
ਨੂੰਹ-ਸੱਸ ਦਾ ਰਿਸ਼ਤਾ ਬੜਾ ਗੂੜ੍ਹਾ ਹੁੰਦਾ ਹੈ। ਨੂੰਹ ਦੀ ਅਸਲੀ ਮਾਂ ਤਾਂ ਸੱਸ ਹੀ ਹੁੰਦੀ ਹੈ
ਨੂੰਹ-ਸੱਸ ਦਾ ਰਿਸ਼ਤਾ ਬੜਾ ਗੂੜ੍ਹਾ ਹੁੰਦਾ ਹੈ। ਨੂੰਹ ਦੀ ਅਸਲੀ ਮਾਂ ਤਾਂ ਸੱਸ ਹੀ ਹੁੰਦੀ ਹੈ ਕਿਉਂਕਿ ਸੱਸ ਕੋਲ ਹੀ ਨੂੰਹ ਨੇ ਸਾਰੀ ਜ਼ਿੰਦਗੀ ਲੰਘਾਉਣੀਂ ਹੁੰਦੀ ਹੈ। ਜੋ ਜਨਮ ਦੇਣ ਵਾਲੀ ਮਾਂ ਹੈ, ਉਹ ਤਾਂ ਬੱਸ ਧੀ ਨੂੰ 18-20 ਸਾਲ ਤਕ ਪਾਲਣ-ਪੋਸ਼ਣ, ਪੜ੍ਹਾਉਣ-ਲਿਖਾਉਣ ਤਕ ਹੀ ਸੀਮਤ ਰਹਿ ਜਾਂਦੀ ਹੈ। ਵਿਆਹ ਹੋਣ ਉਪਰੰਤ ਅਪਣੇ ਪੇਟੋਂ ਜੰਮੀ ਧੀ ਤਾਂ ਅਪਣੀ ਮਾਂ ਤੋਂ ਦੂਰ ਹੋ ਜਾਂਦੀ ਹੈ ਅਤੇ ਘਰ ’ਚ ਆਈ ਨੂੰਹ ਰਾਣੀ ਧੀ ਵਾਲੀ ਜਗ੍ਹਾ ਹਾਸਲ ਕਰ ਲੈਂਦੀ ਹੈ। ਸੋ ਸਹੁਰੇ ਘਰ ਸੱਸ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਅਪਣੀ ਨੂੰਹ ਨੂੰ ਧੀ ਰਾਣੀ ਵਾਲਾ ਪਿਆਰ, ਰਹਿਣ-ਸਹਿਣ, ਦੇਖ-ਰੇਖ ਉਂਜ ਹੀ ਕਰੇ ਜਿਸ ਤਰ੍ਹਾਂ ਉਹ ਅਪਣੀ ਕੁੱਖੋਂ ਜੰਮੀ ਧੀ ਨਾਲ ਕਰਦੀ ਹੈ।
ਆਖ਼ਰ ਜੋ ਸੱਸ ਬਣਦੀ ਹੈ ਉਹ ਵੀ ਤਾਂ ਪਹਿਲਾਂ ਇਕ ਦਿਨ ਕਿਸੇ ਦੀ ਨੂੰਹ ਬਣ ਕੇ ਆਉਂਦੀ ਹੈ, ਨਾ ਕਿ ਉਸ ਨੂੰ ਸਿੱਧੇ ਤੌਰ ਤੇ ਸੱਸ ਦਾ ਰੁਤਬਾ ਹਾਸਲ ਹੁੰਦਾ ਹੈ। ਨੂੰਹ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੀ ਅਪਣੀ ਸੱਸ ਨੂੰ ਸਕੀ ਮਾਂ ਨਾਲੋਂ ਵੀ ਵੱਧ ਪਿਆਰ ਜਤਾਵੇ। ਪਰ ਉਪ੍ਰੋਕਤ ਗੱਲਾਂ ਅੱਜ ਦੇ ਸਮੇਂ ਵਿਚ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।
ਹੁਣ ਜੇ ਦੂਜੇ ਪਾਸੇ ਝਾਤ ਮਾਰੀਏ ਤਾਂ ਅੱਜ ਆਈਲੈਟਸ ਦੇ ਦੌਰ ਨੇ ਲਗਭਗ ਇਕ ਦਹਾਕੇ ਦੇ ਅੰਦਰ-ਅੰਦਰ ਹੀ ਅਪਣਾ ਅਜਿਹਾ ਜੁਮਲਾ ਛਡਿਆ ਹੈ ਕਿ ਨੂੰਹ-ਸੱਸ ਦੀ ਆਪਸੀ ਨੋਕ-ਝੋਕ ਅਲੋਪ ਹੀ ਹੋ ਕੇ ਰਹਿ ਗਈ ਨਜ਼ਰ ਆਉਂਦੀ ਹੈ ਕਿਉਂਕਿ ਨੂੰਹਾਂ ਵਿਆਹ ਹੋਣ ਉਪਰੰਤ ਚੰਦ ਦਿਨਾਂ ਵਿਚ ਹੀ ਜਹਾਜ਼ ਚੜ੍ਹ ਜਾਂਦੀਆਂ ਹਨ। ਇਹ ਆਈਲੈਟਸ ਦਾ ਦੌਰ ਲੜਕੀਆਂ ਦੇ ਜੀਵਨ ਪੱਧਰ ਲਈ ਬਹੁਤ ਹੀ ਸ਼ਲਾਘਾਯੋਗ ਤੇ ਲਾਹੇਵੰਦ ਸਿੱਧ ਹੋਇਆ ਹੈ ਕਿਉਂਕਿ ਆਈਲੈਟਸ ਦੇ ਦੌਰ ਨੇ ਦਾਜ- ਦਹੇਜ, ਸਟੋਵ, ਭਰੂਣ ਹਤਿਆ ਜਾਂ ਕਿਸੇ ਹੋਰ ਬਹਾਨੇ ਅਬਲਾ ਦੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਵੱਡੇ ਪੱਧਰ ਤਕ ਬੰਨ੍ਹ ਲਗਾ ਦਿਤਾ ਹੈ। ਇਸ ਦੌਰ ਨੇ ਨੂੰਹ-ਸੱਸ ਦੀ ਆਪਸੀ ਖਟਾਸ ਨੂੰ ਲਾਂਭੇ ਕਰਦਿਆਂ ਮਿਠਾਸ ਭਰ ਦਿਤੀ ਹੈ। ਹੁਣ ਆਪਸੀ ਨੋਕ ਝੋਕ ਤਾਂ ਕੀ ਹੋਣੀ ਹੈ ਸਗੋਂ ਆਪਸੀ ਗਲੇ ਲੱਗ ਕੇ ਮਿਲਣ ਨੂੰ ਵੀ ਕਈ ਕਈ ਸਾਲ ਤਰਸੇਵੇਂ ਭਰੀ ਉਡੀਕ ਕਰਨੀ ਪੈ ਰਹੀ ਹੈ।
ਇਕ ਦਹਾਕੇ ਦਾ ਸਮਾਂ ਹੀ ਗੁਜ਼ਰਿਆ ਹੈ ਜਦੋਂ ਕੱੁਝ ਕੁ ਵਿਚਾਰਾਂ ਕਰ ਕੇ ਨੂੰਹ ਨੂੰ ਅਪਣੇ ਸਹੁਰੇ ਘਰੋਂ ਸੰਤੁਸ਼ਟੀ ਨਹੀਂ ਸੀ ਮਿਲਦੀ ਹੁੰਦੀ ਤੇ ਸਹੁਰੇ ਟੱਬਰ ਦੇ ਜੀਆਂ ਦੇ ਖਾਹ ਮਖਾਹ, ਪੈਰ-ਪੈਰ ਤੇ ਨੋਕ-ਝੋਕ, ਗੱਲੀਂ-ਗੱਲੀਂ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਸੀ। ਸੱਜ ਵਿਆਹੀ ਦੇ ਸੱਜਰੇ ਸੱਜਰੇ ਚਾਅ ਅੰਦਰੋਂ-ਅੰਦਰੀਂ ਦਬ ਕੇ ਰਹਿ ਜਾਂਦੇ ਸਨ।
ਸੋ ਪੇਸ਼ ਹਨ ਕੱੁਝ ਬੀਤੇ ਸਮੇਂ ਦੀਆਂ ਉਹ ਗੱਲਾਂ ਜਦੋਂ ਪੰਜਾਬਣ ਮੁਟਿਆਰ ਦਿਲ ਦੇ ਅੰਦਰਲੇ ਉੱਠਦੇ ਹਾਵ ਭਾਵ ਨੂੰ ਸਿੱਠਣੀਆਂ, ਟੱਪਿਆਂ ਰਾਹੀਂ ਜ਼ਾਹਰ ਕਰਦੀ ਹੋਈ ਅਪਣੇ ਪਤੀ ਪਰਮੇਸ਼ਰ ਤੇ ਸਾਰੇ ਸਹੁਰੇ ਟੱਬਰ ਦੇ ਜੀਆਂ ਬਾਰੇ ਹਾਲ ਬਿਆਨ ਕਰ ਕੇ ਕਿਵੇਂ ਸਵਾਲ ਦਰਸਾਉਂਦੀ ਹੁੰਦੀ ਸੀ। ਤਾਜ਼ੀਆਂ ਕਰਦੇ ਹਾਂ ਅਲੋਪ ਹੋਈਆਂ ਗੱਲਾਂ ਜੋ ਅੱਜ ਯਾਦਾਂ ਬਣ ਕੇ ਹੀ ਰਹਿ ਗਈਆਂ ਹਨ।
ਸੱਸ ਨਵਾਂ ਸੂਟ ਪਾਉਂਣ ਨ੍ਹੀਂ ਦਿੰਦੀ।
ਹਾਰ ਸ਼ਿੰਗਾਰ ਵੀ ਲਾਉਣ ਨ੍ਹੀਂ ਦਿੰਦੀ।
ਝਾਂਜਰ ਨੂੰ ਛਣਕਾਉਣ ਨ੍ਹੀਂ ਦਿੰਦੀ।
ਪੀਂਹਦੀ ਰਹਿੰਦੀ ਸਾਰਾ ਦਿਨ ਦੰਦ ਮੁੰਡਿਆ।
ਵੇ ਨਿੱਤ ਲਾਲਾ... ਲਾਲਾ..,
ਲਾਲਾ ਲਾਲਾ ਹੋਣੀਂ ਕਰ ਬੰਦ ਮੁੰਡਿਆ
ਵੇ ਨਿੱਤ ਲਾਲਾ.. ਲਾਲਾ...!
ਨਣਦ ਭਰਜਾਈ ਦਾ ਵੀ ਆਪਸੀ ਗੂੜ੍ਹਾ ਪਿਆਰ ਹੁੰਦਾ ਹੈ। ਵੱਡੀ ਨਣਦ ਤਾਂ ਅਪਣੇ ਸਹੁਰੇ ਘਰ ਅਪਣੀ ਭਾਬੋ ਰਾਣੀ ਨੂੰ ਮਿਲਣ ਲਈ ਈਦ ਦੇ ਚੰਨ ਵਾਂਗੂੰ ਉਡੀਕਦੀ ਰਹਿੰਦੀ ਹੈ ਅਤੇ ਜੇ ਨਣਦ ਛੋਟੀ ਹੋਵੇ ਤਾਂ ਅਪਣੀ ਭਾਬੀ ਦੇ ਪਿੱਛੇ-ਪਿੱਛੇ ਫਿਰਦੀ ਕਦੇ ਤੋਤਲੀ ਜੁਬਾਨ ਨਾਲ ਗੱਲ ਕਰਦੀ ਹੈ ਕਦੇ ਸਿਰ ਦੇ ਵਾਲਾਂ ਦੀਆਂ ਮੀਡੀਆਂ ਕਰਵਾਉਂਦੀ ਹੈ। ਪਰ ਜੇ ਕਿਧਰੇ ਇਨ੍ਹਾਂ ਦੇ ਵੀ ਆਪਸੀ ਖਟਾਸ ਪੈਦਾ ਹੋ ਜਾਵੇ ਤਾਂ ਫਿਰ ਨਣਦ ਵੀ ਕਿਸੇ ਗੱਲੋਂ ਘੱਟ ਨਹੀਂ ਰਹਿੰਦੀ। ਕਦੇ ਉਹ ਅਪਣੀ ਭਾਬੀ ਤੇ ਹੁਕਮ ਚਲਾਉਂਦੀ ਹੋਈ ਆਂਢ ਗੁਆਂਢ ਵਿਚ ਜਾਣ ਤੋਂ ਜਾਂ ਬੋਲਣ-ਚਾਲਣ ਤੋਂ ਰੋਕਦੀ ਹੈ ਤੇ ਫਿਰ ਉਹ ਮੁਟਿਆਰ ਅਪਣੇ ਪਤੀ ਨੂੰ ਕਿਸ ਤਰ੍ਹਾਂ ਬਿਆਨ ਕਰਦੀ ਹੈ।
ਨਣਦ ਕੁਪੱਤੀ ਖੰਘਣ ਨਾ ਦੇਵੇ।
ਬੂਹਿਉਂ ਦੇਹਲੀ ਲੰਘਣ ਨਾ ਦੇਵੇ।
ਆਪਾਂ ਚੁੱਲ੍ਹਾ ਅੱਡ ਕਰ ਲੈਣਾ।
ਕੱਢਦੇ ਵਿਹੜੇ ਦੇ ਵਿਚ ਕੰਧ ਮੁੰਡਿਆ।
ਵੇ ਕਦੋਂ ਲਾਲਾ.., ਲਾਲਾ.., ਲਾਲਾ ਲਾਲਾ ਹੋਣੀਂ ਹੋਊ ਬੰਦ ਮੁੰਡਿਆ
ਵੇ ਕਦੋਂ ਲਾਲਾ..ਲਾਲਾ......!
ਦਰਾਣੀ-ਜਠਾਣੀ ਦਾ ਆਪਸੀ ਪਿਆਰ ਭਾਵੇਂ ਭੈਣਾਂ ਭੈਣਾਂ ਵਾਲਾ ਹੁੰਦਾ ਹੈ ਪਰ ਅੱਜ ਦੇ ਦੌਰ ਵਿਚ ਅਪਣਾ ਖ਼ੂਨ ਵੀ ਬਦਲ ਜਾਂਦਾ ਹੈ। ਕਿਸੇ ਨੂੰ ਕਿਸੇ ਦਾ ਮੋਹ ਨਹੀਂ ਰਿਹਾ। ਆਮ ਹੀ ਵੇਖਣ ਸੁਣਨ ਵਿਚ ਆਉਂਦਾ ਹੈ ਕਿ ਦਰਾਣੀ ਜਠਾਣੀ ਦਾ ਪਿਆਰ ਵੀ ਕਿਧਰੇ ਉੱਡ-ਪੁੱਡ ਗਿਆ ਹੈ। ਕੋਈ ਵੱਡੀ-ਛੋਟੀ ਦੇ ਮੁਹੱਬਤ, ਮਾਣ-ਸਤਿਕਾਰ ਵਾਲੀ ਪਹਿਲਾਂ ਵਾਂਗ ਗੱਲ ਨਹੀਂ ਰਹੀ। ਆਪਸੀ ਸਹਿਣਸ਼ੀਲਤਾ ਘਟ ਗਈ ਹੈ। ਇਕ-ਦੂਜੇ ਨੂੰ ਵੱਢ ਖਾਣ ਵਾਲਿਆਂ ਵਾਂਗੂੰ ਪੈਂਦੀਆਂ ਹਨ। ਕਿਤੇ ਨਾ ਕਿਤੇ ਜਾ ਕੇ ਕਈ ਵਾਰ ਇਨ੍ਹਾਂ ਦਾ ਬਹੁਤ ਹੀ ਜ਼ਿਆਦਾ ਇੱਟ ਖੜਕਾ ਪੈ ਜਾਂਦਾ ਹੈ। ਤਦ ਇਕ ਪਾਸੇ ਨਵ ਵਿਆਹੀ ਮੁਟਿਆਰ ਅਪਣੀ ਸ਼ਰੀਕਣੀ ਜੇਠਾਣੀ ’ਤੇ ਤੋੜਾ ਝਾੜਦੀ ਹੈ ਅਤੇ ਦੂਜੇ ਪਾਸੇ ਦਿਉਰ ਹੈ ਜੋ ਭਾਬੀਆਂ ਦੇ ਚਾਵਾਂ ਦਾ ਗਹਿਣਾ ਮੰਨਿਆ ਜਾਂਦਾ ਹੈ। ਜਿਥੇ ਭਾਬੀਆਂ ਦਿਉਰ ਨੂੰ ਮਨੋਂ ਪਿਆਰ ਕਰਦੀਆਂ ਹਨ ਉੱਥੇ ਦਿਉਰ ਵੀ ਭਾਬੀ ਭਾਬੀ ਕਰਦਾ ਉਸ ਦਾ ਕੋਈ ਕਹਿਣਾ ਨਹੀਂ ਮੋੜਦਾ ਅਤੇ ਦਿਉਰ ਭਰਜਾਈ ਦਾ ਰਿਸ਼ਤਾ ਅਨੋਖਾ ਰਿਸ਼ਤਾ ਹੈ ਜਿਵੇਂ ਸਾਡੇ ਪੁਰਾਣੇ ਸਭਿਆਚਾਰਕ ਗੀਤਾਂ ਅਨੁਸਾਰ।
ਛੜੇ ਜੇਠ ਨੂੰ ਲੱਸੀ ਨਹੀਂ ਦੇਣੀ।
ਦਿਉਰ ਭਾਵੇਂ ਮੱਝ ਚੁੰਘ ਜਾਏ।
ਇਹ ਆਖ ਕੇ ਭਰਜਾਈ ਅਪਣੇ ਦਿਉਰ ਨੂੰ ਸਲਾਹੁੰਦੀ ਹੋਈ ਜਠਾਣੀ ਤੇ ਇੰਜ ਮਨ ਦੀ ਭੜਾਸ ਕਢਦੀ ਹੈ।
ਜੇਠ ਜਠਾਣੀ ਲੜਦੇ ਰਹਿੰਦੇ।
ਗੱਲ ਗੱਲ ਉੱਤੇ ਚੜ੍ਹਦੇ ਰਹਿੰਦੇ।
ਦਿਉਰ ਹੀ ਹੈ ਜੋ ਹਾਮੀ ਭਰਦੈ।
ਭਾਬੀ ਭਾਬੀ ਰਹਿੰਦੇ ਕਰਦੈ।
ਲੱਗੇ ਮੈਨੂੰ ਪੁੰਨਿਆਂ ਦਾ ਚੰਨ ਮੁੰਡਿਆ।
ਵੇ ਕਦੋਂ ਲਾਲਾ.., ਲਾਲਾ,
ਕਦੋਂ ਲਾਲਾ.., ਲਾਲਾ..,
ਹੋਣੀਂ ਹੋਊ ਬੰਦ ਮੁੰਡਿਆ।
ਵੇ ਕਦੋਂ ਲਾਲਾ..ਲਾਲਾ...!
ਗੱਲ ਰਹੀ ਸਹੁਰੇ ਦੀ ਜੋ ਅਪਣੀ ਨੂੰਹ ਨੂੰ ਧੀ ਦੇ ਸਮਾਨ ਨਾ ਸਮਝਦੇ ਹੋਏ ਅਪਣੇ ਪੁੱਤਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ ਤੇ ਬਾਕੀਆਂ ਦਾ ਪੱਖ ਪੂਰਦਾ ਹੈ ਬਾਰੇ ਮੁਟਿਆਰ ਅਪਣੇ ਮਾਹੀ ਤੋਂ ਸੁਆਲ ਦਾ ਜਵਾਬ ਮੰਗਦੀ ਹੈ।
ਸਹੁਰਾ ਹਰ ਦਮ ਰਹੇ ਘੂਰਦਾ।
ਸਾਰੇ ਟੱਬਰ ਦਾ ਪੱਖ ਪੂਰਦਾ।
ਤੂੰ ਤਾਂ ਜਾਪੇ ਪੁੱਤ ਦੂਰ ਦਾ।
ਕਿਹੜੀਆਂ ਗੱਲਾਂ ਤੋਂ ਲਹਿੰਦੀ ਡੰਡ ਮੁੰਡਿਆ।
ਵੇ ਕਦੋਂ ਲਾਲਾ.. ਲਾਲਾ,
ਲਾਲਾ ਲਾਲਾ ਹੋਣੀਂ ਹੋਊ ਬੰਦ ਮੁੰਡਿਆ।
ਵੇ ਕਦੋਂ ਲਾਲਾ.. ਲਾਲਾ...!
ਅਖ਼ੀਰ ਵਿਚ ਮੁਟਿਆਰ ਅਪਣੇ ਪਤੀ ਨੂੰ ਗੱਲੀਂ ਬਾਤੀਂ ਕਹਿੰਦੀ ਹੈ ਕਿ ਮੇਰਿਆ ਚੰਨ ਮੱਖਣਾਂ ਤੂੰ ਮੈਨੂੰ ਰੱਜਵਾਂ ਪਿਆਰ ਪ੍ਰਦਾਨ ਕਰ ਤੇਰੇ ਬਿਨਾਂ ਏਸ ਘਰ ਵਿਚ ਮੇਰੀ ਲੰਮੇਰੀ ਜ਼ਿੰਦਗੀ ਦਾ ਪੰਧ ਕੋਈ ਨਹੀਂ ਲੰਘਾ ਸਕਦਾ ਜਿਵੇਂ ਸਪੇਰੇ ਨੇ ਅਪਣੇ ਸੱਪ ਨੂੰ ਬਹੁਤ ਹੀ ਡੂੰਘਾਈ ਨਾਲ ਸਾਂਭ ਸੰਭਾਲ ਕੇ ਰਖਿਆ ਹੁੰਦਾ ਹੈ ਤੂੰ ਵੀ ਕਿਤੇ ਮੈਨੂੰ ਵੀ ਉਹਦੇ ਵਾਂਗੂੰ ਅਪਣੇ ਦਿਲ ਦੀ ਪਟਾਰੀ ਵਿਚ ਪਾ ਕੇ ਰੱਖ। ਤੇਰੀ ਛਮਕ ਜਹੀ ਜੀਵਣ ਸਾਥਣ ਹਮੇਸ਼ਾ ਰੋਅਬ ਨਹੀਂ ਝੱਲ ਸਕਦੀ ਤੇ ਫਿਰ ਕੀ ਕਹਿੰਦੀ ਐ -
ਵੇ ‘ਸਾਧੂ’ ਮੇਰਾ ਆਖ਼ਰੀ ਕਹਿਣਾ।
ਮੈਂ ਨਹੀਂ ‘ਲੰਗੇਆਣੇ’ ਪਿੰਡ ਵਿਚ ਰਹਿਣਾ।
ਰੋਅਬ ਥੱਲੇ ਤੇਰੇ ਗਲ ਦਾ ਗਹਿਣਾ।
ਮੈਨੂੰ ਕਰ ਲੈ ਪੁਟਾਰੀ ਵਿਚ ਬੰਦ ਮੁੰਡਿਆ।
ਵੇ ਨਿੱਤ ਲਾਲਾ...ਲਾਲਾ, ਲਾਲਾ...ਲਾਲਾ
ਵੇ ਨਿੱਤ ਲਾਲਾ ਲਾਲਾ ਹੋਣੀਂ ਕਰ ਬੰਦ ਮੁੰਡਿਆ।
ਵੇ ਕਦੋਂ ਲਾਲਾ... ਲਾਲਾ...!
ਡਾ. ਸਾਧੂ ਰਾਮ ਲੰਗੇਆਣਾ
ਮੋ. 9878117285