
ਚਿੱਟੇ ਕੁੜਤੇ ਹੇਠਾਂ ਕਾਲੇ ਨਾਗ ਜ਼ਹਿਰੀਲੇ ਨੇ, ਮੂੰਹ ਦੇ ਬਹੁਤੇ ਮਿੱਠੇ ਅੰਦਰੋਂ ਰਖਦੇ ਖਾਰਾਂ ਨੇ...
ਸਾਰਾ ਦੇਸ਼ ਹੀ ਵੇਚ ਦਿਤਾ ਸਰਮਾਏਦਾਰਾਂ ਨੇ,
ਸੜਕਾਂ ਉੱਤੇ ਰੁਲਦੇ ਗ਼ਰੀਬ ਹਜ਼ਾਰਾਂ ਨੇ।
ਚਿੱਟੇ ਕੁੜਤੇ ਹੇਠਾਂ ਕਾਲੇ ਨਾਗ ਜ਼ਹਿਰੀਲੇ ਨੇ,
ਮੂੰਹ ਦੇ ਬਹੁਤੇ ਮਿੱਠੇ ਅੰਦਰੋਂ ਰਖਦੇ ਖਾਰਾਂ ਨੇ।
ਚਿੜੀ ਦੇ ਬੱਚੇ ਜਿੱਡਾ ਦਿਲ ਹੈ ਧਨਾਢਾਂ ਦਾ,
ਮਜ਼ਲੂਮਾਂ ਵਲ ਨਾ ਤਕਦੇ ਰਖਦੇ ਸੌ ਤੇ ਕਾਰਾਂ ਨੇ।
ਸਾਡੀਆਂ ਛੱਤਾਂ ਖੋਹ ਕੇ, ਲੋਟੂ ਸ਼ੀਸ਼ ਮਹਿਲ ਵਿਚ ਵੜ ਬੈਠੇ,
ਕਈਆਂ ਨੇ ਖ਼ਰੀਦ ਲਏ ਹੋਟਲ ਪੰਜ ਤਾਰਾ ਨੇ।
ਸਰਕਾਰ ਭਾਵੇਂ ਹੈ ਬਦਲੀ ਪਰ ਹਾਲਾਤ ਨਹੀਂ ਬਦਲੇ,
ਗ਼ਰੀਬ ਵਰਗ ਨੂੰ ਪੈਂਦੀਆਂ ਹਰ ਪਾਸਿਉਂ ਮਾਰਾਂ ਨੇ।
ਵੋਟਾਂ ਵੇਲੇ ਗਲੀ ਮੁਹੱਲੇ ਗੇੜੇ ਲਾਉਂਦੇ ਨੇ,
ਜਿੱਤ ਕੇ ਨਜ਼ਰ ਨਹੀਂ ਆਉਂਦੇ, ਹੁੰਦੇ ਨੌਂ ਦੋ ਗਿਆਰਾਂ ਨੇ।
ਮੋਟੀ ਮੱਤ ਦੇ ਨੇਤਿਆਂ ਤੇ ਕੋਈ ਅਸਰ ਨਹੀਂ ਹੁੰਦਾ,
ਭਾਵੇਂ ਲਿਖਦੇ ਰਹਿਣਾ ਦੀਪ ਜਿਹੇ ਕਲਮਾਕਾਰਾਂ ਨੇ।
ਕੋਰਾ ਸੱਚ ਛਾਪਣਾ ਕਿਹੜਾ ਸੌਖਾ ਹੈ ਅੜਿਆ,
ਇਹ ਵੀ ਜਿਗਰਾ ਰਖਿਆ ਸਪੋਕਸਮੈਨ ਜਿਹੇ ਅਖ਼ਬਾਰਾਂ ਨੇ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ ਬਠਿੰਡਾ।
ਮੋਬਾਈਲ : 98776-54596