
ਗ਼ਜ਼ਲ: ਕਿੰਨਾ ਕਰਦਾਂ ਪਿਆਰ, ਇਹ ਮੈਥੋਂ ਦਸਿਆ ਜਾਣਾ ਨਹੀਂ ਅੱਖੀਆਂ ਛਮ ਛਮ ਵਰਸਣ, ਮੈਥੋਂ ਹੱਸਿਆ ਜਾਣਾ ਨਹੀਂ।
ਗ਼ਜ਼ਲ
ਕਿੰਨਾ ਕਰਦਾਂ ਪਿਆਰ, ਇਹ ਮੈਥੋਂ ਦਸਿਆ ਜਾਣਾ ਨਹੀਂ
ਅੱਖੀਆਂ ਛਮ ਛਮ ਵਰਸਣ, ਮੈਥੋਂ ਹੱਸਿਆ ਜਾਣਾ ਨਹੀਂ।
ਤੂੰ ਟੁਰ ਗਈਉਂ, ਦਿਲ ਮੇਰੇ ਦੀ ਦੁਨੀਆਂ ਉਜੜ ਗਈ
ਉਜੜਿਆਂ ਵੀ ਹਾਂ ਐਸਾ ਕਿ ਹੁਣ ਵਸਿਆ ਜਾਣਾ ਨਹੀਂ।
ਜ਼ਹਿਰ ਇਸ਼ਕ ਦਾ, ਹੁਣ ਤਾਂ ਮੇਰੀ, ਰਗ ਰਗ ਅੰਦਰ ਏ
ਬਿਰਹੋਂ ਵਾਲੇ ਨਾਗ ਤੋਂ, ਦਿਲ ਹੁਣ ਡਸਿਆ ਜਾਣਾ ਨਹੀਂ।
ਇਸ ਹਿਜਰਾਂ ਵਾਲੀ ਦਲਦਲ, ਮੈਨੂੰ ਬੰਨ੍ਹ ਕੇ ਰਖਿਆ ਹੈ
ਮੈਂ ਚਾਹਵਾਂ ਵੀ ਤੇ ਹੁਣ ਤਾਂ ਮੈਥੋਂ ਨੱਸਿਆ ਜਾਣਾ ਨਹੀਂ।
ਉਮਰਾਂ ਵਾਲੇ ਸਾਲ ਵੀ ਮੇਰੇ, ਸਾਰੇ ਈ ਲੰਘ ਗਏ ਨੇ
ਲੋਥ ਹੈ ਇਹ ਕਮਾਨ, ਕਿਸੇ ਤੋਂ ਕੱਸਿਆ ਜਾਣਾ ਨਹੀਂ।
ਚਲ ਦਿਲਬਰ, ਚਲ ਮੁਰਸ਼ਦ ਦੇ ਵਿਚ, ਜਾ ਕੇ ਧਸ ਜਾ ਤੂੰ
ਇਸ ਦੁਨੀਆਂ ਚੰਗੀ-ਮੰਦੀ ਦੇ ਵਿਚ,ਧੱਸਿਆ ਜਾਣਾ ਨਹੀਂ।
-ਪਰਮਜੀਤ ਸਿੰਘ ਨਿੱਕੇ ਘੁੰਮਣ, ਬਟਾਲਾ।
ਮੋ:97816 46008