
ਹੁੰਦੀ ‘ਨਬਜ਼’ ਹਮੇਸ਼ਾ ਹੱਥ ਵੋਟਰਾਂ ਦੇ, ਤਿੰਨਾਂ ਤਾਈਂ ਹੀ ਸਬਕ ਸਿਖਾਇ ਦਿਤਾ!...
ਦੇਵ-ਭੂਮੀ ਦੇ ‘ਪੰਜਾ’ ਹਮਾਇਤੀਆਂ ਨੇ,
ਦੇਖੋ ਕਮਲ ਨੂੰ ‘ਕਮਲਾ’ ਬਣਾਇ ਦਿਤਾ।
ਦਿੱਲੀ ਵਾਸੀਆਂ ‘ਝਾੜੂ’ ਨੂੰ ਪਿਆਰ ਦੇ ਕੇ,
ਪੰਜੇ-ਕਮਲ ਨੂੰ ‘ਠੋਕ’ ਠੁਕਰਾਇ ਦਿਤਾ।
ਵਾਰ ਸਤਵੀਂ ਕਮਲ ਦੀਆਂ ਪੱਤੀਆਂ ’ਤੇ,
ਗੁਜਰਾਤੀਆਂ ‘ਇਤਰ’ ਛਿੜਕਾਇ ਦਿਤਾ।
ਪਹਿਲੀ ਵਾਰ ਕੁੱਝ ਸੀਟਾਂ ਹੀ ਜਿੱਤਣੇ ਦਾ,
ਉੱਥੇ ‘ਝਾੜੂ’ ਇਤਿਹਾਸ ਦੁਹਰਾਇ ਦਿਤਾ।
ਤਿੰਨ ਨਿਸ਼ਾਨਾਂ ਨੂੰ ਲੋਕਾਂ ਨੇ ਅਕਲ ਦੇ ਕੇ,
ਦੋ ਦੋ ਥਾਵਾਂ ’ਤੇ ‘ਠੁੱਠ’ ਵਿਖਾਇ ਦਿਤਾ।
ਹੁੰਦੀ ‘ਨਬਜ਼’ ਹਮੇਸ਼ਾ ਹੱਥ ਵੋਟਰਾਂ ਦੇ,
ਤਿੰਨਾਂ ਤਾਈਂ ਹੀ ਸਬਕ ਸਿਖਾਇ ਦਿਤਾ!
- ਤਰਲੋਚਨ ਸਿੰਘ ‘ਦੁਪਾਲ ਪੁਰ। ਮੋਬਾ : 78146-92724