Nijji Diary De Panne: ਸਾਰੇ ਬਾਗ਼ੀ ਅਕਾਲੀ ਵੀ ਵਾਪਸ ਆ ਜਾਣ ਤਾਂ ਕੀ ਪੰਥ ਨੂੰ ਕੋਈ ਫ਼ਾਇਦਾ ਹੋਵੇਗਾ?

By : GAGANDEEP

Published : Dec 31, 2023, 6:58 am IST
Updated : Dec 31, 2023, 8:21 am IST
SHARE ARTICLE
If all the rebellious Akali also return, will the panth benefit? Nijji Diary De Panne today news in punjabi
If all the rebellious Akali also return, will the panth benefit? Nijji Diary De Panne today news in punjabi

Nijji Diary De Panne today news in punjabi : ਸੁਖਬੀਰ ਦੀ ਮਾਫ਼ੀ ਦੀ ਪੂਛ ਵੀ ਸਾਰੇ ‘ਇਨਕਲਾਬੀ’ ਅਕਾਲੀ ਆਗੂਆਂ ਨੂੰ ਘਰ ਲਿਆ ਰਹੀ

If all the rebellious Akali also return, will the panth benefit? Nijji Diary De Panne today news in punjabi : ਸਪੋਕਸਮੈਨ ਵਿਚ ਅਸੀ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਅਕਾਲੀ ਦਲ ਨੂੰ ‘ਪੰਥਕ’ ਪਾਰਟੀ ਤੋਂ ‘ਪੰਜਾਬੀ’ ਪਾਰਟੀ ਬਣਾ ਦੇਣ ਦਾ ਸੁਪਨਾ ਨਹਿਰੂ, ਪਟੇਲ, ਕਾਟਜੂ ਤੇ ਇੰਦਰਾ ਗਾਂਧੀ ਦਾ ਸੁਪਨਾ ਸੀ ਜਿਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਸਿੱਖਾਂ ਦੀ ਪਾਰਟੀ ਨੂੰ ਪੰਥ ਨਾਲੋਂ ਤੋੜੇ ਬਿਨਾਂ, ਸਿੱਖਾਂ ਦੇ ਗਲੇ ਵਿਚ ਪਟਾ ਨਹੀਂ ਪਾਇਆ ਜਾ ਸਕਦਾ। ਪਟਾ ਪਾਉਣ ਵਿਚ ਸੱਭ ਤੋਂ ਵੱਡੀ ਰੁਕਾਵਟ ਇਨ੍ਹਾਂ ਦੀ ਪਾਰਟੀ ਦਾ ‘ਪੰਥਕ’ ਏਜੰਡਾ ਸੀ ਜੋ ਮਾ: ਤਾਰਾ ਸਿੰਘ ਵਰਗੇ ਲੀਡਰ ਦਿਨ-ਬ-ਦਿਨ ਪੱਕਾ ਕਰਦੇ ਜਾ ਰਹੇ ਸਨ। ਸੋ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਨੂੰ ਆਜ਼ਾਦੀ ਮਿਲਦਿਆਂ ਸੱਭ ਤੋਂ ਪਹਿਲਾਂ ਜੇਲ੍ਹ ਵਿਚ ਵੀ ਸੁਟਿਆ ਤੇ ਉਪ-ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਵੀ ਨਹਿਰੂ ਨੇ ਆਪ ਕੀਤੀ ਤਾਕਿ ਮਾ: ਤਾਰਾ ਸਿੰਘ ਸਰਕਾਰ ਦਾ ਭਾਗ ਬਣ ਜਾਣ ਤੇ ਬਾਕੀਆਂ ਚੋਂ ਕੋਈ ਵੀ ਏਨਾ ਵੱਡਾ ਨਹੀਂ ਸੀ ਜਿਸ ਨੂੰ ਕੇਂਦਰ ਅਪਣੇ ਇਸ਼ਾਰਿਆਂ ਤੇ ਨਹੀਂ ਸੀ ਨਚਾ ਸਕਦਾ। ਮਾ: ਤਾਰਾ ਸਿੰਘ ਨੇ ਉਪ-ਰਾਸ਼ਟਰਪਤੀ ਜਾਂ ਰਾਸ਼ਟਰਪਤੀ ਬਣਨ ਦੀ ਪੇਸ਼ਕਸ਼ ਠੁਕਰਾ ਦਿਤੀ ਪਰ ਕੇਂਦਰ ਵਾਲਿਆਂ ਨੇ ਅਪਣੀ ਇਸ ਯੋਜਨਾ ਉਤੇ ਕੰਮ ਕਰਨਾ ਨਾ ਛਡਿਆ ਕਿ ਜਿਵੇਂ ਵੀ ਹੋਵੇ, ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਪੰਥਕ ਸਰੂਪ ਜ਼ਰੂਰ ਖ਼ਤਮ ਕਰਨਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਨੇ ਅਪਣੀ ਕੋਸ਼ਿਸ਼ ਜਾਰੀ ਰੱਖੀ ਤੇ ਇਸ ਕਾਮਯਾਬੀ ਲਈ ਉਨ੍ਹਾਂ ਨੂੰ ਉਦੋਂ ਤਕ ਯਤਨ ਜਾਰੀ ਰਖਣੇ ਪਏ ਜਦ ਤਕ ਬਲੂ-ਸਟਾਰ ਆਪ੍ਰੇਸ਼ਨ ਦੇ ਅਸਰ ਹੇਠ ਸਿੱਖਾਂ ਨੂੰ ਅਪਣੀ ਆਜ਼ਾਦ ਸੋਚਣੀ ਭੁਲ ਨਾ ਗਈ ਤੇ ਇਹ ਸਮਝਣੋਂ ਅਸਮਰੱਥ ਨਾ ਹੋ ਗਏ ਕਿ ਉਨ੍ਹਾਂ ਨਾਲ ਏਨਾ ਜ਼ੁਲਮ ਹੋ ਕਿਉਂ ਗਿਆ ਹੈ। ਇਸ ਵੇਲੇ ਏਜੰਸੀਆਂ ਰਾਹੀਂ ਕੇਂਦਰ ਨੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰ ਕੇ ਇਸ ਨੂੰ ਪੰਜਾਬੀ ਪਾਰਟੀ ਬਣਾ ਦੇਣ ਲਈ ਤਿਆਰ ਕਰ ਲਿਆ ਤੇ ਸ: ਬਾਦਲ ਨੇ ਰਾਜਸੀ ਪਿੜ ਵਿਚ ਦੋ ਪਾਰਟੀਆਂ ਦੇ ਗਠਜੋੜ ਨੂੰ ‘ਪਤੀ ਪਤਨੀ’ ਵਾਲਾ ਰਿਸ਼ਤਾ ਬਣਾ ਦੇਣ ਦਾ ਅਜੀਬ ਮੰਤਕ ਪਹਿਲੀ ਵਾਰ ਦਾਖ਼ਲ ਕੀਤਾ ਜਿਸ ਦੀ ਸਮਝ ਅੱਜ ਤਕ ਕਿਸੇ ਨੂੰ ਨਹੀਂ ਆਈ।

