Israel–Hamas war: ਜੰਗ ਲੜ ਰਹੇ ਹਮਾਸ ਕੋਲ ਕਿੱਥੋਂ ਆਉਂਦਾ ਹੈ ਪੈਸਾ? 
Published : Apr 1, 2024, 3:20 pm IST
Updated : Apr 1, 2024, 3:20 pm IST
SHARE ARTICLE
Where does the money come from for the warring Hamas?
Where does the money come from for the warring Hamas?

ਸਾਲ 2019 ਤੋਂ ਬਾਅਦ ਇਸ ਵਿਚੋਂ ਕੁਝ ਦਾਨ ਕਰਿਪਟੋ ਕਰੰਸੀ ਰਾਹੀਂ ਵੀ ਕੀਤੇ ਗਏ ਹਨ

Israel–Hamas war: ਨਵੀਂ ਦਿੱਲੀ - ਗਾਜ਼ਾ ਵਿਚ ਹਫੜਾ-ਦਫੜੀ ਮਚੀ ਹੋਈ ਹੈ ਪਰ ਹਿਜ਼ਬੁੱਲਾ ਅਤੇ ਹਮਾਸ ਦੇ ਅਤਿਵਾਦੀ ਆਕਾ ਕਤਰ ਅਤੇ ਇਸਤਾਂਬੁਲ ਵਿਚ ਆਨੰਦ ਮਾਣ ਰਹੇ ਹਨ। ਇਜ਼ਰਾਈਲ ਤੇ ਹਮਾਸ ਦੀ ਲੰਮੇ ਸਮੇਂ ਤੋਂ ਸ਼ੁਰੂ ਹੋਈ ਜੰਗ ਅਜੇ ਵੀ ਜਾਰੀ ਹੈ। ਸਵਾਲ ਇਹ ਹੈ ਕਿ ਹਮਾਸ ਕੋਲ ਜੰਗ ਲੜਨ ਲਈ ਇੰਨਾ ਪੈਸਾ ਕਿੱਥੋਂ ਆਉਂਦਾ ਹੈ? ਹਮਾਸ ਇੰਨੇ ਪੈਸੇ ਨਾਲ ਕੀ ਕਰ ਰਿਹਾ ਹੈ? ਬਿਡੇਨ ਅਤੇ ਬੈਂਜਾਮਿਨ ਨੇਤਨਯਾਹੂ ਇਸ ਨੂੰ ਤਬਾਹ ਕਰਨ ਤੋਂ ਪਹਿਲਾਂ ਹਮਾਸ ਦੇ ਖਜ਼ਾਨੇ ਨੂੰ ਕਿਵੇਂ ਢਾਹੁਣ ਜਾ ਰਹੇ ਹਨ?  

ਹਮਾਸ ਸੰਨ 1987 ਵਿਚ ਸ਼ੁਰੂ ਹੋਈ ਇੱਕ ਇਸਲਾਮਿਕ ਲਹਿਰ ਹੈ ਜਿਸਦੇ ਸਿਆਸੀ ਅਤੇ ਫੌਜੀ ਵਿੰਗ ਹਨ। ਇਨ੍ਹਾਂ ਦੀ ਹਥਿਆਰਬੰਦ ਲਹਿਰ ਨੂੰ ‘ਐਜ਼ਦੀਨ ਅਲ-ਕਸਮ ਬਰਿਗੇਡਸ’ ਕਿਹਾ ਜਾਂਦਾ ਹੈ। ਅਤੀਤ ਵਿਚ ਵੀ ਇਸ ਨੇ ਇਜ਼ਰਾਈਲ ਉੱਪਰ ਕਈ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਮਨੁੱਖੀ ਬੰਬ ਬਣ ਕੇ ਕੀਤੇ ਗਏ ਹਮਲੇ ਸ਼ਾਮਲ ਹਨ।

ਇਸ ਤੋਂ ਇਲਾਵਾ ਹਮਾਸ ਇੱਕ 23 ਲੱਖ ਤੋਂ ਵਧੇਰੇ ਆਬਾਦੀ ਵਾਲੇ ਇਲਾਕੇ ਦਾ ਪ੍ਰਸ਼ਾਸਨ ਵੀ ਸੰਭਾਲਦਾ ਹੈ ਅਤੇ ਲਗਭਗ 50,000 ਅਧਿਕਾਰੀਆਂ ਨੂੰ ਤਨਖ਼ਾਹ ਵੀ ਦਿੰਦਾ ਹੈ। ਹਮਾਸ ਇੱਕ ਸਿਆਸੀ ਅਤੇ ਸਮਾਜਿਕ ਸੰਗਠਨ ਵਜੋਂ ਟੈਕਸਾਂ ਦੀ ਉਗਰਾਹੀ ਕਰਦਾ ਹੈ। ਆਪਣੀਆਂ ਹਮ ਖਿਆਲ ਵਿਦੇਸ਼ੀ ਸਰਕਾਰਾਂ ਅਤੇ ਦਾਨੀ ਸੰਗਠਨਾਂ ਤੋਂ ਇਸ ਨੂੰ ਵਿਦੇਸ਼ੀ ਮਦਦ ਵੀ ਮਿਲਦੀ ਹੈ। 

7 ਅਕਤੂਬਰ ਦੇ ਹਮਲਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹਮਾਸ ਕੋਲ ਫ਼ੌਜੀ ਸਾਜੋ ਸਮਾਨ ਵੀ ਵੱਡੀ ਮਾਤਰਾ ਵਿਚ ਹੈ। ਹਮਾਸ ਦਾ ਆਰਥਿਕ ਤੰਤਰ ਲੁਕਵਾਂ ਹੈ, ਇਹ ਕੌਮਾਂਤਰੀ ਆਰਥਿਕ ਪਾਬੰਦੀਆਂ ਦਾ ਮੁਕਾਬਲਾ ਕਰਨ ਲਈ ਕ੍ਰਿਪਟੋ ਕਰੰਸੀ ਦੀ ਸਹਾਇਤਾ ਲੈਂਦਾ ਹੈ। ਕਤਰ ਦੀ ਗੱਲ ਕੀਤੀ ਜਾਵੇ ਤਾਂ ਕਤਰ ਭਾਵੇਂ ਖਾੜੀ ਦਾ ਇੱਕ ਨਿੱਕਾ ਜਿਹਾ ਦੇਸ਼ ਹੈ ਪਰ ਇਸ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ ਮੁਲਕਾਂ ਵਿਚ ਹੁੰਦੀ ਹੈ।

ਤੁਰਕੀ ਅਤੇ ਦੁਨੀਆਂ ਦੀਆਂ ਕੁਝ ਹੋਰ ਮੁੱਠੀ ਭਰ ਸਰਕਾਰਾਂ ਸਮੇਤ ਕਤਰ ਨੇ ਵੀ ਵਿਰੋਧੀ ਫ਼ਲਸਤੀਨੀ ਕਬੀਲੇ ਫ਼ਤਾਹ ਤੋਂ 2007 ਵਿਚ ਖੂਨੀ ਅਲਹਿਦਗੀ ਤੋਂ ਬਾਅਦ ਹਮਾਸ ਦੀ ਹਮਾਇਤ ਕੀਤੀ ਸੀ। ਉਸੇ ਸਾਲ ਜਦੋਂ ਇਜ਼ਰਾਈਲ ਨੇ ਗਾਜ਼ਾ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਤਰ ਨੇ ਮਨੁੱਖੀ ਅਧਾਰ ’ਤੇ ਗਾਜ਼ਾ ਪੱਟੀ ਦੇ ਫਲਸਤੀਨੀਆਂ ਦੀ ਮਦਦ ਕੀਤੀ। 

ਸਾਲ 2012 ਵਿਚ ਕਤਰ ਦੇ ਤਤਕਾਲੀ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ-ਥਾਨੀ ਸਨ। ਉਹ ਪਹਿਲੇ ਵਿਦੇਸ਼ੀ ਰਾਜ ਪ੍ਰਮੁੱਖ ਸਨ ਜਿਨ੍ਹਾਂ ਨੇ ਹਮਾਸ ਦੇ ਸ਼ਾਸਨ ਅਧੀਨ ਆਏ ਗਾਜ਼ਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਾਜ਼ਾ ਨੂੰ ਲੱਖਾਂ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਆਖ਼ਰ ਇਜ਼ਰਾਈਲ ਨੂੰ ਵੀ ਇਸ ਵਿਚ ਆਪਣੀ ਸਹਿਮਤੀ ਦੇਣੀ ਪਈ।

