
ਬੀਬੀ ਜਗੀਰ ਕੌਰ ਦਾ ਤੀਜੀ ਵਾਰ ਪ੍ਰਧਾਨ ਬਣਨ ਦਾ ਪੰਥ ਨੂੰ ਕੀ ਲਾਭ ਹੋਵੇਗਾ? ਉਹੀ ਜੋ ਪ੍ਰਕਾਸ਼ ਸਿੰਘ ਬਾਦਲ ਦਾ ਚੌਥੀ ਵਾਰ ਮੁੱਖ ਮੰਤਰੀ ਬਣਨ ਨਾਲ ਹੋਇਆ ਸੀ ਜਾਂ...?
ਮੈਂ ਟੀਵੀ ਉਤੇ ਕਿਸਾਨਾਂ (ਜਵਾਨਾਂ, ਬੁੱਢਿਆਂ, ਬੱਚਿਆਂ ਤੇ ਬੀਬੀਆਂ) ਦਾ, ਇਕ ਮਜ਼ਬੂਤ ਇਰਾਦੇ ਨਾਲ 'ਦਿੱਲੀ ਚੱਲੋ' ਪ੍ਰੋਗਰਾਮ ਬੜੇ ਧਿਆਨ ਨਾਲ ਵੇਖਿਆ। ਦਿੱਲੀ ਦੀ ਮੋਦੀ ਸਰਕਾਰ ਨੇ ਤਾਂ ਉਨ੍ਹਾਂ ਨੂੰ ਭਰ ਸਰਦੀਆਂ ਵਿਚ, ਇਹ ਜੋਖਮ ਉਠਾਉਣ ਲਈ ਮਜਬੂਰ ਕੀਤਾ ਹੀ ਸੀ ਪਰ ਬਦਕਿਸਮਤੀ ਨਾਲ, ਪ੍ਰਧਾਨ ਮੰਤਰੀ ਨੂੰ ਖ਼ੁਸ਼ ਕਰਨ ਲਈ ਹਰਿਆਣੇ ਦੀ ਖੱਟੜ ਸਰਕਾਰ ਨੇ ਦੁਧ ਵਿਚ ਖਟਾਈ (ਖੱਟੜ-ਖਟਾਈ) ਪਾ ਕੇ ਪੰਜਾਬੀ ਕਿਸਾਨਾਂ ਦਾ ਹਾਜ਼ਮਾ ਖ਼ਰਾਬ ਕਰਨ ਦੀ ਕੋਸ਼ਿਸ਼ ਹੀ ਕੀਤੀ।
Farmer Protest
ਸੜਕਾਂ ਉਤੇ ਬੈਰੀਕੇਡ ਖੜੇ ਕਰ ਦਿਤੇ, ਫਿਰ ਦੂਜੀ ਪਰਤ ਵਿਚ ਕਈ-ਕਈ ਟਨ ਭਾਰੇ ਪੱਥਰ ਲਿਆ ਕੇ, ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਉਥੇ ਰੱਖ ਦਿਤੇ ਤਾਕਿ ਕਿਸਾਨ ਬੈਰੀਕੇਡਾਂ ਤੋਂ ਵੀ ਅੱਗੇ ਨਿਕਲ ਆਉਣ ਤਾਂ ਵੰਡੇ ਪਹਾੜੀ ਪੱਥਰ ਉਨ੍ਹਾਂ ਦੀਆਂ ਟਰੈਕਟਰ ਗੱਡੀਆਂ ਨੂੰ ਅੱਗੇ ਨਾ ਨਿਕਲਣ ਦੇਣ। ਫਿਰ ਹੁਕਮ ਕਰ ਦਿਤੇ ਕਿ ਅਥਰੂ ਗੈਸ ਦੇ ਗੋਲੇ ਮਾਰ-ਮਾਰ ਕੇ ਕਿਸਾਨਾਂ ਨੂੰ ਬੇਹੋਸ਼ ਕਰ ਦਿਉ ਜਾਂ ਠੰਢੇ ਪਾਣੀ ਦੀਆਂ ਬੌਛਾੜਾਂ ਮਾਰ ਕੇ ਉਨ੍ਹਾਂ ਨੂੰ ਭਜਾ ਦਿਉ।
Farmer Protest
ਫਿਰ ਤੀਜੀ ਪਰਤ ਵਿਚ ਕੰਡਿਆਲੀਆਂ ਤਾਰਾਂ ਵੀ ਲਗਾ ਦਿਤੀਆਂ ਤਾਕਿ ਕਿਸਾਨ ਕਿਸੇ ਹਾਲਾਤ ਵਿਚ ਵੀ ਪਰਲੇ ਪਾਸੇ ਜਾ ਹੀ ਨਾ ਸਕਣ। ਪਰ ਬੱਲੇ ਓ ਪੰਜਾਬ ਦੇ ਸ਼ੇਰ ਜਵਾਨੋ! ਕਮਾਲ ਕਰ ਦਿਤਾ ਤੁਸੀ। ਉਨ੍ਹਾਂ ਨੇ ਸਾਰੇ ਹੀ ਨਾਕਿਆਂ ਨੂੰ ਇਸ ਤਰ੍ਹਾਂ ਰਸਤੇ ਵਿਚ ਹਟਾ ਦਿਤਾ ਜਿਵੇਂ ਸਾਰੇ ਕਿਸਾਨ 'ਟਾਰਜ਼ਨ' ਬਣ ਗਏ ਹੋਣ ਜਿਨ੍ਹਾਂ ਲਈ ਇਹ ਚੀਜ਼ਾਂ ਕੱਖਾਂ ਕਾਨਿਆਂ ਤੋਂ ਵੱਧ ਕੁੱਝ ਨਹੀਂ ਸਨ।
ਪੁਲਿਸ ਅਤੇ ਹਾਕਮਾਂ ਦੇ ਹੋਸ਼ ਉਡਦੇ ਜਾ ਰਹੇ ਸਨ, ਇਸ ਲਈ ਉਨ੍ਹਾਂ ਨੇ ਆਖ਼ਰੀ ਹੁਕਮ ਦਿਤਾ ਕਿ ਸੜਕ ਤੋੜ ਕੇ ਉਥੇ 10-10 ਫ਼ੁਟ ਡੂੰਘੀਆਂ ਖਾਈਆਂ ਪੁਟ ਦਿਉ ਤਾਕਿ ਕਿਸਾਨਾਂ ਦੇ ਟਰੈਕਟਰ ਉਨ੍ਹਾਂ ਖਾਈਆਂ ਵਿਚ ਹੀ ਡਿੱਗ ਪੈਣ।
Farmers Protest
ਮੇਰੇ ਵਰਗਾ ਬੰਦਾ ਏਨੀਆਂ ਮਾਰੂ ਰੁਕਾਵਟਾਂ ਵੇਖ ਲੈਂਦਾ ਤਾਂ ਜ਼ਰੂਰ ਹੀ ਗੱਡੀ ਪਿਛੇ ਮੋੜ ਲੈਂਦਾ ਕਿਉਂਕਿ ਹਾਕਮਾਂ ਨੇ ਅੱਗੇ ਜਾਣ ਦੇ ਸਾਰੇ ਰਾਹ ਬੰਦ ਕਰ ਦਿਤੇ ਸਨ ਤੇ ਉਨ੍ਹਾਂ ਰੋਕਾਂ ਨੂੰ ਤੋੜ ਕੇ ਲੰਘ ਜਾਣਾ ਸੰਭਵ ਹੀ ਨਹੀਂ ਸੀ ਰਿਹਾ। ਪਰ ਪੰਜਾਬ ਦੇ ਸ਼ੇਰ ਜਵਾਨਾਂ ਨੇ ਸਾਰੇ ਹਕੂਮਤੀ ਪ੍ਰਬੰਧ ਤੇ ਨਾਕੇ, ਤੀਲਿਆਂ ਵਾਂਗ ਉਡਾ ਕੇ ਰੱਖ ਦਿਤੇ ਤੇ ਸਮੇਂ ਸਿਰ ਦਿੱਲੀ ਵੀ ਪਹੁੰਚ ਗਏ। ਮੈਨੂੰ ਉਹ ਨਜ਼ਾਰੇ ਨਹੀਂ ਭੁਲਦੇ ਜਦੋਂ ਨੌਜੁਆਨ ਕਿਸਾਨ ਅਪਣੇ ਮੂੰਹ ਤੇ ਸੁੱਟੇ ਗੈਸ ਦੇ ਗੋਲੇ, ਹੱਥਾਂ ਵਿਚ ਫੜ ਕੇ ਵਾਪਸ ਪੁਲਿਸ ਤੇ ਸੁਟ ਦੇਂਦੇ ਸਨ, ਬੈਰੀਕੇਡ, ਕੰਡਿਆਲੀਆਂ ਤਾਰਾਂ ਤੇ ਪਹਾੜ ਜਿੱਡੇ ਪੱਥਰ ਘਸੀਟ ਕੇ ਪਰੇ ਵਗਾਹ ਮਾਰਦੇ ਸਨ।
Farmer Protest
ਮੈਂ ਸੁਣਿਆ ਹੋਇਆ ਸੀ ਕਿ ਨਸ਼ਿਆਂ ਨੇ ਪੰਜਾਬ ਦੇ ਨੌਜੁਆਨਾਂ ਨੂੰ ਖੋਖਲੇ ਬਣਾ ਦਿਤਾ ਹੋਇਆ ਹੈ ਤੇ ਬਿਹਾਰੀ ਮਜ਼ਦੂਰਾਂ ਨੂੰ ਪੰਜਾਬ ਵਿਚ ਲਿਆ ਕੇ, ਪੰਜਾਬ ਦੇ ਪੇਂਡੂ ਨੌਜੁਆਨ ਆਲਸੀ ਬਣ ਚੁੱਕੇ ਹਨ। ਪਰ ਕਿਸਾਨ ਕਾਫ਼ਲਿਆਂ ਵਿਚ ਮੌਜੂਦ ਕਿਸਾਨਾਂ ਦੇ ਜੋਸ਼, ਉਨ੍ਹਾਂ ਦੇ ਉਤਸ਼ਾਹ ਤੇ ਉਨ੍ਹਾਂ ਦੇ ਡੌਲਿਆਂ ਦੀ ਤਾਕਤ ਵੇਖ ਕੇ ਮੈਨੂੰ ਤਾਂ ਨਹੀਂ ਲਗਦਾ ਕਿ ਨਸ਼ਾ ਜਾਂ ਬਿਹਾਰੀ ਮਜ਼ਦੂਰ, ਸਾਡੀ ਰਵਾਇਤੀ ਤਾਕਤ ਨੂੰ ਕੋਈ ਖੋਰਾ ਲਗਾ ਸਕੇ ਹੋਣ। ਹਾਂ, ਥੋੜੀ ਦੇਰ ਆਰਾਮ ਕਰਨ ਨੂੰ, ਹਰ ਬਹਾਦਰ ਕੌਮ ਦਾ ਦਿਲ ਕਰ ਹੀ ਆਉਂਦਾ ਹੈ ਪਰ ਉਨ੍ਹਾਂ ਨੂੰ ਜਾਗਦਿਆਂ ਤੇ ਮੁੜ ਤੋਂ ਤੁਫ਼ਾਨ ਬਣਦਿਆਂ ਵੀ ਦੇਰ ਨਹੀਂ ਲਗਦੀ।
Farmer Protest
ਪੰਜਾਬ ਦੇ ਸਿਆਸਤਦਾਨਾਂ/ਹਾਕਮਾਂ ਨੂੰ ਪੰਜਾਬ ਦੀ ਇਸ 'ਨੌਜੁਆਨ ਸ਼ਕਤੀ' ਦਾ ਮੁੜ ਤੋਂ ਅਰਬਾ ਖਰਬਾ ਲਾਉਣਾ ਚਾਹੀਦਾ ਤੇ ਇਸ ਸ਼ਕਤੀ ਦੀ ਸਹੀ ਵਰਤੋਂ ਕਰ ਕੇ ਪੰਜਾਬ ਨੂੰ ਫਿਰ ਤੋਂ ਦੇਸ਼ ਦਾ 'ਨੰਬਰ ਇਕ ਸੂਬਾ' ਬਣਾਉਣ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਹਰਿਆਣੇ ਦੇ ਨੌਜੁਆਨਾਂ ਨੇ ਵੀ ਜਿਸ ਜੋਸ਼ ਨਾਲ ਪੰਜਾਬ ਦੇ ਕਿਸਾਨਾਂ ਦਾ ਡਟ ਕੇ ਸਾਥ ਦਿਤਾ, ਉਹ ਵੀ ਵੇਖਣ ਵਾਲਾ ਸੀ।
Farmers Protest
ਇਕ ਹਰਿਆਣਵੀ ਨੌਜੁਆਨ ਦਾ ਜੋਸ਼ ਵੇਖਣ ਵਾਲਾ ਸੀ ਜੋ ਕਿਸਾਨਾਂ ਉਤੇ ਠੰਢੇ ਬਰਫ਼ੀਲੇ ਪਾਣੀ ਦੀਆਂ ਬੌਛਾਰਾਂ ਮਾਰਨ ਵਾਲੀ ਪੁਲਸੀਆ ਗੱਡੀ ਉਤੇ ਛਾਲ ਮਾਰ ਕੇ ਚੜ੍ਹ ਗਿਆ ਤੇ ਪਾਣੀ ਬੰਦ ਕਰ ਕੇ, ਵਾਪਸ ਅਪਣੇ ਟਰੈਕਟਰ ਉਤੇ ਉਲਟੀ ਛਾਲ ਮਾਰ ਕੇ ਆ ਸਵਾਰ ਹੋਇਆ। ਬੱਲੇ! ਬੱਲੇ!! ਪੰਜਾਬੀ ਤੇ ਹਰਿਆਣਾਵੀ ਨੌਜੁਆਨਾਂ ਦੀ ਦੋਸਤੀ, ਸਾਂਝ, ਬਹਾਦਰੀ ਤੇ ਜਜ਼ਬਾਤੀ ਸਾਂਝ, ਵੇਖਣ ਵਾਲਿਆਂ ਨੂੰ ਗਦਗਦ ਕਰ ਰਹੀ ਸੀ। ਹਾਕਮਾਂ ਨੂੰ ਇਹ ਸੱਭ ਨਜ਼ਰ ਨਹੀਂ ਸੀ ਆ ਰਿਹਾ ਤਾਂ ਇਹ, ਉਨ੍ਹਾਂ ਦੀ ਬਦਕਿਸਮਤੀ ਹੀ ਸਮਝੀ ਜਾਣੀ ਚਾਹੀਦੀ ਹੈ।
Farmer Protest
ਉਹ ਇਕ ਲੋਕ-ਰਾਜੀ ਸਰਕਾਰ ਦੇ ਲੀਡਰ ਹਨ ਪਰ ਲੋਕ-ਰਾਏ ਦੀ ਉਨ੍ਹਾਂ ਨੂੰ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ। ਏਨਾ ਵੱਡਾ ਰੋਹ ਵੇਖ ਕੇ ਵੀ ਉਹ 'ਗੱਲਬਾਤ ਕਰ ਲਉ' ਦਾ ਰਾਗ ਅਲਾਪ ਰਹੇ ਹਨ ਜਦਕਿ ਚਾਹੀਦਾ ਇਹ ਸੀ ਕਿ ਏਨਾ ਰੋਹ ਵੇਖ ਕੇ, ਇਕ ਲੋਕ-ਰਾਜੀ ਸਰਕਾਰ ਵਜੋਂ, ਉਹ ਐਲਾਨ ਕਰਦੇ ਕਿ ਲੋਕ- ਰਾਏ ਨੂੰ ਵੇਖਦੇ ਹੋਏ, ਨਵੇਂ ਕਾਨੂੰਨਾਂ ਉਤੇ ਅਮਲ ਤੁਰਤ ਰੋਕ ਦਿਤਾ ਜਾਂਦਾ ਹੈ ਤੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਾ ਦਿਤਾ ਜਾਂਦਾ ਹੈ ਤਾਕਿ ਸਰਬ-ਸੰਮਤੀ ਵਾਲਾ ਹੱਲ ਲਭਿਆ ਜਾਏ ਤੇ ਉਹੀ ਕਾਨੂੰਨ ਲਾਗੂ ਕੀਤਾ ਜਾਏਗਾ ਜੋ ਕਿਸਾਨ ਵੀ ਸਰਬ ਸੰਮਤੀ ਨਾਲ ਪ੍ਰਵਾਨ ਕਰਨਗੇ। ਉਦੋਂ ਤਕ ਲਈ ਪਾਸ ਕੀਤੇ ਗਏ ਕਾਨੂੰਨਾਂ ਉਤੇ ਅਮਲ ਰੁਕਿਆ ਰਹੇਗਾ।
Farmers Protest
ਦੁਨੀਆਂ ਵਿਚ ਲੋਕ-ਰਾਜੀ ਸਰਕਾਰਾਂ ਨੇ ਜਨਤਾ ਵਲੋਂ ਵਿਰੋਧ ਕਰਨ ਤੇ ਝਗੜੇ ਵਾਲੇ ਕਾਨੂੰਨਾਂ ਬਾਰੇ ਸਦਾ ਇਹੀ ਰਵਈਆ ਅਪਨਾਇਆ ਹੈ ਪਰ ਜਿਹੜੀਆਂ ਹਕੂਮਤਾਂ ਇਸ ਤਰ੍ਹਾਂ ਨਹੀਂ ਕਰਦੀਆਂ, ਉਹ ਅਪਣੇ ਦੇਸ਼ ਨੂੰ 'ਸਿਵਲ ਵਾਰ' ਦਾ ਥੀਏਟਰ ਹੀ ਬਣਾ ਧਰਦੀਆਂ ਹਨ। ਰੱਬ ਸੁਮੱਤ ਦੇਵੇ, ਇਸ ਦੇਸ਼ ਦੇ ਹਾਕਮਾਂ ਨੂੰ!
ਬੀਬੀ ਜਗੀਰ ਕੌਰ
Sukhbir Badal
ਸੁਖਬੀਰ ਸਿੰਘ ਬਾਦਲ ਦੀ ਮਿਹਰਬਾਨੀ ਸਦਕਾ ਬੀਬੀ ਜਗੀਰ ਕੌਰ ਤੀਜੀ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾ ਦਿਤੇ ਗਏ ਹਨ। ਇਕ ਨਿਜੀ ਕਿਸਮ ਦੇ ਮਾਮਲੇ ਵਿਚ ਉਲਝੇ ਹੋਏ ਹੋਣ ਕਰ ਕੇ, ਕੁੱਝ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ। ਮਾਮਲਾ ਅਦਾਲਤ ਵਿਚ ਹੈ ਤੇ ਇਸ ਦੇਸ਼ ਵਿਚ ਇਹ ਪਿਰਤ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਮਜ਼ਬੂਤੀ ਨਾਲ ਨਹੀਂ ਅਪਣਾਈ ਹੋਈ ਕਿ ਫ਼ੌਜਦਾਰੀ ਕੇਸਾਂ ਵਿਚ ਮਬਲੂਸ ਵਿਅਕਤੀ ਨੂੰ ਕੋਈ ਮਹੱਤਵਪੂਰਨ ਅਹੁਦਾ ਨਹੀਂ ਦੇਣਾ।
Bibi Jagir Kaur
ਬੀਬੀ ਜਗੀਰ ਕੌਰ, ਮੇਰੀ ਨਜ਼ਰ ਵਿਚ ਕੋਈ ਸਿਆਸਤਦਾਨ ਨਹੀਂ ਬਲਕਿ ਇਕ ਧਾਰਮਕ ਸੰਪਰਦਾ (ਮੁਰਾਰੇ ਵਾਲਿਆਂ) ਦੇ ਮੁਖੀ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ ਗਏ ਸਨ ਤੇ ਹੁਣ ਵੀ ਬਣਾਏ ਗਏ ਹਨ। ਨਿਜੀ ਗੱਲਾਂ ਨੂੰ ਇਕ ਪਾਸ ਕਰ ਦਈਏ ਤਾਂ ਉਹ ਪਿਛਲੇ 50 ਸਾਲਾਂ ਦੇ ਮਰਦ ਪ੍ਰਧਾਨਾਂ ਨਾਲੋਂ ਬਿਹਤਰ ਪ੍ਰਧਾਨ ਹਨ।
ਉਹ ਤੁਰਤ ਫ਼ੈਸਲੇ ਲੈਂਦੇ ਹਨ, ਆਪ ਮਰਦਾਂ ਵਾਂਗ ਗੱਲ ਕਰਦੇ ਹਨ ਤੇ ਜੇ ਉਹ ਬਾਦਲਾਂ ਦੇ ਹੁਕਮ ਮੰਨਣ ਲਈ ਮਜਬੂਰ ਨਾ ਹੋਣ ਤਾਂ ਜ਼ਿਆਦਾ ਚੰਗੇ ਨਤੀਜੇ ਵੀ ਕੱਢ ਕੇ ਵਿਖਾ ਸਕਦੇ ਹਨ। ਮਰਦ ਪ੍ਰਧਾਨਾਂ 'ਚੋਂ ਪਿਛਲੇ 40-50 ਸਾਲਾਂ ਦਾ ਕੋਈ ਇਕ ਵੀ ਪ੍ਰਧਾਨ, ਬੀਬੀ ਜਗੀਰ ਕੌਰ ਤੋਂ ਬਿਹਤਰ ਨਹੀਂ ਆਖਿਆ ਜਾ ਸਕਦਾ। ਉਂਜ, ਵਖਰੀ ਰਾਏ ਰੱਖਣ ਵਾਲਿਆਂ ਨੂੰ ਵੀ ਅਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ।
SGPC
ਮੈਂ ਤਾਂ ਬੀਬੀ ਜਗੀਰ ਕੌਰ ਦਾ ਫਿਰ ਤੋਂ ਪ੍ਰਧਾਨ ਬਣਨਾ, ਤਾਂ ਹੀ ਸਫ਼ਲ ਮੰਨਾਂਗਾ ਜੇ ਉਹ (1) ਨਾਨਕਸ਼ਾਹੀ ਕੈਲੰਡਰ (ਅਸਲੀ) ਨੂੰ ਬਹਾਲ ਕਰਵਾ ਦੇਣ ਤੇ (2) ਜਿਵੇਂ ਉਨ੍ਹਾਂ ਨੇ ਪੂਰਨ ਸਿੰਘ ਜਥੇਦਾਰ ਦੇ ਗ਼ਲਤ ਕਾਰਨਾਮਿਆਂ ਨੂੰ ਉਲਟਵਾ ਦਿਤਾ ਸੀ, ਉਸੇ ਤਰ੍ਹਾਂ ਉਹ ਦੂਜੇ 'ਜਥੇਦਾਰਾਂ' ਦੇ 100 ਫ਼ੀ ਸਦੀ ਗ਼ਲਤ 'ਹੁਕਮਨਾਮਿਆਂ' ਨੂੰ ਵੀ ਉਸੇ ਤਰ੍ਹਾਂ ਖ਼ਤਮ ਕਰਵਾ ਕੇ ਵਿਖਾ ਦੇਣ। ਇਸ ਨਾਲ ਅਕਾਲ ਤਖ਼ਤ ਦਾ ਖੁਸਿਆ ਹੋਇਆ ਵਕਾਰ ਮੁੜ ਤੋਂ ਬਹਾਲ ਹੋ ਜਾਵੇਗਾ।
Sukhbir Badal
ਸਾਡੇ ਲਈ ਇਹ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ ਕਿ ਅਕਾਲ ਤਖ਼ਤ ਦੇ ਇਕ ਸਾਬਕਾ ਜਥੇਦਾਰ ਸਮੇਤ, ਕਈ ਉਹ ਸਿੱਖ ਤਾਂ ਸਿਆਸਤਦਾਨਾਂ ਦੇ ਥਾਪੇ 'ਜਥੇਦਾਰਾਂ' ਦੇ ਛੇਕੇ ਹੋਏ ਹਨ ਜਦਕਿ ਉਹ ਪੰਥ ਦੀ ਲਗਾਤਾਰ ਸੇਵਾ ਵਿਚ ਲੱਗ ਰਹੇ ਹਨ ਤੇ ਲੱਗੇ ਹੋਏ ਵੀ ਹਨ। ਦੂਜੇ ਪਾਸੇ, ਜਿਨ੍ਹਾਂ ਨੇ ਪੰਥ ਨੂੰ ਰਸਾਤਲ ਵਿਚ ਲਿਆ ਸੁਟਿਆ ਹੈ, ਉਹ ਪੰਥ ਦੇ ਆਕਾਸ਼ ਤੇ ਕਾਲੀ ਰਾਤ ਬਣ ਕੇ ਛਾਏ ਹੋਏ ਹਨ।
Akal Takht Sahib
ਇਹ ਦੋਵੇਂ ਕੰਮ ਬੀਬੀ ਜਗੀਰ ਕੌਰ ਵਰਗੀ ਬਹਾਦਰ ਔਰਤ ਹੀ ਕਰ ਸਕਦੀ ਹੈ। ਸਿਆਸਤਦਾਨਾਂ ਦੇ ਤਲਵੇ ਚੱਟਣ ਵਾਲੇ ਮਰਦ ਪ੍ਰਧਾਨਾਂ ਤੋਂ ਤਾਂ ਮੈਂ ਕਦੇ ਆਸ ਨਹੀਂ ਕੀਤੀ। ਮੈਨੂੰ ਯਾਦ ਆਉਂਦੀ ਹੈ ਉਹ ਗੱਲਬਾਤ ਜੋ ਬੀਬੀ ਜਗੀਰ ਕੌਰ ਨੇ ਕੁੱਝ ਸਾਲ ਪਹਿਲਾਂ ਟੈਲੀਫ਼ੋਨ ਤੇ ਕੀਤੀ ਸੀ। ਬੋਲੇ, ''ਓ ਭਾ ਜੀ, ਤੁਹਾਡੇ ਅਖ਼ਬਾਰ ਨੂੰ ਮੈਂ ਰੋਜ਼ ਪੜ੍ਹਦੀ ਹਾਂ, ਇਸ ਵਿਚ ਕੁੱਝ ਵੀ ਗ਼ਲਤ ਨਹੀਂ ਹੁੰਦਾ, ਪੂਰਾ ਤੇ ਪੱਕਾ ਪੰਥਕ ਅਖ਼ਬਾਰ ਹੈ। ਪਤਾ ਨਹੀਂ ਇਨ੍ਹਾਂ ਨੇ ਤੁਹਾਨੂੰ ਕਿਉਂ....?''
Parkash singh badal
ਮੈਂ ਕਿਹਾ, ''ਬੀਬੀ ਜੀ, ਤੁਸੀ ਇਨ੍ਹਾਂ ਦੇ ਨੇੜੇ ਰਹਿੰਦੇ ਹੋ, ਇਨ੍ਹਾਂ ਤੋਂ ਹੀ ਪੁੱਛੋ, ਮੇਰਾ ਜਾਂ ਅਖ਼ਬਾਰ ਦਾ ਕਸੂਰ ਕੀ ਸੀ?''
ਬੀਬੀ ਜਗੀਰ ਕੌਰ ਦਾ ਉਤਰ ਸੀ, ''ਓ ਭਾ ਜੀ ਤੁਸੀ ਇਕ ਛੋਟਾ ਜਿਹਾ ਕੰਮ ਕਰ ਦੇਂਦੇ ਤਾਂ ਸੱਭ ਠੀਕ ਹੋ ਜਾਣਾ ਸੀ। ਤੁਸੀ ਬਾਦਲ ਸਾਹਬ ਕੋਲ ਚਲੇ ਜਾਂਦੇ ਤੇ ਉਨ੍ਹਾਂ ਦੇ ਗੋਡਿਆਂ ਨੂੰ ਹੱਥ ਲਾ ਕੇ, ਕਹਿੰਦੇ, 'ਓ ਬਾਬਾ ਜੀ, ਅਸੀ ਤੁਹਾਡੇ ਤੇ ਤੁਸੀ ਸਾਡੇ। ਨਾਰਾਜ਼ ਕਾਹਨੂੰ ਹੁੰਦੇ ਓ? ਜਿਹੜਾ ਗੁੱਸਾ ਗਿਲਾ ਹੋਵੇ, ਦਸ ਦਿਆ ਕਰੋ, ਠੀਕ ਕਰ ਦਿਆਂਗੇ...।' ਬਸ ਸੱਭ ਠੀਕ ਹੋ ਜਾਣਾ ਸੀ।''
Bibi Jagir Kaur
ਮੈਂ ਹੱਸ ਪਿਆ ਤੇ ਕਿਹਾ, ''ਤੁਸੀ ਸਿਆਸਤ 'ਚੋਂ ਇਹ ਗੁਰ ਸਿਖਿਆ ਲਗਦਾ ਹੈ ਜਿਥੇ ਰੋਜ਼ ਹੀ ਅਜਿਹਾ ਕਰਨਾ ਪੈਂਦਾ ਹੈ ਪਰ ਮੈਂ ਐਡੀਟਰ ਦੀ ਕੁਰਸੀ ਤੇ ਬੈਠਾ ਹਾਂ ਜਿਥੇ ਅਜਿਹਾ ਕਰਨ ਦੀ ਜਾਚ ਕਿਸੇ ਨੂੰ ਨਹੀਂ ਸਿਖਾਈ ਜਾਂਦੀ।''
ਦੋ ਕੁ ਸਾਲ ਪਹਿਲਾਂ ਸੁਖਬੀਰ ਬਾਦਲ ਦੇ ਕਹਿਣ ਤੇ, ਉਹ ਪਟਿਆਲਾ ਦੀ ਇਕ ਕਾਨਫਰੰਸ ਵਿਚ ਸਪੋਕਸਮੈਨ ਵਿਰੁਧ ਦੱਬ ਕੇ ਬੋਲੇ ਵੀ (ਹੋਰਨਾਂ ਸਮੇਤ) ਪਰ ਗ਼ਲਤੀ ਮਹਿਸੂਸ ਕਰ ਕੇ, ਸੱਭ ਤੋਂ ਪਹਿਲਾਂ, ਅਪਣੀ ਗ਼ਲਤੀ ਮੰਨੀ ਵੀ ਬੀਬੀ ਜਗੀਰ ਕੌਰ ਨੇ ਹੀ ਸੀ।
ਮੇਰੀ ਨਿਜੀ ਡਾਇਰੀ ਦੇ ਪੰਨੇ
-ਜੋਗਿੰਦਰ ਸਿੰਘ