
ਚਲਿਐਂ ਪੁੱਤ ਵਿਦੇਸ਼ ਅਸੀਸਾਂ ਮਾਂ ਤੋਂ ਲੈਂਦਾ ਜਾ
ਚਲਿਐਂ ਪੁੱਤ ਵਿਦੇਸ਼ ਅਸੀਸਾਂ ਮਾਂ ਤੋਂ ਲੈਂਦਾ ਜਾ
ਮੇਰੇ ਦਿਲ ਦੀ ਸੁਣ ਜਾ ਦਿਲ ਅਪਣੇ ਦੀ ਕਹਿੰਦਾ ਜਾ
ਯਾਦ ਰੱਖੀਂ ਮਾਂ ਬੋਲੀ ਪੁੱਤਰਾ ਊੜਾ ਨਾ ਭੁੱਲ ਜੀਂ।
ਕੱਟ ਨਾ ਦੇਵੀਂ ਕੇਸ ਸੋਹਣਿਆਂ ਜੂੜਾ ਨਾ ਭੁੱਲ ਜੀਂ।
ਸਾਬੋ ਕੀ ਤਲਵੰਡੀ ਤੈਨੂੰ ਜਦੋਂ ਲਿਜਾਂਦੀ ਸੀ
ਉਂਗਲ ਫੜ ਕੇ ਤੇਰੀ ਪੈਂਤੀ ਮੈਂ ਲਿਖਵਾਂਦੀ ਸੀ
ਸਿੱਖ ਗੁਰੂ ਦਾ ਬੱਚਿਆਂ ਰਿਸਤਾ ਗੂੜ੍ਹਾ ਨਾ ਭੁੱਲ ਜੀਂ।
ਯਾਦ ਰੱਖੀ ਮਾਂ ਬੋਲੀ...।
ਹੁਣ ਤਕ ਤੇਰੇ ਕੇਸ ਰੱਖੇ ਮੈਂ ਸੋਹਣਿਆ ਸੁੱਚੇ ਵੇ
ਇਹ ਕੇਸਾਂ ਦੇ ਨਾਲ ਨੇ ਮਿਲਦੇ ਰੁਤਬੇ ਉੱਚੇ ਵੇ
ਜਿਸ ਤੋਂ ਸਿਖਿਆ ਪਾਠ ਬਾਬਾ ਰੂੜਾ ਨਾ ਭੁੱਲ ਜੀਂ।
ਯਾਦ ਰੱਖੀ ਮਾਂ ਬੋਲੀ ......।
ਹੁਣ ਤਕ ਤੈਨੂੰ ਪੜ੍ਹਾਇਆ ਲੱਖਾਂ ਸਹਿ ਕੇ ਦੁਖੜੇ ਵੇ
ਬੜੇ ਤੋਰਨੇ ਔਖੇ ਕੋਲੋਂ ਦਿਲ ਦੇ ਟੁਕੜੇ ਵੇ
ਫ਼ੀਸ ਭਰਨ ਲਈ ਮਾਂ ਦਾ ਵਿਕਿਆ ਚੂੜਾ ਨਾ ਭੁੱਲ ਜੀਂ।
ਯਾਦ ਰੱਖੀ ਮਾਂ ਬੋਲੀ......।
ਸਿਰ ਤੇ ਸੋਹਣੀ ਰੱਖੀ ਤੂੰ ਦਸਤਾਰ ਸਜਾ ਕੇ ਵੇ
ਬੜਾ ਫ਼ਖ਼ਰ ਮਹਿਸੂਸ ਹੋਊ ਸਰਦਾਰ ਕਹਾ ਕੇ ਵੇ
ਮਾਂ ਦੀ ਸਿਖਿਆ ਦਿਤੀ ਬਣ ਕੇ ਮੂੜ੍ਹਾ ਨਾ ਭੁੱਲ ਜੀਂ।
ਯਾਦ ਰੱਖੀਂ ਮਾਂ ਬੋਲੀ....।
ੳ ਅ ੲ ਸ ਹ ਪਾਉਂਦਾ ਰਹੀਂ
‘ਗਿੱਲ ਮਲਕੀਤ’ ਪੰਜਾਬੀ ਵਿਚ
ਲਿਖ ਕਵਿਤਾ ਗਾਉਂਦਾ ਰਹੀਂ
ਗੁਰੂ ਘਰੇ ਰਹੀਂ ਜਾਂਦਾ ਸਤਿਗੁਰ ਪੂਰਾ ਨਾ ਭੁੱਲ ਜੀਂ
ਯਾਦ ਰੱਖੀਂ ਮਾਂ ਬੋਲੀ ਪੁੱਤਰਾ ਊੜਾ ਨਾ ਭੁੱਲ ਜੀਂ
ਕੱਟ ਨਾ ਦੇਵੀਂ ਕੇਸ ਕਿਤੇ ਪੁੱਤ ਜੂੜਾ ਨਾ ਭੁੱਲ ਜੀਂ
-ਮਲਕੀਤ ਸਿੰਘ ਗਿੱਲ (ਭੱਠਲਾਂ),
9417490943