
ਮੇਰੀ ਉਮਰ ਅਜੇ ਮਸਾਂ 12-13 ਸਾਲ ਦੀ ਸੀ ਜਦੋਂ 1 ਜੂਨ, 1984 ਨੂੰ ਭਾਰਤੀ ਫ਼ੌਜਾਂ ਨੇ ਵਿਦੇਸ਼ੀ ਹਮਲਾਵਰਾਂ ਵਾਂਗ ਸਾਡੀ ਕੌਮ ਦੇ ਸਰਬਉੱਚ ਧਾਰਮਕ ਅਸਥਾਨ ਸ੍ਰੀ ਹਰਿਮੰਦਰ ...
ਮੇਰੀ ਉਮਰ ਅਜੇ ਮਸਾਂ 12-13 ਸਾਲ ਦੀ ਸੀ ਜਦੋਂ 1 ਜੂਨ, 1984 ਨੂੰ ਭਾਰਤੀ ਫ਼ੌਜਾਂ ਨੇ ਵਿਦੇਸ਼ੀ ਹਮਲਾਵਰਾਂ ਵਾਂਗ ਸਾਡੀ ਕੌਮ ਦੇ ਸਰਬਉੱਚ ਧਾਰਮਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਸ਼ਾਂਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰ ਦਿਤਾ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ,
ਜੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਹੁੰਚੀਆਂ ਸਨ, ਨੂੰ ਸ਼ਹੀਦ ਕਰ ਦਿਤਾ ਗਿਆ। ਮੇਰੀ ਉਮਰ ਉਦੋਂ ਛੋਟੀ ਹੋਣ ਕਰ ਕੇ ਮੈਂ ਸਮਝਦਾ ਸੀ ਕਿ ਇਹ ਫ਼ੌਜੀ ਹਮਲਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ ਪਰ ਅੱਜ ਸਮਝ ਆਉਂਦੀ ਹੈ ਕਿ ਸੰਤਾਂ ਅਤੇ ਉਨ੍ਹਾਂ ਨੇ ਸਾਥੀਆਂ ਨੂੰ ਗ੍ਰਿਫ਼ਤਾਰ ਜਾਂ ਖ਼ਤਮ ਕਰਨ ਦੇ ਸਰਕਾਰ ਕੋਲ ਹੋਰ ਅਨੇਕਾਂ ਸਾਧਨ ਸਨ।
ਅਸਲ ਵਿਚ ਇਸ ਹਮਲੇ ਦਾ ਮਕਸਦ ਸਮੁੱਚੀ ਕੌਮ ਨੂੰ ਜ਼ਲੀਲ ਕਰਨਾ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਹੁੰਚੀਆਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਵੱਧ ਤੋਂ ਨੁਕਸਾਨ ਕਰ ਕੇ ਸਿੱਖ ਕੌਮ ਨੂੰ ਭੈਅਭੀਤ ਕਰਨਾ ਸੀ। ਪਿੰਡਾਂ ਵਿਚ ਜੇਕਰ ਬਹੁਤੇ ਲੋਕ ਸੰਤ ਭਿੰਡਰਾਂਵਾਲਿਆਂ ਦੇ ਹਮਾਇਤੀ ਸਨ ਤਾਂ ਕਾਫ਼ੀ ਲੋਕ ਉਨ੍ਹਾਂ ਦੇ ਵਿਰੋਧੀ ਵੀ ਸਨ। ਸਾਡੇ ਘਰ ਦੇ ਲਾਗੇ ਹੀ ਇਕ ਮਸ਼ਹੂਰ ਜਗ੍ਹਾ ਪੀਰਖ਼ਾਨਾ ਹੈ। ਇਸ ਜਗ੍ਹਾ ਤੇ ਅੱਜ ਵੀ ਪਿੱਪਲ ਅਤੇ ਨਿੰਮ ਦੀ ਬੜੀ ਸੰਘਣੀ ਛਾਂ ਵਾਲੇ ਦਰੱਖ਼ਤ ਹਨ। ਪਿੰਡ ਦੇ ਲੋਕ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਇਸ ਥਾਂ ਆ ਬੈਠਦੇ।
ਫ਼ੌਜੀ ਹਮਲੇ ਦੇ ਦਿਨਾਂ ਵਿਚ ਤਾਂ ਇਥੇ ਹੋਰ ਵੀ ਜ਼ਿਆਦਾ ਲੋਕ ਇਕੱਠੇ ਹੋਣ ਲੱਗੇ। ਟੈਲੀਵਿਜ਼ਨ ਭਾਵੇਂ ਟਾਵੇਂ-ਟਾਵੇਂ ਹੀ ਸਨ ਪਰ ਰੇਡੀਉ ਕਾਫ਼ੀ ਘਰਾਂ ਵਿਚ ਸਨ। ਕਈ ਵਿਅਕਤੀ ਆਪੋ ਅਪਣੇ ਰੇਡੀਉ ਲੈ ਕੇ ਪੀਰਖ਼ਾਨੇ ਆ ਬੈਠਦੇ। ਇਕ-ਇਕ ਪਲ ਦੀ ਖ਼ਬਰ ਲੋਕ ਕੰਨ ਲਾ ਕੇ ਸੁਣਦੇ। ਪਹਿਲੀ ਜੂਨ ਨੂੰ ਦਰਬਾਰ ਸਾਹਿਬ ਤੇ ਜ਼ਬਰਦਸਤ ਗੋਲਾਬਾਰੀ ਦੀਆਂ ਖ਼ਬਰਾਂ।
ਫਿਰ ਦੋ ਅਤੇ ਤਿੰਨ ਜੂਨ ਨੂੰ ਹਾਲਾਤ ਬਹੁਤੇ ਵਿਗੜ ਗਏ। ਰੇਡੀਉ, ਟੀ.ਵੀ. ਕਾਫ਼ੀ ਘੱਟ ਖ਼ਬਰਾਂ ਦੇ ਰਹੇ ਸਨ। ਅਖ਼ਬਾਰਾਂ ਤਾਂ ਬਿਲਕੁਲ ਬੰਦ ਕਰ ਦਿਤੀਆਂ ਸਨ। ਪਰ ਕੰਨੋ-ਕੰਨੀਂ ਖ਼ਬਰ ਲੋਕਾਂ ਤਕ ਪਹੁੰਚ ਚੁੱਕੀ ਸੀ ਕਿ ਭਾਰਤੀ ਫ਼ੌਜਾਂ ਨੇ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤੋਪਾਂ ਦੇ ਫ਼ਾਇਰ ਖੋਲ੍ਹ ਦਿਤੇ ਅਤੇ ਅੰਦਰ ਘਿਰੇ ਹਜ਼ਾਰਾਂ ਸ਼ਰਧਾਲੂਆਂ ਦੇ ਮਾਰੇ ਜਾਣ ਦੀ ਖ਼ਬਰ ਨੇ ਸੱਭ ਨੂੰ ਝੰਜੋੜ ਕੇ ਰੱਖ ਦਿਤਾ।
ਉਸ ਦਿਨ ਪੀਰਖ਼ਾਨੇ ਵਾਲੀ ਥਾਂ ਉਤੇ ਭਾਰੀ ਇਕੱਠ ਸੀ। ਪਰ ਲੋਕਾਂ ਵਿਚ ਚੁੱਪ ਪਸਰੀ ਹੋਈ ਸੀ। ਸੱਭ ਦੀਆਂ ਅੱਖਾਂ ਵਿਚ ਹੰਝੂ ਤੈਰ ਰਹੇ ਸਨ। ਸੰਤਾਂ ਦੀ ਸ਼ਹੀਦੀ ਦੀ ਖ਼ਬਰ ਸੁਣ ਮੇਰਾ ਰੋਣਾ ਨਿਕਲ ਗਿਆ। ਮੈਂ ਭਰੀਆਂ ਅੱਖਾਂ ਲੈ ਕੇ ਘਰ ਚਲਾ ਗਿਆ। ਸਾਰਾ ਪ੍ਰਵਾਰ ਉਦਾਸੀ ਦੇ ਆਲਮ ਵਿਚ ਸੀ। ਪਿਤਾ ਜੀ ਸਰਕਾਰੀ ਮੁਲਾਜ਼ਮ ਹੋਣ ਕਰ ਕੇ ਸੰਤ ਭਿੰਡਰਾਂਵਾਲਿਆਂ ਦੇ ਬਹੁਤੇ ਸਮਰਥਕ ਨਹੀਂ ਸਨ। ਪਰ ਉਹ ਵੀ ਚੁੱਪਚਾਪ ਤੇ ਉਦਾਸ ਬੈਠੇ ਸਨ।
ਖ਼ਬਰਾਂ ਅਨੁਸਾਰ ਫ਼ੌਜ ਸ੍ਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਚੁੱਕੀ ਸੀ। ਮੈਨੂੰ ਘਰ ਚੈਨ ਨਾ ਆਇਆ। ਮੈਂ ਦੁਬਾਰਾ ਪੀਰਖ਼ਾਨੇ ਚਲਾ ਗਿਆ। ਜੋ ਲੋਕ ਸੰਤਾਂ ਦੇ ਕੱਟੜ ਵਿਰੋਧੀ ਸਨ, ਉਨ੍ਹਾਂ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨ। ਮੈਂ ਸੋਚ ਰਿਹਾ ਸੀ ਕਿ ਇਹ ਲੋਕ ਤਾਂ ਸੰਤਾਂ ਦੇ ਵਿਰੋਧੀ ਹੋਣ ਦੇ ਬਾਵਜੂਦ ਵੀ ਕਿਉਂ ਰੋ ਰਹੇ ਹਨ? ਪਰ ਉਦੋਂ ਮੈਨੂੰ ਸਮਝ ਨਹੀਂ ਸੀ ਕਿ ਇਹ ਮਾਮਲਾ ਇਕੱਲੇ ਸੰਤ ਭਿੰਡਰਾਂਵਾਲਿਆਂ ਜਾਂ ਦਮਦਮੀ ਟਕਸਾਲ ਦਾ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਦਾ ਬਣ ਚੁੱਕਾ ਸੀ।
ਉਥੇ ਬੈਠਾ ਭਾਵੇਂ ਕੋਈ ਅਕਾਲੀ ਸੀ, ਕਾਂਗਰਸੀ ਜਾਂ ਕਾਮਰੇਡ ਸੀ ਸੱਭ ਦੀਆਂ ਅੱਖਾਂ ਨਮ ਸਨ। ਕਈ ਜਜ਼ਬਾਤੀ ਨੌਜਵਾਨ ਬਦਲਾ ਲੈਣ ਦੀਆਂ ਗੱਲਾਂ ਕਰ ਰਹੇ ਸਨ। ਬਜ਼ੁਰਗ ਆਖ ਰਹੇ ਸਨ 'ਸਿੱਖ ਕੌਮ ਨਾਲ ਮੱਥਾ ਲਾ ਕੇ ਇੰਦਰਾ ਨੇ ਚੰਗਾ ਨਹੀਂ ਕੀਤਾ, ਪਾਪਣ ਨੂੰ ਕਿਤੇ ਢੋਈ ਨਾ ਮਿਲੇ।' ਮੈਂ ਹੈਰਾਨ ਸਾਂ ਕਿ ਜਿਹੜੇ ਕੱਲ ਤਕ ਇੰਦਰਾ ਦੇ ਹਮਾਇਤੀ ਸਨ, ਅੱਜ ਉਸ ਨੂੰ ਲਾਹਨਤਾਂ ਪਾ ਰਹੇ ਸਨ।
ਹਰਿਮੰਦਰ ਸਾਹਬ ਦੀ ਹਦੂਦ ਅੰਦਰ ਜੋ ਕੁੱਝ ਹੋਇਆ ਸਰਕਾਰ ਨੇ ਦਬਾ ਕੇ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਛੇਤੀ ਹੀ ਸੱਚ ਪੜ੍ਹਦੇ ਪੜ੍ਹਦੇ ਬਾਹਰ ਆ ਗਿਆ। ਮਨੁੱਖਤਾ ਨੂੰ ਪਿਆਰ ਕਰਨ ਵਾਲੀ ਸੰਸਾਰ ਪ੍ਰਸਿੱਧ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਅਪਣਾ ਐਵਾਰਡ ਵਾਪਸ ਕਰਦਿਆਂ ਕਿਹਾ, ''ਭਾਰਤੀ ਫ਼ੌਜ ਨੇ ਜੋ ਬੀਬੀਆਂ ਤੇ ਛੋਟੇ-ਛੋਟੇ ਬੱਚੇ ਬੰਦੀ ਬਣਾਏ ਸਨ, ਉਹ ਪਾਣੀ ਖੁਣੋਂ ਪਿਆਸ ਨਾਲ ਤੜਫ਼ ਰਹੇ ਸਨ।
ਸਿੱਖ ਬੀਬੀਆਂ ਨੇ ਅਪਣੀਆਂ ਚੁੰਨੀਆਂ ਨਾਲ ਅਪਣਾ ਮੁੜ੍ਹਕਾ ਪੂੰਝ ਕੇ ਬੱਚਿਆਂ ਦੇ ਮੂੰਹ ਵਿਚ ਨਿਚੋੜਨ ਦੀ ਕੋਸ਼ਿਸ਼ ਕੀਤੀ, ਪਰ ਤੇਰੇ ਫ਼ੌਜੀਆਂ ਨੂੰ ਇਹ ਵੀ ਗਵਾਰਾ ਨਹੀਂ ਸੀ। ਫ਼ੌਜੀਆਂ ਨੇ ਬੀਬੀਆਂ ਤੋਂ ਬੱਚੇ ਖੋਹ ਗੋਲੀਆਂ ਨਾਲ ਭੁੰਨ ਦਿਤੇ। ਸ਼ਾਇਦ ਅਜਿਹਾ ਸਲੂਕ ਅਜਕਲ ਦੇ ਜ਼ਮਾਨੇ ਵਿਚ ਕਿਸੇ ਦੇਸ਼ ਦੀ ਫ਼ੌਜ ਦੁਸ਼ਮਣ ਦੇਸ਼ ਦੀ ਜਨਤਾ ਨਾਲ ਵੀ ਨਹੀਂ ਕਰਦੀ। ਇਸ ਲਈ ਇਨਸਾਨੀਅਤ ਦੇ ਤੌਰ ਤੇ ਭਾਰਤ ਸਰਕਾਰ ਤੋਂ ਮਿਲਿਆ ਐਵਾਰਡ ਅਪਣੇ ਕੋਲ ਰੱਖਣ ਦੀ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ।''
ਇਸ ਤੋਂ ਇਲਾਵਾ ਹਿੰਦੁਸਤਾਨ ਫ਼ੌਜੀਆਂ ਵਲੋਂ ਸੰਗਤਾਂ ਨੂੰ ਕਮਰਿਆਂ ਵਿਚ ਬੰਦ ਕਰ ਕੇ ਅੱਥਰੂ ਗੈਸ ਛਡਣੀ, ਬਾਹਾਂ ਪਿੱਛੇ ਬੰਨ੍ਹ ਕੇ ਤਪਦੀ ਫਰਸ਼ ਉਤੇ ਸੁੱਟੇ ਨੌਜਵਾਨਾਂ ਨੂੰ ਗੋਲੀ ਮਾਰ ਦਿਤੀ ਗਈ, ਦਰਦਨਾਕ ਮੌਤ। ਇਸ ਤੋਂ ਵੀ ਕਾਲੀਆਂ ਕਰਤੂਤਾਂ ਸਿੱਖ ਬੀਬੀਆਂ ਨੂੰ ਨਾਲ ਬਲਾਤਕਾਰ ਕਰ ਕੇ ਉਨ੍ਹਾਂ ਦਾ ਕੀਤਾ ਕਤਲੇਆਮ ਕੀ ਭੁੱਲਣਯੋਗ ਹੈ? ਛੇ-ਛੇ ਮਹੀਨਿਆਂ ਦੇ ਬੱਚਿਆਂ ਨੂੰ ਫ਼ੌਜੀਆਂ ਵਲੋਂ ਲੱਤਾਂ ਤੋਂ ਫੜ-ਫੜ ਕੇ ਕੰਧਾਂ ਵਿਚ ਮਾਰ ਕੇ ਸ਼ਹੀਦ ਕਰਨਾ, ਕਿਥੋਂ ਦੀ ਬਹਾਦਰੀ ਹੈ? ਕੀ ਛੇ-ਛੇ ਮਹੀਨੇ ਦੇ ਬੱਚੇ ਜਿਨ੍ਹਾਂ ਨੂੰ ਜ਼ੁਬਾਨ ਵਿਚੋਂ ਮਾਂ ਸ਼ਬਦ ਵੀ ਬੋਲਣਾ ਨਹੀਂ ਸੀ ਆਉਣਾ ਕੀ ਉਹ ਅਤਿਵਾਦੀ ਸਨ?
ਕੀ ਭਾਰਤੀ ਫ਼ੌਜ ਵਲੋਂ ਕੀਤੇ ਅਜਿਹੇ ਕਾਰੇ ਭੁੱਲਣਯੋਗ ਹਨ? ਚਹੁੰ ਵਰਣਾਂ ਦੇ ਸਾਂਝੇ ਹਰਿਮੰਦਰ ਸਾਹਿਬ ਤੇ ਵੱਜੀਆਂ ਗੋਲੀਆਂ। ਢਹਿ ਢੇਰੀ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ, ਗ਼ਾਇਬ ਕੀਤੀ ਗਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਭਾਰਤੀ ਫ਼ੌਜਾਂ ਵਲੋਂ ਅਬਦਾਲੀ ਦੀ ਤਰ੍ਹਾਂ ਲੁਟਿਆ ਕੌਮੀ ਖ਼ਜ਼ਾਨਾ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰ ਕੇ ਪਾਏ ਭੰਗੜੇ ਅਤੇ ਵੰਡੀਆਂ ਮਠਿਆਈਆਂ ਨੂੰ ਬੜੀ ਢੀਠਤਾਈ ਨਾਲ ਭੁੱਲ ਜਾਉ,
ਕਹਿਣ ਵਾਲੇ ਅਖੌਤੀ ਦੇਸ਼ ਭਗਤਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਹਿੰਦੁਸਤਾਨੀ ਹਾਕਮਾਂ ਵਲੋਂ ਕੀਤਾ ਇਹ ਅਣਮਨੁੱਖੀ ਕਾਰਾ ਨਾ ਸਹਿਣਯੋਗ ਹੈ, ਨਾ ਭੁੱਲਣਯੋਗ ਅਤੇ ਨਾ ਬਖ਼ਸ਼ਣਯੋਗ ਹੈ। ਮੇਰੀ ਕੌਮ ਦਾ ਹਰ ਬਸ਼ਿੰਦਾ ਆਖ਼ਰੀ ਸਾਹਾਂ ਤਕ ਇਸ ਨੂੰ ਕਦੇ ਵੀ ਭੁੱਲ ਨਹੀਂ ਸਕੇਗਾ। ਕਦੋਂ ਤਕ ਮੇਰੀ ਅਣਖੀ ਕੌਮ ਹਿੰਦੁਸਤਾਨੀ ਸਿਸਟਮ ਵਲੋਂ ਦਿਤੇ ਇਨ੍ਹਾਂ ਜ਼ਖ਼ਮਾਂ ਨੂੰ ਖ਼ੁਦ ਕੁਰੇਦਦੀ ਰਹੇਗੀ ਤਾਕਿ ਇਹ ਕਦੇ ਸੁੱਕ ਜਾਣ?
ਸੰਪਰਕ : 98725-07301