
ਹੁਣ ਦੀ ਵਾਰ ਕੋਰੋਨੇ ਨੇ ਜਾਪਦਾ ਹੈ, ‘ਭਾਰਤ-ਜੋੜੋ’ ਦੀ ਯਾਤਰਾ ਰੋਕਣੀ ਏ!
ਸਿਆਸਤਦਾਨ ਹਮੇਸ਼ਾ ਹੀ ਕਪਟ ਕਰ ਕੇ,
ਢੰਗ ਵਰਤ ਕੇ ‘ਨਵਾਂ’ ਕੋਈ ਠਗਦਾ ਏ।
ਦਾਅ ਜਿਹੜਾ ਵੀ ਲੱਗੇ ਉਹ ਲਾ ਲੈਂਦੇ,
ਚੁੱਲ੍ਹਾ ਸਿਆਸਤ ਦਾ ਇਉਂ ਹੀ ਮਘਦਾ ਏ।
‘ਮਿਸ਼ਨ’ ਗੁਪਤ ਸਰਕਾਰਾਂ ਦੇ ਸੋਈ ਜਾਣੇ,
ਦੀਵਾ ਗਿਆਨ ਦਾ ਜਿਹਦੇ ਸਿਰ ਜਗਦਾ ਏ।
ਪਿਛਲੀ ਵਾਰ ਕਰੋਨੇ ਦੀ ਲਹਿਰ ਵੇਲੇ,
ਜੋ ਜੋ ਹੋਇਆ ਸੀ ਪਤਾ ਹੁਣ ਲਗਦਾ ਏ।
ਪੰਜਾ, ਕਮਲ ’ਤੇ ਭਾਰੀ ਤਾਂ ਨਹੀਂ ਪੈਂਦਾ,
ਇਹ ਗੱਲ ਵੀ ‘ਅਗਲਿਆਂ’ ਘੋਖਣੀ ਏ।
ਹੁਣ ਦੀ ਵਾਰ ਕੋਰੋਨੇ ਨੇ ਜਾਪਦਾ ਹੈ,
‘ਭਾਰਤ-ਜੋੜੋ’ ਦੀ ਯਾਤਰਾ ਰੋਕਣੀ ਏ!
- ਤਰਲੋਚਨ ਸਿੰਘ ‘ਦੁਪਾਲਪੁਰ’ ਮੋਬਾਈਲ : 78146-92724