ ਪੰਜ ਵੱਡੇ ਬਜਟ ਪੇਸ਼ ਕੀਤੇ।

ਇਨ੍ਹਾਂ ਦੀ ਠੀਕ ਵਰਤੋਂ ਹੁੰਦੀ ਤਾਂ ਤੁਸੀ ਦਸਦੇ, ਐਨੇ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਕੀਤਾ, ਐਨੇ ਨੌਜੁਆਨਾਂ ਨੂੰ ਐਨੇ ਰੁਜ਼ਗਾਰ ਦਿਤੇ, ਐਨੇ ਕਿਸਾਨਾਂ ਨੂੰ ਆਤਮ-ਨਿਰਭਰ ਬਣਾ ਦਿਤਾ, ਐਨੀ ਇੰਡਸਟਰੀ ਨੂੰ ਲਾਹੇਵੰਦੀ ਬਣਾਇਆ, ਵਿਦੇਸ਼ਾਂ ਨੂੰ ਏਨਾ ਜ਼ਿਆਦਾ ਮਾਲ ਵੇਚਿਆ, ਬੈਂਕਾਂ ਦੇ ਮਰੇ ਹੋਏ ਐਨੇ ਅਸਾਸੇ ਵਾਪਸ ਬੈਂਕਾਂ ਵਿਚ ਜਮ੍ਹਾਂ ਕਰਵਾਏ, ਰੁਪਏ ਦੀ ਕੀਮਤ, ਡਾਲਰ ਦੇ ਮੁਕਾਬਲੇ ਐਨੀ ਮਜ਼ਬੂਤ ਬਣਾਈ ਵਗ਼ੈਰਾ ਵਗ਼ੈਰਾ। ਪਰ ਇਹ ਦੱਸਣ ਲਈ ਤਾਂ ਸਰਕਾਰ ਕੋਲ ਕੁੱਝ ਵੀ ਨਹੀਂ ਸੀ। ਛੋਟੇ ਵਪਾਰੀ, ਛੋਟੇ ਮਜ਼ਦੂਰ ਤੇ ਦਿਹਾੜੀਦਾਰ ਲੋਕ ਵੀ ਰੋ ਰਹੇ ਸਨ ਕਿ ਨੋਟਬੰਦੀ ਤੇ ਜੀ.ਐਸ.ਟੀ. ਨੇ ਉਨ੍ਹਾਂ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ।

Ayodhya Ram MandirAyodhya Ram Mandir

ਇਹੀ ਹਾਲ ਛੋਟੇ ਕਿਸਾਨ ਦਾ ਵੀ ਹੈ। ਮਜਬੂਰਨ ਧਰਮ ਦਾ ਪੱਤਾ ਖੇਡਿਆ ਗਿਆ : 'ਰਾਮ ਮੰਦਰ ਬਣਾਵਾਂਗੇ ਤੇ ਚੋਣਾਂ ਤੋਂ ਪਹਿਲਾਂ ਬਣਾਵਾਂਗੇ। ਰਸਤੇ ਵਿਚ ਕੋਈ ਵੀ ਰੁਕਾਵਟ ਆ ਜਾਏ, ਨਹੀਂ ਰੁਕਾਂਗੇ। 'ਥੋੜੀ ਦੇਰ ਬਾਅਦ ਹੀ ਰੀਪੋਰਟਾਂ ਆ ਗਈਆਂ ਕਿ ਸੁਪ੍ਰੀਮ ਕੋਰਟ ਰਾਮ ਮੰਦਰ ਨਹੀਂ ਬਣਨ ਦੇਵੇਗੀ, ਇਸ ਲਈ ਇਹ ਨਾਹਰਾ ਵੀ ਚੋਣਾਂ ਤੋਂ ਪਹਿਲਾਂ ਹੀ ਠੁਸ ਹੋ ਜਾਵੇਗਾ। ਸੋ ਫਿਰ 'ਪਾਕਿਸਤਾਨ' ਦਾ ਮੁੱਦਾ, ਅਲਮਾਰੀ 'ਚੋਂ ਕੱਢ ਕੇ ਖ਼ੂਬ ਉਛਾਲਿਆ ਗਿਆ ਕਿ ਪਾਕਿਸਤਾਨ ਸਾਡੇ ਘਰ ਵਿਚ ਆ ਕੇ ਅਤਿਵਾਦੀ ਕਾਰਵਾਈਆਂ ਕਰ ਰਿਹੈ, ਇਸ ਲਈ ਪਾਕਿਸਤਾਨ ਨੂੰ ਨਹੀਂ ਛਡਣਾ ਤੇ ਚੋਣਾਂ ਤੋਂ ਪਹਿਲਾਂ ਹੀ ਖ਼ਤਮ ਕਰ ਕੇ ਰਹਿਣਾ ਹੈ।

