Poem: ਲੋਕੋ ਮੈਂ ਪੰਜਾਬੀ ਬੋਲੀ ਹਾਂ
Poem: ਲੋਕੋ ਮੈਂ ਪੰਜਾਬੀ ਬੋਲੀ ਹਾਂ,
ਮੈਂ ਹਰ ਮੌਸਮ ਵਿਚ ਮੌਲੀ ਹਾਂ।
ਪਾਕਿ ਹੱਥਾਂ ਦੇ ਨਾਲ ਗੁਰਾਂ,
ਗ੍ਰੰਥ ਸਾਹਿਬ ’ਚ ਮੈਨੂੰ ਧਰ ਦਿਤਾ।
ਮੈਂ ਕਿੱਡੀ ਵੱਡੀ ਵਡਭਾਗਣ ਹਾਂ,
ਮੈਨੂੰ ਸਭ ਤੋਂ ਵੱਡੀ ਕਰ ਦਿਤਾ।
ਲੋਕੋ ਮੈਂ ਪੰਜਾਬੀ ਬੋਲੀ ਹਾਂ,
ਮੈਂ ਹਰ ਮੌਸਮ ਵਿਚ ਮੌਲੀ ਹਾਂ।
ਭਾਵੇਂ ਮੇਰੇ ਦੁਸ਼ਮਣ ਮੇਰੇ
ਘੁੰਮਦੇ ਰਹਿੰਦੇ ਚਾਰ-ਚੁਫ਼ੇਰੇ,
ਪਰ ਮੇਰੇ ਤਾਂ ਦਿਨੋਂ-ਦਿਨ ਹੀ,
ਹੋਈ ਜਾਂਦੇ ਨੇ ਵੱਡੇ ਘੇਰੇ।
ਮੇਰੇ ਪੰਜਾਬੀ ਪੁੱਤਰਾਂ ਮੈਨੂੰ,
ਦੁਨੀਆਂ ਭਰ ਵਿਚ ਭਰ ਦਿਤਾ।
ਲੋਕੋ ਮੈਂ ਪੰਜਾਬੀ ਬੋਲੀ ਹਾਂ
ਮੈਂ ਹਰ ਮੌਸਮ ਵਿਚ ਮੌਲੀ ਹਾਂ।
ਫ਼ਿਕਰਮੰਦੋ ਨਾ ਫ਼ਿਕਰ ਕਰੋ,
ਮੈਂ ਹਰ ਵਾਰ ਨੂੰ ਜਰ ਜਾਉਂਗੀ।
ਗੁਰਾਂ ਦਾ ਖ਼ਾਲਸਾ ਅਮਰ ਹੈ,
ਤਾਂ ਮੈਂ ਕਿਵੇਂ ਫਿਰ ਮਰ ਜਾਊਂਗੀ।
ਮੇਰੇ ਗੁਰਾਂ ਨੇ ਰਹਿਣ ਦੇ ਲਈ,
ਮੈਨੂੰ ਪਾਕਿ-ਪਵਿੱਤਰ ਘਰ ਦਿਤਾ।
ਲੋਕੋ ਮੈਂ ਪੰਜਾਬੀ ਬੋਲੀ ਹਾਂ,
ਮੈਂ ਹਰ ਮੌਸਮ ਵਿਚ ਮੌਲੀ ਹਾਂ।
ਹਾਸ਼ਮ, ਵਾਰਸ, ਬੁੱਲ੍ਹਾ, ਫ਼ਰੀਦ,
ਬੇਸ਼ੱਕ ਜੱਗ ਤੋਂ ਚਾਲੇ ਪਾ ਗਏ।
ਅਪਣੀਆਂ ਕਲਮਾਂ ਰਾਹੀਂ ਉਹ,
ਮੇਰੀਆਂ ਜੜ੍ਹਾਂ ਡੂੰਘੀਆਂ ਲਾ ਗਏ।
ਤਿੰਨਾਂ ਮਾਵਾਂ ਦੀ ਇੱਜ਼ਤ ਕਰੋ,
ਉਨ੍ਹਾਂ ਹੋਕਾ ਸੀ ਘਰ ਘਰ ਦਿਤਾ,
ਲੋਕੋ ਮੈਂ ਪੰਜਾਬੀ ਬੋਲੀ ਹਾਂ,
ਮੈਂ ਹਰ ਮੌਸਮ ਵਿਚ ਮੌਲੀ ਹਾਂ।
ਭਲੂਰੀਆ ਗੁਰੂ ਸਾਹਿਬਾਨ ਨੇ,
ਮੈਨੂੰ ਮਣਾਂਮੂਹੀਂ ਹੈ ਪਿਆਰ ਦਿਤਾ
‘ਗੁਰਮੁਖੀ’ ਦਾ ਹੈ ਨਾਮ ਵੀ ਦਿਤਾ
ਉਨ੍ਹਾਂ ਸਰੂਪ ਵੀ ਮੇਰਾ ਸੰਵਾਰ ਦਿਤਾ
‘ਗੁਰਮੁਖੀ’ ’ਚ ਉਚਾਰ ਕੇ ਬਾਣੀ,
ਮੈਨੂੰ ਅਮਰ ਹੋਣ ਦਾ ਵਰ ਦਿਤਾ।
ਲੋਕੋ ਮੈਂ ਪੰਜਾਬੀ ਬੋਲੀ ਹਾਂ,
ਮੈਂ ਹਰ ਮੌਸਮ ਵਿਚ ਮੌਲੀ ਹਾਂ।
- ਜਸਵੀਰ ਸਿੰਘ ਭਲੂਰੀਆ
ਸਰੀ, (ਬੀ.ਸੀ.) ਕੈਨੇਡਾ।
+1-236-888-5456