
ਸਾਉਣ ਮਹੀਨਾ ਦਿਨ ਤੀਆਂ ਦੇ ਚੜ੍ਹੀਆਂ ਘੋਰ ਘਟਾਵਾਂ ਵੇ
Poems: ਤੀਆਂ ਸਾਉਣ ਦੀਆਂ
ਸਾਉਣ ਮਹੀਨਾ ਦਿਨ ਤੀਆਂ ਦੇ
ਚੜ੍ਹੀਆਂ ਘੋਰ ਘਟਾਵਾਂ ਵੇ
ਛੰਮ ਛੰਮ ਕਰ ਕੇ ਸਾਵਣ ਵਰਿ੍ਹਆ
ਠੰਢੀਆਂ ਵਗਣ ਹਵਾਵਾਂ ਵੇ
ਬਣ ਠਣ ਕੇ ਮੈਂ ਸੰਗ ਸਖੀਆਂ ਦੇ ,
ਗਿੱਧੇ ਦੇ ਵਿਚ ਜਾਵਾਂ ਵੇ
ਮੱਥੇ ਟਿੱਕਾ, ਬੁੱਲ੍ਹ ਦੰਦਾਸਾ
ਸੁਰਮਾਂ ਅੱਖ ਮਟਕਾਵਾਂ ਵੇ
ਮਜਾਜ਼ਾਂ ਪੱਟੀਆਂ ਪਾਉਣ ਬੋਲੀਆਂ
ਮੈਂ ਵੀ ਜ਼ਿੱਦ ਜ਼ਿੱਦ ਪਾਵਾਂ ਵੇ
ਤੀਆਂ ਦੇ ਵਿਚ ਨੱਚਦੀ ਜਦ ਮੈਂ
ਦੂਹਰੀ ਹੁੰਦੀ ਜਾਵਾਂ ਵੇ
ਪੀਂਘ ਬਰੋਟੇ ਪਾਈ ਹਾਣਦੀਆਂ
ਮੈਂ ਵੀ ਝੂਟਣੀਂ ਚਾਹਵਾਂ ਵੇ
ਅੰਬਰੀਂ ਪੀਂਘ ਚੜ੍ਹਾਈ ਜਦ ਮੈਂ
ਪੱਤਿਆਂ ਨਾਲ਼ ਖਹਿ ਜਾਵਾਂ ਵੇ
ਕਿਹੜੇ ਪਿੰਡੋਂ ਆਈ ਮਜਾਜਣ
ਗੱਭਰੂ ਪੁੱਛਣ ਸਿਰਨਾਵਾਂ ਵੇ
ਦੀਨੇ ਪਿੰਡ ਦੇ ਮੁੰਡਿਆਂ ਨੂੰ ਮੈਂ
ਉਂਗਲ਼ਾਂ ਉੱਤੇ ਨਚਾਵਾਂ ਵੇ।
-ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ। 95011-27033