
ਤੇਰੇ ਹੀ ਧਰਵਾਸੇ ਯਾਰਾ
ਤੇਰੇ ਹੀ ਧਰਵਾਸੇ ਯਾਰਾ।
ਮੇਰੇ ਚਾਅ ਤੇ ਹਾਸੇ ਯਾਰਾ।
ਸਾਬਤ ਸਾਲਮ ਮੇਰਾ ਹੋ ਜਾ,
ਕੀ ਤੋਲੇ ਕੀ ਮਾਸੇ ਯਾਰਾ।
ਹੁਣ ਤੂੰ ਪੱਕੇ ਕਰ ਕੇ ਬਹਿ ਗਿਓਂ,
ਮੇਰੇ ਦਿਲ ਵਿਚ ਵਾਸੇ ਯਾਰਾ।
ਯਾਦ ਸਤਾਵੇ ਬਹੁਤ ਰੁਆਵੇ,
ਹੋਵੇਂ ਜਦ ਵੀ ਪਾਸੇ ਯਾਰਾ।
ਹਿਜਰ ਤੇਰੇ ਵਿਚ ਟੁੱਟੇ ਬੈਠੇ,
ਦੇਜਾ ਆਣ ਦਿਲਾਸੇ ਯਾਰਾ।
ਕਰਮਾਂ ਦੇ ਨਾਲ ਮਿਲਦੇ ਸੱਜਣ,
ਨਾ ਇਹ ਮਿਲਣ ਦਿਲਾਸੇ ਯਾਰਾ।
ਹੁਣ ਨਾ ਚੰਗੇ ਲੱਗਣ ਮੈਨੂੰ,
ਬੁੱਲ੍ਹੀਂ ਬੋਲ ਉਦਾਸੇ ਯਾਰਾ।
'ਪਾਰਸ' ਹੱਥ ਫੜਾ ਨਾ ਜਾਵੀਂ,
ਵੇਖੀਂ ਕਿਧਰੇ ਕਾਸੇ ਯਾਰਾ।
-ਪ੍ਰਤਾਪ ਪਾਰਸ ਗੁਰਦਾਸਪੁਰੀ,
ਸੰਪਰਕ : 99888-11681