ਸਾਲ 2012 ਵਿਚ ਸੀਰੀਆ ਦੀ ਖਾਨਾਜੰਗੀ ਤੋਂ ਬਾਅਦ ਕਈ ਹਮਾਸ ਆਗੂਆਂ ਨੂੰ ਡਮੈਸਕਸ ਛੱਡ ਕੇ ਜਾਣਾ ਪਿਆ। ਇਹ ਆਗੂ ਉਦੋਂ ਤੋਂ ਹੀ ਕਤਰ ਵਿੱਚ ਰਹਿ ਰਹੇ ਹਨ। ਸੰਗਠਨ ਦੇ ਆਗੂ ਮੰਨੇ ਜਾਂਦੇ ਇਸਮਾਇਲ ਹਨੀਯੇਹ ਅਤੇ ਇਸ ਤੋਂ ਪਹਿਲਾਂ ਲੀਡਰ ਰਹੇ ਖਾਲਿਦ ਮੇਸ਼ਾਲ ਵੀ ਕਤਰ ਦੀ ਰਾਜਧਾਨੀ ਦੋਹਾ ਵਿਚ ਰਹਿ ਰਹੇ ਹਨ। ਕੁਝ ਤਾਲਿਬਾਨ ਆਗੂ ਵੀ ਸਾਲ 2021 ਵਿੱਚ ਅਫ਼ਗਾਨਿਸਤਾਨ ਵਿਚ ਸੱਤਾ ’ਤੇ ਕਾਬਜ਼ ਹੋਣ ਤੋਂ ਪਹਿਲਾਂ ਦੋਹਾਂ ਵਿਚ ਰਹੇ ਸਨ। 

ਇਸ ਤਰ੍ਹਾਂ ਕਤਰ ਪੱਛਮ ਵੱਲੋਂ ਦਹਿਸ਼ਤਗਰਦ ਸਮਝੇ ਜਾਂਦੇ ਸੰਗਠਨਾਂ ਅਤੇ ਪੱਛਮੀ ਦੇਸ਼ਾਂ ਦਰਮਿਆਨ ਅਹਿਮ ਵਿਚੋਲਾ ਬਣ ਕੇ ਉੱਭਰਿਆ ਹੈ। ਇਨ੍ਹਾਂ ਸੰਗਠਨਾਂ ਨਾਲ ਪੱਛਮੀ ਦੇਸ ਜਨਤਕ ਰਾਇ ਜਾਂ ਕਾਨੂੰਨੀ ਅੜਚਨਾਂ ਕਾਰਨ ਗੱਲਬਾਤ ਨਹੀਂ ਕਰ ਸਕਦੇ। ਹਮਾਸ ਅਤੇ ਇਜ਼ਰਾਈਲ ਦਰਮਿਆਨ ਮਿਸਰ ਰਵਾਇਤੀ ਸਾਲਸ ਰਿਹਾ ਹੈ ਪਰ ਹੁਣ ਇਹ ਜ਼ਿਮਾ ਕਤਰ ਨਿਭਾ ਰਿਹਾ ਹੈ। ਇਹ ਨੁਕਤਾ ਸਾਨੂੰ ਹਮਾਸ ਦੇ ਵੱਲੋਂ ਕਬਜ਼ੇ ਵਿੱਚ ਲਈ ਇਜ਼ਰਾਈਲੀਆਂ ਬਾਰੇ ਹੋਈ ਗੱਲਬਾਤ ਤੋਂ ਵੀ ਸਪਸ਼ਟ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਗਾਜ਼ਾ ਦੇ ਸ਼ਾਸਕ ਵਜੋਂ ਹਮਾਸ ਮਿਸਰ ਨਾਲ ਜੁੜੀਆਂ ਸੁਰੰਗਾਂ ਰਾਂਹੀ ਤਸਕਰੀ ਹੋ ਕੇ ਆਉਣ ਵਾਲੀਆਂ ਵਸਤਾਂ ਸਮੇਤ ਵਿਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਉੱਪਰ ਟੈਕਸ ਵਸੂਲ ਕਰਦਾ ਹੈ।

ਇਸ ਤੋਂ ਇਲਾਵਾ ਪੱਟੀ ਵਿਚ ਹੋਣ ਵਾਲੀਆਂ ਹੋਰ ਕਾਰੋਬਾਰੀ ਸਰਗਰਮੀਆਂ ਤੋਂ ਵੀ ਹਮਾਸ ਟੈਕਸ ਇਕੱਠਾ ਕਰਦਾ ਹੈ। ਹਾਲਾਂਕਿ ਇਸ ਰਾਹੀਂ ਹਰ ਮਹੀਨੇ ਕਿੰਨਾ ਪੈਸਾ ਇਕੱਠਾ ਹੁੰਦਾ ਹੈ ਇਸ ਬਾਰੇ ਕੋਈ ਅੰਕੜੇ ਨਹੀਂ ਹਨ। ਸਾਲ 2016 ਵਿਚ ਗਾਜ਼ਾ ਦੇ ਵਿੱਤ ਮੰਤਰਾਲੇ ਨੇ ਗਾਜ਼ਾ ਵਿਚ ਇਕ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਅੰਕੜਾ ਡੇਢ ਕਰੋੜ ਡਾਲਰ ਸੀ। ਜਦਕਿ ਮੈਥਿਊ ਲੈਵਿਟ ਵਰਗੇ ਵਿਸ਼ਲੇਸ਼ਕਾਂ ਮੁਤਾਬਕ ਇਹ ਅੰਕੜਾ 30 ਤੋਂ 45 ਕਰੋੜ ਡਾਲਰ ਦੇ ਵਿਚਕਾਰ ਹੈ।  

ਇਹ ਗੱਲ ਤਾਂ ਸਪੱਸ਼ਟ ਹੈ ਕਿ ਗਾਜ਼ਾ ਵਿਚ ਬਹੁਤ ਉੱਚੀ ਬੇਰੁਜ਼ਗਾਰੀ ਦਰ ਦੇ ਬਾਵਜੂਦ ਬਹੁਤ ਜ਼ਿਆਦਾ ਟੈਕਸ ਹਨ। ਸੰਯੁਕਤ ਰਾਸ਼ਟਰ ਉੱਥੇ ਬੇਰੁਜ਼ਗਾਰੀ ਦਰ 45% ਹੈ ਅਤੇ ਉੱਥੋਂ ਦੀ 80% ਅਬਾਦੀ ਜੰਗ ਛਿੜਨ ਤੋਂ ਪਹਿਲਾਂ ਮਨੁੱਖਤਾਵਾਦੀ ਮਦਦ ਉੱਪਰ ਨਿਰਭਰ ਸੀ। ਅਲ ਹਰੂਬ ਨੇ ਦੱਸਿਆ ਕਿ, “ਭਾਵੇਂ ਆਮਦਨੀ ਦੇ ਪੱਧਰਾਂ ਵਿਚ ਬਹੁਤ ਜ਼ਿਆਦਾ ਫਰਕ ਹੈ ਪਰ ਗਾਜ਼ਾ ਅਤੇ ਵੈਸਟ ਬੈਂਕ ਨੂੰ ਇੱਕੋ ਨੌਕਰਸ਼ਾਹੀ ਚਲਾ ਰਹੀ ਹੈ।” 

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹਮਾਸ ਵੱਲੋਂ ਇਜ਼ਰਾਈਲੀ ਘੇਰਾਬੰਦੀ ਕਾਰਨ ਪਏ ਘਾਟੇ ਨੂੰ ਪੂਰਾ ਕਰਨ ਲਈ ਸਿਗਰਟਾਂ, ਵਿਦੇਸ਼ੀ ਜੀਨਾਂ, ਗੱਡੀਆਂ ਅਤੇ ਕੁਝ ਗੈਰ ਬੁਨਿਆਦੀ ਮੰਨੀਆਂ ਜਾਂਦੀਆਂ ਖੁਰਾਕੀ ਵਸਤਾਂ ਉੱਤੇ ਹਮਾਸ ਦੇ ਲਾਏ ਟੈਕਸ ਵੀ ਸ਼ਾਮਲ ਹੈ। ਲੈਵਿਟ ਅਨੁਸਾਰ, “ਜਦੋਂ ਤੁਸੀਂ ਹਰ ਚੀਜ਼ ਉੱਪਰ ਟੈਕਸ ਲਗਾਉਂਦੇ ਹੋ, ਵਧਾਉਂਦੇ ਹੀ ਜਾਂਦੇ ਹੋ ਤਾਂ ਅੰਤ ਵਿਚ ਇਹ ਫਿਰੌਤੀ, ਇੱਕ ਕਿਸਮ ਦੀ ਮਾਫੀਆ ਸਰਗਰਮੀ ਬਣ ਜਾਂਦੀ ਹੈ।”

ਲਗਾਤਾਰ ਵਧਦੇ ਟੈਕਸਾਂ ਅਤੇ ਮਹਿੰਗਾਈ ਨੇ ਲੋਕਾਂ ਵਿਚ ਤਣਾਅ ਪੈਦਾ ਕੀਤਾ ਹੈ ਅਤੇ ਕੁਝ ਕਾਰੋਬਾਰੀਆਂ ਵੱਲੋ ਧਰਨੇ ਵੀ ਦਿੱਤੇ ਗਏ ਜਿਨ੍ਹਾਂ ਨੂੰ ਹਮਾਸ ਨੇ ਚੁੱਪ ਕਰਵਾ ਦਿੱਤਾ। ਅਮਰੀਕਾ ਦੇ ਖਜ਼ਾਨਾ ਵਿਭਾਗ ਦੇ ਆਫ਼ਿਸ ਆਫ ਫਾਰਨ ਐਸੈਟ ਕੰਟਰੋਲ (ਓਐਫਏਸੀ) ਮੁਤਾਬਕ, ਹਮਾਸ ਦਾ ਅੰਦਾਜ਼ਨ 50 ਕਰੋੜ ਡਾਲਰ ਦਾ ਕੌਮਾਂਤਰੀ ਨਿਵੇਸ਼ ਵੀ ਹੈ।

ਅਮਰੀਕੀ ਵਿਭਾਗ ਮੁਤਾਬਕ ਹਮਾਸ ਦੀਆਂ ਸੁਡਾਨ, ਤੁਰਕੀ, ਸਾਊਦੀ ਅਰਬ, ਅਲਜੀਰੀਆ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਕੰਪਨੀਆਂ ਹਨ। ਵਿਭਾਗ ਦਾ ਇਹ ਵੀ ਮੰਨਣਾ ਹੈ ਕਿ ਇਸ ਨਿਵੇਸ਼ ਦੀ ਨਜ਼ਰਸਾਨੀ ਹਮਾਸ ਦੀ ਸਿਰਮੌਰ ਲੀਡਰਸ਼ਿਪ ਜਿਸ ਵਿਚ ਸ਼ੂਰਾ ਕੌਂਸਲ ਅਤੇ ਕਾਰਜਕਾਰੀ ਕਮੇਟੀ ਸ਼ਾਮਲ ਹਨ, ਕਰਦੀ ਹੈ।
ਓਐਫਏਸੀ ਨੇ ਪਿਛਲੇ ਸਾਲ ਹਮਾਸ ਲਈ ਪੈਸਾ ਲੁਕੋਣ ਅਤੇ ਉਸ ਨੂੰ ਧੋਣ ਵਿੱਚ ਮਦਦਗਾਰ ਕੁਝ ਕੰਪਨੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਸੀ।

ਅਮਰੀਕਾ ਹਮਾਸ ਨੂੰ ਇੱਕ ਦਹਿਸ਼ਤਗਰਦ ਸੰਗਠਨ ਮੰਨਦਾ ਹੈ ਅਤੇ ਉਸ ਨਾਲ ਕਾਰੋਬਾਰ ਕਰਨ ਵਾਲਿਆਂ ਨੂੰ ਸਜ਼ਾ ਵੀ ਦਿੰਦਾ ਹੈ। ਅਮਰੀਕਾ ਵੱਲੋਂ ਛਾਪੀ ਸੁਚੀ ਵਿਚ ਸੂਡਾਨ ਦੀ ਇੱਕ ਖਣਨ ਕੰਪਨੀ, ਤੁਰਕੀ ਦੀ ਇੱਕ ਜ਼ਮੀਨ ਦੇ ਕਾਰੋਬਾਰ ਨਾਲ ਜੁੜੀ ਕੰਪਨੀ ਅਤੇ ਸਾਊਦੀ ਦੀ ਉਸਾਰੀ ਦੇ ਕੰਮ ਵਿਚ ਲੱਗੀ ਇੱਕ ਕੰਪਨੀ ਵੀ ਸ਼ਾਮਲ ਹੈ।

ਪਿਛਲੇ ਮਹੀਨੇ ਓਐਫਏਸੀ ਨੇ ਪਾਬੰਦੀਆਂ ਦੇ ਦੂਜੇ ਗੇੜ ਦਾ ਐਲਾਨ ਕੀਤਾ। ਇਸ ਵਿੱਚ ਹਮਾਸ ਦੇ ਈਰਾਨ ਵਿੱਚ ਰਹਿ ਰਹੇ ਨੁਮਾਇੰਦੇ ਅਤੇ ਈਰਾਨੀਅਨ ਰੈਵੋਲਿਊਸ਼ਨਰੀ ਗਾਰਡ ਦੇ ਮੈਂਬਰ ਸ਼ਾਮਲ ਹਨ। ਹਮਾਸ ਫਲਸਤੀਨ ਇਲਾਕਿਆਂ, ਅਰਬ ਦੇਸ਼ਾਂ ਅਤੇ ਹੋਰ ਥਾਵਾਂ ’ਤੇ ਬੈਠੇ ਆਪਣੇ ਹਮ-ਖਿਆਲ ਦਾਨੀਆਂ ਉੱਪਰ ਵੀ ਨਿਰਭਰ ਕਰਦਾ ਹੈ।

ਇਹ ਦਾਨ ਜ਼ਕਾਤ ਦੇ ਰੂਪ ਵਿਚ ਹਮਾਸ ਕੋਲ ਪਹੁੰਚਦਾ ਹੈ। ਇਸਲਾਮ ਵਿਚ ਜ਼ਕਾਤ ਕਿਸੇ ਮੁਸਲਮਾਨ ਦੀ ਨਿੱਜੀ ਆਮਦਨੀ ਦਾ ਉਹ ਹਿੱਸਾ ਹੈ ਜੋ ਲੋੜਵੰਦਾਂ ਦੀ ਮਦਦ ਲਈ ਕੱਢਿਆ ਜਾਂਦਾ ਹੈ। ਹਮਾਸ ਦੀਆਂ ਕਈ ਸ਼ਾਖਾਵਾਂ ਹਨ। ਇਨ੍ਹਾਂ ਜ਼ਰੀਏ ਪੈਸਾ ਇਕੱਠਾ ਕਰਦੇ ਸਮੇਂ ਹਥਿਆਰਬੰਦ ਵਿੰਗ ਦਾ ਨਾਮ ਨਹੀਂ ਲਿਆ ਜਾਂਦਾ। 
ਹਰੂਬ ਦੱਸਦੇ ਹਨ, “ਉੱਥੋਂ ਇਹ ਸਕੂਲਾਂ, ਹਸਪਤਾਲਾਂ, ਜਾਂ ਸਿਆਸੀ ਮੁਹਿੰਮਾਂ ਲਈ ਪੈਸਾ ਮੰਗਦੇ ਹਨ।”   

