
ਇਤਿਹਾਸ ਦੀ ਕਿਤਾਬ ਵਿਚ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੂੰ ਆਜ਼ਾਦੀ ਲੈਣ ਵਾਲੇ ਵੱਡੇ ਲੀਡਰਾਂ ਵਿਚ ਗਾਂਧੀ ਤੇ ਨਹਿਰੂ ਮਗਰੋਂ ਤੀਜੇ ਨੰਬਰ ’ਤੇ ਰਖਿਆ ਗਿਆ ਸੀ
ਮੈਂ ਅਠਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ਗੁਰਦਵਾਰਾ ਚੋਣਾਂ ਕਰਵਾਉਣ ਦਾ ਐਲਾਨ ਹੋਇਆ। ਆਜ਼ਾਦੀ ਤੋਂ ਤੁਰਤ ਬਾਅਦ ਸਕੂਲਾਂ ਵਿਚ ਪੜ੍ਹਾਈ ਜਾਂਦੀ ਤੇ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼ ਵਲੋਂ ਛਾਪੀ ਗਈ ਇਤਿਹਾਸ ਦੀ ਕਿਤਾਬ ਵਿਚ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੂੰ ਆਜ਼ਾਦੀ ਲੈਣ ਵਾਲੇ ਵੱਡੇ ਲੀਡਰਾਂ ਵਿਚ ਗਾਂਧੀ ਤੇ ਨਹਿਰੂ ਮਗਰੋਂ ਤੀਜੇ ਨੰਬਰ ’ਤੇ ਰਖਿਆ ਗਿਆ ਸੀ ਤੇ ਵਿਸ਼ੇਸ਼ ਤੌਰ ਤੇ ਲਿਖਿਆ ਗਿਆ ਸੀ ਕਿ ਮਾ: ਤਾਰਾ ਸਿੰਘ ਜੀ ਨੇ ਇਕੱਲਿਆਂ ਲੜ ਕੇ ਅੱਧਾ ਪੰਜਾਬ ਮੁਸਲਿਮ ਲੀਗ ਕੋਲੋਂ ਖੋਹ ਕੇ ਹਿੰਦੁਸਤਾਨ ਦੀ ਝੋਲੀ ਵਿਚ ਪਾ ਦਿਤਾ ਸੀ ਤੇ ਹਿੰਦੁਸਤਾਨ ਦੀ ਵੱਡੀ ਸੇਵਾ ਕੀਤੀ ਸੀ। ਪੰਜਾਬ ਵਿਚ ਮਾ: ਤਾਰਾ ਸਿੰਘ ਵਲੋਂ ਮਨਵਾਏ ਗਏ ਅਸੂਲ ਨੂੰ ਮਗਰੋਂ ਬੰਗਾਲ ਵਿਚ ਵੀ ਅੰਗਰੇਜ਼ਾਂ ਨੂੰ ਲਾਗੂ ਕਰਨਾ ਪਿਆ ਤੇ ਅੱਧਾ ਬੰਗਾਲ ਵੀ ਹਿੰਦੁਸਤਾਨ ਨੂੰ ਮਿਲ ਗਿਆ। ਇਹ ਸਾਰੀਆਂ ਗੱਲਾਂ ਇਤਿਹਾਸ ਦੀ ਉਸ ਕਿਤਾਬ ਵਿਚ ਦਰਜ ਸਨ ਜੋ ਸਾਨੂੰ ਪੜ੍ਹਾਈ ਜਾਂਦੀ ਸੀ।
Kapoor Singh
ਤਿੰਨ ਕੌਮੀ ਲੀਡਰਾਂ ਦੀਆਂ ਫ਼ੋਟੋਆਂ ਵਿਚ ਦੂਜੇ ਨੰਬਰ ਤੇ ਮਾ: ਤਾਰਾ ਸਿੰਘ ਦੀ ਫ਼ੋਟੋ ਦਿਤੀ ਗਈ ਸੀ। ਪਰ ਗੁਰਦਵਾਰਾ ਚੋਣਾਂ ਵਿਚ ਵਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਮੇਰੇ ਘਰ ਦੇ ਨੇੜੇ ਬਹੁਤ ਵੱਡਾ ਮੈਦਾਨ ਪ੍ਰਤਾਪ ਸਿੰਘ ਕੈਰੋਂ ਦੇ ਸਾਧ ਸੰਗਤ ਬੋਰਡ ਨੇ ਮਲ ਲਿਆ ਜਿਥੇ ਵੱਡੇ ਵੱਡੇ ਪੋਸਟਰ ਲਾ ਕੇ ਪਹਿਲੀ ਵਾਰ ਇਹ ਦਸਿਆ ਗਿਆ ਸੀ ਕਿ ਅੰਗਰੇਜ਼ ਤਾਂ ਸਿੱਖਾਂ ਨੂੰ ਖ਼ਾਲਿਸਤਾਨ ਦੇਂਦੇ ਸਨ ਪਰ ਮਾ: ਤਾਰਾ ਸਿੰਘ ਨੇ ਲੈਣ ਤੋਂ ਨਾਂਹ ਕਰ ਦਿਤੀ, ਇਸ ਲਈ ਮਾ: ਤਾਰਾ ਸਿੰਘ ਦੀ ਪਾਰਟੀ ਨੂੰ ਕੋਈ ਵੋਟ ਨਾ ਪਾਈ ਜਾਵੇ ਤੇ ਅਪਣੀ ਕੀਮਤੀ ਵੋਟ ਸਾਧ ਸੰਗਤ ਬੋਰਡ ਲਈ ਰਾਖਵੀਂ ਕਰ ਦਿਤੀ ਜਾਵੇ।
Kapoor Singh
ਜੋ ਕੁੱਝ ਮੈਂ ਸਕੂਲ ਵਿਚ ਪੜਿ੍ਹਆ ਸੀ, ਉਸ ਦੇ ਐਨ ਉਲਟ ਬਿਆਨ ਕੀਤੀ ਕਹਾਣੀ, ਚੋਣ-ਪੋਸਟਰਾਂ ਵਿਚ ਪੜ੍ਹ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਾ। ਘਰ ਜਾ ਕੇ ਅਪਣੇ ਪਿਤਾ ਨੂੰ ਪੁਛਿਆ ਕਿ ਸੱਚ ਕੀ ਹੈ? ਉਹ ਦੇਸ਼ ਵੰਡ ਦੀਆਂ ਗੱਲਾਂ ਅਕਸਰ ਘਰ ਵਿਚ ਕਰਿਆ ਕਰਦੇ ਸਨ। ਉਹ ਹੱਸ ਪਏ ਤੇ ਬੋਲੇ, ‘‘ਸਿੱਖਾਂ ਦਾ ਲੀਡਰ ਮਾਸਟਰ ਤਾਰਾ ਸਿੰਘ ਮੰਗਦਾ ਕੇਵਲ ਇਹ ਹੈ ਕਿ ਜਿਹੜੇ ਵਾਅਦੇ, 1947 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਗਏ ਸਨ, ਉਹ ਇਨ ਬਿਨ ਲਾਗੂ ਕੀਤੇ ਜਾਣ। ਨਹਿਰੂ ਤੇ ਪਟੇਲ ਨੇ ਮਾ: ਤਾਰਾ ਸਿੰਘ ਨੂੰ ਨਵੇਂ ਹਾਲਾਤ ਦੀ ਸਚਾਈ ਸਮਝਾ ਕੇ, ਸਿੱਖਾਂ ਨਾਲ ਕੀਤੇ ਵਾਅਦੇ ਭੁਲ ਜਾਣ ਲਈ ਕਿਹਾ। ਮਾ: ਤਾਰਾ ਸਿੰਘ ਨੂੰ ਉਪ-ਰਾਸ਼ਟਰਪਤੀ ਬਣਾਉਣ ਦਾ ਲਾਲਚ ਦਿਤਾ ਗਿਆ, ਭਾਰਤ ਰਤਨ ਦਾ ਖ਼ਿਤਾਬ ਦੇਣ ਦਾ ਲਾਲਚ ਵੀ ਦਿਤਾ ਗਿਆ, ਜੇਲ ਵਿਚ ਵੀ ਸੁਟ ਦਿਤਾ ਤੇ ਫਿਰ ਉਨ੍ਹਾਂ ਦੇ ਸਾਥੀ ਵੀ ਖ਼ਰੀਦ ਲਏ ਗਏ ਪਰ ਮਾ: ਤਾਰਾ ਸਿੰਘ ਅਪਣੀ ਮੰਗ ਨੂੰ ਛੱਡਣ ਲਈ ਤਿਆਰ ਨਾ ਹੋਏ।
Sikh
ਸੋ ਹੁਣ ਪ੍ਰਤਾਪ ਸਿੰਘ ਕੈਰੋ ਨੇ ਨਹਿਰੂ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇ ਭਾਰਤ ਦਾ ਡੀਫ਼ੈਂਸ ਮਨਿਸਟਰ ਬਣਾਉਣ ਦਾ ਵਾਅਦਾ ਉਸ ਨਾਲ ਕੀਤਾ ਜਾਵੇ ਤਾਂ ਉਹ ਮਾ: ਤਾਰਾ ਸਿੰਘ ਨੂੰ ਗੁਰਦਵਾਰਾ ਚੋਣਾਂ ਵਿਚ ਹਰਾ ਕੇ, ਉਸ ਦੀ ਲੀਡਰੀ ਦਾ ਭੋਗ ਪਾ ਸਕਦਾ ਹੈ। ਨਹਿਰੂ ਨੇ ਉਸ ਦੀ ਮੰਗ ਮੰਨ ਲਈ ਤੇ ਹੁਣ ਖ਼ੁਫ਼ੀਆ ਏਜੰਸੀਆਂ ਦੀ ਮਦਦ ਨਾਲ ਉਸ ਨੇ ਇਹ ਝੂਠ ਘੜ ਲਿਆ ਹੈ ਜਿਸ ਵਿਚ ਜ਼ਰਾ ਜਿੰਨੀ ਵੀ ਸਚਾਈ ਨਹੀਂ। ਅੰਗਰੇਜ਼ ਨੂੰ ਸਿੱਖਾਂ ਦੀ ਮਦਦ ਕਰ ਕੇ ਕੁੱਝ ਨਹੀਂ ਸੀ ਮਿਲਦਾ। ਉਹ ਪਾਕਿਸਤਾਨ ਨੂੰ ਇਸਲਾਮੀ ਦੁਨੀਆਂ ਵਿਚ ਅਪਣਾ ਮੋਹਰਾ ਬਣਾ ਕੇ ਵਰਤਣਾ ਚਾਹੁੰਦਾ ਸੀ, ਇਸ ਲਈ ਮੁਸਲਿਮ ਲੀਗ ਦੀ ਇਸ ਮੰਗ ਦਾ ਸਮਰਥਨ ਕਰਦਾ ਸੀ ਕਿ ਸਾਰਾ ਪੰਜਾਬ ਪਾਕਿਸਤਾਨ ਵਿਚ ਹੀ ਰਹੇ ਤੇ ਪਾਕਿਸਤਾਨ ਦੀ ਹੱਦ ਗੁੜਗਾਉਂ (ਦਿੱਲੀ ਕੋਲ) ਹੋਵੇ ਤਾਕਿ ਉਹ ਹਿੰਦੁਸਤਾਨ ਨੂੰ ਜ਼ਿਆਦਾ ਪ੍ਰੇਸ਼ਾਨ ਕਰ ਸਕੇ। ਇਸ ਕੰਮ ਲਈ ਅੰਗਰੇਜ਼ ਤੇ ਮੁਸਲਿਮ ਲੀਗ, ਰਲ ਕੇ ਸਿੱਖਾਂ ਨੂੰ ਫਸਾਉਣ ਦਾ ਹਰ ਯਤਨ ਕਰਦੇ ਰਹੇ ਪਰ ਸਿੱਖਾਂ ਨੇ ਇਸ ਵਿਚ ਫਸਣ ਤੋਂ ਇਨਕਾਰ ਕਰ ਦਿਤਾ।’’
ਮੈਂ ਪੁਛਿਆ, ‘‘ਫਿਰ ਹੁਣ ਸਿੱਖ, ਗੁਰਦਵਾਰਾ ਚੋਣਾਂ ਵਿਚ ਇਸ ਝੂਠ ਨੂੰ ਰੱਦ ਕਰਨਗੇ ਜਾਂ ਭੁਲੇਖੇ ਵਿਚ ਫੱਸ ਜਾਣਗੇ।’’ ਮੇਰੇ ਪਿਤਾ ਦਾ ਦੋ ਟੁਕ ਜਵਾਬ ਸੀ, ‘‘ਅਜੇ ਕਲ ਹੀ ਤਾਂ ਸਾਰੀ ਗੱਲ ਵਾਪਰੀ ਹੈ ਤੇ ਸਿੱਖਾਂ ਦੇ ਸਾਹਮਣੇ ਵਾਪਰੀ ਹੈ, ਇਸ ਲਈ ਸਚਾਈ ਦਾ ਸੱਭ ਨੂੰ ਪਤਾ ਹੈ। 100 ਸਾਲ ਬਾਅਦ ਸ਼ਾਇਦ ਸਿੱਖਾਂ ਦੀ ਨਵੀਂ ਪੀੜ੍ਹੀ ਭੁਲੇਖਾ ਖਾ ਜਾਏ ਪਰ ਜਿਨ੍ਹਾਂ ਸਿੱਖਾਂ ਨੇ ਆਪ 1947 ਵਾਲੇ ਫ਼ੈਸਲੇ ਲਏ ਸਨ, ਉਹ ਤਾਂ ਭੁਲੇਖਾ ਨਹੀਂ ਖਾ ਸਕਦੇ।’’ ਉਹੀ ਹੋਇਆ। ਚੋਣਾਂ ਦੇ ਨਤੀਜੇ ਨਿਕਲੇ ਤਾਂ ਮਾ: ਤਾਰਾ ਸਿੰਘ ਦਾ ਅਕਾਲੀ ਦਲ ਲਗਭਗ 100 ਫ਼ੀਸਦੀ ਜਿੱਤ ਪ੍ਰਾਪਤ ਕਰ ਗਿਆ ਤੇ ਕੈਰੋਂ, ਕਾਮਰੇਡਾਂ ਦੀ ਸਾਂਝ ਵੀ ਉਨ੍ਹਾਂ ਦੀ ਝੋਲੀ ਵਿਚ ਕੁੱਝ ਨਾ ਪਾ ਸਕੀ। 140 ’ਚੋਂ ਕੇਵਲ ਚਾਰ ਸੀਟਾਂ ਕੈਰੋਂ ਦਾ ਬੋਰਡ ਲੈ ਸਕਿਆ। ਕਾਮਰੇਡ ਖ਼ਾਲੀ ਹੱਥ ਹੀ ਰਹੇ। ਸਾਰੀ ਕੌਮ ਨੇ ਸਰਬ ਸੰਮਤ ਫ਼ੈਸਲਾ ਦਿਤਾ ਕਿ ਅੰਗਰੇਜ਼ ਸਿੱਖਾਂ ਨੂੰ ਕੁੱਝ ਨਹੀਂ ਸੀ ਦੇਂਦਾ, ਕੇਵਲ ਮੁਸਲਿਮ ਲੀਗ ਦੇ ਆਖੇ, ਉਹ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਰਿਹਾ ਸੀ।