ਇਸ ਪਿਛੋਕੜ ਨੂੰ ਸਾਹਮਣੇ ਰੱਖ ਕੇ ਹੁਣ ਅਸੀ ਸੁਖਬੀਰ ਬਾਦਲ ਵਲੋਂ ਅਕਾਲ ਤਖ਼ਤ ਤੇ ਜਾ ਕੇ ਨਹੀਂ ਸਗੋਂ ਉਸ ਦੇ ਪਿਛੇ ਬਣੇ ਇਕ ਹੋਰ ਗੁਰਦੁਆਰੇ ਵਿਚ ਤਕਰੀਰ ਦੌਰਾਨ ਬੀਤੇ ਦੀਆਂ ਭੁੱਲਾਂ ਲਈ ਮਾਫ਼ੀ ਮੰਗਣ ਦੀ ਗੱਲ ਕਰਦੇ ਹਾਂ। ਪ੍ਰੋ: ਦਰਸ਼ਨ ਸਿੰਘ (ਸਾਬਕਾ ਜਥੇਦਾਰ, ਅਕਾਲ ਤਖ਼ਤ) ਦਾ ਮਾਮਲਾ ਅੱਖਾਂ ਸਾਹਮਣੇ ਲੈ ਆਉ। ਉਹ ਅਕਾਲ ਤਖ਼ਤ ਉਤੇ ਪਹੁੰਚ ਵੀ ਗਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਉਥੇ ਬੈਠੇ ਰਹੇ ਕਿ ਜਥੇਦਾਰ ਆਉਣ  ਤਾਕਿ ਉਹ ਉਨ੍ਹਾਂ ਅੱਗੇ ਤੇ ਗੁਰੂ ਅੱਗੇ ਅਪਣਾ ਪੱਖ ਰੱਖ ਸਕਣ। ਪਰ ਜਥੇਦਾਰ ਨਾ ਆਏ ਤੇ ਉਨ੍ਹਾਂ ਵਲੋਂ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਕੋਲ ਪੇਸ਼ ਹੋਣਾ ਅਕਾਲ ਤਖ਼ਤ ’ਤੇ ਪੇਸ਼ ਹੋਣਾ ਨਹੀਂ ਮੰਨਿਆ ਜਾ ਸਕਦਾ ਸਗੋਂ ਜਿਸ ਕਮਰੇ ਵਿਚ ਜਥੇਦਾਰ ਬੈਠਦੇ ਹਨ, ਉਸ ਕਮਰੇ ਵਿਚ ਪੇਸ਼ ਹੋਣਾ ਹੀ ਅਕਾਲ ਤਖ਼ਤ ’ਤੇ ਪੇਸ਼ ਹੋਣਾ ਮੰਨਿਆ ਜਾਏਗਾ।

ਪਰ ਚਲੋ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੀ ਹੈ। ਅੱਜ ਦੇ ਪੰਥ ਦੇ ਮਾਲਕ ਅਕਾਲ ਤਖ਼ਤ ਦੇ ਪਿੱਛੇ ਬਣੇ ਗੁਰਦਵਾਰੇ ਵਿਚ ਤਕਰੀਰ ਦੌਰਾਨ ਮਾਫ਼ੀ ਮੰਗਣ ਨੂੰ ਵੀ ਅਕਾਲ ਤਖ਼ਤ ਉਤੇ ਪੇਸ਼ ਹੋਣ ਤੋਂ ਵੀ ਵੱਡੀ ਗੱਲ ਕਹਿ ਦੇਣ ਤਾਂ ਗ਼ਰੀਬ ਪੰਥ ਕੋਲ ਉਨ੍ਹਾਂ ਦਾ ਆਖਿਆ ਮੰਨ ਲੈਣ ਤੋਂ ਬਿਨਾਂ ਹੋਰ ਚਾਰਾ ਵੀ ਕੀ ਰਹਿ ਜਾਂਦਾ ਹੈ? 
ਚਲੋ ਮਾਫ਼ੀ ਮੰਗੀ ਗਈ ਤੇ ਨਿਰੇ ਬਿਆਨ ਦਾਗ਼ ਦਾਗ਼ ਕੇ ਸੁਖਬੀਰ ਬਾਦਲ ਨੂੰ ਢਾਹ ਲੈਣਾ ਚਾਹੁਣ ਵਾਲੇ ਸਾਰੇ ਹੀ ‘ਥੱਕੇ ਹਾਰੇ’ ਪੁਰਾਣੇ ਇਨਕਲਾਬੀ ਅਕਾਲੀ ਲੀਡਰ ‘ਮਾਫ਼ੀ’ ਦੀ ਪੂਛ ਫੜ ਕੇ ਵਾਪਸ ਆ ਜਾਣ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ, ਉਸ ਤਰ੍ਹਾਂ ਹੀ ਜਿਵੇਂ ਇਕ ਪਤਨੀ ਅਪਣੇ ਘਰਵਾਲੇ ਨਾਲ ਰੁਸ ਕੇ ਤੇ ਇਹ ਕਹਿ ਕੇ ਘਰੋਂ ਨਿਕਲ ਗਈ ਸੀ ਕਿ ‘‘ਮੈਂ ਹੁਣ ਕਦੇ ਘਰ ਵਾਪਸ ਨਹੀਂ ਆਵਾਂਗੀ।’’ ਉਹ ਖੇਤਾਂ ਦੇ ਬੰਨੇ ’ਤੇ ਇਸ ਆਸ ਨਾਲ ਬੈਠ ਗਈ ਕਿ ਘਰਵਾਲਾ ਆ ਕੇ ਮਨਾ ਹੀ ਲਵੇਗਾ ਜਿਵੇਂ ਪਹਿਲਾਂ ਵੀ ਮਨਾ ਲਿਆ ਕਰਦਾ ਸੀ। ਪਰ ਸੂਰਜ ਡੁੱਬਣ ’ਤੇ ਆ ਗਿਆ ਤੇ ਘਰਵਾਲਾ ਮਨਾਉਣ ਲਈ ਨਾ ਆਇਆ। ਉਥੋਂ ਇਕ ਫੰਡਰ ਗਾਂ ਲੰਘੀ। ਉਸ ਬੀਬੀ ਨੇ ਫੰਡਰ ਗਾਂ ਦੀ ਪੂਛ ਫੜ ਕੇ ਅਪਣੇ ਘਰ ਵਲ ਹੱਕ ਲਿਆ ਤੇ ਘਰ ਦੇ ਵਿਹੜੇ ਵਿਚ ਜਾ ਕੇ ਆਖਣ ਲੱਗੀ, ‘‘ਮੈਂ ਤਾਂ ਵਾਪਸ ਨਹੀਂ ਸੀ ਆਉਣਾ ਚਾਹੁੰਦੀ ਪਰ ਇਹ ਗਾਂ ਦੀ ਪੂਛ ਹੀ ਮੈਨੂੰ ਅਜਿਹੀ ਚੰਬੜੀ ਕਿ ਇਹ ਮੈਨੂੰ ਘਰ ਲਿਆ ਕੇ ਹੀ ਰੁਕੀ।’’ ਘਰਵਾਲਾ ਹੱਸ ਕੇ ਬੋਲਿਆ, ‘‘ਕੋਈ ਨਾ, ਤੂੰ ਨਹੀਂ ਆਈ, ਗਾਂ ਦੀ ਪੂਛ ਹੀ ਤੈਨੂੰ ਘਰ ਲਿਆਈ ਹੈ। ਹੁਣ ਜਾ ਚੌਕੇ ਵਿਚ ਤੇ ਰੋਟੀ ਟੁਕ ਦਾ ਪ੍ਰਬੰਧ ਕਰ।’’

ਸੋ ਸੁਖਬੀਰ ਦੀ ਮਾਫ਼ੀ ਦੀ ਪੂਛ ਵੀ ਸਾਰੇ ‘ਇਨਕਲਾਬੀ’ ਅਕਾਲੀ ਆਗੂਆਂ ਨੂੰ ਘਰ ਲਿਆ ਰਹੀ ਹੈ ਤਾਂ ਇਕ ਗੱਲ ਇਹ ਵੀ ਸਮਝ ਲੈਣੀ ਚਾਹੀਦੀ ਹੈ ਕਿ ਸਾਰੇ ਅਕਾਲੀ ਹੀ ਬਾਦਲ ਅਕਾਲੀ ਦਲ ਵਿਚ ਵਾਪਸ ਆ ਜਾਣ ਤੇ ਕੋਈ ਚਮਤਕਾਰ ਵੀ ਹੋ ਜਾਏ ਤੇ ਅਕਾਲੀ ਚੋਣਾਂ ਵੀ ਜਿੱਤ ਜਾਣ ਤਾਂ ਇਸ ਨਾਲ ਇਨ੍ਹਾਂ ਨੂੰ ਵਜ਼ੀਰੀਆਂ ਤੇ ਅਹੁਦੇਦਾਰੀਆਂ ਤਾਂ ਮਿਲ ਜਾਣਗੀਆਂ ਪਰ ਪੰਥ ਨੂੰ ਕੁੱਝ ਨਹੀਂ ਮਿਲਣਾ। ਮੇਰੇ ਵਲੋਂ ਲਿਖੀ ਕੋਈ ਵੀ ਗੱਲ ਅੱਜ ਤਕ ਗ਼ਲਤ ਸਾਬਤ ਨਹੀਂ ਹੋਈ ਤੇ ਇਹ ਵੀ ਲਿਖ ਲਉ, ਬਿਲਕੁਲ ਸਹੀ ਸਾਬਤ ਹੋਵੇਗੀ। ਪੰਥ ਨੂੰ ਫ਼ਾਇਦਾ ਉਦੋਂ ਹੀ ਹੋਵੇਗਾ ਜਦੋਂ ਅਕਾਲੀ ਦਲ ਦਾ ਪੰਥਕ ਸਰੂਪ ਬਹਾਲ ਕੀਤਾ ਜਾਵੇਗਾ, ਇਸ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਵਾਪਸ ਲਿਜਾਇਆ ਜਾਵੇਗਾ ਤੇ ਉਥੋਂ ਹੀ ਸਾਰੇ ਫ਼ੈਸਲੇ ਲਏ ਜਾਣੇ ਫਿਰ ਤੋਂ ਸ਼ੁਰੂ ਹੋ ਜਾਣਗੇ।

1920 ਵਿਚ ਅਕਾਲੀ ਦਲ ਦੀ ਕਾਇਮੀ ਹੀ ਇਸ ਮਕਸਦ ਨਾਲ ਕੀਤੀ ਗਈ ਸੀ, ਜਿਸ ਆਸ਼ੇ ਵਲੋਂ ਦਿੱਲੀ ਵਾਲੇ ਸਦਾ ਤੋਂ ਹੀ ਸਾਡਾ ਮੂੰਹ ਮੁੜਿਆ ਵੇਖਣਾ ਚਾਹੁੰਦੇ ਸਨ। ਹੁਣ ਉਸੇ ਅਕਾਲੀ ਪਾਰਟੀ ’ਤੇ ਕਾਬਜ਼ ਲੋਕ ਉਹੀ ਦਿੱਲੀ ਵਾਲਿਆਂ ਦਾ ਸਬਕ ਬਾਕੀ ਸਿੱਖਾਂ ਨੂੰ ਪੜ੍ਹਾ ਰਹੇ ਨੇ। ਜਦੋਂ ਪੰਜਾਬ ਵਿਚ ਸਿੱਖ 13 ਫ਼ੀ ਸਦੀ ਸਨ ਤੇ ਫਿਰ 30 ਫ਼ੀਸਦੀ ਹੋ ਗਏ, ਉਦੋਂ ਤਾਂ ਅਕਾਲੀ ਦਲ ਪੰਥਕ ਸਰੂਪ ਵਿਚ ਕੌਮ ਦੀ ਚੰਗੀ ਸੇਵਾ ਕਰਦਾ ਰਿਹਾ ਪਰ 56 ਫ਼ੀ ਸਦੀ ਸਿੱਖ ਆਬਾਦੀ ਵਾਲੇ ਸੂਬੇ ਵਿਚ ਇਹ ਪੰਜਾਬੀ ਪਾਰਟੀ ਬਣੇ ਬਿਨਾਂ ਸੇਵਾ ਹੀ ਨਹੀਂ ਕਰ ਸਕਦਾ? ਕਰ ਸਕਦਾ ਹੈ ਪਰ ਇਕ ਪ੍ਰਵਾਰ ਦੇ ਹੱਥ ਸਦਾ ਲਈ ਵਜ਼ੀਰੀਆਂ ਤੇ ਅਮੀਰੀਆਂ ਨਹੀਂ ਦੇ ਸਕਦਾ ਬਸ!- (ਜੋਗਿੰਦਰ ਸਿੰਘ)

(For more news apart from If all the rebellious Akali also return, will the panth benefit? Nijji Diary De Panne today news in punjabi, stay tuned to Rozana Spokesman)

 

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement