Poem in punjabi ਮੁਹੱਬਤਾਂ ਵਾਲੇ ਮੇਲਾ ਲੁੱਟ ਕੇ ਲੈ ਗਏ ਨੇ
ਮੁਹੱਬਤਾਂ ਵਾਲੇ ਮੇਲਾ ਲੁੱਟ ਕੇ ਲੈ ਗਏ ਨੇ
ਹਾਰ ਕੇ ਵੀ ਉਹ ਦੁਨੀਆਂ ਜਿੱਤ ਕੇ ਬਹਿ ਗਏ ਨੇ
ਹੈਂਕੜ ਸਦਾ ਖ਼ੁਸ਼ੀਆਂ ਤੇ ਪੈਂਦੀ ਭਾਰੀ ਹੈ
ਸੋ ਟਕੇ ਦੀ ਗੱਲ ਸਿਆਣੇ ਕਹਿ ਗਏ ਨੇ
ਕਦੇ ਕਦੇ ਜਦ ਮਿਲਦੇ ਸੀ ਤਾਂ ਪਿਆਰ ਬੜਾ
ਨਿੱਤ ਮਿਲ ਕੇ ਤਾਂ ਕਮੀਆਂ ਕੱਢਣ ਬਹਿ ਗਏ ਨੇ
ਪਿਆਰ ਮੁਹੱਬਤ ਇਸ਼ਕ ਹਕੀਕੀ, ਦਾ ਜ਼ਮਾਨਾ ਬੀਤ ਗਿਆ
ਹੁਣ ਸਾਡੇ ਵਿਚ ਰਾਸ਼ਨ ਜਾਂ ਖ਼ਰਚੇ ਦੇ ਚਰਚੇ ਰਹਿ ਗਏ ਨੇ
ਇਕ ਗੱਲ ਹੋਰ ਮੇਰੇ ਦਿਲ ਨੂੰ ਡਾਢੀ ਚੁੰਭਦੀ ਹੈ
ਸਫ਼ਰਾਂ ਤੇ ਜਾਣਾ ਸੀ ਉਹ ਰਾਹ ਸੈਰਾਂ ਦੇ ਪੈ ਗਏ ਨੇ
ਚਲ ਜੋ ਤੂੰ ਸੀ ਚਾਹੁੰਦਾ, ਉਹ ਵੀ ਮੰਨ ਲਿਆ
ਬਦੋ ਬਦੀ ਹੁਣ ਕਿਸ ਲਈ ਦੂਰ ਜੇ ਹੋ ਗਏ ਨੇ
ਪੀਰਾਂ ਵਾਂਗ ਧਿਆਉਂਦੇ ਬਸ ਇਕ ਦੀਦ ਲਈ
ਉਹ ਚੰਦ ਈਦ ਦੇ ਵਾਂਗੂ ਦਰਸ਼ਨ ਦੇ ਗਏ ਨੇ
ਵਿਛੜੀਆਂ ਰੂਹਾਂ ਦੀ ਪੀੜ ਪੁਰਾਣੀ ਲਗਦੀ ਹੈ
ਦਿਲ ਮੇਰੇ ਦੇ ਜਜ਼ਬਾਤ ਜੋ ਆਪੇ ਵਹਿ ਗਏ ਨੇ
ਧਾਲੀਵਾਲ ਇਹ ਜ਼ਿੰਦਗੀ ਉਂਜ ਹਸੀਨ ਬੜੀ,
ਕਿਉਂ ਮਾਨਣ ਵਾਲੇ ਪਲਾਂ ਵਿਚ ਉਲਝ ਕੇ ਰਹਿ ਗਏ ਨੇ
-ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ,
ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ। 78374 90309