ਇਸ ਸਬੰਧੀ ਸ. ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਜਦੋਂ ਛੱਪ ਕੇ ਆਈ ਤੇ ਇਸ ਦੀ ਪਹਿਲੀ ਕਾਪੀ ਉਹ ਮੈਨੂੰ ਦੇਣ ਲਈ ਮੇਰੇ ਕੋਲ ਆਏ ਤਾਂ ਮੈਨੂੰ ਬੜੀ ਖ਼ੁਸ਼ੀ ਹੋਈ ਕਿ ਉਨ੍ਹਾਂ ਨੇ ਸ਼ਾਇਦ ਬਹੁਤ ਵੱਡੇ ਸੱਚ ਬਿਆਨ ਕਰ ਦਿਤੇ ਹੋਣਗੇ। ਪਰ ਪੜ੍ਹ ਕੇ ਡਾਢੀ ਨਿਰਾਸ਼ਾ ਹੋਈ ਤੇ ਮਹੀਨੇ ਕੁ ਬਾਅਦ ਜਦ ਉਹ ਦੁਬਾਰਾ ਆਏ ਤੇ ਪੁਸਤਕ ਬਾਰੇ ਮੇਰੇ ਵਿਚਾਰ ਪੁੱਛੇ ਤਾਂ ਮੈਂ ਨਿਝੱਕ ਹੋ ਕੇ ਕਹਿ ਦਿਤਾ, ‘‘ਪੁਸਤਕ ਵਿਚ ਤੁਹਾਡੀ ਅਪਣੀ ਕਹਾਣੀ ਹੀ ਪੜ੍ਹਨ ਵਾਲੀ ਚੀਜ਼ ਹੈ। ਬਾਕੀ ਤਾਂ ਸਰਕਾਰੀ ਏਜੰਸੀਆਂ ਦੇ ਪਾਲਤੂ ਲੋਕਾਂ ਕੋਲੋਂ ਸੁਣੀਆਂ ਸੁਣਾਈਆਂ ਗੱਲਾਂ ਲੈ ਕੇ ਹੀ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਤੁਹਾਡੇ ਵਰਗੇ ਲੇਖਕ ਵਲੋਂ ਮਾਨਤਾ ਨਹੀਂ ਸੀ ਦਿਤੀ ਜਾਣੀ ਚਾਹੀਦੀ ਤੇ ਇਨ੍ਹਾਂ ਦੀ ਤਹਿ ਤਕ ਜਾਏ ਬਿਨਾ ਨਹੀਂ ਸੀ ਲਿਖਣਾ ਚਾਹੀਦਾ।’’
ਸ. ਕਪੂਰ ਸਿੰਘ ਬੋਲੇ, ‘‘ਕੋਈ ਚੰਗੀ ਗੱਲ ਵੀ ਲੱਗੀ ਏ ਪੁਸਤਕ ਵਿਚ?’’ ਮੈਂ ਕਿਹਾ, ‘‘ਹਾਂ ਇਕ ਬੜਾ ਵੱਡਾ ਸੱਚ ਤੁਸੀ ਇਸ ਪੁਸਤਕ ਰਾਹੀਂ ਸਥਾਪਤ ਕਰ ਦਿਤਾ ਹੈ ਕਿ ਅੰਗਰੇਜ਼ ਸਿੱਖਾਂ ਨੂੰ ਕੋਈ ‘ਖ਼ਾਲਿਸਤਾਨ’ ਨਹੀਂ ਸੀ ਦੇ ਰਿਹਾ (ਜਿਵੇਂ ਸਾਡੀਆਂ ਖੂਫ਼ੀਆ ਏਜੰਸੀਆਂ ਨੇ ਮਾ: ਤਾਰਾ ਸਿੰਘ ਨੂੰ ਬਦਨਾਮ ਕਰਨ ਲਈ ਪ੍ਰਤਾਪ ਸਿੰਘ ਕੈਰੋਂ ਦੇ ਸਾਧ ਸੰਗਤ ਬੋਰਡ ਨਾਲ ਮਿਲ ਕੇ ਪ੍ਰਚਾਰਿਆ ਸੀ) ਸਗੋਂ ਮੁਸਲਿਮ ਲੀਗ ਦੀ ਇੱਛਾ ਪੂਰੀ ਕਰਨ ਲਈ ਸਿੱਖਾਂ ਨੂੰ ਸਿਰਫ਼ ਫਸਾ ਹੀ ਰਿਹਾ ਸੀ। ਤੁਸੀ ਵੀ ਕਿਉਂਕਿ ਅੰਗਰੇਜ਼ ਦੀ ਮਦਦ ਕਰ ਰਹੇ ਸੀ, ਇਸ ਲਈ ਤੁਹਾਡੀ ਕਲਮ ਵਿਚੋਂ ਨਿਕਲੇ ਲਫ਼ਜ਼ਾਂ ਦੀ ਜ਼ਿਆਦਾ ਮਹੱਤਾ ਬਣਦੀ ਹੈ, ਕਿਉਂਕਿ ਸਾਰੀ ਪੁਸਤਕ ਵਿਚ ਤੁਸੀ ਇਕ ਵਾਰੀ ਵੀ ਨਹੀਂ ਕਿਹਾ ਕਿ ਅੰਗਰੇਜ਼ ਸਿੱਖਾਂ ਨੂੰ ਆਜ਼ਾਦ ਖ਼ਾਲਿਸਤਾਨ ਜਾਂ ਸਿੱਖ ਸਟੇਟ ਦੇਂਦਾ ਸੀ। ਤੁਸੀ ਵਾਰ ਵਾਰ ਲਿਖਿਆ ਹੈ ਕਿ ਪਾਕਿਸਤਾਨ ਦੀ ਸਰਹੱਦ ਗੁੜਗਾਉਂ ਤਕ ਲਿਜਾਣ ਵਿਚ ਮਦਦ ਕਰਨ ਬਦਲੇ, ਉਹ ਲੀਗੀਆਂ ਦੀ ਸਰਕਾਰ ਅਧੀਨ ਸਿੱਖ ਸਟੇਟ ਦੇ ਨਾਂ ਤੇ ਇਕ ਕੱਚਾ ਕੋਠਾ ਸਿੱਖਾਂ ਨੂੰ ਦੇਣ ਦੀ ਪੇਸ਼ਕਸ਼ ਕਰ ਰਿਹਾ ਸੀ ਜੋ ਇਕ ਸਿਆਲ ਤੇ ਇਕ ਹੁਨਾਲ (ਸਰਦੀ ਗਰਮੀ) ਦੀ ਮਾਰ ਝੱਲਣ ਜੋਗਾ ਵੀ ਨਾ ਹੋਵੇ। ਪਰ ਰੱਬ ਸਿੱਖਾਂ ਦਾ ਰਖਵਾਲਾ ਹੈ ਤੇ ਉਸ ਨੇ ਸਿੱਖਾਂ ਨੂੰ ਬਚਾ ਲਿਆ।’’ ਸ: ਕਪੂਰ ਸਿੰਘ ਦੇ ਹੱਥ ਵਿਚ ਫੜਿਆ ਚਾਹ ਦਾ ਪਿਆਲਾ, ਥੱਲੇ ਡਿਗ ਪਿਆ ਤੇ ਮੇਰੀ ਪਤਨੀ ਨੇ ਆ ਕੇ ਕਾਲੀਨ ਸਾਫ਼ ਕਰਨ ਦੇ ਬਹਾਨੇ, ਗੱਲ ਦਾ ਰੁਖ਼ ਬਦਲ ਦਿਤਾ ਤੇ ਗੁੱਸੇ ਨਾਲ ਭਰੇ, ਉਹ ਉਠ ਕੇ ਚਲਦੇ ਬਣੇ।
(ਚਲਦਾ) ਬਾਕੀ ਅਗਲੇ ਐਤਵਾਰ