
ਬਾਜਾਂ ਵਾਲਿਆ ਇਕ ਅਗਵਾਈ ਬਾਝੋਂ, ਕੌਮ ਤੇਰੀ ਹੈ ਅੱਜ ਗੁਮਰਾਹ ਹੋ ਗਈ।
Poem In Punjabi: ਬਾਜਾਂ ਵਾਲਿਆ ਇਕ ਅਗਵਾਈ ਬਾਝੋਂ, ਕੌਮ ਤੇਰੀ ਹੈ ਅੱਜ ਗੁਮਰਾਹ ਹੋ ਗਈ।
ਕਾਬਜ਼ ਕੌਮ ’ਤੇ ਫਿਰ ਮਸੰਦ ਹੋ ਗਏ, ਅਸਲ ਸਿੱਖੀ ਤਾਂ ਅੱਜ ਪਿਛਾਂਹ ਹੋ ਗਈ।
ਰਹੀ ਕਦਰ ਨਾ ਇਥੇ ਟਕਸਾਲੀਆਂ ਦੀ, ਚਮਚੇ, ਕੜਛਿਆਂ ਦੀ ਵਾਹ-ਵਾਹ ਹੋ ਗਈ।
ਪੱਗਾਂ ਸਿਰਾਂ ਦੀਆਂ ਪੈਰਾਂ ਵਿਚ ਰੁਲੀਆਂ, ਨੇਕੀ ਕਰਨੀ ਵੀ ਇਥੇ ਗੁਨਾਹ ਹੋ ਗਈ।
ਪਵਿੱਤਰ ਬਾਣੀ ਹੈ ਰੂੜੀਆਂ ਵਿਚ ਰੋਲੀ, ਬੇਅਦਬੀ ਦੀ ਇਥੇ ਇੰਤਹਾ ਹੋ ਗਈ।
ਰੁਤਬਾ ਰਿਹਾ ਨਾ ਅਕਾਲ ਦੇ ਤਖ਼ਤ ਵਾਲਾ, ਧਰਮ ਨੀਵਾਂ, ਰਾਜਨੀਤੀ ਉਤਾਂਹ ਹੋ ਗਈ।
ਜਥੇਦਾਰੀ ਵੀ ਹੁਣ ਚਾਕਰੀ ਵਿਚ ਬਦਲੀ, ਜਦੋਂ ਜੀਅ ਕੀਤਾ ਉਦੋਂ ਲਾਹ ਹੋ ਗਈ।
ਕਲਗ਼ੀ ਵਾਲਿਆ ਖ਼ਾਲਸਾ ਭੇਜ ਅਪਣਾ, ਸਿੱਖੀ ਤੇਰੀ ਤਾਂ ਨਹੀਂ ਤਬਾਹ ਹੋ ਗਈ।
ਇਨ੍ਹਾਂ ਮਸੰਦਾਂ ਨੂੰ ਆ ਕੇ ਉਹ ਨੱਥ ਪਾਵੇ, ਹਰ ਸੱਚੇ ਸਿੱਖ ਦੀ ਇਹ ਚਾਹ ਹੋ ਗਈ।
ਇਨ੍ਹਾਂ ਮਸੰਦਾਂ ਤੋਂ ਦੁਖੀ ਭਲੂਰੀਆ ਵੀ, ਰੋ-ਰੋ ਕਲਮ ਉਹਦੀ ਬੇ-ਵਾਹ ਹੋ ਗਈ।
- ਜਸਵੀਰ ਸਿੰਘ ਭਲੂਰੀਆ, ਸਰੀ (ਬੀ.ਸੀ.) ਕੈਨੇਡਾ ਫ਼ੋਨ ਨੰ : +91-9915995505