
ਝੋਲੀ ਵਿਚ ਹੱਸ ਪਾ ਲਉਂ, ਪਿਆਰ ਮੇਰੇ ਯਾਰ ਦਾ।
ਝੋਲੀ ਵਿਚ ਹੱਸ ਪਾ ਲਉਂ, ਪਿਆਰ ਮੇਰੇ ਯਾਰ ਦਾ।
ਜਦੋਂ ਕਦੇ ਹੋਊਗਾ, ਦੀਦਾਰ ਮੇਰੇ ਯਾਰ ਦਾ।
ਸਾਫ਼ ਸੁੱਚੀ ਦੋਸਤੀ ਦੀ ਸਦਾ ਹੀ ਮੈਂ ਖ਼ੈਰ ਮੰਗਾਂ,
ਦੁੱਧ ਵਾਂਗ ਪਾਕਿ ਇਤਬਾਰ ਮੇਰੇ ਯਾਰ ਦਾ।
ਵਧ ਜਾਣ ਲਗਰਾਂ ਜਿਉਂ ਸੌਣ ਦੇ ਮਹੀਨੇ ਵਿਚ,
ਦਿਨੋ ਦਿਨ ਵਧੇ ਸੰਸਾਰ ਮੇਰੇ ਯਾਰ ਦਾ।
ਸੰਝ ਤੇ ਸਵੇਰਾਂ ਵਿਚੋਂ ਰੂਹ ਉਹਦੀ ਲਭਦਾ ਹਾਂ,
ਹੁੰਦਾ ਨਾ ਵਿਛੋੜਾ ਹੈ ਸਹਾਰ ਮੇਰੇ ਯਾਰ ਦਾ।
ਮਾਣਕਾਂ ਤੇ ਮੋਤੀਆਂ ਤੋਂ ਮਹਿੰਗੇ ਉਹਦੇ ਹਾਸਿਆਂ ਦਾ,
ਚੰਗਾ ਹੋਵੇ ਲਹਿ ਜਾਏ ਉਧਾਰ ਮੇਰੇ ਯਾਰ ਦਾ।
ਸੜਕਾਂ 'ਚ ਦੋਸਤੀ ਤੇ ਚੜ੍ਹਿਆ ਨਿਖਾਰ ਰਹੇ,
ਪੈਂਦਾ ਹੀ ਰਹੇ ਛਣਕਾਰ ਮੇਰੇ ਯਾਰ ਦਾ।
ਕੌਲਿਆਂ ਤੇ ਤੇਲ ਚੋ ਕੇ, ਪਲਕਾਂ 'ਚ ਬਹਾ ਕੇ ਕਰਾਂ,
ਚੁੰਮ ਚੁੰਮ ਪੂਰਾ ਸਤਿਕਾਰ ਮੇਰੇ ਯਾਰ ਦਾ।
ਸ਼ੋਹਰਤਾਂ ਦੇ ਨਾਲ ਹੋਵੇ ਭਰਿਆ ਨੱਕੋ ਨੱਕ ਪੂਰਾ,
ਖ਼ਾਲੀ ਹੋਵੇ ਕਦੇ ਨਾ ਭੰਡਾਰ ਮੇਰੇ ਯਾਰ ਦਾ।
ਬੁੱਲ੍ਹਾਂ ਦੀ ਦਲੀਜ਼ ਉਤੇ ਉਹਦੇ ਨਾਂ ਦਾ ਵਾਸਾ ਰਹੇ,
ਅੱਖੀਆਂ 'ਚ ਸੁਰਮੇ ਦਾ ਧਾਰ ਮੇਰੇ ਯਾਰ ਦਾ।
ਹਰ ਵੇਲੇ ਬੋਲੀ ਬੋਲੇ ਮਿੱਠੀਆਂ ਸੁਗੰਧਾਂ ਵਾਲੀ,
ਤੱਕਣੀ 'ਚ ਮਹਿਕਾਂ ਦਾ ਵਪਾਰ ਮੇਰੇ ਯਾਰ ਦਾ।
ਕੀਤੀਆਂ ਮੁਹੱਬਤਾਂ ਦਾ ਲਾਹਾ 'ਅਸਮਾਨੀ' ਲੈਣਾ,
ਪੂਰ ਚੜ੍ਹ ਜਾਊ ਇਕਰਾਰ ਮੇਰੇ ਯਾਰ ਦਾ।
ਏਸੇ ਲਈ ਕਿਸ਼ਨਗੜ੍ਹ ਟਹਿਕਦਾ ਹੀ ਰਹੂ ਸਦਾ,
ਸੋਨੇ ਨਾਲੋਂ ਵੱਧ ਗੁਲਜ਼ਾਰ ਮੇਰੇ ਯਾਰ ਦਾ।
-ਜਸਵੰਤ ਸਿੰਘ ਅਸਮਾਨੀ, ਸੰਪਰਕ : 98720-67104