
ਇਕ ਬੰਦੇ ’ਤੇ ਚੱਲੀ ਗੋਲੀ, ਕਿੰਨੀ ਉਸ ਦੀ ਕਾਂਵਾਂ ਰੌਲੀ।
ਇਕ ਬੰਦੇ ’ਤੇ ਚੱਲੀ ਗੋਲੀ,
ਕਿੰਨੀ ਉਸ ਦੀ ਕਾਂਵਾਂ ਰੌਲੀ।
ਤੜਕੇ ਦੀ ਅਖ਼ਬਾਰ ਸੀ ਭਰ ਗਈ,
ਲੀਡਰਾਂ ਨੇ ਕਿੰਝ ਪਾਈ ਰੌਲੀ।
ਪੁੱਤ ਕਿਸੇ ਦਾ ਚੌਕ ’ਚ ਮਰਿਆ,
ਉਦੋਂ ਕਿਸੇ ਨੇ ਗੱਲ ਨਾ ਗੌਲੀ।
ਆਏ ਦਿਨ ਪਈ ਮਰਦੀ ਦੁਨੀਆਂ,
ਵੇਖਿਆ ਨਾ ਕੋਈ ਪਾਉਂਦਾ ਰੌਲੀ।
ਕਿੰਨੇ ਪੁੱਤ ਨਸ਼ੇ ਨਾਲ ਮਰਦੇ,
ਲੀਡਰਾਂ ਕੋਈ ਗੱਲ ਨਾ ਗੌਲੀ।
ਚਿੱਟੇ ਕਾਲੇ ਦੀ ਆਮ ਹੀ ਅੱਜਕਲ,
ਹਰ ਥਾਂ ਤੋਂ ਪਈ ਮਿਲਦੀ ਗੋਲੀ।
ਹਰ ਗੱਭਰੂ ਹੀ ਖਾਂਦਾ ਜਾਪੇ,
ਜੀਭ ਥੱਲੇ ਜੋ ਧਰਦੇ ਗੋਲੀ।
ਕਾਰੋਬਾਰੀਏ ਆਮ ਬੰਦੇ ਨੂੰ,
ਧਮਕੀ ਦੇ ਵਿਚ ਮਿਲਦੀ ਗੋਲੀ।
ਸਟੇਜ ਤੇ ਨਚਦੀ ਧੀ ਇਕ ਮਰ ਗਈ,
ਫੁਕਰੀ ਵਿਚ ਇਕ ਚੱਲੀ ਗੋਲੀ।
ਭੈਣ ਭਾਈ ਦਾ ਵੱਟ ਦਾ ਰੌਲਾ,
ਭਰਾ ਤੋਂ ਗੁੱਸੇ ’ਚ ਚੱਲੀ ਗੋਲੀ।
ਧਰਨਾਕਾਰੀ ਵਿਚ ਧਰਨੇ ਦੇ,
ਕਈ-ਵਾਰੀ ਅੱਗਿਉਂ ਖਾਂਦੇ ਗੋਲੀ।
ਦੇਸ਼ ਧਰੋਹੀ ਗੈਂਗਸਟਰਾਂ ’ਤੇ,
ਕਾਹਤੋਂ ਨਾ ਕੋਈ ਚਲਦੀ ਗੋਲੀ।
ਵਿਚ ਤਿਰੰਗੇ ਪੁੱਤਰ ਆਇਆ,
ਬਾਰਡਰ ’ਤੇ ਸੀ ਵੱਜੀ ਗੋਲੀ।
ਝੂਠ ਦੇ ਸੀਨੇ ਵਜਦੀ-ਵਜਦੀ,
ਹਰ ਵੇਲੇ ਕਿਉਂ ਖੁੰਝੇ ਗੋਲੀ।
ਸੱਚੇ ਨੂੰ ਝੂਠਾ ਫਿਰੇ ਟਿਕਾਉਂਦਾ,
ਰਿਸ਼ਵਤ ਵਾਲੀ ਦੇ ਕੇ ਗੋਲੀ।
ਸੰਦੀਪ ਕੰਨੀ ਜੋ ਖੜਕਾ ਕਰ ਜੇ,
ਕਾਸ਼! ਗਿਆਨ ਦੀ ਚੱਲੇ ਗੋਲੀ।
ਹਰ ਸੁੱਤਾ ਇਹ ਗੋਲੀ ਖਾਵੇ,
ਸੱਚ ਦੀ ਪਾਵੇ ਚੀਕਾ-ਰੌਲੀ।
- ਸੰਦੀਪ ਸਿੰਘ ਬਖੋਪੀਰ
ਮੋਬਾ : 98153-21017