ਹਰੂਬ ਦੱਸਦੇ ਹਨ ਕਿ ਅਮਰੀਕਾ ਨੇ ਦਹਿਸ਼ਤ ਖਿਲਾਫ਼ ਜੰਗ ਛੇੜ ਕੇ ਜਿਹੜੇ ਸੰਗਠਨਾਂ ਨੂੰ ਉਹ ਦਹਿਸ਼ਤਗਰਦ ਸਮਝਦਾ ਸੀ, ਉਹਨਾਂ ਨੂੰ ਪੈਸੇ ਦੀ ਪੂਰਤੀ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ “ਹਮਾਸ ਨੇ ਜੁੰਮੇ ਦੀ ਨਮਾਜ਼ ਮਗਰੋਂ ਗਾਜ਼ਾ ਵਿੱਚੋਂ ਇੱਕ ਦਿਨ ਵਿਚ ਹੀ 15-20 ਲੱਖ ਡਾਲਰ ਇਕੱਠੇ ਕਰ ਲਏ ਸਨ।” ਲੈਵਿਟ ਕਹਿੰਦੇ ਹਨ, ਜਦੋਂ ਹਮਾਸ ਦਾਨੀ ਸੰਸਥਾਵਾਂ ਰਾਹੀਂ ਪੈਸੇ ਇਕੱਠੇ ਕਰਦਾ ਹੈ ਤਾਂ “ਉਹ ਇਹ ਨਹੀਂ ਕਹਿੰਦੇ ਕਿ ਇਹ ਪੈਸੇ ਹਮਾਸ ਨੂੰ ਜਾਣੇ ਹਨ ਸਗੋਂ ਉਹ ਖੂਨੋ-ਖੂਨ ਕਿਸੇ ਬੱਚੇ ਦੀ ਫ਼ੋਟੋ ਲਾਉਂਦੇ ਹਨ।” ਇਸ “ਪੈਸੇ ਦਾ ਵੱਡਾ ਹਿੱਸਾ ਸੈਨਿਕ ਮੰਤਵਾਂ ਲਈ ਵਰਤਿਆ ਜਾਂਦਾ ਹੈ।”

ਸਾਲ 2019 ਤੋਂ ਬਾਅਦ ਇਸ ਵਿਚੋਂ ਕੁਝ ਦਾਨ ਕਰਿਪਟੋ ਕਰੰਸੀ ਰਾਹੀਂ ਵੀ ਕੀਤੇ ਗਏ ਹਨ। ਟੀਆਰਐਮ (ਬਲਾਕਚੇਨ ਇੰਟੈਲੀਜੈਂਸ ਕੰਪਨੀ) ਦੇ ਨੀਤੀ ਅਤੇ ਸਰਕਾਰੀ ਮਾਮਲਿਆਂ ਬਾਰੇ ਮੁਖੀ ਅਰੀ ਰੈਡਬੋਰਡ ਨੇ ਚੈਨਲ ਨੂੰ ਦੱਸਿਆ ਕਿ “ਹਮਾਸ ਕਰਿਪਟੋ ਕਰੰਸੀ ਦੀ ਵਰਤੋਂ ਕਰਨ ਵਾਲੇ ਕੁਝ ਪਹਿਲਿਆਂ ਵਿਚੋਂ ਸਨ, ਜਾਂ ਘੱਟੋ-ਘੱਟ ਜਿਨ੍ਹਾਂ ਨੇ ਇਸ ਰਾਹੀਂ ਦਾਨ ਮੰਗਿਆ।” 

ਉਹ ਕਹਿੰਦੇ ਹਨ ਕਿ ਪਹਿਲਾਂ-ਪਹਿਲ ਹਮਾਸ ਨੇ ਬਿਟਕੌਇਨ ਦੀ ਵਰਤੋਂ ਕੀਤੀ ਪਰ ਫਿਰ ਉਨ੍ਹਾਂ ਨੇ ਟਰੋਨ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ।  ਕਰਿਪਟੋ ਕੰਰਸੀ ਨਾਲ ਬਹੁਤ ਵੱਡੀ ਰਕਮ ਰਵਾਇਤੀ ਪੈਸੇ ਦੇ ਮੁਕਾਬਲੇ ਕਿਤੇ ਤੇਜ਼ੀ ਨਾਲ ਇਧਰੋਂ-ਉੱਧਰ ਭੇਜਿਆ ਜਾ ਸਕਦੀ ਹੈ। ਰੈਡਬੋਰਡ ਕਹਿੰਦੇ ਹਨ ਕਿ ਇਸੇ ਕਾਰਨ ਇਹ ਤਕਨੀਕ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਦੀ ਹੈ।

ਹਾਲਾਂਕਿ ਕਰਿਪਟੋ ਦੀ ਪੈੜ ਨੱਪਣ ਵਾਲੀ ਤਕਨੀਕ ਵਿੱਚ ਵੀ ਲਗਾਤਾਰ ਸੁਧਾਰ ਹੋਇਆ ਹੈ। ਇਸ ਸਦਕਾ ਇਜ਼ਰਾਈਲ ਅਤੇ ਅਮਰੀਕਾ ਵਰਗੀਆਂ ਸਰਕਾਰਾਂ ਲਈ ਹਮਾਸ ਨੂੰ ਕਰਿਪਟੋ ਕੰਰਸੀ ਦੇ ਰੂਪ ਵਿਚ ਜਾਂਦੇ ਚੰਦੇ ਉੱਪਰ ਨਿਗ੍ਹਾ ਰੱਖਣੀ ਸੰਭਵ ਹੋਈ ਹੈ। ਟੀਆਰਐਮ ਲੈਬ ਮੁਤਾਬਕ ਸਾਲ 2020 ਵਿਚ ਅਮਰੀਕਾ ਦੇ ਨਿਆਂ ਵਿਭਾਗ ਨੇ ਹਮਾਸ ਨਾਲ ਜੁੜੇ 150 ਕਰਿਪਟੋ ਕਰੰਸੀ ਪਤੇ ਜ਼ਬਤ ਕੀਤੇ ਸਨ। ਜੋ ਕਿ ਟੈਲੀਗ੍ਰਾਮ ਅਤੇ ਹੋਰ ਵੈਬਸਾਈਟਾਂ ਰਾਹੀਂ ਹਮਾਸ ਲਈ ਪੈਸੇ ਇਕੱਠੇ ਕਰ ਰਹੇ ਸਨ।

ਰੈਡਬੋਰਡ ਕਹਿੰਦੇ ਹਨ, ਪਿਛਲੇ ਸਾਲਾਂ ਦੌਰਾਨ ਸੈਂਕੜੇ ਹੋਰ ਪਤੇ ਵੀ ਇਜ਼ਰਾਈਲ ਦੇ ਅਧਿਕਾਰੀਆਂ ਨੇ ਫੜੇ ਹਨ। ਹਮਾਸ ਨੇ ਖ਼ੁਦ ਅਪ੍ਰੈਲ 2023 ਵਿਚ ਕਿਹਾ, “ਦਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਉਹ ਕਰਿਪਟੋ ਕੰਰਸੀ ਰਾਹੀ ਚੰਦਾ ਇਕੱਠਾ ਕਰਨਾ ਬੰਦ ਕਰ ਰਿਹਾ ਹੈ।” ਟੀਆਰਐਮ ਨੇ 7 ਅਕਤੂਬਰ ਤੋਂ ਬਾਅਦ ਫੰਡ ਇਕੱਠਾ ਕਰਨ ਦੀ ਸਰਗਮੀ ਵਿਚ ਕੋਈ ਉਛਾਲ ਨਹੀਂ ਦੇਖਿਆ ਹੈ। ਅਕਸਰ ਜਦੋਂ ਕੋਈ ਹਿੰਸਕ ਸਰਗਰਮੀ ਹੁੰਦੀ ਹੈ ਤਾਂ ਇਸ ਪਾਸੇ ਵੀ ਤੇਜ਼ੀ ਦੇਖੀ ਜਾਂਦੀ ਹੈ। ਰੈਡਬੋਰਡ ਕਹਿੰਦੇ ਹਨ, “ਦਹਿਸ਼ਤ ਨੂੰ ਜਾਂਦੇ ਪੈਸੇ ਦੀ ਬੁਝਾਰਤ ਦਾ ਕਰਿਪਟੋ ਕਰੰਸੀ ਇੱਕ ਬਹੁਤ ਛੋਟਾ ਹਿੱਸਾ ਹੈ।” 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement