
ਇਕ ਉਭਰਦੇ ਕਲਾਕਾਰ ਉਤੇ ਹੋਏ ਹਮਲੇ ਨੇ ਪੰਜਾਬੀ ਸੰਗੀਤ ਉਦਯੋਗ ਨੂੰ ਹਲੂਣ ਕੇ ਰੱਖ ਦਿਤਾ ਹੈ ਅਤੇ ਨਾਲ ਦੀ ਨਾਲ ਕਈ ਨਾ ਸੁਲਝਣ ਵਾਲੀਆਂ ਤਾਣੀਆਂ ਨੇ ਵੀ ਜਨਮ ਲਿਆ ਹੈ...
ਇਕ ਉਭਰਦੇ ਕਲਾਕਾਰ ਉਤੇ ਹੋਏ ਹਮਲੇ ਨੇ ਪੰਜਾਬੀ ਸੰਗੀਤ ਉਦਯੋਗ ਨੂੰ ਹਲੂਣ ਕੇ ਰੱਖ ਦਿਤਾ ਹੈ ਅਤੇ ਨਾਲ ਦੀ ਨਾਲ ਕਈ ਨਾ ਸੁਲਝਣ ਵਾਲੀਆਂ ਤਾਣੀਆਂ ਨੇ ਵੀ ਜਨਮ ਲਿਆ ਹੈ। ਹਰ ਕੋਈ ਆਪੋ-ਅਪਣੇ ਨਜ਼ਰੀਏ ਤੋਂ ਵੇਖ ਕੇ ਕਿਆਫ਼ੇ ਲਾ ਰਿਹਾ ਨਜ਼ਰ ਆਉਂਦਾ ਹੈ। ਮੇਰੀ ਜਾਚੇ ਇਸ ਸਮੇਂ ਲੋਕ ਅਤੇ ਸੰਗੀਤ ਜਗਤ ਦੀਆਂ ਪ੍ਰਸਿੱਧ ਹਸਤੀਆਂ, ਜਿਨ੍ਹਾਂ ਨੇ ਸਦਾ ਹੀ ਚੰਗੇ ਸਾਰੋਕਾਰਾਂ ਨੂੰ ਅਪਣਾਇਆ ਅਤੇ ਮਾਂ-ਬੋਲੀ ਦੇ ਸਰਵਣ ਪੁੱਤਰ ਬਣ ਕੇ ਝੂਲਦੇ ਝੱਖੜਾਂ ਵਿਚ ਵੀ ਸਭਿਆਚਾਰ ਰੂਪੀ ਦੀਵੇ ਦੀ ਲੋਅ ਨੂੰ ਜਗਦਿਆਂ ਰੱਖਣ ਦਾ ਬੀੜਾ ਚੁਕਿਆ,
ਅਤੇ ਦੂਜੇ ਪਾਸੇ ਜਿਨ੍ਹਾਂ ਸ਼ੌਹਰਤ ਅਤੇ ਦੌਲਤ ਦੇ ਘੋੜੇ ਉਤੇ ਸਵਾਰ ਹੁੰਦਿਆਂ ਮਾਂ-ਬੋਲੀ ਨੂੰ ਵਿਸਾਰ ਹਮੇਸ਼ਾ ਵਪਾਰਕ ਹਿਤਾਂ ਨੂੰ ਤਰਜੀਹ ਦਿਤੀ ਅਤੇ ਕਦੇ ਵੀ ਅਪਣੀ ਜ਼ੁਬਾਨ ਦੇ ਨਾ ਹੋ ਸਕੇ, ਇਨ੍ਹਾਂ ਵਿਚਕਾਰ ਇਕ ਲਕੀਰ ਜਿਹੀ ਖਿੱਚੀ ਵਿਖਾਈ ਦਿੰਦੀ ਹੈ। ਪੰਜਾਬੀ ਸੰਗੀਤ ਉਦਯੋਗ ਦਾ ਇਕ ਵੱਡਾ ਹਿੱਸਾ ਪ੍ਰੋਗਰਾਮਾਂ ਵਿਚ ਸ਼ਰੇਆਮ ਚਲਦੀਆਂ ਗੋਲੀਆਂ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਪੰਜਾਬੀਆਂ ਦੀ ਮੌਤ ਦੇ ਜ਼ਿੰਮੇਵਾਰ ਕਈ ਕਲਾਕਾਰਾਂ ਵਲੋਂ ਗਾਏ ਜਾਂਦੇ ਉਕਸਾਹਟ ਭਰੇ ਗੀਤਾਂ ਨੂੰ ਮੰਨਦੇ ਹਨ। ਉਨ੍ਹਾਂ ਦਾ ਇਹ ਤਰਕ ਠੀਕ ਵੀ ਜਾਪਦਾ ਹੈ ਕਿਉਂਕਿ ਜਿਹਾ ਬੀਜੋਗੇ ਤਿਹਾ ਵੱਢੋਗੇ।
ਭਾਵ ਸਾਡੇ ਕਲਾਕਾਰਾਂ ਵਲੋਂ ਜਦੋਂ ਮਾਹੌਲ ਹੀ ਅਜਿਹਾ ਤਿਆਰ ਕਰ ਦਿਤਾ, ਗੀਤਾਂ ਵਿਚ ਚਿੱਟੇ ਦਿਨ ਗੋਲੀਆਂ ਚਲਾ ਕੇ ਬੰਦੇ ਮਾਰਨਾ ਅਤੇ ਵੱਢ-ਟੁੱਕ ਹੋਣੀ ਆਮ ਗੱਲ ਹੈ। ਫਿਰ ਅਸੀ ਵੀ ਇਸੇ ਸਮਾਜ ਦਾ ਹਿੱਸਾ ਹਾਂ। ਸੇਕ ਤਾਂ ਸਾਨੂੰ ਵੀ ਝਲਣਾ ਪਊ, ਜਿਸ ਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀ ਖ਼ੁਦ ਹੀ ਹਾਂ।ਦੂਜਾ ਪੱਖ ਇਨ੍ਹਾਂ ਗੀਤਾਂ ਨੂੰ ਸਿਰਫ਼ ਅਤੇ ਸਿਰਫ਼ ਮਨੋਰੰਜਨ ਦਾ ਜ਼ਰੀਆ ਆਖ ਕੇ ਰਾਗ ਅਲਾਪਦਾ ਹੈ ਕਿ ਮਾੜੇ ਗੀਤਾਂ ਨਾਲ ਸਮਾਜ ਉਤੇ ਕੋਈ ਮਾਰੂ ਅਸਰ ਨਹੀਂ ਪੈਂਦਾ। ਇਹ ਸਾਡੀ ਅਪਣੀ ਮਾਨਸਿਕਤਾ ਹੈ। ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਨਾਲ ਮਾਹੌਲ ਗਰਮ ਹੈ।
ਪਿੰਡਾਂ ਦੀਆਂ ਸੱਥਾਂ ਉਤੇ ਬੈਠੇ ਕੁੱਝ ਲੋਕ ਅਕਸਰ ਇਹ ਆਖਿਆ ਕਰਦੇ ਸਨ ਕਿ ਇਹ ਬੰਦੂਕ ਸਭਿਆਚਾਰ ਆਖ਼ਰ ਪੈਦਾ ਕਿਸ ਨੇ ਕੀਤਾ? ਆਮ ਲੋਕਾਂ ਦੇ ਨਾਲ ਨਾਲ ਕਿੰਨੇ ਹੀ ਕਲਾਵਾਨ, ਡੀ.ਜੇ. ਅਤੇ ਆਰਕੈਸਟਰਾ ਗਰੁੱਪ ਦੇ ਲੋਕ ਇਸ ਨਰ-ਸੰਘਾਰ ਦੀ ਭੇਟ ਚੜ੍ਹ ਚੁੱਕੇ ਹਨ।ਗੀਤ-ਸੰਗੀਤ ਨੂੰ ਸਾਡੇ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਖ਼ਾਸਕਰ ਨੌਜਵਾਨ ਵਰਗ ਗੀਤ ਵਿਚਲੇ ਪ੍ਰਤੀਬਿੰਬ ਨੂੰ ਅਪਣਾ ਆਦਰਸ਼ ਮੰਨ ਕੇ ਅਪਣੀ ਸ਼ਖ਼ਸੀਅਤ ਨੂੰ ਉਸ ਆਸੇ ਵਿਚ ਢਾਲ ਕੇ ਜਿਊਣ ਦੀ ਰਾਹ ਉਤੇ ਕਾਫ਼ੀ ਹੱਦ ਤਕ ਪਹਿਰਾ ਵੀ ਦਿੰਦਾ ਹੈ। ਭਾਵੇਂ ਇਸ ਗੱਲ ਦਾ ਪਤਾ ਬਾਅਦ ਵਿਚ ਚਲਦਾ ਹੈ ਕਿ ਉਸ ਵਲੋਂ ਚੁਣਿਆ ਰਸਤਾ ਸਹੀ ਸੀ ਜਾਂ ਗ਼ਲਤ।
ਉਸਾਰੂ ਗੀਤ-ਸੰਗੀਤ ਇਕ ਚੰਗੇ ਅਤੇ ਭਰਵੇਂ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਇਸ ਦੇ ਮੁਕਾਬਲੇ ਮਾੜੇ ਗੀਤਾਂ ਨੇ ਹਮੇਸ਼ਾ ਨੌਜਵਾਨ ਵਰਗ ਨੂੰ ਕੁਰਾਹੇ ਪਾਉਣ ਦਾ ਕੰਮ ਕੀਤਾ ਅਤੇ ਸਮਾਜਕ ਭਾਈਚਾਰੇ ਨੂੰ ਤਹਿਸ-ਨਹਿਸ ਕਰ ਕੇ ਖੜੋਤ ਪੈਦਾ ਕੀਤੀ ਹੈ। ਚੰਗੇ ਗੀਤ ਹੌਲੀ-ਹੌਲੀ ਲੋਕਗੀਤਾਂ ਵਿਚ ਬਦਲ ਕੇ ਜ਼ਿੰਦਗੀ ਦਾ ਯਥਾਰਥ ਹੋ ਨਿਬੜਦੇ ਹਨ ਜੋ ਪੀੜ੍ਹੀਆਂ ਤਕ ਸੁਣੇ ਜਾਂਦੇ ਹਨ ਅਤੇ ਪ੍ਰਵਾਰਾਂ ਵਿਚ ਬੈਠ ਕੇ ਇਨ੍ਹਾਂ ਨੂੰ ਸੁਣਨਾ ਆਨੰਦ ਦੀ ਵਿਸਮਾਦਮਈ ਅਵਸਥਾ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ।
ਅੱਜ ਸਮੇਂ ਦੇ ਬਦਲ ਰਹੇ ਰੰਗਾਂ ਨੇ ਗਾਇਕੀ ਦੇ ਵਿਹੜੇ ਅੰਦਰ ਵੀ ਲੱਚਰਤਾ ਅਤੇ ਵਪਾਰਕ ਹਿਤਾਂ ਦੀ ਫੁਲਝੜੀ ਬਾਲ ਦਿਤੀ ਹੈ। ਬਹੁਤੇ ਗੀਤਕਾਰ ਸ਼ਬਦਾਂ ਰਾਹੀਂ ਬਰੂਦ ਨੂੰ ਗੀਤਾਂ ਵਿਚ ਭਰ ਕੇ ਸਭਿਅਤਾ ਦੀ ਚਿੱਟੀ ਚਾਦਰ ਨੂੰ ਲੀਰੋ-ਲੀਰ ਕਰਨ ਦੇ ਰਾਹ ਤੁਰ ਪਏ। ਜਿਹੜਿਆਂ ਨੇ ਕੁੱਝ ਵਧੀਆ ਲਿਖਿਆ ਉਹੀ ਸਮੇਂ ਦੀਆਂ ਫੇਟਾਂ ਨਾਲ ਖਹਿੰਦੇ ਸਭਿਆਚਾਰ ਨੂੰ ਬਚਾਉਣ ਲਈ ਖੜੇ ਨਜ਼ਰ ਆਉਂਦੇ ਹਨ। ਉਨ੍ਹਾਂ ਵਪਾਰਕ ਸੋਚ ਨੂੰ ਤਿਲਾਂਜਲੀ ਦੇ ਕੇ ਸਹੀ ਅਰਥਾਂ ਵਿਚ ਕੁੱਝ ਕਰਨ ਨੂੰ ਪਹਿਲ ਦਿਤੀ। ਲੰਘੇ ਸਮੇਂ ਅਤੇ ਅੱਜ ਵੀ ਕਾਫ਼ੀ ਸਾਰੇ ਗੀਤ ਅਜਿਹੇ ਲਿਖੇ ਜਾ ਰਹੇ ਹਨ, ਜਿਨ੍ਹਾਂ ਨੂੰ ਸਭਿਅਕ ਗਾਇਕੀ ਦਾ ਨਮੂਨਾ ਆਖਦੇ ਹਨ।
'ਦਿਲ ਹੀ ਉਦਾਸ ਹੈ ਜੀ ਬਾਕੀ ਸੱਭ ਖ਼ੈਰ ਹੈ' ਕੀ ਅਜਿਹੇ ਗੀਤ ਕਦੇ ਲੀਹੋਂ ਲਹਿ ਸਕਦੇ ਨੇ ਜਾਂ ਅਲੋਪ ਹੋ ਸਕਦੇ ਨੇ? ਇਸ ਨੂੰ ਅੱਜ ਵੀ ਰਜਵਾਂ ਪਿਆਰ ਦਿਤਾ ਜਾਂਦਾ ਹੈ। ਬਹੁਪੱਖੀ ਪੀੜਾਂ ਨੂੰ ਸਮੋਇਆ ਹੈ ਗੀਤਕਾਰ ਨੇ ਇਸ ਗੀਤ ਅੰਦਰ। ਬਹੁਤੇ ਕਲਾਕਾਰ ਆਖਦੇ ਨੇ ਕਿ ਜੀ ਵਧੀਆ ਗੀਤਾਂ ਨੂੰ ਸੁਣਦਾ ਕੌਣ ਹੈ? ਬਿਨਾਂ ਸ਼ੱਕ ਉਹ ਬਹੁਤ ਵੱਡੇ ਭੁਲੇਖੇ ਵਿਚ ਹਨ। ਜਿਹੜੇ ਸਰੋਤਿਆਂ ਨੇ ਵਧੀਆ ਗਾਇਕੀ ਨੂੰ ਪਸੰਦ ਕਰਨਾ ਹੈ, ਉਨ੍ਹਾਂ ਦਾ ਖੇਤਰ ਵਖਰਾ ਹੈ। ਇਹ ਕਦੇ ਵੀ ਨਾ ਭੁਲਿਉ ਕਿ ਸਦਾ ਮਾੜੇ ਗੀਤ ਹੀ ਪ੍ਰਵਾਨ ਚੜ੍ਹਦੇ ਹਨ। ਇਹ ਤਾਂ ਮਾੜਾ ਗਾਉਣ ਵਾਲਿਆਂ ਦੀ ਆਪੇ ਬਣਾਈ ਇਕ ਮਿੱਥ ਹੈ ਤਾਕਿ ਉਨ੍ਹਾਂ ਨੂੰ ਕੋਈ ਦੋਸ਼ੀ ਨਾ ਸਮਝੇ।
ਇਕ ਤਰ੍ਹਾਂ ਨਾਲ ਉਹ ਜ਼ਿੰਮੇਵਾਰੀ ਤੋਂ ਭਜਦੇ ਨਜ਼ਰ ਆਉਂਦੇ ਹਨ। 'ਦੋ ਤਾਰਾ ਵਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ' ਜਿਸ ਨੂੰ ਕਈ ਪੀੜ੍ਹੀਆਂ ਨੇ ਰਲ ਕੇ ਸੁਣਿਆ ਅਤੇ ਮਾਣਿਆ। ਪਹਿਲਾਂ ਇਨ੍ਹਾਂ ਸਤਰਾਂ ਨੂੰ ਇਕ ਮਹਾਨ ਢਾਡੀ ਨੇ ਲੋਕ ਬਰੂਹਾਂ ਉਤੇ ਅਪੜਦਾ ਕੀਤਾ ਅਤੇ ਫਿਰ ਸਮਾਂ ਪਾ ਕੇ ਇਸ ਗੀਤ ਨੂੰ ਕਈ ਵੱਡੇ ਕਲਾਕਾਰਾਂ ਨੇ ਆਵਾਜ਼ ਦਿਤੀ। ਇਹ ਗੀਤ ਤਕਰੀਬਨ ਪੰਜਾਬ ਦੇ ਹਰ ਵੱਡੇ-ਛੋਟੇ ਮੇਲੇ ਦਾ ਸ਼ਿੰਗਾਰ ਬਣਿਆ। ਹੁਣ ਫਿਰ ਦੁਬਾਰਾ ਇਸ ਅਣਮੁੱਲੀ ਰਚਨਾ ਨੂੰ ਸ਼ੇਅਰਾਂ ਦੇ ਰੂਪ ਵਿਚ ਪੰਜਾਬ ਦੇ ਕਬੱਡੀ ਕੱਪਾਂ ਉਤੇ ਕੁਮੈਂਟੇਟਰਾਂ ਵਲੋਂ ਬੋਲਿਆ ਜਾ ਰਿਹਾ ਹੈ।
ਕਈ ਗੀਤ ਹੁੰਦੇ ਨੇ ਜੋ ਅਪਣੀ ਵਿਲੱਖਣਤਾ ਅਲੱਗ ਤੈਅ ਕਰਦੇ ਹਨ। ਸਮਝਣਾ ਅਵਾਮ ਨੇ ਹੁੰਦਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਗਾਇਕੀ ਨੂੰ ਮਾਨਤਾ ਦੇਣੀ ਹੈ। ਇਹ ਠੀਕ ਹੈ ਕਿ ਵਧੀਆ ਦੇ ਮੁਕਾਬਲੇ ਮਾੜੀ ਗਾਇਕੀ ਨੂੰ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ। ਪਰ ਅਸੀ ਇਹ ਵੀ ਨਹੀਂ ਕਹਿ ਸਕਦੇ ਕਿ ਵਧੀਆ ਗਾਇਕੀ ਨੂੰ ਕੌਣ ਪੁਛਦਾ ਹੈ? ਸਮਾਂ ਸਦਾ ਅਪਣੀ ਚਾਲੇ ਚਲਦਾ ਰਿਹਾ ਹੈ। ਜਿਹੜੇ ਵਪਾਰਕ ਸੋਚ ਨਾਲ ਸਮਝੌਤਾ ਕਰ ਗਏ, ਉਹ ਕੁੱਝ ਸਮੇਂ ਲਈ ਕਲਾ ਦੇ ਖੇਤਰ ਦੇ ਸ਼ਾਹ-ਅਸਵਾਰ ਜ਼ਰੂਰ ਬਣੇ ਪਰ ਸਦੀਵੀ ਮਾਣ ਉਨ੍ਹਾਂ ਨੂੰ ਹਾਸਲ ਹੋਇਆ ਜਿਨ੍ਹਾਂ ਸਮਝੌਤਿਆਂ ਨੂੰ ਨਕਾਰ ਕੇ ਸਦਾ ਸਮਾਜ ਅਤੇ ਨੌਜਵਾਨੀ ਲਈ ਕੁੱਝ ਵਧੀਆ ਅਤੇ ਵਖਰਾ ਕਰਨ ਦਾ ਯਤਨ ਕੀਤਾ ਹੈ।
ਯਾਦ ਆਉਂਦੀਆਂ ਹਨ ਉਹ ਸਤਰਾਂ 'ਤੂੰ ਇਸ਼ਕ ਇਸ਼ਕ ਨਾ ਕਰਿਆ ਕਰ ਤੇਰੀ ਮੱਤ ਕਿਉਂ ਮਾਰੀ ਗਈ ਨੀ'। ਬਾ-ਕਮਾਲ ਗੀਤ ਸੀ ਇਹ, ਜਿਸ ਰਾਹੀਂ ਨੌਜਵਾਨੀ ਨੂੰ ਅੱਜ ਦੇ ਸਮੇਂ ਦਾ ਅਤੇ ਮਿਥਿਹਾਸ ਦਾ ਸ਼ੀਸ਼ਾ ਹੁ-ਬ-ਹੂ ਵਿਖਾਇਆ ਗਿਆ। ਕਲਾਕਾਰਾਂ ਅਤੇ ਗੀਤਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਨੇ ਇਕ ਸਾਰਥਕ ਅਤੇ ਨਰੋਏ ਸੁਨੇਹੇ ਨੂੰ ਰੂਪਮਾਨ ਕਰ ਕੇ ਸਮਾਜ ਨੂੰ ਦੇਣਾ ਹੁੰਦਾ ਹੈ, ਨਾਕਿ ਸਾਡੀਆਂ ਮਾੜੀਆਂ ਅਲਾਮਤਾਂ ਨੂੰ ਗੀਤਾਂ ਜ਼ਰੀਏ ਪੇਸ਼ ਕਰ ਕੇ ਉਕਸਾਹਟ ਪੈਦਾ ਕਰਨੀ ਹੁੰਦੀ ਹੈ। ਕਿਸੇ ਸੂਬੇ ਜਾਂ ਦੇਸ਼ ਦੀ ਜਵਾਨੀ ਨੂੰ ਸਮਾਜ ਪ੍ਰਤੀ ਸਮਰਪਿਤ ਭਾਵਨਾ ਲਈ ਤਿਆਰ ਕਰਨ ਵਿਚ ਗੀਤਾਂ ਦਾ ਰੋਲ ਸਦਾ ਹੀ ਵੱਡਾ ਰਿਹਾ ਹੈ।
ਜੋ ਕੁੱਝ ਗੀਤਾਂ ਵਿਚ ਸਾਡੀ ਜਵਾਨੀ ਨੂੰ ਸੁਣਨ ਅਤੇ ਵੇਖਣ ਨੂੰ ਮਿਲੇਗਾ ਉਨ੍ਹਾਂ ਹੀ ਨਕਸ਼ੇ-ਕਦਮਾਂ ਉਤੇ ਚੱਲਣ ਦੀ ਆਮ-ਏ-ਹਾਲਾਤ ਨੌਜਵਾਨੀ ਦੀ ਧਾਰਨਾ ਬਣ ਚੁੱਕੀ ਹੁੰਦੀ ਹੈ। ਕਿੰਨੇ ਹੀ ਗੀਤ ਮਾਰਕੀਟ ਵਿਚ ਆਉਂਦੇ ਅਤੇ ਜਾਂਦੇ ਹਨ। ਪਰ ਇਨ੍ਹਾਂ ਵਿਚੋਂ ਥੋੜੇ ਬਹੁਤ ਹੀ ਸਾਡੀ ਜ਼ੁਬਾਨ ਉਤੇ ਆ ਕੇ ਗੁਣਗੁਣਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਹੀ ਚੰਗੇ ਮਾੜੇ ਦੀ ਪਛਾਣ ਅਸੀ ਕਰਨੀ ਹੁੰਦੀ ਹੈ।
'ਦਸਤਾਰ' ਅਤੇ 'ਇਕ ਕੁੜੀ' ਵਰਗੇ ਗੀਤਾਂ ਨੂੰ ਸੁਣ ਕੇ ਸਕੂਨ ਜਿਹਾ ਆ ਜਾਂਦਾ ਹੈ ਕਿ ਕੋਈ ਤਾਂ ਹੈ ਜੋ ਮਾਂ-ਬੋਲੀ ਵਿਰੁਧ ਝੁੱਲ ਰਹੇ ਝੱਖੜ ਵਿਚ ਹਵਾਵਾਂ ਦੇ ਉਲਟ ਸਭਿਆਚਾਰ ਦਾ ਦੀਵਾ ਬਾਲੀ ਡਟ ਕੇ ਖੜਾ ਨਜ਼ਰੀਂ ਪੈਂਦਾ ਹੈ। ਰੂਹਾਂ ਨੂੰ ਰੁਸ਼ਨਾ ਦੇਣ ਵਾਲੇ ਗੀਤ ਵੀ ਗੀਤਕਾਰਾਂ ਦੀ ਹੀ ਕਲਮ ਵਿਚੋਂ ਨਿਕਲੇ ਹਨ, ਉਹ ਗੀਤ ਕੋਈ ਉਪਰੋਂ ਨਹੀਂ ਡਿੱਗੇ, ਬਲਕਿ ਲਿਖੇ ਗਏ ਹਨ। ਬਹੁਤ ਸਾਰੀਆਂ ਕਲਮਾਂ ਸਾਡੇ ਸਮਾਜ ਵਿਚ ਅਜਿਹੀਆਂ ਨੇ ਜੋ ਉਸਾਰੂ ਅਤੇ ਸਾਰਥਕ ਸੱਚੇ ਗੀਤਾਂ ਦੀ ਰਚਨਾ ਕਰ ਸਕਦੀਆਂ ਹਨ। ਪਰ ਸ਼ਾਇਦ ਇਹ ਵੀ ਸਮੇਂ ਦਾ ਸੱਚ ਹੀ ਹੈ
ਕਿ ਵਪਾਰਕ ਪੱਖ ਨੇ ਇਨ੍ਹਾਂ ਕਲਮਾਂ ਨੂੰ ਅਪਣੇ ਨਾਗ-ਵਲੇਵੇਂ ਵਿਚ ਅਜਿਹਾ ਜਕੜਿਆ ਕਿ ਆਖ਼ਰ ਇਹ ਨਾ ਚਾਹੁੰਦੇ ਹੋਏ ਵੀ ਅਜਿਹਾ ਕੁੱਝ ਲਿਖ ਗਈਆਂ ਜੋ ਸਾਡੀ ਸਭਿਅਤਾ ਅਤੇ ਸਾਡੇ ਸਮਾਜ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਸੀ। ਪਰ ਹਾਲਾਤ ਨੇ ਬਹੁਤਿਆਂ ਨੂੰ ਉਸ ਢਾਂਚੇ ਵਿਚ ਫਿੱਟ ਕਰ ਦਿਤਾ ਜਿਸ ਦੀ ਸਮਝ ਕਿਸੇ ਵਿਰਲੇ ਵਿਰਲੇ ਨੂੰ ਹੈ।
ਲੰਘੇ ਸਮੇਂ ਕਈ ਗੀਤਕਾਰਾਂ ਨੇ ਪ੍ਰਾਇਮਰੀ ਦੇ ਸਕੂਲਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਕੇ ਪੇਸ਼ ਕੀਤਾ ਅਤੇ ਜਵਾਨੀ ਨੂੰ ਅਜਿਹੇ ਜ਼ਲਾਲਤ ਭਰੇ ਰਸਤੇ ਉਤੇ ਧੱਕ ਦਿਤਾ ਜਿਥੋਂ ਮੁੜਨਾ ਹੁਣ ਮੁਸ਼ਕਲ ਹੋ ਚੁਕਿਆ ਹੈ ਅਤੇ ਮਗਰੋਂ ਉਹ ਸਿਆਸਤ ਦਾ ਸ਼ਾਹ ਅਸਵਾਰ ਅਖਵਾਉਣ ਲਗਿਆ।ਸਾਨੂੰ ਨਹੀਂ ਭੁਲਣਾ ਚਾਹੀਦਾ ਕਿ ਸਾਡੇ ਵਿਸ਼ਾਲ ਅਤੇ ਚਹੁੰ-ਕੁੰਟਾਂ ਵਿਚ ਫ਼ੈਲੇ ਵਿਰਸੇ ਅੰਦਰ ਗੀਤ-ਸੰਗੀਤ ਨੂੰ ਅਹਿਮ ਧਰੋਹਰ ਮੰਨਿਆ ਜਾਂਦਾ ਹੈ। ਸਾਡਾ ਵੀ ਇਹੀ ਫ਼ਰਜ਼ ਬਣਦਾ ਹੈ ਕਿ ਸਾਨੂੰ ਵਧੀਆ ਦੇ ਮੁਕਾਬਲੇ ਵਧੀਆ ਦੀ ਹੀ ਚੋਣ ਕਰਨੀ ਚਾਹੀਦੀ ਹੈ
ਨਾਕਿ ਅਸ਼ਲੀਲ ਗੀਤ-ਸੰਗੀਤ ਦਾ ਸਾਥ ਦੇ ਕੇ ਅਪਣਾ ਨਾਂ ਸਭਿਆਚਾਰ ਦੇ ਰਕੀਬਾਂ ਵਿਚ ਸ਼ੁਮਾਰ ਕਰਵਾਉਣਾ ਚਾਹੀਦਾ ਹੈ। 'ਮਿੱਤਰਾਂ ਦਾ ਖੂਹ', 'ਦੁਨੀਆਂ ਉਤੇ ਬੰਦੇ ਵਾਰ-ਵਾਰ ਆਉਣਾ ਨਹੀਂ', 'ਠਹਿਰ ਜ਼ਿੰਦੜੀਏ ਠਹਿਰ ਅਜੇ ਮੈਂ ਹੋਰ ਬੜਾ ਕੁੱਝ ਕਰਨਾ' ਜਾਂ 'ਗੁੱਡੀ ਦਾ ਪ੍ਰਾਹੁਣਾ ਆ ਗਿਆ', ਕੀ ਇਨ੍ਹਾਂ ਗੀਤਾਂ ਵਿਚ ਰਸ ਨਹੀਂ, ਬਿਰਹੋਂ ਨਹੀਂ? ਇਹੋ ਜਿਹੇ ਚੰਗਾ ਲਿਖਣ ਵਾਲੇ ਗੀਤਕਾਰਾਂ ਅਤੇ ਕਲਾਕਾਰਾਂ ਨੂੰ ਇਕੱਠਾਂ ਵਿਚ ਬੁਲਾ ਕੇ ਮਾਣ-ਸਨਮਾਨ ਦਿਤੇ ਜਾਣੇ ਚਾਹੀਦੇ ਹਨ ਤਾਕਿ ਵਧੀਆ ਗਾਇਕੀ ਨੂੰ ਉਤਸ਼ਾਹਿਤ ਕਰ ਸਕੀਏ।
ਸੋ ਲੋੜ ਹੈ ਪਰਖ ਕਰਨ ਦੀ ਤਾਕਿ ਅਸੀ ਇਕ ਨਿੱਗਰ ਅਤੇ ਤਕੜੇ ਸਮਾਜ ਦੀ ਕਾਮਨਾ ਕਰ ਸਕੀਏ। ਇਹ ਅਸੀ ਤਦ ਹੀ ਕਰ ਸਕਦੇ ਹਾਂ ਜੇਕਰ ਸਾਡੀ ਗਾਇਕੀ, ਗੀਤਕਾਰ ਅਤੇ ਕਲਾਕਾਰ ਭਾਈਚਾਰਾ ਵਧੀਆ ਭਵਿੱਖ ਦਾ ਸੁਪਨਾ ਸੰਜੋਅ ਕੇ ਉਸ ਉਤੇ ਅਮਲ ਕਰ ਲਗਨ ਨਾਲ ਕੰਮ ਕਰਨਾ ਸ਼ੁਰੂ ਕਰੇ ਜੋ ਅੱਜ ਸਮੇਂ ਦੀ ਵੱਡੀ ਲੋੜ ਹੈ। ਸੰਪਰਕ : 94634-63136