
Poem: ਝੂਠ ਪਖੰਡ ਨੂੰ ਛੱਡ ਕੇ ਜਿਹੜਾ, ਮਨ ਵਿਚ ਸੱਚ ਵਸਾਏ।
Poem In Punjabi: ਝੂਠ ਪਖੰਡ ਨੂੰ ਛੱਡ ਕੇ ਜਿਹੜਾ, ਮਨ ਵਿਚ ਸੱਚ ਵਸਾਏ।
ਮੱਖਣ ਸ਼ਾਹ ਲੁਬਾਣੇ ਵਾਂਗੂੰ, ਬੇੜਾ ਪਾਰ ਲਗਾਏ।
ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।
ਕਸ਼ਮੀਰੋਂ ਆਏ ਪੰਡਤਾਂ ਨੇ ਸੀ, ਮੁੱਖੋਂ ਆਖ ਸੁਣਾਇਆ,
ਜ਼ਾਲਮ ਜ਼ੁਲਮੀ ਔਰੰਗੇ ਨੇ ਸਾਨੂੰ ਬਹੁਤ ਸਤਾਇਆ।
ਮੰਨ ਅਰਜ਼ੋਈ ਸਤਿਗੁਰ ਜੀ ਨੇ ਦਿੱਲੀ ਚਾਲੇ ਪਾਏ,
ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।
ਮਤੀ ਦਾਸ ਤੇ ਸਤੀ ਦਾਸ ਜੀ, ਨਾਲ ਦਿਆਲਾ ਭਾਈ,
ਸਿੱਖੀ ਸਿਦਕ ਨੂੰ ਤੋੜ ਨਿਭਾ ਕੇ, ਅੰਤ ਸ਼ਹੀਦੀ ਪਾਈ।
ਸਿਰ ਤੇ ਹੱਥ ਸੀ ਨੌਵੇਂ ਗੁਰਾਂ ਦਾ, ਥਿੜਕੇ ਨਾ ਥਿੜਕਾਏ।
ਜੇ ਨਾ ਦੀਨ ਕਬੂਲੇ ਕਾਫ਼ਰ, ਔਰੰਗੇ ਫ਼ੁਰਮਾਇਆ,
ਧੜ ਨਾਲੋਂ ਸਿਰ ਵੱਖ ਕਰ ਦੇਵੋ, ਪਾਪੀ ਹੁਕਮ ਸੁਣਾਇਆ।
ਹਿੰਦੂ ਧਰਮ ਬਚਾਉਣੈ, ਸਾਡਾ ਸਿਰ ਜਾਂਦੈ ਤਾਂ ਜਾਏ,
ਤਿਲਕ ਜੰਝੂ ਦੇ ਰਾਖੇ ਸਤਿਗੁਰ, ਦਿੱਲੀ ਸੀਸ ਕਟਾਇਆ।
ਚਾਂਦਨੀ ਚੌਕ ਵਿਚ ਦੇ ਸ਼ਹੀਦੀ, ਡੁਬਦਾ ਧਰਮ ਬਚਾਇਆ,
ਉਹਦੇ ਕੀਤੇ ਉਪਕਾਰਾਂ ਦੀ, ਸਿਫ਼ਤ ਕਰੀ ਨਾ ਜਾਏ।
ਵਰਤਿਆ ਕਹਿਰ ਤਾਂ ਭਾਈ ਜੈਤੇ ਦੇ ਮਨ ’ਚ ਫੁਰਨਾ ਫੁਰਿਆ।
ਬੁੱਕਲ ’ਚ ਲੈ ਸੀਸ ਗੁਰਾਂ ਦਾ, ਅਨੰਦਪੁਰ ਵਲ ਨੂੰ ਤੁਰਿਆ।
‘ਫ਼ੌਜੀ’ ਦੀ ਵੀ ਕਲਮ ਨਿਮਾਣੀ, ਉਹਦੀ ਸ਼ੋਭਾ ਗਾਏ,
ਤੇਗ਼ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।
- ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ, ਮੋਗਾ।
ਮੋਬਾਈਲ : 95011-27033