ਲੋਕਾਂ ਨੇ ਕਿਹਾ, ਜ਼ਰੂਰ ਕਰੋ, ਅਸੀ ਸਰਕਾਰ ਦੇ ਨਾਲ ਹਾਂ। ਫਿਰ ਇਕ ਦਿਨ ਸਵੇਰੇ ਐਲਾਨ ਹੋ ਗਿਆ ਕਿ ਭਾਰਤੀ ਜਹਾਜ਼ ਪਾਕਿਸਤਾਨੀ ਇਲਾਕੇ ਵਿਚ ਜਾ ਕੇ ਉਥੇ ਬਣੇ 'ਅਤਿਵਾਦੀਆਂ' ਦੇ ਟਿਕਾਣੇ ਤਬਾਹ ਕਰ ਆਏ ਹਨ ਤੇ ਸਾਰੇ ਅਤਿਵਾਦੀਆਂ ਨੂੰ ਖ਼ਤਮ ਕਰ ਆਏ ਹਨ। ਸਾਰੇ ਭਾਰਤ ਨੇ 'ਬੱਲੇ ਬੱਲੇ' ਕਰ ਦਿਤੀ ਤੇ ਖ਼ੂਬ ਤਾੜੀਆਂ ਵਜਾਈਆਂ। ਪਰ ਦੋ ਚਾਰ ਦਿਨ ਮਗਰੋਂ ਇੰਗਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਨਿਰਪੱਖ ਵੱਡੀਆਂ ਅਖ਼ਬਾਰਾਂ ਨੇ ਤਸਵੀਰਾਂ ਤੇ ਖ਼ਬਰਾਂ ਛਾਪ ਕੇ ਦਾਅਵਾ ਕਰ ਦਿਤਾ ਕਿ ਬਾਲਾਕੋਟ ਵਿਚ ਤਾਂ ਮਾੜਾ ਜਿਹਾ ਨੁਕਸਾਨ ਵੀ ਨਹੀਂ ਹੋਇਆ ਤੇ ਕਿਸੇ ਦੇ ਮਰਨ ਦੀ ਤਾਂ ਗੱਲ ਹੀ ਕੋਈ ਨਹੀਂ ਸੁਣਾਈ ਦੇਂਦੀ।

ਇਹ ਦਾਅਵਾ ਪਾਕਿਸਤਾਨ ਵੀ ਕਰ ਚੁੱਕਾ ਸੀ ਤੇ ਭਾਰਤੀ ਦਾਅਵੇ ਦਾ ਉਸ ਨੇ ਮਜ਼ਾਕ ਵੀ ਬਹੁਤ ਉਡਾਇਆ ਸੀ ਪਰ ਕਿਸੇ ਭਾਰਤੀ ਨੇ ਪਾਕਿਸਤਾਨੀ ਦਾਅਵਿਆਂ ਵਲ ਕੋਈ ਧਿਆਨ ਨਹੀਂ ਸੀ ਦਿਤਾ ਤੇ ਮੋਦੀ ਜੀ ਦੇ ਹੱਕ ਵਿਚ ਤਾੜੀਆਂ ਹੀ ਮਾਰਦੇ ਚਲੇ ਜਾ ਰਹੇ ਸੀ ਪਰ ਜਦ ਸੰਸਾਰ ਦੀਆਂ ਵੱਡੀਆਂ ਨਿਰਪੱਖ ਅਖ਼ਬਾਰਾਂ ਵੀ ਇਹੀ ਕਹਿਣ ਲੱਗ ਪਈਆਂ ਤਾਂ ਕੁਦਰਤੀ ਸੀ ਕਿ ਹਰ ਦੇਸ਼ਵਾਸੀ ਮੰਗ ਕਰਨ ਲੱਗ ਪਿਆ ਕਿ ਬਾਲਾਕੋਟ ਹਮਲੇ ਦੇ ਸਬੂਤ ਵਿਖਾ ਦਿਤੇ ਜਾਣ ਤਾਕਿ ਦੁਸ਼ਮਣਾਂ ਅਤੇ ਉਨ੍ਹਾਂ ਦੇ ਹਮਜੋਲੀਆਂ ਦੇ ਮੂੰਹ ਬੰਦ ਹੋ ਜਾਣ।

ਭਾਰਤੀ ਲੀਡਰ ਹੋਰ ਵੀ ਗੁੱਸੇ ਵਿਚ ਆ ਗਏ ਤੇ ਜਿਥੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਵੀ ਵੱਡੇ ਦਾਅਵੇ ਕਰਨ ਲੱਗ ਪਏ, ਉਥੇ ਨਾਲ ਹੀ ਉਨ੍ਹਾਂ ਲੋਕਾਂ ਨੂੰ (ਖ਼ਾਸ ਤੌਰ ਤੇ ਕਾਂਗਰਸ ਪਾਰਟੀ ਤੇ ਉਸ ਦੇ ਸਹਿਯੋਗੀਆਂ ਨੂੰ) ਦੇਸ਼-ਧ੍ਰੋਹੀ, ਪਾਕਿਸਤਾਨ ਨਾਲ ਮਿਲੇ ਹੋਏ ਤੇ ਗ਼ਦਾਰ ਲੋਕ ਕਹਿਣ ਲੱਗ ਪਏ ਜੋ 'ਸਬੂਤ' ਮੰਗਦੇ ਹਨ। ਸਿਆਣੇ ਤੇ ਨਿਰਪੱਖ ਲੋਕਾਂ ਨੇ ਸਮਝਾਇਆ ਵੀ ਕਿ ਲੋਕ-ਰਾਜ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਲੋਕਾਂ ਨੂੰ ਹਰ ਗੱਲ ਦੀ ਜਾਣਕਾਰੀ ਜ਼ਰੂਰ ਦਿਤੀ ਜਾਣੀ ਚਾਹੀਦੀ ਹੈ ਤੇ ਅੱਜ ਜਿਹੜੇ ਲੜਾਕੇ ਜਹਾਜ਼, ਤਬਾਹੀ ਮਚਾਉਣ ਲਈ ਭੇਜੇ ਜਾਂਦੇ ਹਨ,

Rahul GandhiRahul Gandhi

ਉਨ੍ਹਾਂ ਦੇ ਥੱਲੇ ਤਾਂ ਸ਼ਕਤੀਸ਼ਾਲੀ ਕੈਮਰੇ ਵੀ ਲੱਗੇ ਹੁੰਦੇ ਹਨ ਜੋ ਸਾਰੀ ਤਬਾਹੀ ਦੀਆਂ ਤਸਵੀਰਾਂ ਲੈ ਕੇ ਆਉਂਦੇ ਹਨ ਜੋ ਕੁੱਝ ਵੀ ਛੁਪਿਆ ਨਹੀਂ ਰਹਿਣ ਦੇਂਦੀਆਂ ਤੇ ਦੋਹਾਂ ਧਿਰਾਂ ਨੂੰ ਸੱਚ ਵਿਖਾ ਦੇਂਦੀਆਂ ਹਨ। ਫਿਰ ਮੋਦੀ ਜੀ ਨੇ ਕਿਹਾ, ''ਮੈਂ ਛੇ ਹਜ਼ਾਰ ਰੁਪਏ ਹਰ ਸਾਲ ਗ਼ਰੀਬ ਕਿਸਾਨਾਂ ਦੇ ਖਾਤੇ ਵਿਚ ਸਿੱਧੇ ਜਮ੍ਹਾਂ ਕਰਵਾ ਦਿਆ ਕਰਾਂਗਾ।'' ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ, ''ਸਾਲ ਵਿਚ ਛੇ ਹਜ਼ਾਰ ਨਾਲ ਕਿਸਾਨ ਪ੍ਰਵਾਰ ਦਾ ਕੀ ਬਣਦਾ ਹੈ, ਮੈਂ ਹਰ ਸਾਲ ਗ਼ਰੀਬ ਕਿਸਾਨਾਂ ਦੇ ਘਰ 72 ਹਜ਼ਾਰ ਭਿਜਵਾ ਦਿਆ ਕਰਾਂਗਾ।'' 

ਸੋ ਸਾਰੇ ਦੂਜੇ ਯਤਨ ਸਫ਼ਲ ਨਾ ਹੁੰਦੇ ਵੇਖ ਕੇ, ਫਿਰ ਤੋਂ ਉਹੀ 'ਦੇਸ਼-ਧ੍ਰੋਹੀ' ਤੇ 'ਦੇਸ਼-ਭਗਤੀ' ਦੇ ਫ਼ਤਵੇ ਪੂਰੇ ਜ਼ੋਰ ਨਾਲ ਗੂੰਜਣ ਲੱਗੇ। 
J ''ਜੋ ਪਾਕਿਸਤਾਨ ਬਾਰੇ ਨਰਮੀ ਵਰਤਣ ਲਈ ਆਖੇ, ਉਹ ਦੇਸ਼-ਧ੍ਰੋਹੀ ਹੈ।''
J ''ਜੋ ਪਾਕਿਸਤਾਨ ਉਤੇ ਹੋਏ ਹਮਲੇ ਦੇ ਸਬੂਤ ਮੰਗੇ, ਉਹ ਦੇਸ਼-ਧ੍ਰੋਹੀ ਹੈ।''
J ''ਜੋ ਪਾਕਿਸਤਾਨ ਨੂੰ ਭਾਰਤ ਦੀ ਹਰ ਮੁਸੀਬਤ ਲਈ ਜ਼ਿੰਮੇਵਾਰ ਮੰਨੇ, ਉਹੀ ਦੇਸ਼-ਭਗਤ ਹੈ।''
J ''ਜੋ ਪਾਕਿਸਤਾਨ ਨੂੰ ਖ਼ਤਮ ਕਰਨ ਦੀ ਸਹੁੰ ਚੁੱਕੇ, ਉਹੀ ਦੇਸ਼-ਭਗਤ ਹੈ, ਬਾਕੀ ਸੱਭ ਦੇਸ਼-ਧ੍ਰੋਹੀ।''
J ''ਕਾਂਗਰਸ ਤੇ ਉਸ ਦੇ ਸਾਥੀ ਪਾਕਿਸਤਾਨ ਪ੍ਰਤੀ ਨਰਮ ਗੋਸ਼ਾ ਰਖਦੇ ਹਨ, ਇਸ ਲਈ ਉਹ ਦੇਸ਼-ਧ੍ਰੋਹੀ ਹਨ।''
J ''ਹਿੰਦੁਸਤਾਨ ਦੇ ਮੁਸਲਮਾਨ ਅਗਰ ਦੇਸ਼-ਧ੍ਰੋਹੀ ਪਾਰਟੀਆਂ ਨੂੰ ਵੋਟ ਦੇਣਗੇ ਤਾਂ ਉਹ ਵੀ ਦੇਸ਼-ਧ੍ਰੋਹੀ ਹੀ ਅਖਵਾਉਣਗੇ।'' ਹਿੰਦੂ ਭਾਵੇਂ 'ਦੇਸ਼-ਧ੍ਰੋਹੀ ਪਾਰਟੀਆਂ ਨੂੰ ਵੋਟ ਦੇ ਦੇਣ, ਉਨ੍ਹਾਂ ਨੂੰ ਕੋਈ ਕੁੱਝ ਨਾ ਆਖੇ।

ਸੋ ਪਿਛਲੇ ਕੁੱਝ ਮਹੀਨਿਆਂ ਤੋਂ ਸਾਡੇ ਦੇਸ਼ ਦੀਆਂ ਚੋਣਾਂ ਵਿਚ ਵੋਟਰਾਂ ਨੂੰ ਇਹ ਨਹੀਂ ਕਿਹਾ ਜਾ ਰਿਹਾ ਕਿ 60 ਮਹੀਨਿਆਂ ਦਾ ਕੰਮ ਵੇਖ ਕੇ ਫ਼ੈਸਲਾ ਕਰਨ ਕਿ ਉਨ੍ਹਾਂ ਨੂੰ ਚੰਗੀ ਸਰਕਾਰ ਮਿਲੀ ਸੀ ਕਿ ਨਹੀਂ ਸਗੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦੇ ਹਮਾਇਤੀਆਂ ਤੇ ਵਿਰੋਧੀਆਂ ਵਲ ਵੇਖ ਕੇ ਫ਼ੈਸਲਾ ਕਰਨ ਕਿ ਉਨ੍ਹਾਂ ਨੇ ਦੇਸ਼-ਧ੍ਰੋਹੀਆਂ ਅਰਥਾਤ ਪਾਕਿਸਤਾਨ-ਪੱਖੀਆਂ ਦਾ ਸਾਥ ਦੇਣਾ ਹੈ ਜਾਂ ਦੇਸ਼-ਭਗਤਾਂ ਦਾ? 

ਦੇਸ਼ ਦਾ ਵੋਟਰ ਭੰਬਲਭੂਸੇ ਵਿਚ ਪੈ ਗਿਆ ਹੈ ਤੇ ਨਹੀਂ ਸਮਝ ਪਾ ਰਿਹਾ ਕਿ 1947 ਮਗਰੋਂ, ਭਾਰਤ ਵਿਚ ਏਨੇ ਲੋਕ 'ਦੇਸ਼-ਧ੍ਰੋਹੀ' ਕਿਵੇਂ ਪੈਦਾ ਹੋ ਗਏ ਹਨ, 1947 ਵਿਚ ਤਾਂ ਇੱਕਾ-ਦੁੱਕਾ ਹੀ 'ਦੇਸ਼-ਧ੍ਰੋਹੀ' ਹੁੰਦਾ ਸੀ ਤੇ ਸਾਰਾ ਦੇਸ਼ ਉਸ ਨੂੰ ਨਫ਼ਰਤ ਕਰਨ ਲੱਗ ਪੈਂਦਾ ਸੀ। ਹੁਣ ਕੀ ਹੋ ਗਿਆ ਹੈ ਕਿ ਲਗਭਗ ਅੱਧਾ ਦੇਸ਼ 'ਦੇਸ਼-ਧ੍ਰੋਹੀਆਂ' ਨਾਲ ਭਰ ਗਿਆ ਹੈ ਤੇ ਕੇਵਲ ਅੱਧਾ ਹੀ 'ਦੇਸ਼-ਭਗਤਾਂ' ਵਾਲਾ ਰਹਿ ਗਿਆ ਹੈ। ਵੋਟਾਂ ਦੀ ਗੱਲ ਇਕ ਪਾਸੇ ਪਰ ਕੀ ਏਨੇ ਜ਼ਿਆਦਾ ਦੇਸ਼-ਧ੍ਰੋਹੀਆਂ ਦੇ ਹੁੰਦਿਆਂ, ਦੇਸ਼ ਦਾ ਭਵਿੱਖ ਖ਼ਤਰੇ ਵਿਚ ਨਹੀਂ ਪੈ ਜਾਵੇਗਾ?

ਪਰ ਵੋਟਾਂ ਲਈ ਅਪਣੇ ਵਿਰੋਧੀਆਂ ਤੇ ਚੰਗੇ ਭਲੇ ਲੋਕਾਂ ਨੂੰ ਦੇਸ਼-ਧ੍ਰੋਹੀ ਕਹਿਣ ਦਾ ਰਿਵਾਜ ਕੋਈ ਨਵਾਂ ਨਹੀਂ। 1947 ਤੋਂ ਬਾਅਦ ਸੱਭ ਤੋਂ ਪਹਿਲਾਂ ਇਹ ਇਲਜ਼ਾਮ ਅਕਾਲੀ ਲੀਡਰਾਂ ਉਤੇ ਹੀ ਲੱਗਾ ਸੀ ਕਿਉਂਕਿ ਉਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ, ਸਿੱਖਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਦੀ ਮੰਗ ਰੱਖ ਦਿਤੀ ਸੀ। ਇਸ ਤੋਂ ਚਿੜ ਕੇ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਚੰਦੂ ਲਾਲ ਤ੍ਰਿਵੇਦੀ ਆਦਿ ਨੇ ਵੀ ਅਕਾਲੀਆਂ ਨੂੰ ਇਹੀ ਤਾਹਨੇ ਮਿਹਣੇ ਦੇਣੇ ਜਾਰੀ ਰੱਖੇ। ਇਹ ਸਿਲਸਿਲਾ ਉਦੋਂ ਤੇਜ਼ ਹੋ ਜਾਂਦਾ ਜਦ ਸਿੱਖ ਅਪਣੀਆਂ ਮੰਗਾਂ ਮਨਵਾਉਣ ਲਈ ਕੋਈ ਮੋਰਚਾ ਲਾ ਦੇਂਦੇ।

'ਅਨੰਦਪੁਰ ਮਤੇ' ਨੂੰ 'ਹਿੰਦੁਸਤਾਨ ਦੇ ਟੁਕੜੇ ਕਰਨ ਵਾਲਾ ਦਸਤਾਵੇਜ਼' ਕਹਿ ਕੇ ਇੰਦਰਾ ਗਾਂਧੀ ਨੇ ਸਾਰੇ ਦੇਸ਼ ਵਿਚ 'ਵੱਖਵਾਦੀ' ਸਿੱਖਾਂ ਜਾਂ ਅਕਾਲੀਆਂ ਵਿਰੁਧ ਉਹ ਵਾਵੇਲਾ ਖੜਾ ਕੀਤਾ ਕਿ ਸਾਰਾ ਦੇਸ਼ ਹੀ ਸਿੱਖਾਂ ਨੂੰ ਨਫ਼ਰਤ ਕਰਨ ਲੱਗ ਪਿਆ ਤੇ ਜਦ ਬਲੂ-ਸਟਾਰ ਆਪ੍ਰੇਸ਼ਨ ਤੇ ਨਵੰਬਰ '84 ਕਤਲੇਆਮ ਹੋਇਆ ਤਾਂ ਏਨੇ ਅੰਨ੍ਹੇ ਜਬਰ ਨੂੰ ਵੇਖ ਕੇ ਵੀ ਸਿੱਖਾਂ ਲਈ ਹਾਅ ਦਾ ਨਾਹਰਾ ਮਾਰਨ ਵਾਲਾ ਕੋਈ ਨਾ ਨਿਤਰਿਆ। ਸਿੱਖਾਂ ਵਲ ਵੇਖ ਕੇ 'ਦੇਸ਼-ਧ੍ਰੋਹੀ' ਤੇ 'ਪਾਕਿਸਤਾਨ ਨਾਲ ਰਲ ਕੇ ਹਿੰਦੁਸਤਾਨ ਦੇ ਟੁਕੜੇ ਕਰਨਾ ਚਾਹੁਣ ਵਾਲੇ' ਹੀ ਕਿਹਾ ਜਾਂਦਾ ਸੀ।

Indira GandhiIndira Gandhi

ਅੱਜ ਦੇ ਅਕਾਲੀਆਂ ਨੂੰ ਤਾਂ ਉਨ੍
ਹਾਂ ਦਿਨਾਂ ਦੀ ਕੋਈ ਗੱਲ ਯਾਦ ਵੀ ਨਹੀਂ ਰਹੀ ਹੋਣੀ ਪਰ ਮੈਂ ਉਨ੍ਹਾਂ ਨੂੰ ਅਗਲੀ ਕਿਸਤ ਵਿਚ ਯਾਦ ਕਰਾਵਾਂਗਾ ਕਿ ਜਵਾਹਰ ਲਾਲ ਨਹਿਰੂ ਤਕ ਨੇ ਸਿੱਖ ਮੰਗਾਂ ਮੰਗਣ ਵਾਲੇ ਅਕਾਲੀਆਂ ਨੂੰ 'ਦੇਸ਼-ਧ੍ਰੋਹੀ' ਹੋਣ ਦੇ ਸਰਟੀਫ਼ੀਕੇਟ ਕਿਸ ਹੱਦ ਤਕ ਜਾ ਕੇ ਦਿਤੇ ਸਨ।
ਚਲਦਾ (ਬਾਕੀ ਅਗਲੇ ਐਤਵਾਰ) -: ਜੋਗਿੰਦਰ ਸਿੰਘ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement