
ਜੱਗ ਜਣਨੀ ਦੇ ਰੁਤਬੇ ਦਾ, ਰਖਦੀਆਂ ਨੇ ਉਹ ਮਾਣ।
ਕੁੱਝ ਮੈਂ ਵੇਖੀਆਂ ਔਰਤਾਂ ਜੋ,
ਹੁੰਦੀਆਂ ਨੇ ਬਹੁਤ ਮਹਾਨ।
ਜੱਗ ਜਣਨੀ ਦੇ ਰੁਤਬੇ ਦਾ,
ਰਖਦੀਆਂ ਨੇ ਉਹ ਮਾਣ।
ਕੁੱਝ ਮੈਂ ਵੇਖੀਆਂ.....
ਕਹਿੰਦਾ ਸੀ ਸਾਡਾ ਸਮਾਜ ਕਦੇ,
ਔਰਤ ਪੈਰ ਦੀ ਜੁੱਤੀ ਹੈ।
ਕੋਈ ਕਹਿੰਦਾ ਗਿੱਟਿਆਂ ਵਿਚ ਮੱਤ,
ਤੇ ਕਿਸੇ ਨੇ ਫੜ ਕੇ ਕੁੱਟੀ ਹੈ।
ਔਰਤਾਂ ਨਾਲ ਹੁੰਦੇ ਧੱਕਿਆਂ ਦਾ,
ਦਸ ਕੀ-ਕੀ ਕਰਾਂ ਵਖਾਣ।
ਕੁੱਝ ਮੈਂ ਵੇਖੀਆਂ.....
ਹੌਂਸਲਾ ਹੁੰਦਾ ਔਰਤ ਦੇ ਵਿਚ,
ਘਰ ਬਾਹਰ ਸੰਭਾਲਦੀ।
ਬੱਚੇ ਪੈਦਾ ਕਰਦੀ ਤੇ ਫਿਰ,
ਆਪ ਉਨ੍ਹਾਂ ਨੂੰ ਪਾਲਦੀ।
ਖੰਭ ਛੋਟੇ ਭਾਵੇਂ ਕੁਤਰੇ ਹੋਣ,
ਭਰਦੀ ਉੱਚੀ ਬਹੁਤ ਉਡਾਣ।
ਕੁੱਝ ਮੈਂ ਵੇਖੀਆਂ......
ਨਾਮ ਬਣਾਉਣਾ ਪੈਂਦਾ ਹੈ,
ਐਵੇਂ ਨਹੀਂ ਬਣ ਜਾਂਦਾ ਹੈ।
ਰਾਹਾਂ ਦੇ ਵਿਚ ਪੱਥਰਾਂ ਵਾਂਗੂੰ,
ਹਰ ਕੋਈ ਖੜ ਜਾਂਦਾ ਹੈ।
ਲਿਖਣਾ ਪੈਂਦਾ ਖ਼ੂਨ ਨਾਲ,
ਅੱਖਰ ਚਮਕੇ ਜੋ ਵਿਚ ਅਸਮਾਨ।
ਕੁੱਝ ਮੈਂ ਵੇਖੀਆਂ......
ਹੁਣ ਮੈਂ ਦੇਵਾਂ ਉਦਾਹਰਣ ਇਕ,
ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ।
ਸਿਖਿਆ ਅਤੇ ਰੁਜ਼ਗਾਰ ਦੇਣ ਲਈ,
ਵੱਡੀਆਂ ਹਿੰਮਤਾਂ ਉਨ੍ਹਾਂ ਨੇ ਪਾਲੀਆਂ।
ਅਪਣੇ ਨਾਮ ਦੇ ਨਾਲ ‘ਮਨਜੀਤ’
ਦਿਤੀ ਹੋਰਨਾਂ ਨੂੰ ਨਵੀਂ ਪਛਾਣ।
ਕੁੱਝ ਮੈਂ ਵੇਖੀਆਂ ਔਰਤਾਂ ਜੋ,
ਹੁੰਦੀਆਂ ਨੇ ਬਹੁਤ ਮਹਾਨ।
ਜੋ ਹੁੰਦੀਆਂ ਨੇ ਬਹੁਤ ਮਹਾਨ।
-ਮਨਜੀਤ ਕੌਰ ਧੀਮਾਨ, ਲੁਧਿਆਣਾ। 9464633059