ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਅਸਲੀ ਤਰੀਕ ਨੂੰ ਮਨਾ ਕੇ 'ਉੱਚਾ ਦਰ' ਟਰੱਸਟ ਨੇ ਇਤਿਹਾਸ ਸਿਰਜਿਆ
Published : Jul 1, 2018, 7:13 am IST
Updated : Jul 1, 2018, 7:13 am IST
SHARE ARTICLE
Bhai Lalo Di Bagichi
Bhai Lalo Di Bagichi

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਵਿਸਾਖ (ਅਪ੍ਰੈਲ 1469) ਵਿਚ ਰਾਏ ਭੋਇੰ ਦੀ ਤਲਵੰਡੀ (ਹਾਲ ਪਾਕਿਸਤਾਨ) ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ...

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਵਿਸਾਖ (ਅਪ੍ਰੈਲ 1469) ਵਿਚ ਰਾਏ ਭੋਇੰ ਦੀ ਤਲਵੰਡੀ (ਹਾਲ ਪਾਕਿਸਤਾਨ) ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ ਸੀ। ਉਸ ਪਾਵਨ ਅਸਥਾਨ ਨੂੰ ਅੱਜ ਨਨਕਾਣਾ ਸਾਹਿਬ ਆਖ ਕੇ ਸਤਿਕਾਰ ਦਿਤਾ ਜਾਂਦਾ ਹੈ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ ਵਿਚ ਕਿਉਂ ਮਨਾਇਆ ਜਾਂਦਾ ਹੈ,

ਇਸ ਬਾਰੇ ਕੋਈ ਵੇਰਵਾ ਨਹੀਂ ਮਿਲਦਾ ਪਰ ਅਸਲ ਦਿਨ ਪ੍ਰਕਾਸ਼ ਪੁਰਬ ਦਾ ਵੈਸਾਖ ਵਿਚ ਹੀ ਹੈ ਜਿਸ ਨੂੰ 549 ਸਾਲ ਪਿਛੋਂ ਬਾਬੇ ਨਾਨਕ ਜੀ ਦੇ ਅੱਜ ਦੇ ਸ਼ਰਧਾਲੂ ਸ. ਜੋਗਿੰਦਰ ਸਿਘ (ਭਾਈ ਲਾਲੋ) ਨੇ ਅਸਲ ਦਿਨ 15 ਅਪ੍ਰੈਲ 2018 ਦਿਨ ਐਤਵਾਰ ਨੂੰ ਭਾਈ ਲਾਲੋ ਦੀ ਬਗੀਚੀ 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਸ਼ਰਧਾ ਨਾਲ ਮਨਾ ਕੇ ਸਿੱਖ ਜਗਤ ਅਤੇ ਸਮੁੱਚੀ ਮਾਨਵਤਾ ਨੂੰ ਇਹ ਦਰਸਾ ਦਿਤਾ ਹੈ ਕਿ ਅੱਜ ਦੇ ਯੁਗ ਵਿਚ ਵੀ ਬਾਬਾ ਨਾਨਕ ਜੀ ਦਾ ਕੋਈ ਸਿੱਖ ਭਾਈ ਲਾਲੋ ਵਰਗਾ ਹੈ। 1469 ਵਿਚ ਪ੍ਰਕਾਸ਼ ਹੋਣ ਪਿਛੋਂ ਬਾਬਾ ਨਾਨਕ ਜੀ ਨੇ ਦੁਨੀਆਂ ਦਾ ਚੱਕਰ ਲਾਇਆ ਤੇ ਭੁਲਿਆਂ ਨੂੰ ਸਿੱਧੇ ਰਸਤੇ ਪਾ ਕੇ ਪ੍ਰਭੂ ਪ੍ਰਮਾਤਮਾ ਨਾਲ ਜੋੜਿਆ।

ਸ. ਜੋਗਿੰਦਰ ਸਿੰਘ ਜੀ ਨੇ ਇਕ ਸੱਚਾ-ਸੁੱਚਾ ਸਿੱਖ ਸ਼ਰਧਾਲੂ ਹੋਣ ਕਰ ਕੇ ਪਿੰਡ ਬਪਰੌਰ, ਜੀ.ਟੀ. ਰੋਡ ਉਤੇ (ਸ਼ੰਭੂ ਨੇੜੇ) ਅੰਬਾਲਾ-ਰਾਜਪੁਰਾ ਸੜਕ ਤੇ ਜ਼ਮੀਨ ਲੈ ਕੇ 'ਉੱਚਾ ਦਰ ਬਾਬੇ ਨਾਨਕ ਦਾ' ਉਸਾਰਨ ਦਾ ਸੰਕਲਪ ਲਿਆ ਅਤੇ ਅਖ਼ੀਰ ਬੜੀਆਂ ਔਖਿਆਈਆਂ, ਦਿਕਤਾਂ ਅਤੇ ਔਕੜਾਂ ਪਾਰ ਕਰਦੇ ਹੋਏ ਪੂਰਾ ਕਰ ਕੇ ਪਹਿਲਾ ਕੰਮ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਹੀ ਤਰੀਕ ਵੈਸਾਖ ਵਿਚ ਮਨਾਇਆ ਅਤੇ ਉਹ ਦਿਨ ਸੀ 15 ਅਪ੍ਰੈਲ, 2018 ਦਾ ਦਿਨ। 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਬਣਾ ਕੇ ਸ. ਜੋਗਿੰਦਰ ਸਿੰਘ ਨੇ ਸੱਭ ਕੁੱਝ ਟਰੱਸਟੀਆਂ ਦੇ ਸਪੁਰਦ ਕਰ ਦਿਤਾ ਹੈ।

15 ਅਪ੍ਰੈਲ, 2018 ਨੂੰ ਮਨਾਏ ਪ੍ਰਕਾਸ਼ ਪੁਰਬ ਵਿਚ ਕੋਧਰੇ ਦੀ ਰੋਟੀ ਤੇ ਸਾਗ ਦਾ ਲੰਗਰ ਵਰਤਾ ਕੇ ਉਨ੍ਹਾਂ ਨੇ ਇਹ ਸਾਬਤ ਕਰ ਦਿਤਾ ਕਿ ਅੱਜ ਦੇ ਮਲਕ ਭਾਗੋਆਂ ਵਿਚ ਵੀ ਭਾਈ ਲਾਲੋ ਵਰਗਾ ਕੋਈ ਸਿੱਖ ਹੈ ਜੋ ਗੁਰੂ ਨਾਨਕ ਦੇ ਦਰ ਦੀ ਸੇਵਾ ਵਿਚ ਲੱਗਾ ਹੋਇਆ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਇਕ ਸ਼ਬਦ ਵਿਚ ਫ਼ੁਰਮਾਉਂਦੇ ਹਨ ਕਿ 'ਨਾਨਕ ਉਨ੍ਹਾਂ ਬੰਦਿਆਂ ਨਾਲ ਸਾਥ ਨਿਭਾਉਣ ਦਾ ਚਾਹਵਾਨ ਹੈ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਹਨ, ਜੋ ਨੀਵਿਆਂ ਤੋਂ ਵੀ ਅਤਿ ਨੀਵੇਂ ਅਖਵਾਉਂਦੇ ਹਨ।

ਮੈਨੂੰ ਮਾਇਆਧਾਰੀਆਂ ਦੇ ਰਸਤੇ ਤੁਰਨ ਦੀ ਕੋਈ ਤਾਂਘ ਨਹੀਂ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।'

ਨੀਚਾਂ ਅੰਦਰਿ ਨੀਚੁ ਜਾਤਿ ਨੀਚੀ ਹੂ ਅਤਿ ਨੀਚੁ। 
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। 
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।

ਜਦੋਂ ਪਹਿਲੀ ਉਦਾਸੀ ਤੇ ਨਿਕਲੇ ਬਾਬਾ ਨਾਨਕ ਜੀ ਗੁਰਮੁਖ ਲੱਭਣ ਲਈ ਗਏ ਤਾਂ ਉਨ੍ਹਾਂ ਦਾ ਪਹਿਲਾ ਪੜਾਅ ਐਮਨਾਬਾਦ ਹੋਇਆ ਤੇ ਆਵਾਜ਼ ਦਿਤੀ ਭਾਈ ਲਾਲੋ ਨੂੰ। ਗੱਲਬਾਤ ਸਮੇਂ ਦੇ ਸ਼ਬਦ:

''ਭਾਈ ਲਾਲੋ।''
''ਜੀ ਮਹਾਰਾਜ।''
''ਭਾਈ ਲਾਲੋ ਕੀ ਪਿਆ ਕਰਨੈਂ?''
''ਜੀ ਕਿੱਲੇ ਪਿਆ ਘੜਦਾ ਹਾਂ।''

ਪ੍ਰਿੰਸੀਪਲ ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਬਾਬੇ ਨਾਨਕ ਨੇ ਆਖਿਆ, ''ਭਾਈ ਲਾਲੋ, ਕੀ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਂਗਾ?'' ਇਹ ਸੁਣ ਕੇ ਭਾਈ ਲਾਲੋ ਨੂੰ ਸੂਝ ਆਈ, ਉਸ ਨਿਰੰਕਾਰੀ ਬਾਬੇ ਦੇ ਚਰਨ ਫੜੇ ਤੇ ਜੀਵਨ ਸੰਗਰਾਮ ਵਿਚ ਜੂਝਣ ਲਈ ਤਿਆਰ ਹੋ ਗਿਆ। ਉਹੀ ਲਾਲੋ ਜੋ ਅਪਣੀ ਝੁੱਗੀ ਤੋਂ ਬਾਹਰ ਝਾਕਣ ਲਈ ਤਿਆਰ ਨਹੀਂ ਸੀ, ਉਸ ਦਾ ਘਰ ਧਰਮਸ਼ਾਲ ਬਣ ਗਿਆ। ਲੋਕ ਭਲਾਈ ਲਈ ਉਹ ਤਤਪਰ ਹੋ ਗਿਆ।

ਇਤਿਹਾਸ ਵਿਚ ਇਹ ਵੀ ਲਿਖਿਆ ਮਿਲਦਾ ਹੈ ਕਿ ਜਦ ਭਾਈ ਲਾਲੋ ਨੇ ਗੁਰੂ ਨਾਨਕ ਜੀ ਲਈ ਪ੍ਰਸ਼ਾਦਿ ਤਿਆਰ ਕੀਤਾ ਤਾਂ ਗੁਰੂ ਪਾਤਸ਼ਾਹ ਨੂੰ ਜਾ ਕੇ ਆਖਿਆ ਕਿ ਉਨ੍ਹਾਂ ਦੇ ਭੋਜਨ ਲਈ ਵਖਰਾ ਚੌਕਾ ਤਿਆਰ ਕਰ ਦਿਤਾ ਗਿਆ ਹੈ, ਉਥੇ ਆ ਕੇ ਪ੍ਰਸ਼ਾਦਿ ਪਾਉਣ। ਤਾਂ ਗੁਰੂ ਜੀ ਨੇ ਕਿਹਾ, ''ਲਾਲੋ, ਸਾਰੀ ਧਰਤੀ ਹੀ ਮੇਰਾ ਚੌਕਾ ਹੈ ਤੇ ਜਿਹੜਾ ਸੱਚ ਨਾਲ ਪਿਆਰ ਕਰਦਾ ਹੈ ਉਹ ਸੁੱਚਾ ਹੈ। ਇਸ ਲਈ ਅਪਣੇ ਮਨ ਵਿਚੋਂ ਇਹ ਭਰਮ ਵੀ ਦੂਰ ਕਰ ਦੇ।''

ਇਹੋ ਕਾਰਨ ਹੈ ਕਿ ਅੱਜ ਦੇ ਯੁਗ ਵਿਚ ਸਚਾਈ ਤੇ ਧਰਮ ਦਾ ਪ੍ਰਚਾਰ ਕਰਨ ਲਈ ਜਦੋਂ ਸ. ਜੋਗਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਅਰੰਭ ਕੀਤਾ ਤਾਂ ਮਲਕ ਭਾਗੋਆਂ ਨੇ ਉਸ ਉਪਰ ਜ਼ੋਰਦਾਰ ਹਮਲਾ ਕੀਤਾ ਤੇ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਨਖ਼ਾਹਦਾਰ ਜਥੇਦਾਰ ਪਾਸੋਂ ਛਿਕਵਾ ਦਿਤਾ। ਅੱਜ ਦੇ ਮਲਕ ਭਾਗੋਆਂ ਨੇ ਸਿੱਖਾਂ ਤੇ ਪੰਜਾਬੀਆਂ ਨੂੰ ਆਖਿਆ ਕਿ ਇਸ ਦਾ ਅਖ਼ਬਾਰ ਸਪੋਕਸਮੈਨ ਕੋਈ ਨਾ ਪੜ੍ਹੇ, ਸਰਕਾਰ ਦੇ ਦਫ਼ਤਰਾਂ ਨੂੰ ਹੁਕਮ ਚਾੜ੍ਹਿਆ ਕਿ ਸਪੋਕਸਮੈਨ ਨੂੰ ਕੋਈ ਇਸ਼ਤਿਹਾਰ ਨਾ ਦਿਤਾ ਜਾਵੇ ਪਰ ਬਾਬੇ ਨਾਨਕ ਜੀ ਦਾ ਸਿੱਖ ਜੋਗਿੰਦਰ ਸਿੰਘ ਅਡੋਲ ਰਿਹਾ।

ਨਾ ਝੁਕਿਆ, ਨਾ ਡਰਿਆ ਅਤੇ ਨਾ ਈਨ ਮੰਨੀ। ਅਪਣਾ ਸਾਰਾ ਕੁੱਝ ਵੇਚ ਵੱਟ ਕੇ ਸਪੋਕਸਮੈਨ ਨੂੰ ਜਾਰੀ ਰਖਿਆ ਜਿਹੜਾ ਅੱਜ ਪੰਜਾਬੀ ਪੱਤਰਕਾਰੀ ਦੀਆਂ ਸਿਖਰਾਂ ਛੋਹ ਰਿਹਾ ਹੈ। ਅੱਜ ਦੇ ਤਨਖ਼ਾਹਦਾਰ ਜਥੇਦਾਰ ਨੇ ਫ਼ੋਨ ਕਰ ਕੇ ਕਿਹਾ ਕਿ ''ਤੁਹਾਡਾ ਕੋਈ ਕਸੂਰ ਨਹੀਂ, ਤੁਹਾਨੂੰ ਤਾਂ ਵੇਦਾਂਤੀ ਨੇ ਐਵੇਂ ਹੀ ਛੇਕ ਦਿਤਾ ਹੈ, ਇਕ ਵਾਰ ਆ ਕੇ ਅਕਾਲ ਤਖ਼ਤ ਮੱਥਾ ਟੇਕ ਜਾਉ ਤੁਸੀ ਬਰੀ ਹੋ।'' ਭਲਾ ਕੋਈ ਪੁੱਛੇ ਭਾਈ ਗੁਰਬਚਨ ਸਿੰਘ ਨੂੰ, ਜੇਕਰ ਕਸੂਰ ਹੈ ਹੀ ਨਹੀਂ ਤਾਂ ਫਿਰ ਤੁਸੀ ਐਲਾਨ ਕਰ ਦਿਉ ਕਿ ਸ. ਜੋਗਿੰਦਰ ਸਿੰਘ ਦਾ ਕੋਈ ਕਸੂਰ ਨਹੀਂ ਸੀ,

ਉਸ ਨੂੰ ਪਹਿਲੇ ਜਥੇਦਾਰ ਨੇ ਐਵੇਂ ਹੀ ਛੇਕ ਦਿਤਾ ਸੀ ਤੇ ਉਸ ਸਮੇਂ ਦਾ ਹੁਕਮਨਾਮਾ ਵਾਪਸ ਲਿਆ ਜਾਂਦਾ ਹੈ। ਪਰ ਇਹ ਜਥੇਦਾਰ ਅਜਿਹਾ ਨਹੀਂ ਕਰਦੇ ਕਿਉਂਕਿ ਇਹ ਅੱਜ ਦੇ ਮਲਕ ਭਾਗੋਆਂ ਦੇ ਅਧੀਨ ਹਨ, ਜਿਨ੍ਹਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਉਪਰ ਹੈ।
ਸ. ਜੋਗਿੰਦਰ ਸਿੰਘ ਜੀ ਨੇ ਅੱਜ ਦੇ ਯੁੱਗ ਵਿਚ ਭਾਈ ਲਾਲੋ ਦਾ ਕਿਰਦਾਰ ਨਿਭਾਉਂਦਿਆਂ ਸਿੱਖ ਦਾਨੀਆਂ ਅਤੇ ਸ਼ਰਧਾਲੂਆਂ ਦੇ ਪੂਰਨ ਮਿਲਵਰਤਨ ਅਤੇ ਸਹਿਯੋਗ ਨਾਲ 'ਉੱਚਾ ਦਰ ਬਾਬੇ ਨਾਨਕ ਦਾ' ਉਸਾਰ ਕੇ ਉਸ ਵਿਚ ਭਾਈ ਲਾਲੋ ਦਾ ਕਮਰਾ, ਜਿਸ ਵਿਚ ਮੰਜਾ ਅਤੇ ਕੰਮ ਦਾ ਅੱਡਾ ਰਖਿਆ ਹੈ,

ਦਰਸ਼ਨਾਂ ਲਈ ਖਿੱਚ ਦਾ ਕੇਂਦਰ ਬਣਾਇਆ ਹੈ। ਭਾਈ ਲਾਲੋ ਦੀ ਬਗੀਚੀ ਵੀ ਤਿਆਰ ਕੀਤੀ ਗਈ ਹੈ। ਲਾਇਬ੍ਰੇਰੀ, ਬੀਬੀ ਨਾਨਕੀ ਦੀ ਰਸੋਈ ਅਤੇ ਹੋਰ ਬਹੁਤ ਕੁੱਝ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਜੋ ਦਰਸ਼ਨਾਂ ਦੀ ਖਿੱਚ ਪਾਉਂਦਾ ਹੈ।ਇਹ ਜੋ ਪਰੰਪਰਾ ਬਾਬੇ ਨਾਨਕ ਜੀ ਦਾ ਪ੍ਰਕਾਸ਼ ਵਿਸਾਖ ਵਿਚ ਮਨਾਉਣ ਦੀ ਅਰੰਭ ਕੀਤੀ ਗਈ ਹੈ ਇਸ ਨੂੰ ਦੁਨੀਆਂ ਵਿਚ ਜਿਥੇ ਜਿਥੇ ਵੀ ਗੁਰੂ ਨਾਨਕ ਨਾਮਲੇਵਾ ਬੈਠਾ ਹੈ, ਮਨਾਉਣਾ ਜਾਰੀ ਰੱਖੇ।

ਇਹ ਕੰਮ ਸੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੈ ਕਿ ਉਹ ਬਾਬਾ ਨਾਨਕ ਜੀ ਦੇ ਅਸਲ ਜਨਮ ਤਰੀਕ ਅਤੇ ਉਨ੍ਹਾਂ ਦਾ ਜਨਮ ਦਿਨ ਮਨਾਉਂਦੀ ਪਰ ਉਹ ਤਾਂ ਸੁੱਤੀ ਪਈ ਹੈ। ਜਦੋਂ ਜਾਗਦੀ ਹੈ ਤਾਂ ਉਹ ਬਾਦਲ ਪ੍ਰਵਾਰ ਦੀ ਰਾਜਸੱਤਾ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਵਰਤਦੀ ਹੈ। ਸਾਨੂੰ ਗੁਰੂ ਮਹਾਰਾਜ ਨੇ ਹੁਕਮ ਕਰ ਦਿਤਾ ਸੀ ਕਿ ਦੇਹਧਾਰੀ ਗੁਰੂ ਨਹੀਂ ਮੰਨਣਾ, ਮੜ੍ਹੀਆਂ, ਮਸਾਣਾਂ ਦੀ ਪੂਜਾ ਨਹੀਂ ਕਰਨੀ, ਬਾਬਿਆਂ ਦੇ ਡੇਰਿਆਂ ਦੇ ਆਸ਼ਰਮਾਂ ਤੇ ਨਹੀਂ ਜਾਣਾ ਪਰ ਇਹ ਸ਼੍ਰੋਮਣੀ ਕਮੇਟੀ ਦੇ ਆਗੂ ਤੇ ਮੈਂਬਰ ਸੱਭ ਕੁੱਝ ਕਰੀ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਨਵੇਂ ਅਤੇ ਬਾਦਲਾਂ ਦੇ ਲਿਫ਼ਾਫ਼ੇ ਵਿਚੋਂ ਨਿਕਲੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਯੂ.ਪੀ. ਲਖਨਊ ਗਏ ਜਿਥੇ ਉਨ੍ਹਾਂ ਨੇ ਸਿੰਧੀਆਂ ਦੇ ਆਸ਼ਰਮ ਵਿਚ ਜਾ ਕੇ ਚਾਂਡੂ ਰਾਮ ਨੂੰ ਮੱਥਾ ਟੇਕਿਆ ਤੇ ਉਸ ਤੋਂ ਪ੍ਰਸ਼ਾਦਿ ਲਿਆ, ਜਿਸ ਤੇ ਲਖਨਊ ਦੀਆਂ ਜਾਗਰੂਕ ਅਤੇ ਸੁਚੇਤ ਸਿੱਖ ਸੰਗਤਾਂ ਨੇ ਰੋਸ ਪ੍ਰਗਟ ਕੀਤਾ। ਇਹ ਮਹਾਂਪੁਰਸ਼ ਉਥੇ ਕਮੇਟੀ ਦਾ ਦਫ਼ਤਰ ਵੀ ਖੋਲ੍ਹਣ ਦਾ ਕਹਿ ਆਏ। ਅਜਿਹੇ ਪ੍ਰਧਾਨਾਂ ਤੋਂ ਸਿੱਖ ਸੰਗਤਾਂ ਧਰਮ ਪ੍ਰਚਾਰ ਦੀ ਕੀ ਉਮੀਦ ਕਰ ਸਕਦੀਆਂ ਹਨ? ਇਹ ਲੋਕ ਸਹੀ ਅਰਥਾਂ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪੰਥ ਵਿਚੋਂ ਛਿਕਵਾ ਦਿੰਦੇ ਹਨ, ਜਿਵੇਂ ਇਨ੍ਹਾਂ ਨੇ ਸ. ਜੋਗਿੰਦਰ ਸਿੰਘ,

ਪ੍ਰੋ. ਦਰਸ਼ਨ ਸਿੰਘ, ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਅਤੇ ਹੋਰ ਬਹੁਤ ਸਾਰੇ ਧਾਰਮਕ ਪ੍ਰਚਾਰਕਾਂ ਨੂੰ ਇਨ੍ਹਾਂ ਬਾਦਲਾਂ ਨੇ ਪੰਥ ਵਿਚੋਂ ਖਾਰਜ ਕਰਵਾਇਆ ਹੋਇਆ ਹੈ। ਇਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਪਹਿਲਾਂ ਮਾਨਤਾ ਦੇ ਕੇ ਜਾਰੀ ਕੀਤਾ ਤੇ ਪਿਛੋਂ ਦਮਦਮੀ ਟਕਸਾਲ ਦੇ ਅਖੌਤੀ ਤੇ ਸੰਤ ਸਮਾਜ ਦੇ ਬਾਬਿਆਂ ਦੇ ਕਹਿਣ ਤੇ ਉਹ ਕੈਲੰਡਰ ਹੀ ਬਦਲ ਦਿਤਾ।

ਅਸੀ ਡੰਕੇ ਦੀ ਚੋਟ ਨਾਲ ਆਖ ਰਹੇ ਹਾਂ ਕਿ ਜੋ ਕੰਮ ਅਤੇ ਪ੍ਰਚਾਰ ਸਪੋਕਸਮੈਨ ਅਤੇ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਕਰਨ ਲੱਗਾ ਹੋਇਆ ਹੈ ਉਹ ਹੋਰ ਕੋਈ ਨਹੀਂ ਕਰ ਰਿਹਾ। ਧਾਰਮਕ ਸ਼੍ਰੋਮਣੀ ਕਮੇਟੀ ਰਾਜਨੀਤੀ ਕਰ ਰਹੀ ਹੈ। ਇਸੇ ਵਿਸਾਖੀ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਰਾਜਨੀਤਕ ਦਲ, ਅਕਾਲੀ ਦਲ ਬਾਦਲ ਦੀ ਸਟੇਜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਬੈਠੇ ਸਨ ਤੇ ਤਕਰੀਰ ਵਿਚ ਬਾਦਲ ਪ੍ਰਵਾਰ ਦੇ ਸੋਹਲੇ ਗਾਏ। ਇਹ ਧਰਮ ਪ੍ਰਚਾਰ ਨਹੀਂ, ਬਾਦਲ ਪ੍ਰਵਾਰ ਦਾ ਪ੍ਰਚਾਰ ਹੈ।

ਅਸੀ ਸਮੂਹ ਸਿੱਖ ਜਗਤ ਨੂੰ ਸਨਿਮਰ ਅਪੀਲ ਕਰਦੇ ਹਾਂ ਕਿ ਉਹ ਧਾਰਮਕ ਜਥੇਬੰਦੀ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਪ੍ਰਬੰਧ ਖ਼ਤਮ ਕਰਨ ਲਈ ਸੁਧਾਰ ਲਹਿਰ ਚਲਾਉਣ ਤੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ।ਅੰਤ ਵਿਚ ਸਪੋਕਸਮੈਨ ਦੇ ਸੂਝਵਾਨ ਪਾਠਕਾਂ ਅਤੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਦੇ ਹਾਂ ਕਿ 'ਉੱਚਾ ਦਰ ਬਾਬੇ ਨਾਨਕ ਦਾ' ਰਹਿੰਦਾ ਕੰਮ ਪੂਰਾ ਕਰਨ ਲਈ ਇਕ ਹੰਭਲਾ ਮਾਰੋ ਤੇ ਉਸ ਨੂੰ ਪੂਰਾ ਕਰ ਕੇ ਜਗਤ ਗੁਰੂ ਬਾਬਾ ਨਾਨਕ ਜੀ ਦੀਆਂ ਅਸੀਸਾਂ ਦੇ ਪਾਤਰ ਬਣੋ।

ਇਹ ਵੇਲਾ ਫਿਰ ਹੱਥ ਨਹੀਂ ਆਉਣਾ 'ਉੱਚਾ ਦਰ ਬਾਬੇ ਨਾਨਕ ਦਾ' ਨਿਰੋਲ ਧਾਰਮਕ ਤੇ ਸਿੱਖ ਸੰਗਤਾਂ ਅਤੇ ਬਾਬਾ ਨਾਨਕ ਜੀ ਦੇ ਸੇਵਕਾਂ ਦਾ ਅਪਣਾ ਹੋਵੇਗਾ ਜਿਸ ਦੇ ਦਰਸ਼ਨ ਕਰ ਕੇ ਅਸਲ ਵਿਚ ਗੁਰੂ ਬਾਬੇ ਨਾਨਕ ਜੀ ਦੇ ਜੀਵਨ ਦਾ ਇਤਿਹਾਸ ਪਤਾ ਲਗੇਗਾ। ਇਹ ਅਦਾਰਾ ਸਮੁੱਚੀ ਦੁਨੀਆਂ ਵਿਚ ਨਿਵੇਕਲਾ ਹੀ ਹੋਵੇਗਾ ਜਿਸ ਵਿਚੋਂ 1469 ਵਿਚ ਪ੍ਰਗਟੇ ਬਾਬੇ ਨਾਨਕ ਦੀ ਮਿੱਠੀ ਖ਼ੁਸ਼ਬੋ ਆਵੇਗੀ ਅਤੇ ਉਸ ਵਲੋਂ ਕੀਤੇ ਪਰਉਪਕਾਰਾਂ ਦੀ ਝਲਕ ਵਿਖਾਈ ਦੇਵੇਗੀ। ਇਹ ਕੰਮ ਐਨਾ ਸੌਖਾ ਨਹੀਂ ਸੀ ਜੋ ਸ. ਜੋਗਿੰਦਰ ਸਿੰਘ ਨੇ ਕਰ ਵਿਖਾਇਆ ਹੈ।

ਇਹ ਤਾਂ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣਾ ਮਿਹਰ ਭਰਿਆ ਹੱਥ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ, ਬੀਬੀ ਨਿਮਰਤ ਕੌਰ, ਬੀਬੀ ਨਿਰਮਲ ਕੌਰ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਟਰੱਸਟੀਆਂ ਦੇ ਸਿਰ ਰੱਖ ਕੇ ਕਰਵਾਇਆ ਹੈ। ਅਕਾਲ ਪੁਰਖ ਛੇਤੀ ਹੀ ਇਸ ਨੂੰ ਸੰਪੂਰਨ ਕਰਨ ਤਾਕਿ ਸ਼ਰਧਾਲੂ ਇਸ ਦੇ ਰੋਜ਼ ਦਰਸ਼ਨ ਦੀਦਾਰ ਕਰ ਕੇ ਬਾਬਾ ਨਾਨਕ ਜੀ ਦੀ ਹੋਂਦ ਮਹਿਸੂਸ ਕਰ ਸਕਣ।
ਸੰਪਰਕ : 98889-74986, 80543-68157

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement