
ਅੰਮ੍ਰਿਤਸਰ ਜੇ ਅਪਣੀਆਂ ਹੋਰ ਚੰਗੀਆਂ ਮਾੜੀਆਂ ਗੱਲਾਂ ਕਰ ਕੇ ਪ੍ਰਸਿੱਧ ਹੈ ਤੇ ਚਰਚਾ ਵਿਚ ਰਹਿੰਦਾ ਹੈ ਤਾਂ ਹੁਣ ਇਸ ਗੱਲ ਨੂੰ ਵੀ ਲੈ ਕੇ ਉਸ ਦੀ ਚਰਚਾ ਹੋਣ ਲੱਗ ਪਈ ਹੈ ਕਿ ਉਥੇ ਇਕ ਰਿਕਸ਼ਾ ਵਾਲਾ ਵੀ ਰਹਿੰਦਾ ਹੈ ਜੋ ਰਿਕਸ਼ਾ ਚਲਾਉਂਦਾ ਚਲਾਉਂਦਾ 'ਲੇਖਕ' ਵੀ ਬਣ ਗਿਆ ਹੈ ਤੇ ਪਾਠਕ ਉਸ ਦੀਆਂ ਲਿਖਤਾਂ ਨੂੰ ਬੜੇ ਸਵਾਦ ਨਾਲ ਪੜ੍ਹਦੇ ਹਨ। ਪਿੱਛੇ ਜਿਹੇ ਉਸ ਬਾਰੇ ਦਿੱਲੀ ਦੇ ਇਕ ਅੰਗਰੇਜ਼ੀ ਅਖ਼ਬਾਰ ਨੇ ਇਕ ਵੱਡਾ ਲੇਖ ਛਾਪਿਆ ਜਿਸ ਵਿਚ ਦਸਿਆ ਗਿਆ ਸੀ ਕਿ ਸਪੋਕਸਮੈਨ ਵਲੋਂ ਮਿਲੇ ਉਤਸ਼ਾਹ ਸਦਕਾ, ਰਾਜਬੀਰ ਸਿੰਘ ਅੱਜ ਹਰਮਨ-ਪਿਆਰਾ ਲੇਖਕ ਵੀ ਬਣ ਗਿਆ ਹੈ। ਜਿਸ ਲੇਡੀ ਪੱਤਰਕਾਰ ਨੇ ਇਹ ਲੇਖ ਲਿਖਿਆ, ਉਸ ਨੇ ਅਖ਼ਬਾਰ ਦੀ ਕਟਿੰਗ ਮੈਨੂੰ ਵੀ ਭੇਜ ਦਿਤੀ ਤੇ ਵਧਾਈ ਦਿਤੀ ਕਿ 'ਸਪੋਕਸਮੈਨ' ਨੇ ਮਿੱਟੀ ਨਾਲ ਮਿੱਟੀ ਹੁੰਦੇ ਗ਼ਰੀਬ ਤੇ ਨਿਮਾਣੇ ਲੇਖਕਾਂ ਨੂੰ ਉਭਾਰ ਕੇ ਬਹੁਤ ਚੰਗਾ ਕੰਮ ਕੀਤਾ ਹੈ। ਇਹ ਨਹੀਂ ਕਿ ਰਾਜਬੀਰ ਸਿੰਘ ਨੂੰ ਲਿਖਣਾ 'ਸਪੋਕਸਮੈਨ' ਨੇ ਸਿਖਾਇਆ ਹੈ। ਨਹੀਂ, ਇਹ ਤਾਂ ਕੁਦਰਤ ਦੀ ਦੇਣ ਹੈ ਪਰ ਸਪੋਕਸਮੈਨ ਨੇ ਤਾਂ ਏਨਾ ਕੁ ਹੀ ਫ਼ਰਜ਼ ਨਿਭਾਇਆ ਕਿ ਕਿਸੇ ਦੇ ਨਾਂ ਦੀ ਮਸ਼ਹੂਰੀ ਜਾਂ ਪ੍ਰਸਿੱਧੀ ਵੇਖੇ ਬਿਨਾਂ, ਹਰ ਉਸ ਕਲਮ ਨੂੰ ਹੱਲਾਸ਼ੇਰੀ ਦਿਤੀ ਜਿਸ ਵਿਚੋਂ ਇਸ ਨੂੰ ਆਸ ਦੀ ਕੋਈ ਕਿਰਨ ਨਜ਼ਰ ਆਈ। ਇਕੱਲਾ ਰਾਜਬੀਰ ਸਿੰਘ ਹੀ ਨਹੀਂ, ਬੜੇ ਲੇਖਕ ਹਨ ਜੋ ਮੈਨੂੰ ਲਿਖਦੇ ਹਨ ਕਿ ਉਨ੍ਹਾਂ ਨੇ ਇਕ ਅੱਖਰ ਵੀ ਕਦੇ ਨਹੀਂ ਸੀ ਲਿਖਿਆ ਪਰ ਇਕ ਵਾਰ ਝਕਦੇ ਝਕਦੇ ਅਪਣੀ ਟੁੱਟੀ ਫੁੱਟੀ ਲਿਖਤ ਸਪੋਕਸਮੈਨ ਨੂੰ ਭੇਜ ਦਿਤੀ ਤੇ ਉਨ੍ਹਾਂ ਦੇ ਭਾਗ ਖੁਲ੍ਹ ਗਏ। ਹੁਣ ਦੂਜੇ ਅਖ਼ਬਾਰ ਵੀ ਉਨ੍ਹਾਂ ਤੋਂ ਮੰਗ ਕਰਦੇ ਹਨ ਕਿ ਉਹ ਉਨ੍ਹਾਂ ਲਈ ਵੀ ਲਿਖਣ।
ਥੋੜੇ ਦਿਨ ਪਹਿਲਾਂ, ਲੰਦਨ ਤੋਂ ਅਮੀਨ ਮਲਿਕ ਮੈਨੂੰ ਟੈਲੀਫ਼ੋਨ ਤੇ ਦਸ ਰਹੇ ਸਨ ਕਿ ਦੂਜੇ ਕਈ ਪਰਚੇ, ਜ਼ਿੱਦ ਕਰ ਕੇ ਉਨ੍ਹਾਂ ਨੂੰ ਕਹਿੰਦੇ ਹਨ ਕਿ ''ਸਾਡੇ ਲਈ ਕੁੱਝ ਤਾਂ ਲਿਖ ਦਿਉ-ਪੈਸੇ ਜਿੰਨੇ ਆਖੋਗੇ ਭੇਜ ਦਿਆਂਗੇ।'' ਪਰ ਅਮੀਨ ਮਲਿਕ ਕਹਿੰਦੇ ਹਨ ਕਿ ਉਹ ਸਪੋਕਸਮੈਨ ਤੋਂ ਬਿਨਾਂ ਕਿਸੇ ਹੋਰ ਲਈ ਕੁੱਝ ਲਿਖਣ ਦੀ ਸੋਚ ਹੀ ਨਹੀਂ ਸਕਦੇ ਕਿਉਂਕਿ ਪਹਿਲੀ ਵਾਰ 'ਸਪੋਕਸਮੈਨ' ਨੇ ਹੀ ਇਸ ਛੁਪੇ ਹੋਏ ਹੀਰੇ ਨੂੰ ਪੰਜਾਬੀ ਦੁਨੀਆਂ ਵਿਚ ਇਕ 'ਹੀਰੋ' (ਨਾਇਕ) ਵਜੋਂ ਪੇਸ਼ ਕੀਤਾ ਸੀ ਤੇ ਜਿਵੇਂ ਅਮੀਨ ਮਲਿਕ ਹੁਰਾਂ ਆਪ ਮੈਨੂੰ ਦਸਿਆ ਸੀ, ਉਨ੍ਹਾਂ ਦੇ ਜਿਹੜੇ ਲੇਖ ਸ਼ੁਰੂ ਵਿਚ ਸਪੋਕਸਮੈਨ ਨੇ ਛਾਪੇ ਸਨ, ਉਹ ਜਲੰਧਰ ਦੇ ਇਕ ਵੱਡੇ ਪੰਜਾਬੀ ਅਖ਼ਬਾਰ ਵਿਚ ਛੱਪ ਚੁਕੇ ਸਨ ਪਰ ਕਿਸੇ ਨੇ ਉਨ੍ਹਾਂ ਨੂੰ ਇਕ ਟੈਲੀਫ਼ੋਨ ਵੀ ਨਹੀਂ ਸੀ ਕੀਤਾ, ਨਾ ਚਿੱਠੀ ਹੀ ਪਾਈ ਸੀ (ਉਨ੍ਹਾਂ ਦੇ ਅਪਣੇ ਸ਼ਬਦਾਂ ਵਿਚ, ਕਿਸੇ ਪਾਠਕ ਨੇ ਉਨ੍ਹਾਂ ਨੂੰ 'ਫਿਟੇ ਮੂੰਹ' ਵੀ ਨਾ ਕਿਹਾ) ਪਰ ਜਿਉਂ ਹੀ ਉਹੀ ਲੇਖ 'ਸਪੋਕਸਮੈਨ' ਵਿਚ ਛਪਣੇ ਸ਼ੁਰੂ ਹੋਏ ਤਾਂ ਲੰਦਨ ਵਿਚ ਬੈਠੇ ਅਮੀਨ ਮਲਿਕ ਲਈ ਰਾਤ ਸੌਣਾ ਤੇ ਦਿਨੇ ਆਰਾਮ ਕਰਨਾ ਵੀ ਔਖਾ ਹੋ ਗਿਆ। ਸੈਂਕੜੇ ਟੈਲੀਫ਼ੋਨ, ਉਨ੍ਹਾਂ ਨੂੰ ਹਰ ਵੇਲੇ ਇਹ ਸੁਨੇਹਾ ਦੇਂਦੇ ਰਹਿੰਦੇ ਹਨ ਕਿ ਉਹ ਲੱਖਾਂ ਪੰਜਾਬੀਆਂ ਦਾ ਚਹੇਤਾ ਲੇਖਕ ਬਣ ਗਿਆ ਹੈ ਤੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵੱਡੇ ਲੇਖਕਾਂ ਵਿਚ ਅਪਣਾ ਨਾਂ ਲਿਖਵਾਉਣ ਵਿਚ 2-3 ਸਾਲਾਂ ਵਿਚ ਹੀ ਸਫ਼ਲ ਹੋ ਗਿਆ ਹੈ।
ਮੈਂ ਆਪ ਵੀ ਮਹਿਸੂਸ ਕਰਦਾ ਹਾਂ ਕਿ ਮਿੱਠੀ ਪੰਜਾਬੀ ਦਾ ਜਿਹੜਾ ਰੂਪ ਅਮੀਨ ਮਲਿਕ ਨੇ ਅਪਣੇ ਗ਼ਰੀਬ, ਮਿੱਟੀ ਨਾਲ ਮਿੱਟੀ ਹੋ ਰਹੇ ਪਾਤਰਾਂ ਕੋਲੋਂ ਬੁਲਵਾ ਕੇ, ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਇਆ ਹੈ, ਕੋਈ ਹੋਰ ਵਾਰਤਕ ਲੇਖਕ ਅਜੇ ਤਕ ਨਹੀਂ ਕਰ ਸਕਿਆ। ਉਸ ਦੀ ਇਕ ਔਰਤ ਪਾਤਰ ਬਾਰੇ ਮੈਨੂੰ ਯਾਦ ਆਉਂਦਾ ਹੈ ਕਿ ਉਹ ਰੋਂਦੀ ਹੋਈ ਅਪਣਾ ਦੁੱਖ ਏਨੀ ਮਿੱਠੀ ਪੰਜਾਬੀ ਵਿਚ ਦੱਸ ਰਹੀ ਸੀ ਕਿ ਮੇਰਾ ਦਿਲ ਕਰਦਾ ਸੀ ਕਿ ਉਸ ਦਾ ਦੁੱਖ ਕਦੇ ਖ਼ਤਮ ਹੀ ਨਾ ਹੋਵੇ ਤੇ ਉਸ ਦੇ ਮੂੰਹ 'ਚੋਂ ਫੁਟ ਰਿਹਾ ਮਿੱਠੀ ਪੰਜਾਬੀ ਦਾ ਝਰਨਾ ਕਦੇ ਵਗਣੋਂ ਬੰਦ ਹੀ ਨਾ ਹੋਵੇ। 'ਅਥਰੀ' ਨਾਵਲ ਜਿਨ੍ਹਾਂ ਨੇ ਪੜ੍ਹਿਆ ਹੈ, ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਇਸ ਤੋਂ ਜ਼ਿਆਦਾ ਚੰਗਾ ਨਾਵਲ ਤਾਂ ਪੰਜਾਬੀ ਸਾਹਿਤ ਨੇ ਅੱਜ ਤਕ ਦਿਤਾ ਹੀ ਕੋਈ ਨਹੀਂ ਹੋਣਾ। ਬੜੇ ਥੋੜ੍ਹੇ ਤੇ ਸੰਕੋਚਵੇਂ ਅੱਖਰ ਬੋਲ ਕੇ ਉਸ ਨਾਵਲ ਦੇ ਦੋਵੇਂ ਪਾਤਰ, ਇਸ ਤਰ੍ਹਾਂ ਪਾਠਕ ਨੂੰ ਅਪਣੇ ਆਪ ਨਾਲ ਜੋੜੀ ਰਖਦੇ ਹਨ ਕਿ ਦਿਲ ਕਰਦਾ ਸੀ, ਇਹ ਅਖ਼ਬਾਰ ਦੇ ਸਫ਼ੇ ਤੋਂ ਜਾਂ ਪਾਠਕਾਂ ਦੀਆਂ ਅੱਖਾਂ ਤੋਂ ਕਦੇ ਓਝਲ ਹੋਣ ਹੀ ਨਾ। ਹੁਣ ਪਾਠਕ ਮੰਗ ਕਰਨ ਲੱਗ ਪਏ ਹਨ ਕਿ 'ਸਾਂਝੀ ਕੁੱਖ' ਨੂੰ ਵੀ ਪੁਸਤਕ ਰੂਪ ਵਿਚ ਛਾਪਣਾ ਨਾ ਭੁਲਿਉ ਕਿਉਂਕਿ ਇਸ ਵਰਗੀ ਪੰਜਾਬੀ, ਸਾਡੇ ਭਾਰਤੀ ਪੰਜਾਬੀ ਲੇਖਕਾਂ ਨੇ ਤਾਂ ਕਦੇ ਦੇ ਹੀ ਨਹੀਂ ਸਕਣੀ ਕਿਉਂਕਿ ਸਾਡੀ ਪੰਜਾਬੀ ਉਤੇ ਹਿੰਦੀ, ਸੰਸਕ੍ਰਿਤ ਨੇ ਗ਼ਲਬਾ ਪਾ ਕੇ ਇਸ ਨੂੰ ਨਕਲੀ ਜਹੀ ਬੋਲੀ ਬਣਾ ਦਿਤਾ ਹੈ ਜਿਸ ਵਿਚ ਬੋਲਣ ਲਗਿਆਂ 30 ਫ਼ੀ ਸਦੀ ਪੰਜਾਬੀ, 30 ਫ਼ੀ ਸਦੀ ਹਿੰਦੀ ਤੇ 40 ਫ਼ੀ ਸਦੀ ਅੰਗਰੇਜ਼ੀ ਲਫ਼ਜ਼ ਮਿਲਾ ਕੇ ਬੋਲੇ ਜਾਂਦੇ ਹਨ ਤੇ ਪਤਾ ਨਹੀਂ ਲਗਦਾ ਕਿ ਅਸਲ ਵਿਚ ਕਿਹੜੀ ਭਾਸ਼ਾ ਬੋਲੀ ਜਾ ਰਹੀ ਹੈ। ਮੇਰਾ ਤਾਂ ਦਿਲ ਕਰਦਾ ਹੈ ਕਿ ਮਿੱਠੀ ਪੰਜਾਬੀ ਲਿਖਣ ਵਾਲੇ ਸਾਰੇ ਲੇਖਕਾਂ ਨੂੰ ਹਰ ਸਾਲ ਘੱਟੋ ਘੱਟ 5-5 ਲੱਖ ਦਾ ਇਨਾਮ ਜ਼ਰੂਰ ਦਿਤਾ ਜਾਇਆ ਕਰੇ ਤਾਕਿ ਚੰਗੀ ਪੰਜਾਬੀ ਦਾ ਇਹ ਦੀਵਾ ਹਮੇਸ਼ਾ ਜਗਦਾ ਰਹੇ ਤੇ ਨਵੇਂ ਦੀਵਿਆਂ ਦੀ ਲੋਅ ਜਗਾਂਦਾ ਰਹੇ। 'ਉੱਚਾ ਦਰ ਬਾਬੇ ਨਾਨਕ ਦਾ' ਸ਼ੁਰੂ ਹੋ ਗਿਆ ਤਾਂ ਚੰਗੇ ਪੰਜਾਬੀ ਲੇਖਕਾਂ ਦੀ ਸੇਵਾ ਵੀ ਯਕੀਨੀ ਬਣਾਵਾਂਗਾ। ਪਰ ਪੈਸੇ ਦੀ ਥੁੜ ਕਾਰਨ, ਕੰਮ ਕੀੜੀ ਦੀ ਚਾਲ ਹੀ ਚਲ ਰਿਹਾ ਹੈ। ਪਾਠਕ, ਪੈਸੇ ਦੇਣ ਜਾਂ ਮੈਂਬਰਸ਼ਿਪ ਲੈਣ ਦੇ ਮਾਮਲੇ ਵਿਚ ਬਹੁਤੇ ਖੁਲ੍ਹਦਿਲੇ ਸਾਬਤ ਨਹੀਂ ਹੋਏ। ਜਿਹੜੇ ਪਾਠਕ, ਉੱਚਾ ਦਰ ਦੇ ਮੈਂਬਰ ਬਣ ਵੀ ਚੁੱਕੇ ਹਨ, ਪਿਛਲਾ ਸੱਭ ਕੁੱਝ ਭੁਲਾ ਕੇ, ਉੱਚਾ ਦਰ ਨੂੰ ਮੁਕੰਮਲ ਕਰਨ ਲਈ ਦੋ ਦੋ ਮੈਂਬਰ ਹੋਰ ਬਣਾ ਦੇਣ ਤਾਂ ਹੋਰਨਾਂ ਗੱਲਾਂ ਦੇ ਨਾਲ ਨਾਲ, ਅਮੀਨ ਮਲਿਕ ਅਤੇ ਰਾਜਬੀਰ ਸਿੰਘ ਵਰਗੇ ਕਈ ਬਹੁਤ ਵਧੀਆ ਲੇਖਕ ਪੰਜਾਬੀ ਭਾਸ਼ਾ ਦਾ ਝੰਡਾ ਚੁੱਕਣ ਵਾਲੇ ਸਾਹਮਣੇ ਆ ਜਾਣਗੇ। ਸਪੋਕਸਮੈਨ ਵਿਚ ਕਈ ਲੇਖਕ ਬਹੁਤ ਚੰਗਾ ਲਿਖਦੇ ਹਨ, ਖ਼ਾਸ ਤੌਰ ਤੇ ਬੀਬੀ ਕਾਂਤਾ ਸ਼ਰਮਾ, ਮੋਹਾਲੀ ਅਤੇ ਸ਼ਸ਼ੀ ਲਤਾ, ਸੁਨਾਮ ਤੋਂ। ਇਨ੍ਹਾਂ ਦੀ ਹਰ ਲਿਖਤ ਮੈਂ ਬੜੇ ਸਵਾਦ ਨਾਲ ਪੜ੍ਹਦਾ ਹਾਂ ਤੇ ਇਹ ਲਿਖਦੀਆਂ ਵੀ ਕੇਵਲ ਸਪੋਕਸਮੈਨ ਲਈ ਹੀ ਹਨ। ਇਨ੍ਹਾਂ ਨੂੰ ਉਤਸ਼ਾਹਤ ਕੀਤਾ ਜਾਵੇ ਤਾਂ ਪੰਜਾਬੀ ਸਾਹਿਤ ਨੂੰ ਚੰਗਾ ਅਮੀਰ ਬਣਾ ਸਕਦੀਆਂ ਹਨ। ਮੈਂ ਇਨ੍ਹਾਂ ਨੂੰ ਮਿਲਿਆ ਕਦੇ ਨਹੀਂ ਕਿਉਂਕਿ ਇਹ ਸ਼ਾਇਦ 'ਛੁਪੇ ਰਹਿਣ' ਵਿਚ ਯਕੀਨ ਰਖਦੀਆਂ ਹਨ ਪਰ ਇਨ੍ਹਾਂ ਦੀਆਂ ਲਿਖਤਾਂ, ਇਨ੍ਹਾਂ ਅੰਦਰ ਛੁਪੀ ਪ੍ਰਤਿਭਾ ਬਾਰੇ ਬਹੁਤ ਉੱਚੀ ਉੱਚੀ ਬੋਲ ਕੇ ਦਸਣੋਂ ਨਹੀਂ ਰਹਿੰਦੀਆਂ। ਮੇਰੇ ਦਿਲ ਵਿਚ, ਪੰਜਾਬੀ ਲੇਖਕਾਂ ਲਈ ਕੁੱਝ ਵੱਡਾ ਕੰਮ ਕਰਨ ਦੀ ਬੜੀ ਰੀਝ ਹੈ ਪਰ ਹੋਣਾ ਸੱਭ ਕੁੱਝ ਉਦੋਂ ਹੀ ਹੈ ਜਦ 'ਉੱਚਾ ਦਰ' ਦਾ ਕੰਮ ਮੁਕੰਮਲ ਹੋ ਗਿਆ। ਕਰਨਾ ਸੱਭ ਕੁੱਝ 'ਉੱਚਾ ਦਰ' ਨੇ ਹੀ ਹੈ, ਮੈਂ ਤਾਂ ਬਸ ਉਨ੍ਹਾਂ ਨੂੰ ਸਲਾਹਾਂ ਹੀ ਦੇਂਦੇ ਰਹਿਣਾ ਹੈ। ਇੰਤਜ਼ਾਰ ਜਾਰੀ ਹੈ। ਰਾਜਬੀਰ ਸਿੰਘ ਨੇ ਪਹਿਲ ਕਰ ਕੇ ਅਪਣਾ ਫੱਟਾ ਆਪ ਚੁਕ ਲਿਆ ਹੈ।
ਗੱਲ ਚੱਲੀ ਸੀ, ਰਾਜਬੀਰ ਸਿੰਘ ਦੀ। ਰਾਜਬੀਰ ਨੇ ਅਪਣੀ ਪੁਸਤਕ 'ਰਿਕਸ਼ੇ ਤੇ ਚਲਦੀ ਜ਼ਿੰਦਗੀ' ਦੀ ਇਕ ਕਾਪੀ ਮੈਨੂੰ ਭੇਜ ਕੇ ਮੰਗ ਕੀਤੀ ਹੈ ਕਿ ਮੈਂ ਇਸ ਨੂੰ ਜਾਰੀ ਕਰਾਂ। ਲਉ ਮੈਂ ਹੁਣੇ ਇਸ ਦੀ ਘੁੰਡ ਚੁਕਾਈ ਕਰ ਦੇਂਦਾ ਹਾਂ। ਕਿਸੇ ਰਸਮੀ ਸਮਾਗਮ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ। ਇਹੋ ਜਹੇ ਚੰਗੇ ਯਤਨਾਂ ਦੀ ਘੁੰਡ ਚੁਕਾਈ ਦਾ ਮਤਲਬ ਹੈ ਕਿ ਸਪੋਕਸਮੈਨ ਦੇ ਸਾਰੇ ਪਾਠਕ ਮੇਰੇ ਕਹਿਣ ਤੇ, 'ਰਿਕਸ਼ੇ ਤੇ ਚਲਦੀ ਜ਼ਿੰਦਗੀ' ਦੀ ਇਕ ਕਾਪੀ ਜ਼ਰੂਰ ਖ਼ਰੀਦਣ। ਕੀਮਤ 200 ਰੁਪਏ ਹੈ। ਰਾਜਬੀਰ ਸਿੰਘ ਦਾ ਮੋਬਾਈਲ ਨੰਬਰ 09814165624 ਹੈ। ਰਾਜਬੀਰ ਰੋਜ਼ੀ ਰੋਟੀ ਲਈ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਪਰ ਉਸ ਨੂੰ ਛੋਟਾ ਜਿਹਾ ਬੰਦਾ ਨਾ ਸਮਝਿਉ। ਅਪਣੇ ਰਿਕਸ਼ੇ ਵਿਚ ਉਸ ਨੇ ਇਕ ਗੋਲਕ ਵੀ ਰੱਖੀ ਹੋਈ ਹੈ (ਗੋਲਕਧਾਰੀਆਂ ਨੂੰ ਪਤਾ ਨਾ ਲੱਗਣ ਦੇਣਾ ਨਹੀਂ ਤਾਂ ਉਹ ਇਸ ਗੋਲਕ ਉਤੇ ਵੀ ਅਪਣਾ ਹੱਕ ਜਤਾ ਦੇਣਗੇ) ਤੇ ਸਵਾਰੀਆਂ ਨੂੰ ਕਹਿੰਦਾ ਹੈ ਕਿ ਗ਼ਰੀਬ ਦੀ ਮਦਦ ਲਈ ਉਹ ਉਸ ਵਿਚ ਪੈਸੇ ਪਾ ਸਕਦੀਆਂ ਹਨ। ਫਿਰ ਉਹ ਗ਼ਰੀਬਾਂ ਦੀ ਮਦਦ ਵੀ ਉਸ ਪੈਸੇ ਨਾਲ ਕਰਦਾ ਹੈ। ਦੂਜੇ ਗ਼ਰੀਬ ਉਸ ਨੂੰ 'ਬੜਾ ਅਮੀਰ' ਸਮਝ ਕੇ, ਆਸ ਭਰੀਆਂ ਨਜ਼ਰਾਂ ਨਾਲ ਉਸ ਵਲ ਵੇਖਦੇ ਹਨ।
ਮੇਰੇ ਕੋਲ ਜਦ ਵੀ ਆਉਂਦਾ ਹੈ, ਉੱਚਾ ਦਰ ਬਾਬੇ ਨਾਨਕ ਦਾ ਲਈ ਜੋੜੀ ਹੋਈ ਕੁੱਝ ਰਕਮ ਦੇਣ ਦੀ ਜ਼ਿੱਦ ਜ਼ਰੂਰ ਕਰਦਾ ਹੈ। ਮੈਂ ਲੈਣ ਤੋਂ ਨਾਂਹ ਕਰਦਾ ਹਾਂ ਤਾਂ ਉਦਾਸ ਹੋ ਜਾਂਦਾ ਹੈ। ਐਸਾ ਬੰਦਾ ਕਦੇ 'ਗ਼ਰੀਬ' ਹੋ ਈ ਨਹੀਂ ਸਕਦਾ ਕਿਉਂਕਿ ਉਸ ਦਾ ਦਿਲ ਅਮੀਰਾਂ ਵਾਲਾ ਹੈ¸ਉਹ ਅਮੀਰ ਜੋ ਦੂਜਿਆਂ ਦਾ ਪੈਸਾ ਲੁਟ ਕੇ ਅਮੀਰ ਨਾ ਬਣੇ ਹੋਣ ਸਗੋਂ ਪ੍ਰਮਾਤਮਾ ਦੀ ਮਿਹਰ ਸਦਕਾ, ਬਾਹਰੋਂ ਨਹੀਂ, ਅੰਦਰੋਂ ਅਮੀਰ ਹੋ ਗਏ ਹੋਣ। ਅੰਦਰ ਦੀ ਅਮੀਰੀ ਹੀ ਅਸਲ ਅਮੀਰੀ ਹੈ। ਬਾਹਰ ਦੀ ਅਮੀਰੀ ਖ਼ਤਮ ਹੋ ਸਕਦੀ ਹੈ, ਅੰਦਰ ਦੀ ਅਮੀਰੀ ਕਦੇ ਖ਼ਤਮ ਨਹੀਂ ਹੋਣੀ। ਖ਼ੁਸ਼ੀ ਦੀ ਗੱਲ ਇਹ ਵੀ ਹੈ ਕਿ ਰਾਜਬੀਰ ਸਿੰਘ ਦੇ ਰੂਪ ਵਿਚ ਅਜਿਹੇ ਲੇਖਕ ਵੀ ਪੈਦਾ ਹੋ ਰਹੇ ਹਨ ਜੋ ਸਿਰਫ਼ ਚੰਗਾ ਲਿਖਦੇ ਹੀ ਨਹੀਂ, ਅਪਣੇ ਲਿਖੇ ਨੂੰ ਜੀਵਨ ਵਿਚ ਹੰਢਾਉਂਦੇ ਵੀ ਹਨ। ਚੰਗਾ ਲਿਖਣਾ ਤੇ ਚੰਗਾ ਬੋਲਣਾ ਤਾਂ ਬੜਿਆਂ ਨੂੰ ਆਉਂਦਾ ਹੈ ਪਰ ਚੰਗੀ ਰਹਿਣੀ ਵਾਲੇ ਲੇਖਕ ਅੱਜ ਦੂਰ ਦੂਰ ਤਕ ਨਹੀਂ ਮਿਲਦੇ। ਦਾਰੂ ਦੀ ਬੋਤਲ ਵੇਖਦਿਆਂ ਹੀ ਦੀਨ ਈਮਾਨ, ਜ਼ਬਤ ਤੇ ਮਰਿਆਦਾ, ਸੱਭ ਨੂੰ ਵਗਾਹ ਮਾਰਦੇ ਹਨ। 'ਉੱਚਾ ਦਰ' ਸ਼ੁਰੂ ਹੋਣ ਤੇ ਉੱਚਾ ਦਰ ਵਲੋਂ ਰਾਜਬੀਰ ਨੂੰ ਕਾਰ ਦਿਤੇ ਜਾਣ ਦਾ ਐਲਾਨ ਪਹਿਲਾਂ ਤੋਂ ਹੀ ਕੀਤਾ ਗਿਆ ਹੋਇਆ ਹੈ। ਪ੍ਰਮਾਤਮਾ ਇਸ ਦੀ ਝੋਲੀ ਹੋਰ ਵੱਡੀਆਂ ਸਫ਼ਲਤਾਵਾਂ ਨਾਲ ਭਰੇ ਤੇ ਇਸ ਦੀ ਕਲਮ ਨੂੰ ਸੱਚ ਲਿਖਣ ਲਈ ਪੂਰਾ ਬਲ ਬਖ਼ਸ਼ੇ।