ਹਰ ਪਾਸੇ ਦਿਸਦੈ ਧੂਆਂ, ਨਾ ਕੋਈ ਚਿੱਭੜ ਰਿਹਾ ਨਾ ਚੂਆ
ਹਰ ਪਾਸੇ ਦਿਸਦੈ ਧੂਆਂ, ਨਾ ਕੋਈ ਚਿੱਭੜ ਰਿਹਾ ਨਾ ਚੂਆ
ਵਿਚੇ ਝੁਲਸਿਆ ਸੱਪ ਦਮੂੰਹਾਂ, ਕਿਉਂ ਇਹ ਕਹਿਰ ਕਮਾਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਥੋਨੂੰ ਕਿਉਂ ਸ਼ਰਮ ਦੀਆਂ ਘਾਟਾਂ, ਲਾ ਤੀ ਤਿਲ ਨਿਕਲੀਆਂ ਲਾਟਾਂ
ਰੋਕਤੇ ਰਾਹੀ ਦੂਰ ਦੀਆਂ ਵਾਟਾਂ, ਉਨ੍ਹਾਂ ਨੂੰ ਲੇਟ ਕਰਾਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਭੁੰਨ ਤੇ ਬੋਟ ਨਿਕਲਦੀਆਂ ਚੀਸਾਂ, ਉਡ ਗਏ ਪੰਛੀ ਦੇਣ ਦੁਰਸੀਸਾਂ
ਕਰਦੇ ਕਿਉਂ ਚੰਦੂ ਦੀਆਂ ਰੀਸਾਂ, ਅੱਗ ਤੇ ਫੂਸ ਟਿਕਾਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਔਰਤਾਂ, ਬੱਚੇ, ਬੁੱਢੇ ਠੇਰੇ, ਚਮੜੀ ਰੋਗ ਦਮੇ ਨੇ ਘੇਰੇ
ਮੱਚਣ ਅੱਖਾਂ ਸ਼ਾਮ ਸਵੇਰੇ, ਡਾਕਟਰਾਂ ਕੋਲ ਭਜਾਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਧੂਆਂ ਨਾਸਾਂ ਦੇ ਨਾਲ ਛੋਹ ਜੇ, ਘਾਟਾ ਆਕਸੀਜਨ ਦਾ ਹੋ ਜੇ
ਚਲਦੀ ਚਲਦੀ ਨਬਜ਼ ਖੜ੍ਹੋ ਜੇ, ਘਰਾਂ ਵਿਚ ਵੈਣ ਪੁਆਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਧਰਤੀ ਰੋਂਦੀ ਧਾਹਾਂ ਮਾਰੇ, ਮੇਰੇ ਤੱਤ ਸਾੜਤੇ ਸਾਰੇ
ਕੋਈ ਤਾਂ ਹਾਅ ਦਾ ਨਾਹਰਾ ਮਾਰੇ, ਮੈਨੂੰ ਕਿਉਂ ਤੜਪਾਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਮਚ ਗਏ ਕਈ ਗਊਆਂ ਦੇ ਜਾਏ, ਰੁੱਖਾਂ ਸਣੇ, ਆਲ੍ਹਣੇ ਪਾਏ
ਫ਼ੌਜੀ ਵਾਰ ਵਾਰ ਸਮਝਾਏ, ਕੰਨੀਂ ਨਾ ਗੱਲ ਪਾਉਂਦੇ ਓ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਆਖੇ ਲੱਗੋ ਬਣੋਂ ਸਿਆਣੇ, ਹੁਣ ਤਕ ਸੀਗੇ ਜੇ ਅਣਜਾਣੇ
ਮੰਨਣੇ ਪੈਣ ਕੁਦਰਤੀ ਭਾਣੇ, ਉਨ੍ਹਾਂ ਨੂੰ ਠੁਕਰਾਉ ਨਾ
ਹੁੰਦੈ ਵਾਤਾਵਰਣ ਪਲੀਤ, ਕਾਸਤੋਂ ਅੱਗਾਂ ਲਾਉਂਦੇ ਓ
ਅੱਜ ਤੋਂ ਅੱਗਾਂ ਲਾਉ ਨਾ, ਦੋਵੇਂ ਹੱਥ ਜੋੜਦੈ ਫ਼ੌਜੀ
ਹੁਣ ਤੋਂ ਅੱਗਾਂ ਲਾਉ ਨਾ।
-ਅਮਰਜੀਤ ਸਿੰਘ ਫ਼ੌਜੀ, ਦੀਨਾ ਸਾਹਿਬ, ਮੋਗਾ
95011-27033