Nijji Diary De Panne: ਸਿੱਖ ਖ਼ੁਸ਼ ਹਨ ਕਿ ਇਕ ਪ੍ਰਵਾਰ ਦਾ ਕਬਜ਼ਾ ਖ਼ਤਮ ਹੋਣ ਨਾਲ ਸ਼ਾਇਦ 1920 ਵਾਲਾ ਅਕਾਲੀ ਦਲ ਮੁੜ ਜੀਵਤ ਹੋ ਸਕੇ!
Published : Mar 30, 2025, 6:47 am IST
Updated : Mar 30, 2025, 7:54 am IST
SHARE ARTICLE
Sri Akal Takht Sahib
Sri Akal Takht Sahib

ਕਈ ਵਾਰ ਆਪ ਚੋਣਾਂ ਲੜ ਕੇ ਓਨਾ ਲਾਭ ਨਹੀਂ ਲਿਆ ਜਾ ਸਕਦਾ ਜਿੰਨਾ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਅਪਣੇ ਉਤੇ ਨਿਰਭਰ ਬਣਾ ਕੇ ਲਿਆ ਜਾ ਸਕਦਾ ਹੈ।

ਚੋਣਾਂ ਵਿਚ ਬਾਦਲਾਂ ਦੀ ਹੋਈ ਹਾਰ ਤੇ, ਪੰਥਕ ਸੋਚ ਵਾਲੇ ਸਿੱਖਾਂ ਨੇ ਦੁਨੀਆਂ ਭਰ ਵਿਚ ਖ਼ੁਸ਼ੀ ਮਨਾਈ ਹੈ ਤੇ ‘ਬਾਦਲ ਅਕਾਲੀ ਦਲ’ ਦੇ ਵਫ਼ਾਦਾਰ ਵਰਕਰਾਂ ਦੀ ਵੱਡੀ ਗਿਣਤੀ ਨੇ ਵੀ ਇਸ ਵਾਰ ਆਸ ਪ੍ਰਗਟ ਕੀਤੀ ਹੈ ਕਿ ਹੁਣ ਸ਼ਾਇਦ ਅਕਾਲੀ ਦਲ ਤੋਂ ਇਕ ਪ੍ਰਵਾਰ ਦਾ ਪ੍ਰਛਾਵਾਂ ਖ਼ਤਮ ਹੋ ਹੀ ਜਾਏ ਤੇ ਇਹ ਮੁੜ ਤੋਂ ਪੰਥਕ ਪਾਰਟੀ ਬਣ ਕੇ, ਉਹ ਜ਼ਿੰਮੇਵਾਰੀ ਨਿਭਾ ਸਕੇ ਜੋ 1920 ਵਿਚ ਸਿੱਖ ਪੰਥ ਨੇ, ਅਕਾਲ ਤਖ਼ਤ ਉਤੇ ਜੁੜ ਕੇ ਇਸ ਨੂੰ ਸੌਂਪੀ ਸੀ (ਇਹ ਵਰਕਰ ਅਕਾਲੀ ਪਾਰਟੀ ਨੂੰ ਕਿਸੇ ਹਾਲਤ ਵਿਚ ਵੀ ਛੱਡਣ ਲਈ ਤਿਆਰ ਨਹੀਂ, ਪਰ ਇਹ ਆਸ ਜ਼ਰੂਰ ਰਖਦੇ ਹਨ ਕਿ ਪਾਰਟੀ ਉਤੋਂ ਬਾਦਲਾਂ ਦਾ ਗ਼ਲਬਾ ਜ਼ਰੂਰ ਖ਼ਤਮ ਹੋਵੇਗਾ ਤੇ ਭਲੇ ਦਿਨ ਜ਼ਰੂਰ ਆਉਣਗੇ)।

ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਕਾਇਮ ਹੋ ਚੁਕੀ ਸੀ ਪਰ ਇਹ ਮਹਿਸੂਸ ਕੀਤਾ ਗਿਆ ਸੀ ਕਿ ਕਾਨੂੰਨ ਅਨੁਸਾਰ, ਸ਼੍ਰੋਮਣੀ ਕਮੇਟੀ ਕਿਉਂਕਿ ਨਿਰੋਲ ਧਾਰਮਕ ਮਾਮਲਿਆਂ ਤਕ ਹੀ ਅਪਣੇ ਆਪ ਨੂੰ ਸੀਮਤ ਰੱਖ ਸਕੇਗੀ, ਇਸ ਲਈ ਨਵੇਂ ਲੋਕ-ਰਾਜੀ ਯੁਗ ਵਿਚ ਸਿੱਖਾਂ ਦੀ ਇਕ ਵਖਰੀ ਸਿਆਸੀ ਪਾਰਟੀ ਜ਼ਰੂਰ ਹੋਣੀ ਚਾਹੀਦੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਮਾਤਹਿਤ ਰਹਿ ਕੇ ਸਿੱਖਾਂ ਦੇ ਰਾਜਸੀ, ਸਮਾਜੀ ਤੇ ਨਵੇਂ ਯੁਗ ਦੇ ਹੋਰ ਮਸਲਿਆਂ ਨੂੰ ਨਜਿੱਠਣ ਵਲ ਧਿਆਨ ਦੇਵੇ। ਇਸੇ ਲਈ ਅਕਾਲੀ ਦਲ ਦਾ ਦਫ਼ਤਰ ਵੀ ਸ਼੍ਰੋਮਣੀ ਕਮੇਟੀ ਦੇ ਹਾਤੇ ਵਿਚ ਹੀ ਰਖਿਆ ਗਿਆ ਸੀ। ਪਰ ਬਾਦਲਾਂ ਦਾ ਦੌਰ ਸ਼ੁਰੂ ਹੁੰਦਿਆਂ ਹੀ ਪਾਰਟੀ ਦੀ ‘ਪੰਥਕ’ ਦਿਖ ਨੂੰ 1996 ਵਿਚ ਮੋਗਾ ਕਾਨਫ਼ਰੰਸ ਵਿਚ ਰੱਦ ਕਰ ਕੇ ਇਸ ਨੂੰ ਪੰਜਾਬੀ ਪਾਰਟੀ ਬਣਾ ਦਿਤਾ ਗਿਆ ਤੇ ਇਸ ਦਾ ‘ਰਾਜਸੀ ਟੀਚਾ’ ਕੇਵਲ ਤੇ ਕੇਵਲ ਬਾਦਲ ਪ੍ਰਵਾਰ ਨੂੰ ਸੱਤਾ ਵਿਚ ਰਖਣਾ ਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਨੂੰ ਕਾਬੂ ਹੇਠ ਰਖਣਾ ਹੀ ਮਿਥ ਦਿਤਾ ਗਿਆ।

ਸੋ ਚੰਗੀ ਪੰਥਕ ਸੋਚ ਰੱਖਣ ਵਾਲੇ ਸਿੱਖਾਂ ਦੀ ਖ਼ੁਸ਼ੀ, ਪਾਰਟੀ ਦੀ ਹਾਰ ਵਿਚੋਂ ਨਹੀਂ ਉਪਜੀ ਬਲਕਿ ਇਸ ਸੋਚ ’ਚੋਂ ਉਪਜੀ ਹੈ ਕਿ ਬਾਦਲਾਂ ਦਾ ਕਬਜ਼ਾ ਢਿੱਲਾ ਪੈਣ ਕਾਰਨ, ਸ਼ਾਇਦ 1920 ਵਾਲਾ ਅਸਲ ਅਕਾਲੀ ਦਲ ਮੁੜ ਤੋਂ ਕਾਇਮ ਹੋ ਜਾਏ ਜੋ 1920 ਨਾਲੋਂ ਵੀ ਜ਼ਿਆਦਾ ਭੀਆਵਲੇ ਹਾਲਾਤ ਵਿਚ, ਸਿੱਖ ਹੱਕਾਂ ਦੀ ਰਾਖੀ ਲਈ ਉਸ ਤਰ੍ਹਾਂ ਹੀ ਨਿੱਤਰ ਪਵੇ ਜਿਵੇਂ ਅਪਣੀ ਹੋਂਦ ਦੇ ਪਹਿਲੇ 60-70 ਸਾਲ ਨਿਤਰਦਾ ਰਿਹਾ ਹੈ। ਸਪੋਕਸਮੈਨ ਦੇ 20 ਸਾਲ ਦੇ ਪਰਚੇ ਕੱਢ ਕੇ ਵੇਖਿਆ ਜਾ ਸਕਦਾ ਹੈ ਕਿ ਮੈਂ ਹਮੇਸ਼ਾ ਇਸ ਗੱਲ ’ਤੇ ਜ਼ੋਰ ਦੇਂਦਾ ਰਿਹਾ ਹਾਂ ਕਿ ਅਕਾਲੀ ਦਲ ਨੂੰ ਕਿਉਂਕਿ ਅਕਾਲ ਤਖ਼ਤ ’ਤੇ ਬੈਠ ਕੇ, ਸਮੁੱਚੇ ਪੰਥ ਨੇ ਕਾਇਮ ਕੀਤਾ ਸੀ ਤੇ ਸਿੱਖ ਪੰਥ ਦੀ ਰਾਜਸੀ ਬਾਂਹ ਵਜੋਂ ਕਾਇਮ ਕੀਤਾ ਸੀ, ਇਸ ਲਈ ਅਕਾਲ ਤਖ਼ਤ ਦਾ ਜਥੇਦਾਰ, ਇਸ ਨੂੰ ਵਾਪਸ ਅੰਮ੍ਰਿਤਸਰ ਲੈ ਜਾਵੇ ਤੇ ਇਸ ਨੂੰ ਸਦਾ ਲਈ ‘ਪੰਥਕ ਨਿਗਾਹਬਾਨ’ ਦਾ ਦਰਜਾ ਦੇ ਕੇ ਆਰ.ਐਸ.ਐਸ. ਵਰਗੀ (ਪਰ ਨਿਰੋਲ ਪੰਥਕ) ਸੰਸਥਾ ਬਣਾ ਦੇਵੇ ਜੋ ਆਪ ਚੋਣਾਂ ਨਾ ਲੜੇ ਬਲਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਸ ਤਰ੍ਹਾਂ ਵਰਤੇ ਕਿ ਸਿੱਖ ਪੰਥ ਨੂੰ ਹਰ ਪਾਸਿਉਂ ਮਦਦ ਮਿਲੇ ਤੇ ਕੋਈ ਵੀ ਸਿੱਖਾਂ, ਪੰਜਾਬ ਤੇ ਪੰਜਾਬੀ ਨਾਲ ਵਿਤਕਰਾ ਹੋਣ ਹੀ ਨਾ ਦੇਵੇ, ਨਾ ਆਪ ਹੀ ਕਰ ਸਕੇ।

ਕਈ ਵਾਰ ਆਪ ਚੋਣਾਂ ਲੜ ਕੇ ਓਨਾ ਲਾਭ ਨਹੀਂ ਲਿਆ ਜਾ ਸਕਦਾ ਜਿੰਨਾ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਅਪਣੇ ਉਤੇ ਨਿਰਭਰ ਬਣਾ ਕੇ ਲਿਆ ਜਾ ਸਕਦਾ ਹੈ। ਆਰ.ਐਸ.ਐਸ. ਨੇ ਇਹੀ ਢੰਗ ਵਰਤ ਕੇ ਭਾਰਤ ਵਿਚ ‘ਹਿੰਦੂ ਰਾਜ’ ਕਾਇਮ ਕਰ ਲਿਆ ਹੈ। ਬੀ.ਜੇ.ਪੀ. ਇਕੋ ਇਕ ਪਾਰਟੀ ਨਹੀਂ ਜੋ ਉਸ ਤੋਂ ਸੇਧ ਲੈਂਦੀ ਹੈ। ਨਹੀਂ, ਸਾਰੀਆਂ ਹੀ ਪਾਰਟੀਆਂ ਵਿਚ ਆਰ.ਐਸ.ਐਸ. ਦੇ ਸੈੱਲ ਕੰਮ ਕਰਦੇ ਹਨ ਤੇ ਆਰ.ਐਸ.ਐਸ. ਸਾਰੀਆਂ ਹੀ ਪਾਰਟੀਆਂ ਦੀ ਅੰਦਰਖਾਤੇ ਮਦਦ ਕਰ ਕੇ ਉਨ੍ਹਾਂ ਨੂੰ ਅਪਣੇ ਲਈ ਵਰਤਦੀ ਹੈ ਪਰ ਆਪ ਚੋਣਾਂ ਵਿਚ ਅੱਗੇ ਨਹੀਂ ਆਉਂਦੀ। ਬਾਦਲਾਂ ਵਿਚ ਬੜੇ ਚੰਗੇ ਗੁਣ ਵੀ ਹਨ ਜੋ ਅੱਜ ਦੇ ਯੁਗ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਬੜੇ ਜ਼ਰੂਰੀ ਹੁੰਦੇ ਹਨ ਪਰ ਮੈਂ ਉਨ੍ਹਾਂ ਦੇ ਬਹੁਤ ਨੇੜੇ ਰਹਿ ਕੇ ਵੇਖਿਆ ਹੈ (1994 ਵਿਚ ਸਪੋਕਸਮੈਨ ਦਾ ਪਹਿਲਾ ਪਰਚਾ ਵੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੀ ਜਾਰੀ ਕੀਤਾ ਸੀ) ਕਿ ਉਨ੍ਹਾਂ ਅੰਦਰ ‘ਪੰਥਕਤਾ’ ਤੇ ‘ਅਕਾਲੀਅਤ’ ਰੱਤੀ ਜਿੰਨੀ ਵੀ ਨਹੀਂ। ਗੱਦੀ ਹਮੇਸ਼ਾ ਲਈ ਅਪਣੇ ਕੋਲ ਰੱਖਣ ਤੇ ਗੁਰਦਵਾਰਾ ਗੋਲਕ ਉਤੇ ਕਬਜ਼ਾ ਬਣਾਈ ਰੱਖਣ ਲਈ ਹਰ ਸਾਜ਼ਸ਼ ਰਚਣ, ਚਾਲ ਚਲਣ ਤੇ ਸੌਦੇਬਾਜ਼ੀ, ਖ਼ਰੀਦੋ ਫ਼ਰੋਖ਼ਤ ਕਰਨ ਨੂੰ ਉਹ ‘ਅਕਾਲੀ ਰਾਜਨੀਤੀ’ ਦਾ ਨਾਂ ਦੇਂਦੇ ਹਨ ਤੇ ਜੇ ਗੁਰਦਵਾਰਾ ਗੋਲਕ ਉਨ੍ਹਾਂ ਕੋਲੋਂ ਖੁਸ ਜਾਏ ਤਾਂ ਪੰਥ, ਅਕਾਲੀ ਤੇ ਇਹੋ ਜਹੇ ਸਾਰੇ ਸ਼ਬਦ ਉਨ੍ਹਾਂ ਲਈ ਬੇਕਾਰ ਬਣ ਜਾਣਗੇ।

ਮੈਂ ਅੱਜ ਫਿਰ ਕਹਿੰਦਾ ਹਾਂ ਕਿ ਅਕਾਲੀ ਦਲ ਨੂੰ ਆਰ.ਐਸ.ਐਸ. ਵਾਲੀ ਹਾਲਤ ਵਿਚ ਲਿਆਏ ਬਗ਼ੈਰ ਸਿੱਖ ਪੰਥ ਦਾ ਭਲਾ ਯਕੀਨੀ ਨਹੀਂ ਬਣਾਇਆ ਜਾ ਸਕਦਾ। ਚੋਣਾਂ ਲੜ ਲੜ ਕੇ ਅਸੀ ਸ਼੍ਰੋਮਣੀ ਕਮੇਟੀ ਵੀ ਤਬਾਹ ਕਰ ਲਈ ਹੈ ਤੇ ਅਕਾਲੀ ਦਲ ਵੀ। ਜੇ ਇਹ ਸਿਸਟਮ ਜਾਰੀ ਰਿਹਾ ਤਾਂ ਬਾਦਲਾਂ ਵਰਗਾ ਕੋਈ ਹੋਰ ਵੀ ਜੰਮ ਸਕਦਾ ਹੈ ਤੇ ਹੁਣ ਨਾਲੋਂ ਵੀ ਮਾੜੀ ਹਾਲਤ ਪੈਦਾ ਕਰ ਸਕਦਾ ਹੈ। ਸੋ ਖ਼ੁਸ਼ ਹੋਣ ਦੀ ਬਜਾਏ, ਸਿੱਖ ਪੰਥ ਦਾ ਭਵਿੱਖ ਸਵਾਰਨ ਦੀ ਗੱਲ ਸੋਚਣੀ ਚਾਹੀਦੀ ਹੈ। ਅਕਾਲ ਤਖ਼ਤ ਦੀ ਲੋੜ ਇਸ ਕੰਮ ਲਈ ਨਹੀਂ ਕਿ ਪੰਥ ਦੇ ਸਭ ਤੋਂ ਵੱਡੇ ਰਾਗੀ (ਤੇ ਸਾਬਕਾ ਜਥੇਦਾਰ) ਨੂੰ ਵੀ ਛੇਕ ਦੇਵੇ, ਸਭ ਤੋਂ ਵੱਡੇ ਪੰਥਕ ਅਖ਼ਬਾਰ ਨੂੰ ਵੀ ਛੇਕ ਦੇਵੇ ਤੇ ਸਿੱਖ ਫ਼ਲਸਫ਼ੇ ਦਾ ਪ੍ਰਚਾਰ ਕਰਨ ਵਾਲੇ ਵਿਦਵਾਨਾਂ ਨੂੰ ਵੀ ਛੇਕ ਦੇਵੇ ਜਾਂ ਘਰ ਬਿਠਾ ਦੇਵੇ ਸਗੋਂ ਅਕਾਲ ਤਖ਼ਤ ਦੀ ਲੋੜ ਇਸ ਗੱਲ ਲਈ ਹੈ ਕਿ ਪੰਥ ਨੂੰ ਵਾਜ ਮਾਰ ਕੇ ਪੰਥ ਦੀਆਂ ਜਥੇਬੰਦੀਆਂ ਉਤੋਂ ਪ੍ਰਵਾਰਾਂ ਦਾ ਕਬਜ਼ਾ ਹਟਾ ਕੇ ਤੇ ਚੋਣਾਂ ਦੇ ਮਾੜੇ ਨਤੀਜੇ ਦੱਸ ਕੇ, ਪੰਥ ਦੀ ਚੜ੍ਹਦੀ ਕਲਾ ਦੇ ਨਵੇਂ ਰਾਹ ਉਲੀਕਣ ਵਿਚ ਮਦਦ ਕਰੇ (ਆਰ.ਐਸ.ਐਸ. ਦੇ ਤਜਰਬੇ ਨੂੰ ਸਾਹਮਣੇ ਰੱਖ ਕੇ) ਜਿਸ ਮਗਰੋਂ ਹੁਣ ਵਾਲੀਆਂ ਔਕੜਾਂ 50-100 ਸਾਲ ਵਿਚ ਦੁਬਾਰਾ ਨਾ ਪੈਦਾ ਹੋ ਸਕਣ ਤੇ ਸਾਰੀ ਕੌਮ ਪੜ੍ਹੀ ਲਿਖੀ, ਖ਼ੁਸ਼ਹਾਲ ਤੇ ਵਿਤਕਰਿਆਂ ਤੋਂ ਬਚੀ ਹੋਈ ਹਾਲਤ ਵਿਚ ਲਿਆਂਦੀ ਜਾ ਸਕੇ। ਇਸ ਕੰਮ ਲਈ ਅਕਾਲ ਤਖ਼ਤ ਨੂੰ ਵੀ ਸਚਮੁਚ ਦੇ ‘ਜਥੇਦਾਰ’ ਚਾਹੀਦੇ ਹੋਣਗੇ, ਸਿਆਸਤਦਾਨਾਂ ਦੇ ਘੜੇ ਹੋਏ ਮਿੱਟੀ ਦੇ ਬਾਵੇ ਨਹੀਂ।  
(20 ਮਾਰਚ 2022 ਦੀ ‘ਮੇਰੀ ਨਿੱਜੀ ਡਾਇਰੀ ਦੇ ਪੰਨੇ )

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement