‘ਦੇਵੀ ਦੀ ਮੌਤ ਦਾ ਬਦਲਾ’ ਦੇ ਨਾਂ ਹੇਠ ਕੀਤੀ ਗਈ ਨਸਲਕੁਸ਼ੀ
Untold story of 1984 Sikh Genocide: ਅਜੇ ਉਸ ਦੇ ਸਰੀਰ ’ਤੇ ਖ਼ੂਨ ਸੁਕਿਆ ਵੀ ਨਹੀਂ ਸੀ ਕਿ ਕਈ ਹੋਰ ਸਰੀਰ ਖ਼ੂਨ ਨਾਲ ਲਥਪਥ ਹੋ ਗਏ। ਉਸ ਦੇ ਕਾਤਲਾਂ ਦੀਆਂ ਗੋਲੀਆਂ ਦੀ ਆਵਾਜ਼ ਸੁਣਨੀ ਬੰਦ ਹੁੰਦੀ, ਉਸ ਤੋਂ ਪਹਿਲਾਂ ਹੀ ਕਈ ਹੋਰ ਗੋਲੀਆਂ ਦੀ ਭਿਆਨਕ ਆਵਾਜ਼ ਸੁਣਾਈ ਦੇਣ ਲੱਗ ਪਈ। ਨੇੜਿਉਂ ਅਤੇ ਦੂਰੋਂ, ਉਸ ਦੇ ਪ੍ਰਵਾਰ, ਰਿਸ਼ਤੇਦਾਰ ਤੇ ਹੋਰ ਸ਼ੋਕ ਪ੍ਰਗਟਾਉਣ ਵਾਲਿਆਂ ਦੀਆਂ ਅੱਖਾਂ ’ਚੋਂ ਹੰਝੂ ਸੁਕਦੇ, ਇਸ ਤੋਂ ਪਹਿਲਾਂ ਹੀ ਕਈ ਹੋਰਾਂ ਨੇ ਦੁਖ ਅਤੇ ਲਾਚਾਰੀ ਵਿਚ ਰੋਣਾ ਸ਼ੁਰੂ ਕਰ ਦਿਤਾ। ਉਸ ਦੀ ਫੁੱਲਾਂ ਨਾਲ ਲੱਦੀ ਲਾਸ਼ਾ, ਦਰਸ਼ਨਾਂ ਲਈ ਅਜੇ ਰੱਖੀ ਹੀ ਹੋਈ ਸੀ ਕਿ ਉਦੋਂ ਨੂੰ ਹੋਰ ਜ਼ਿੰਦਗੀਆਂ, ਲਾਸ਼ਾਂ ਨੂੰ ਮਿੱਟੀ ਦੇ ਤੇਲ, ਪੈਟਰੋਲ, ਗਲੇ ’ਚ ਟਾਇਰ ਪਾ ਕੇ ਸਾੜ ਦਿਤਾ ਗਿਆ।
ਅਜੇੇ ਦੇਸ਼ ਉਸ ਅਚਾਨਕ ਵਾਪਰੀ ਘਟਨਾ ਕਾਰਨ ਅਚੰਭੇ ਵਿਚ ਹੀ ਸੀ ਕਿ ਕਈ ਹੋਰ ਬੇਦੋਸ਼ਿਆਂ ਦੇ ਸਰੀਰਾਂ ’ਚੋਂ ਲਹੂ ਚੋਅ ਰਿਹਾ ਸੀ ਅਤੇ ਉਨ੍ਹਾਂ ਦੇ ਪੈਰ ਮਿੱਟੀ ਤੇ ਖ਼ੂਨ ਦੇ ਚਿੱਕੜ ’ਚ ਲਿਬੜੇ ਹੋਏ ਸਨ। ਇਸ ਪਾਗਲਪਨ ਨੇ ਚਹੁੰ ਪਾਸੀਂ ਇਕ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਦਿਤਾ ਸੀ ਅਤੇ ਅੱਗ ਸੀ ਕਿ ਵਧਦੀ ਹੀ ਜਾਂਦੀ ਸੀ। ਮੌਤ ਦਾ ਤਾਂਡਵ ਕਰਦੀ ਹੋਈ ਅਤੇ ਹਰ ਪਾਸੇ ਬਰਬਾਦੀ ਦਾ ਦਿਲ ਕੰਬਾਊ ਦ੍ਰਿਸ਼ ਸੀ। ਅਨਾਥ ਹੋਏ ਬੱਚਿਆਂ ਤੇ ਵਿਧਵਾ ਹੋਈਆਂ ਨੌਜੁਆਨ ਮੁਟਿਆਰਾਂ ਤੇ ਜਿਨ੍ਹਾਂ ਦੀ ਗੋਦ ਸੱਖਣੀ ਹੋ ਗਈ, ਉਨ੍ਹਾਂ ਮਾਵਾਂ ਦੇ ਕੀਰਨੇ ਮੁੱਕਣ ’ਚ ਨਹੀਂ ਸਨ ਆ ਰਹੇ ਭਾਵੇਂ ਉਹ ਕਾਲੀ ਭਿਆਨਕ ਰਾਤ ਮੁੱਕ ਚੁੱਕੀ ਸੀ।
ਇੰਦਰਾ ਗਾਂਧੀ ਦੀ ਹਤਿਆ ਹੋਣ ਤੋਂ 10 ਘੰਟਿਆਂ ਦੇ ਅੰਦਰ ਅੰਦਰ ਸਾਰੀ ਰਾਜਧਾਨੀ, ਲੁੱਟ ਖਸੁਟ, ਕਤਲੇਆਮ, ਬਲਾਤਕਾਰ ਅਤੇ ਗੁੰਡਾਗਰਦੀ ਦੇ ਕਾਲੇ ਤੂਫ਼ਾਨ ਦੇ ਹਨੇਰੇ ’ਚ ਗੁੁੁੁੁੁੁੁਆਚ ਗਈ। 31 ਅਕਤੂਬਰ ਦੀ ਸ਼ਾਮ ਦੇ 6 ਵਜੇ ਇਹ ਸੱਭ ਸ਼ੁਰੂ ਹੋਇਆ ਜਦੋਂ ਰਾਜਧਾਨੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਬਾਹਰ ਗੁੱਸੇ ਦੀ ਇਹ ਲਹਿਰ ਨਜ਼ਰੀ ਆਈ ਜਿਸ ਦੇ ਥਪੇੜਿਆਂ ਨੂੰ ਆਉਣ ਵਾਲੇ ਦਿਨਾਂ ’ਚ ਕਈ ਜ਼ਿੰਦਗੀਆਂ ਨੇ ਮਹਿਸੂਸ ਕੀਤਾ। ਇੰਸਟੀਚਿਊਟ ਦੇ ਬਾਹਰ ਪਹਿਲਾਂ ਨਿਸ਼ਾਨਾ ਇਕ ਸਿੱਖ ਬਣਿਆ ਜੋ ਸਕੂਟਰ ’ਤੇ ਸਵਾਰ ਸੀ। ਉਸ ਨੂੰ ਰੋਕਣ ਤੋਂ ਬਾਅਦ ਗੁੱਸੇ ’ਚ ਭੜਕੇ ਹੋਏ ਨੌਜੁਆਨ ਲੜਕਿਆਂ ਦੀ ਭੀੜ ਨੇ ਉਸ ਦੀ ਪੱਗ ਲਾਹੀ ਤੇ ਫਿਰ ਬੇਰਹਿਮੀ ਨਾਲ ਕੁਟਿਆ ਜਦ ਤਕ ਖ਼ੂਨ ਨਾ ਵਗਣ ਲੱਗ ਪਿਆ। ਚੰਗੀ ਕਿਸਮਤ ਨਾਲ ਉਹ ਸਿੱਖ ਤਾਂ ਬਚ ਕੇ ਨਿਕਲ ਗਿਆ ਪਰ ਸਕੂਟਰ ਨਾ ਬਚ ਸਕਿਆ। ਸਕੂਟਰ ਨੂੰ ਅੱਗ ਲਾ ਦਿਤੀ ਗਈ ਅਤੇ ਰਾਤ ਦੇ ਹਨੇਰੇ ਵਿਚ ਉਸ ਦੀਆਂ ਲਪਟਾਂ ਦੂਰ-ਦੂਰ ਤਕ ਦਿਸ ਰਹੀਆਂ ਸਨ ਭਾਵੇਂ ਉਹ ਭੀੜ ਉਥੋਂ ਕੂਚ ਕਰ ਚੁੱਕੀ ਸੀ।
ਅਗਲਾ ਸ਼ਿਕਾਰ ਇਕ ਸਾਈਕਲ ’ਤੇ ਜਾ ਰਿਹਾ ਸਿੱਖ ਬਜ਼ੁਰਗ ਬਣਿਆ ਜੋ ਉਸ ਭੜਕੀ ਭੀੜ ਦੇ ਗੁੱਸੇ ਤੋਂ ਅਣਜਾਣ ਅਪਣੇ ਘਰ ਪਰਤ ਰਿਹਾ ਸੀ। ਉਸ ਨੂੰ ਰੋਕਿਆ, ਸਾਈਕਲ ਤੋਂ ਉਤਰਨ ਲਈ ਕਿਹਾ, ਕੁਟਿਆ ਅਤੇ ਫਿਰ ਜਾਣ ਲਈ ਕਹਿ ਦਿਤਾ ਅਤੇ ਉਸ ਦੇ ਸਾਈਕਲ ਨੂੰ ਇਕ ਖੰਭੇ ਨਾਲ ਉਲਟਾ ਲਟਕਾ ਕੇ ਅੱਗ ਲਾ ਦਿਤੀ ਗਈ। ਇੰਸਟੀਚਿਊਟ ਜਿਥੇ ਭਾਰਤ ਦੀ ਪ੍ਰਧਾਨ ਮੰਤਰੀ ਦੀ ਲਾਸ਼ ਪਈ ਸੀ, ਤੋਂ ਮਸੀਂ ਅੱਧਾ ਕੁ ਕਿਲੋਮੀਟਰ ਦੂਰ ਚਾਰ ਹਜ਼ਾਰ ਦੇ ਲਗਭਗ ਗੁੰਡੇ ਬਦਮਾਸ਼ਾਂ ਦੀ ਇਕ ਭੀੜ ਬੇਕਾਬੂ ਹੋ ਗਈ।
ਇਕ ਡੀ.ਟੀ.ਸੀ. ਬੱਸ ਰੋਕ ਕੇ ਉਸ ਵਿਚ 20 ਕੁ ਬੰਦੇ ਚੜ੍ਹ ਗਏ ਅਤੇ ਯਾਤਰੀਆਂ ’ਚੋਂ ਚੁਣ ਕੇ ਦੋ ਸਿੱਖ ਨੌਜੁਆਨਾਂ ਨੂੰ ਬਾਹਰ ਕੱਢ ਲਿਆ ਅਤੇ ਉਨ੍ਹਾਂ ਨੂੰ ਡਾਂਗਾਂ ਤੇ ਸਰੀਏ ਨਾਲ ਮਾਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਦੇ ਸਿਰ ਤੋਂ ਲੈ ਕੇ ਪੈਰਾਂ ਤਕ ਖ਼ੂਨ ਨਾਲ ਲਥਪਥ ਸਰੀਰਾਂ ਨੂੰ ਉਥੇ ਹੀ ਛੱਡ ਦਿਤਾ ਗਿਆ। ਉਨ੍ਹਾਂ ਦੀ ਹਾਲ ਦੁਹਾਈ ਦੁਆਲੇ ਪਾਗਲਪਨ ਦਾ ਤਮਾਸ਼ਾ ਕਰਦੀ ਹੋਈ ਭੀੜ ਦੇ ਨਾਹਰਿਆਂ, ‘‘ਸਿੱਖਾਂ ਨੂੰ ਮਾਰ ਮੁਕਾਉ’’ ਵਿਚ ਦਬ ਕੇ ਰਹਿ ਗਈ। ਉਨ੍ਹਾਂ ਗੁੰਡਿਆਂ ’ਚ ਇਕ ਦਾ ਕਹਿਣਾ ਸੀ, ‘‘ਅਸੀ ਸਿੱਖਾਂ ਨੂੰ ਉਦੋਂ ਤਕ ਕੁਟਿਆ ਜਦ ਤਕ ਸਾਡੀ ਤਸੱਲੀ ਨਾ ਹੋ ਗਈ।’’ ਅਤੇ ਉਨ੍ਹਾਂ ਇਸ ਗੱਲ ਦਾ ਵੀ ਇਸ਼ਾਰਾ ਕੀਤਾ ਕਿ ਬੱਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਕਿਉਂਕਿ ਉਹ ਆਮ ਜਨਤਾ ਦੀ ਮਲਕੀਅਤ ਹੈ।
31 ਅਕਤੂਬਰ ਦੀ ਰਾਤ ਨੂੰ ਦਿੱਲੀ ਦੇ ਕੇਵਲ ਉਹੀ ਵਾਹਨ ਸਾੜੇ ਗਏ ਜਾਂ ਭੰਨੇ ਗਏ ਜੋ ਜਾਂ ਤਾਂ ਸਿੱਖਾਂ ਦੇ ਸਨ ਅਤੇ ਜਾਂ ਸਿੱਖ ਉਨ੍ਹਾਂ ਵਿਚ ਸਫ਼ਰ ਕਰ ਰਹੇ ਸਨ।
ਏ.ਆਈ.ਆਈ.ਐਮ.ਐਸ. ਤੋਂ ਸਫਦਰਜੰਗ ਦੇ 2 ਕਿਲੋਮੀਟਰ ਲੰਮੇ ਰਾਹ ’ਤੇ ਲਗਭਗ 15 ਗੱਡੀਆਂ ਬਰਬਾਦੀ ਦੀਆਂ ਸ਼ਿਕਾਰ ਹੋਈਆਂ ਖੜੀਆਂ ਸਨ ਜਿਨ੍ਹਾਂ ਵਿਚ 2 ਪ੍ਰਾਈਵੇਟ ਬਸਾਂ ਤੋਂ ਇਲਾਵਾ ਥ੍ਰੀਵੀਲਰ, ਮੋਟਰ ਸਾਈਕਲ ਅਤੇ ਸਕੂਟਰ ਵੀ ਸਨ। ਹਨੇਰੇ ਵਿਚ ਡੁੱਬੇ ਇਸ ਰਾਹ ’ਤੇ ਇਨ੍ਹਾਂ ਸੜਦੀਆਂ ਗੱਡੀਆਂ ਦੀ ਅੱਗ ਨੇ ਚਾਨਣਾ ਕੀਤਾ ਹੋਇਆ ਸੀ। ਇਸ ਸਾਰੇ ਹੰਗਾਮੇ ਦੌਰਾਨ ਇਕ ਵੀ ਪੁਲਿਸ ਕਰਮਚਾਰੀ ਅਪਣੀ ਡਿਊਟੀ ’ਤੇ ਤੈਨਾਤ ਨਹੀਂ ਸੀ। ਇੰਸਟੀਚਿਊਟ ਦੇ ਬਾਹਰ ਤੈਨਾਤ ਇਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਜਦੋਂ ਸਾਰੇ ਰਾਹ ਤੇ ਪੁਲਿਸ ਬੰਦੋਬਸਤ ਦੀ ਘਾਟ ਬਾਰੇ ਪੁਛਿਆ ਗਿਆ ਤਾਂ ਉਹ ਇਕਦਮ ਭੜਕ ਕੇ ਬੋਲਿਆ, ‘‘ਤੁਸੀ ਸਾਥੋਂ ਕਿਥੇ ਹਾਜ਼ਰ ਹੋਣ ਦੀ ਉਮੀਦ ਕਰਦੇ ਹੋ?’’
ਦੋ ਘੰਟੇ ਬਾਅਦ ਲਗਭਗ ਅੱਠ ਵਜੇ ਤਕ ਇਹ ਪਾਗਲ ਭੀੜ ਦਿੱਲੀ ਦੇ ਪੋਸ਼ ਇਲਾਕਿਆਂ, ਦਖਣੀ ਦਿੱਲੀ ਦੀਆਂ ਕਾਲੋਨੀਆਂ ਵਸੰਤ ਵਿਹਾਰ, ਹੋਜ਼ ਖ਼ਾਸ, ਪੰਚਸ਼ੀਲ ਐਨਕਲੇਵ, ਗ਼ਰੀਨ ਪਾਰਕ, ਡਿਫ਼ੈਂਸ ਕਾਲੋਨੀ, ਸਾਊਥ ਐਕਸਟੈਨਸ਼ਨ ਸਫ਼ਦਰਜੰਗ ਐਨਕਲੇਵ ’ਚ ਦਾਖ਼ਲ ਹੋ ਚੁੱਕੀ ਸੀ। ਆਪਸੀ ਸਹਿਮਤੀ ਨਾਲ ਹਜੂਮ ਨੇ ਕਾਲੋਨੀਆਂ ਆਪਸ ਵਿਚ ਵੰਡ ਲਈਆਂ ਅਤੇ 200 ਤੋਂ 300 ਤਕ ਦੇ ਗਰੁੱਪਾਂ ’ਚ ਇਹ ਲੁਟੇਰੇ ਤੇ ਕਾਤਲ ਇਕਦਮ ਕਾਲੋਨੀਆਂ ’ਤੇ ਹਮਲਾ ਕਰਨ ਲਈ ਵਧੇ। ਉਨ੍ਹਾਂ ਦਾ ਨਿਸ਼ਾਨਾ ਸੀ ਸਿੱਖਾਂ ਦੇ ਘਰ। ਉਹ ਘਰਾਂ ਨੂੰ ਲੁਟਦੇ ਤੇ ਫਿਰ ਸਾੜ ਦਿੰਦੇ।
ਦਖਣੀ ਦਿੱਲੀ ਤੋਂ ਸ਼ੁਰੂ ਹੋਈ ਹਿੰਸਾ ਦੀ ਇਸ ਲਹਿਰ ਦੇ ਰਾਜਧਾਨੀ ਦੇ ਹਰ ਕੋਨੇ ਅਤੇ ਨੁੱਕੜ ਨੂੰ ਅਪਣੀ ਚਪੇਟ ’ਚ ਲੈ ਲਿਆ ਅਤੇ ਫਿਰ ਮੌਤ ਦੇ ਇਸ ਭਿਆਨਕ ਤਾਂਡਵ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕਿਧਰੇ ਨਜ਼ਰ ਨਾ ਆਈ। ਰਾਤ ਦੇ ਦਸ ਵਜੇ ਤਕ ਹਿੰਸਾ ਦੀ ਇਹ ਲਹਿਰ ਬਹੁਤ ਵੱਧ ਚੁੱਕੀ ਸੀ ਅਤੇ ਇਕ ਕਾਲੇ ਘਣੇ ਧੂੰਏਂ ਦੇ ਬੱਦਲ ਨੇ ਸ਼ਹਿਰ ’ਤੇ ਘੇਰਾ ਪਾ ਲਿਆ। ਡਰ ਅਤੇ ਸਹਿਮ ਦੀ ਇਕ ਅਜੀਬ ਜਿਹੀ ਘੁਟਨ ਸਾਰੇ ਸ਼ਹਿਰ ਦੀਆਂ ਗਲੀਆਂ ’ਚ ਫੈਲ ਗਈ ਅਤੇ ਉਸੇ ਰਾਤ 11:30 ਵਜੇ ਤਕ ਦਿੱਲੀ ਦੀਆਂ ਗਲੀਆਂ ਅਤੇ ਸੜਕਾਂ ਸੁਨਸਾਨ ਸਨ ਤੇ ਉਥੇ ਸਨ ਕੇਵਲ ਸੜ ਰਹੀਆਂ ਕਾਰਾਂ, ਟਰੱਕ, ਸਕੂਟਰ ਅਤੇ ਸਾਈਕਲਾਂ।
ਜੋ ਘਟਨਾ ਇਕ ਗੁੱਸੇ ਦੀ ਉਤੇਜਨਾ ਤੋਂ ਸ਼ੁਰੂ ਹੋਈ, ਉਹ ਜਲਦੀ ਹੀ ਇਕ ਅਲੱਗ ਤਰ੍ਹਾਂ ਦਾ ਰੂਪ ਅਖ਼ਤਿਆਰ ਕਰ ਗਈ। ਆਉਣ ਵਾਲੇ ਦਿਨਾਂ ਦੀ ਹਿੰਸਾ ਅਤੇ ਲੁੱਟਮਾਰ ਇਕ ਸੁਨਿਯੋਜਤ ਅਤੇ ਸੰਗਠਤ ਕਾਰਵਾਈ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੀ ਸੀ। ਦਿੱਲੀ ਦੀਆਂ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲੇ ਸਮਾਜ ਵਿਰੋਧੀ ਤੱਤਾਂ ਜੋ ਕਿ ਕਾਂਗਰਸ ‘ਆਈ’ ਦਾ ਵੋਟ ਬੈਂਕ ਵੀ ਹੈ, ਨੂੰ ਸਥਾਨਕ ਆਗੂਆਂ ਨੇ ਇਕੱਠਿਆਂ ਕਰ ਕੇ, ਬੇਦੋਸ਼ੇ ਅਤੇ ਲਾਚਾਰ ਸਿੱਖਾਂ ਉਤੇ ਹਮਲਾ ਕਰਨ ਲਈ ਖੁਲ੍ਹਾ ਛੱਡ ਦਿਤਾ।
ਬਲਦੀ ਵਿਚ ਤੇਲ ਪਾਉਣ ਦਾ ਕੰਮ ਪੁਲਿਸ ਦੀ ਭੇਦਭਰੀ ਚੁੱਪ ਨੇ ਕੀਤਾ। ਪੁਲਿਸ ਗੁਮ-ਸੁਮ ਤਮਾਸ਼ਬੀਨ ਬਣ ਕੇ ਵਧਦੀ ਹਿੰਸਾ ਨੂੰ ਵੇਖਦੀ ਰਹੀ। ਕਈ ਥਾਵਾਂ ’ਤੇ ਤਾਂ ਪੁਲਿਸ ਨੇ ਇਸ ਕਤਲੇਆਮ ਵਿਚ ਦੋਸ਼ੀਆਂ ਦੇ ਹੱਥ ਵੀ ਵੰਡਾਏ। ਇਕ ਪੁਲਿਸ ਕਰਮਚਾਰੀ ਕਹਿੰਦਾ ਸੁਣਿਆ ਗਿਆ, ‘‘ਜੇ ਤੁਹਾਨੂੰ ਅੱਗ ਨਹੀਂ ਲਾਉਣੀ ਆਉਂਦੀ ਤਾਂ ਮੈਥੋਂ ਕਿਉਂ ਨਹੀਂ ਪੁਛਦੇ?’’ ਇਕ ਹੋਰ ਪੁਲਿਸ ਵਾਲਾ ਕਹਿ ਰਿਹਾ ਸੀ, ‘‘ਜੇ ਤੁਸੀ ਲੁੱਟਮਾਰ ਕਰਨੀ ਹੀ ਹੈ ਤਾਂ ਆਰਾਮ ਨਾਲ ਕਰੋ। ਜਲਦੀ ਕੀ ਹੈ?’’ ਅਤੇ ਜੋ ਇਸ ਜੁਰਮ ਦੇ ਭਾਗੀਦਾਰ ਨਹੀਂ ਸੀ ਬਣਨਾ ਚਾਹੁੰਦੇ, ਉਹ ਵੀ ਵੇਖ ਕੇ ਅਣਡਿੱਠ ਕਰ ਰਹੇ ਸਨ ਅਤੇ ਇਕ ਤਰ੍ਹਾਂ ਨਾਲ ਜੋ ਹੋ ਰਿਹਾ ਸੀ, ਉਸ ਨਾਲ ਸਹਿਮਤੀ ਹੀ ਪ੍ਰਗਟਾ ਰਹੇ ਸਨ।
ਅਗਲੇ ਦਿਨਾਂ ਵਿਚ ਦਿੱਲੀ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਬਹੁਤ ਘੱਟ ਪੁਲਿਸ ਫੋਰਸ ਵਿਖਾਈ ਦਿਤੀ। 30,000 ਪੁਲਿਸ ਜੁਆਨਾਂ ਵਿਚੋਂ 6000 ਪੁਲਿਸ ਵਾਲਿਆਂ ਨੂੰ ਇਸ ਸਾਜ਼ਿਸ਼ ਅਧੀਨ ਇਸ ਕਰ ਕੇ ਜ਼ਬਰਦਸਤੀ ਛੁੱਟੀ ’ਤੇ ਭੇਜ ਦਿਤਾ ਗਿਆ ਕਿਉਂਕਿ ਉਹ ਸਿੱਖ ਸਨ ਅਤੇ ਬਹਾਨਾ ਲਾਇਆ ਗਿਆ ਕਿ ਭੀੜ ਉਨ੍ਹਾਂ ਵਿਰੁਧ ਭੜਕ ਸਕਦੀ ਹੈ। ਪੁਲਿਸ ਅਤੇ ਦੂਜੇ ਸੁਰੱਖਿਆ ਬਲਾਂ ਦੇ ਵੱਡੇ ਹਿੱਸੇ ਨੂੰ ਤੀਨਮੂਰਤੀ ਹਾਊਸ ਦੇ ਬਾਹਰ ਤੈਨਾਤ ਕੀਤਾ ਗਿਆ ਜਿਥੇ ਕਿ ਲੋਕ ਇੰਦਰਾ ਗਾਂਧੀ ਨੂੰ ਅੰਤਮ ਸ਼ਰਧਾਂਜਲੀ ਭੇਟ ਕਰ ਰਹੇ ਸਨ ਅਤੇ ਇਕ ਹਿੱਸੇ ਨੂੰ ਵੀ.ਆਈ.ਪੀ. ਅਤੇ ਆ ਰਹੇ ਵਿਦੇਸ਼ੀ ਆਗੂਆਂ ਦੀ ਰਾਖੀ ਦਾ ਜ਼ਿੰਮਾ ਸੌਂਪਿਆ ਗਿਆ। ਇੰਦਰਾ ਗਾਂਧੀ ਦੀ ਮੌਤ ਤੋਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਧਾਨੀ ਵਿਚ ਅਮਨ ਅਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ ਦਿਸ ਰਹੀ। ਦਿੱਲੀ ਵਿਚ ਇਹ ਭਿਆਨਕ ਦੁਖਾਂਤ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਵਾਪਰਿਆ ਸੀ।
1 ਨਵੰਬਰ : ਰਾਤ ਦੀ ਘਟਨਾ ਨੇ ਹੁਣ ਹੋਰ ਵੀ ਭਿਆਨਕ ਰੂਪ ਧਾਰ ਲਿਆ ਸੀ। ਪੁਲਿਸ ਵਲੋਂ ਕੋਈ ਕਾਰਵਾਈ ਨਾ ਹੁੰਦੀ ਵੇਖ, ਗੁੰਡੇ ਬਦਮਾਸ਼ਾਂ ਦੇ ਹਜੂਮ ਦੀ ਚੜ੍ਹ ਮਚ ਗਈ। ਇਨ੍ਹਾਂ ਹਜੂਮਾਂ ਦੇ ਗੁਟਾਂ ਦੀ ਇਕ ਖ਼ਾਸ ਗੱਲ ਇਹ ਸੀ ਕਿ ਇਹ ਦਿੱਲੀ ਦੇ ਮੱਧ ਵਰਤੀ ਅਤੇ ਉੱਚ ਵਰਗੀ ਸ਼ੇ੍ਰਣੀ ਦੀਆਂ ਕਾਲੋਨੀਆਂ ਦੇ ਨੇੜਲੇ ਪਿੰਡਾਂ ਵਿਚ ਰਹਿਣ ਵਾਲੇ ਲੋਕ ਸਨ। ਇਨ੍ਹਾਂ ਲੋਕਾਂ ਨੂੰ ਲੁੱਟਮਾਰ ਕਰਨ ਦਾ ਅਜਿਹਾ ਮੌਕਾ ਫਿਰ ਨਹੀਂ ਸੀ ਮਿਲ ਸਕਦਾ। ਇਨ੍ਹਾਂ ਲੋਕਾਂ ਨੇ ਟੀਵੀ, ਫ਼ਰਿੱਜ ਅਤੇ ਹੋਰ ਕੀਮਤੀ ਸਮਾਨ ਨੂੰ ਸੰਭਾਲਣ ਦਾ ਇਕ ਨਾਯਾਬ ਮੌਕਾ ਸਮਝਿਆ। ਪਰ ਉਨ੍ਹਾਂ ਵਲੋਂ ਇਹ ਲੁੱਟਮਾਰ ਵੀ ਇਕ ਯੋਜਨਾਬੱਧ ਤਰੀਕੇ ਨਾਲ ਹੋ ਰਹੀ ਸੀ। ਇਨ੍ਹਾਂ ਮਨੁੱਖਤਾ ਦੇ ਕਾਤਲਾਂ ਨੂੰ ਸਪੱਸ਼ਟ ਹਦਾਇਤ ਸੀ ਕਿ ਹਮਲਾ ਕੇਵਲ ਸਿੱਖਾਂ ’ਤੇ ਕਰਨਾ ਹੈ, ਦੁਕਾਨਾਂ ਕੇਵਲ ਸਿੱਖਾਂ ਦੀਆਂ ਲੁਟਣੀਆਂ ਹਨ ਅਤੇ ਘਰ ਕੇਵਲ ਸਿੱਖਾਂ ਦੇ ਸਾੜਨੇ ਹਨ।
1 ਨਵੰਬਰ ਦੀ ਸਵੇਰ ਰਾਜਧਾਨੀ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਇਕੋ ਸਮੇਂ ਹਿੰਸਾ ਸ਼ੁਰੂ ਹੋਈ। ਸਫ਼ਦਜੰਗ ਐਨਕਲੇਵ ਵਿਚ, ਬਲਜੀਤ ਗੈਸਟ ਹਾਊਸ ਦੀ ਚਾਰ ਮੰਜ਼ਿਲਾ ਇਮਾਰਤ, ਜਿਸ ਦਾ ਮਾਲਕ ਇਕ 67 ਸਾਲਾ ਸਿੱਖ ਸੀ, ਹਜੂਮ ਦੇ ਗੁੱਸੇ ਦਾ ਸ਼ਿਕਾਰ ਬਣਿਆ। ਗੈਸਟ ਹਾਊਸ ਦੀ ਬਰਬਾਦੀ ਨਾਲ ਵੀ ਸੰਤੁਸ਼ਟ ਨਾ ਹੋਣ ’ਤੇ ਪਾਗਲ ਹੋਈ ਭੀੜ ਨੇ ਅਗਲਾ ਨਿਸ਼ਾਨਾ ਨਾਲ ਦੇ ਘਰ ਨੂੰ ਬਣਾ ਲਿਆ। ਮਕਾਨ ਮਾਲਕਾਂ ਨੇ ਹਜੂਮ ਦੀ ਗਿਣਤੀ ਤੋਂ ਅਣਜਾਣ ਰਹਿੰਦੇ ਹੋਏ ਹਵਾ ਵਿਚ ਕੁੱਝ ਫਾਇਰ ਕੀਤੇ ਤਾਕਿ ਭੀੜ ਡਰ ਕੇ ਖਿੰਡ ਜਾਵੇ ਪਰ ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਪਤਾ ਲਗਦਾ ਕਿ ਕੀ ਹੋ ਰਿਹਾ ਹੈ, ਘਰ ਨੂੰ ਅੱਗ ਲੱਗ ਚੁੱਕੀ ਸੀ ਅਤੇ ਅੰਦਰ ਫਸੇ ਲੋਕਾਂ ਦੇ ਨਿਕਲਣ ਲਈ ਕੋਈ ਰਾਹ ਨਹੀਂ ਸੀ। ਉਨ੍ਹਾਂ ਨੇ ਭੀੜ ਦਾ ਸਾਹਮਣਾ ਕਰਨ ਦੀ ਕੀਮਤ ਅਪਣੀਆਂ ਜਾਨਾਂ ਦੇ ਕੇ ਚੁਕਾਈ। ਉਹ ਸਾਰੇ ਜਿਨ੍ਹਾਂ ਨੇ ਲੁਟਪਾਟ ਕੀਤੀ ਜਾਂ ਅੱਗਾਂ ਲਾਈਆਂ, ਸਫ਼ਦਜੰਗ ਐਨਕਲੇਵ ਦੇ ਲਾਗਲੇ ਪਿੰਡ ਮੁਹੰਮਦਪੁਰ ਦੇ ਵਸਨੀਕ ਸਨ।
ਮੁਨਿਰਕਾ ਵਿਚ ਸਿੱਖਾਂ ਦੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਫਿਰ ਯੋਜਨਾਬੱਧ ਢੰਗ ਨਾਲ ਹਜੂਮ ਇਕ ਤੋਂ ਬਾਅਦ ਦੂਜੀ ਦੁਕਾਨ ਵਲ ਵਧਦਾ ਰਿਹਾ ਤੇ ਪਿੱਛੇ ਛਡਦਾ ਜਾਂਦਾ ਸੀ ਕੇਵਲ ਤਬਾਹੀ। ਗੁਰਦਵਾਰੇ ਨੂੰ ਅੱਗ ਲਾ ਦਿਤੀ ਗਈ, ਪੰਜਾਬ ਵੂਲਨ ਹਾਊਸ ਜੋ ਕਿ ਇਕ ਸਿੱਖ ਪ੍ਰਵਾਰ ਦਾ ਸੀ, ਸਾੜ ਕੇ ਤਬਾਹ ਕਰ ਦਿਤਾ ਗਿਆ ਅਤੇ ਇਸ ਵਾਰ ਕਾਲੋਨੀ ਨੇੜੇ ਸੀ ਮੁਨਿਰਕਾ ਪਿੰਡ ਜਿਸ ਵਿਚ ਜ਼ਿਆਦਾ ਵਸੋਂ ਜਾਟਾਂ ਦੀ ਸੀ। ਵਸੰਤ ਵਿਹਾਰ ’ਚ ਪੈਟਰੋਲ ਪੰਪ ਸਾੜ ਕੇ ਸੁਆਹ ਕਰ ਦਿਤਾ ਗਿਆ। ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਅੱਗ ਦੀਆਂ ਲਪਟਾਂ ’ਚ ਅਤੇ ਕਾਲੋਨੀ ਵਿਚ ਰਹਿੰਦੇ ਸਿੱਖਾਂ ਨਾਲ ਵੀ ਬਾਕੀ ਥਾਵਾਂ ’ਤੇ ਕੀਤਾ ਜਾ ਰਿਹਾ ਸਲੂਕ ਦੁਹਰਾਇਆ ਗਿਆ ਅਤੇ ਇਥੇ ਵੀ ਵਸੰਤ ਵਿਹਾਰ ਦੇ ਨੇੜੇ ਹੀ ਵਸੰਤ ਗਾਉਂ ਸੀ।
ਦੁਕਾਨ ਤੋਂ ਬਾਅਦ ਦੁਕਾਨ, ਘਰ ਤੋਂ ਬਾਅਦ ਘਰ, ਕਾਲੋਨੀ ਤੋਂ ਬਾਅਦ ਕਾਲੋਨੀ ਅਤੇ ਇਹ ਕਾਰਾ ਕਰਦੇ ਰਹੇ ਕਾਤਲ ਤੇ ਬਦਮਾਸ਼ ਸਾਰੇ ਪਾਸੇ ਅਤੇ ਪੁਲਿਸ ਅਜੇ ਵੀ ਮੂਕ ਦਰਸ਼ਕ ਬਣੀ ਇਸ ਕਤਲੇਆਮ ਨੂੰ ਵੇਖਦੀ ਰਹੀ। ਦੁਪਹਿਰ 12 ਕੁ ਵਜੇ 4000 ਦੀ ਗਿਣਤੀ ਵਿਚ ਇਕ ਹਜੂਮ ਗੁਰਦਵਾਰਾ ਬੰਗਲਾ ਸਾਹਿਬ ਦੇ ਬਾਹਰ ਇਕੱਠਾ ਹੋ ਗਿਆ ਜੋ ਨਾਹਰੇ ਲਾ ਰਿਹਾ ਸੀ, ‘‘ਖ਼ਾਲਿਸਤਾਨ ਨਹੀਂ ਬਣੇਗਾ-ਖ਼ੂਨ ਦਾ ਬਦਲਾ ਖ਼ੂਨ।’’ ਪਰ ਜਦੋਂ ਗੁਰਦਵਾਰਾ ਸਾਹਿਬ ਵਿਚ ਠਹਿਰੇ ਸਿੱਖਾਂ ਨੇ ਕ੍ਰਿਪਾਨਾਂ, ਡਾਂਗਾਂ ਅਤੇ ਬਰਛਿਆਂ ਨਾਲ ਭੀੜ ਦਾ ਸਾਹਮਣਾ ਕਰਨ ਦੀ ਹਿੰਮਤ ਵਿਖਾਈ ਤਾਂ ਇਸ ਗੁੰਡਿਆਂ ਦੀ ਭੀੜ ਨੇ ਉਥੋਂ ਖਿਸਕਣ ਵਿਚ ਹੀ ਭਲਾਈ ਸਮਝੀ। ਇਹੀ ਭੀੜ ਫਿਰ ਲੋਕ ਸਭਾ ਦੇ ਨੇੜੇ ਗੁਰਦਵਾਰਾ ਰਕਾਬ ਗੰਜ ਵਲ ਵਧਣ ਲੱਗੀ ਅਤੇ ਫਿਰ ਇਕ ਦਮ ਧਾਵਾ ਬੋਲ ਦਿਤਾ।
ਪਹਿਲਾਂ ਗੁਰਦਵਾਰਾ ਸਾਹਿਬ ਦੇ ਪਿੱਛੇ ਖੜੇ ਕੁੱਝ ਵਾਹਨਾਂ ਨੂੰ ਲੱਗ ਲਗਾਈ ਗਈ ਅਤੇ ਫਿਰ ਭੀੜ ਨੇ ਗੁਰਦਵਾਰਾ ਸਾਹਿਬ ਅਤੇ ਅੰਦਰ ਸ਼ਰਨ ਲਈ ਬੈਠਿਆਂ ਉਤੇ ਪੱਥਰ ਮਾਰਨੇ ਸ਼ੁਰੂ ਕਰ ਦਿਤੇ। ਕੁੱਝ ਗੋਲੀਬਾਰੀ ਵੀ ਦੋਹਾਂ ਪਾਸਿਆਂ ਤੋਂ ਹੋਈ ਪਰ ਇੱਟਾਂ ਪੱਥਰਾਂ ਦਾ ਮੀਂਹ ਵਰ੍ਹਦਾ ਰਿਹਾ ਤਾਂ ਦੋ ਸਿੱਖਾਂ ਨੇ ਉਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ। ਭੀੜ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਬੁਰੀ ਤਰ੍ਹਾਂ ਮਾਰਕੁਟ ਕੀਤੀ ਅਤੇ ਫਿਰ ਜਦੋਂ ਉਹ ਅਧਮੋਏ ਹੋ ਗਏ ਤਾਂ ਬਦਮਾਸ਼ਾਂ ਵਿਚੋਂ ਇਕ ਨੇ ਉਨ੍ਹਾਂ ’ਤੇ ਮਿੱਟੀ ਦੇ ਤੇਲ ਦਾ ਇਕ ਜਰੀਕੇਨ ਉਲਟਾ ਦਿਤਾ ਅਤੇ ਫਿਰ ਅੱਗ ਲਗਾ ਦਿਤੀ। ਉਨ੍ਹਾਂ ਦੋਵਾਂ ’ਚੋਂ ਇਕ ਤਾਂ ਮੌਕੇ ’ਤੇ ਹੀ ਦਮ ਤੋੜ ਗਿਆ ਜਦਕਿ ਦੂਜੇ ਨੇ ਗੁਰਦਵਾਰਾ ਸਾਹਿਬ ਵਲ ਖਿਸਕਣਾ ਸ਼ੁਰੂ ਕੀਤਾ ਪਰ ਉਹ ਵਾਪਸ ਪਹੁੰਚਣ ਤੋਂ ਪਹਿਲਾਂ ਹੀ ਸਰੀਰ ਛੱਡ ਗਿਆ।
ਉਸੇ ਹੀ ਦਿਨ, ਚੇਤਕ ਐਕਸਪ੍ਰੈਸ ਜੋ ਉਦੈਪੁਰ ਤੋਂ ਦਿੱਲੀ ਜਾ ਰਹੀ ਸੀ, ਵਿਚੋਂ ਦਿੱਲੀ ਕੈਂਟ ਦੇ ਰੇਲਵੇ ਸਟੇਸ਼ਨ ਨੇੜੇ ਹੀ ਦੋ ਸਿੱਖ ਨੌਜੁਆਨਾਂ ਨੂੰ ਫੜ ਕੇ ਲਾਹ ਲਿਆ ਗਿਆ ਅਤੇ ਰੇਲਵੇ ਲਾਈਨ ਨੇੜੇ ਹੀ ਜ਼ਿੰਦਾ ਸਾੜ ਦਿਤਾ ਗਿਆ। ਮਾਇਆਪੁਰੀ ਪਛਮੀ ਦਿੱਲੀ ’ਚ ਇਕ ਸਿੱਖ ਪਿਤਾ ਅਤੇ ਉਸ ਦੇ ਦੋ ਲੜਕਿਆਂ ਨੂੰ ਵੀ ਅਜਿਹੀ ਦਰਦਨਾਕ ਮੌਤ ਮਿਲੀ। ਪਾਲਮ ਰੋਡ ਅਤੇ ਜਨਕਪੁਰੀ ਨੇੜੇ ਦੋ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਜ਼ਿੰਦਾ ਹੀ ਅੱਗ ਲਾ ਦਿਤੀ ਗਈ। ਜਦੋਂ ਉਨ੍ਹਾਂ ਦੇ ਸਰੀਰ ਅਜੇ ਸੜ ਹੀ ਰਹੇ ਸਨ ਤਾਂ ਗੁਆਂਢੀਆਂ ਨੇ ਕੁੱਝ ਲੱਕੜਾਂ ਅਤੇ ਗੋਹਾ ਇਕੱਠਾ ਕਰ ਕੇ ਉਨ੍ਹਾਂ ਉਤੇ ਪਾ ਦਿਤਾ ਤਾਕਿ ਉਨ੍ਹਾਂ ਦੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਹੋ ਸਕੇ।
ਪਛਮੀ ਦਿੱਲੀ ਦੀ ਜਨਕਪੁਰੀ ਦੇ ਡੀ ਬਲਾਕ ਵਿਚ ਇਕ ਪ੍ਰਾਇਮਰੀ ਸਕੂਲ ਅਧਿਆਪਕ ਨੂੰ ਉਸੇ ਭੀੜ ਨੇ ਘੇਰ ਲਿਆ। ਉਸ ਨੇ ਅਪਣੀ ਕ੍ਰਿਪਾਨ ਨਾਲ ਭੀੜ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਅਰਥ। ਪਾਗ਼ਲਪਨ ਵਿਚ ਅੰਨ੍ਹੇ ਹੋਏ ਹਜੂਮ ਨੇ ਪਹਿਲਾਂ ਉਸ ਨੂੰ ਕੁਟਿਆ ਤੇ ਮੁੜ ਜ਼ਿੰਦਾ ਹੀ ਸਾੜ ਦਿਤਾ। ਉਸੇ ਬਲਾਕ ਵਿਚ ਇਕ ਸਾਬਕਾ ਫ਼ੌਜੀ ਮੇਜਰ ਦੇ ਜੁਆਈ ਨੂੰ ਖ਼ੂਨ ਦੀ ਪਿਆਸੀ ਭੀੜ ਨੇ ਕੋਹ-ਕੋਹ ਕੇ ਮਾਰ ਸੁਟਿਆ। ਇਸ ਤਰ੍ਹਾਂ ਮੌਤ ਦਾ ਇਹ ਤਾਂਡਵ, ਬਰਬਾਦੀ ਦਾ ਤੂਫ਼ਾਨ, ਆਤੰਕ ਦਾ ਸਾਇਆ ਚਾਰ ਦਿਨ ਤਕ ਸਿੱਖ ਕਹਾਉਣ ਵਾਲਿਆਂ ’ਤੇ ਮੰਡਰਾਉਂਦਾ ਰਿਹਾ ਜਦ ਤਕ ਕਿ 3 ਨਵੰਬਰ ਨੂੰ ਫ਼ੌਜ ਹਰਕਤ ਵਿਚ ਨਾ ਆਈ। ਫ਼ੌਜ ਨੇ ਬਚੇ ਹੋਏ ਸਿੱਖਾਂ ਨੂੰ ਕੈਂਪਾਂ ਵਿਚ ਪਹੁੰਚਾਉਣਾ ਸ਼ੁਰੂ ਕਰ ਦਿਤਾ ਤਾਕਿ ਇਹ ਬੇਘਰ ਹੋਏ ਬਦਨਸੀਬ ਸਿਰ ਛੁਪਾ ਸਕਣ।
ਮਲਕਾਗੰਜ ਵਿਚ 1 ਨਵੰਬਰ ਦੀ ਸ਼ਾਮ ਨੂੰ 11 ਸਿੱਖਾਂ ਨੂੰ ਜ਼ਿੰਦਾ ਸਾੜ ਦਿਤਾ ਗਿਆ। ਰਾਜਵੰਤ ਕੌਰ ਜੋ ਕਬੀਰ ਬਸਤੀ, ਮਲਕਾਗੰਜ ਦੇ ਮਕਾਨ ਨੰ: 574 ਵਿਚ ਰਹਿੰਦੀ ਸੀ, ਨੇ ਅਪਣੀ ਵਿਥਿਆ ਦਸੀ। ਉਸ ਦੇ ਸ਼ਬਦਾਂ ਵਿਚ ਹੀ, ‘‘ਦੁਪਹਿਰ ਦੇ ਦੋ ਵਜੇ ਸਨ ਅਤੇ ਅਸੀ ਸਾਰੇ ਘਰ ਅੰਦਰ ਹੀ ਛੁਪੇ ਬੈਠੇ ਸੀ ਅਤੇ ਦਰਵਾਜ਼ੇ ਅੰਦਰੋਂ ਬੰਦ ਕੀਤੇ ਹੋਏ ਸਨ। ਅਚਾਨਕ ਕਈ ਗੁੰਡੇ ਆਏ ਅਤੇ ਉਨ੍ਹਾਂ ਨੇ ਮਕਾਨ ਉਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ। ਫਿਰ ਜ਼ਬਰਦਸਤੀ ਦਰਵਾਜ਼ਾ ਤੋੜ ਕੇ ਅੰਦਰ ਆ ਵੜੇ। ਇਕ ਆਦਮੀ ਨੇ ਮੇਰੇ ਪਤੀ ਨੂੰ ਫੜ ਲਿਆ ਅਤੇ ਚਾਕੂ ਉਸ ਦੀ ਗਰਦਨ ’ਤੇ ਰੱਖ ਦਿਤਾ। ਫਿਰ ਉਹ ਹੋਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਬਾਹਰ ਘਸੀਟ ਕੇ ਲੈ ਗਿਆ। ਮਾਰਿਆ, ਕੁਟਿਆ ਅਤੇ ਜਦੋਂ ਉਹ ਬੇਹੋਸ਼ ਹੋ ਗਏ ਤਾਂ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿਤੀ। ਫਿਰ ਉਨ੍ਹਾਂ ਨੇ ਮੇਰੇ ਲੜਕੇ ਜਗਜੀਤ ਸਿੰਘ ਨਾਲ ਵੀ ਇਹੀ ਕੀਤਾ। ਅੰਤਲੇ ਸਮੇਂ ਤਕ ਉਹ ਜਦੋਜਹਿਦ ਕਰਦਾ ਰਿਹਾ ਪਰ ਉਨ੍ਹਾਂ ਬਦਮਾਸ਼ਾਂ ਦੇ ਦਿਲ ਵਿਚ ਦਇਆ ਵਰਗੀ ਕੋਈ ਚੀਜ਼ ਨਹੀਂ ਸੀ। ਮੇਰਾ ਭਤੀਜਾ 32 ਸਾਲਾ ਸੁਰਿੰਦਰ ਸਿੰਘ ਉਸੇ ਸਵੇਰ ਕਰਨਾਲ ਤੋਂ ਸਾਡੇ ਕੋਲ ਆਇਆ ਸੀ ਅਤੇ ਉਸ ਨੂੰ ਵੀ ਅਜਿਹੀ ਹੀ ਮੌਤ ਮਿਲੀ। ਹਾਏ, ਉਹ ਕਿਉਂ ਆਇਆ ਸੀ?’
’2 ਨਵੰਬਰ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ 48 ਘੰਟੇ ਬਾਅਦ, ਸਬਜ਼ੀ ਮੰਡੀ ਦਾ ਲਾਸ਼ ਘਰ, ਲਾਸ਼ਾਂ ਨਾਲ ਭਰਿਆ ਪਿਆ ਸੀ। ਸਬਜ਼ੀ ਮੰਡੀ ਦੇ ਹਸਪਤਾਲ ਦੇ ਪੋਸਟ ਮਾਰਟਮ ਵਾਲੇ ਵਿਭਾਗ ਦੇ ਇੰਚਾਰਜ ਡਾ. ਰਮਾਨੀ ਨੂੰ ਲਾਸ਼ਾਂ ਦਾ ਪੋਸਟ ਮਾਰਟਮ ਕਰਦੇ 1984 ਤਕ ਇਕ ਦਹਾਕੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਸੀ ਅਤੇ ਉਸ ਨੇ ਹੁਣ ਤਕ 11000 ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਸੀ।
ਪਰ 2 ਨਵੰਬਰ ਦੀ ਉਸ ਭਿਆਨਕ ਰਾਤ ਨੇ ਤਾਂ ਜਿਵੇਂ ਨਾ ਖ਼ਤਮ ਹੋਣ ਦੀ ਸਹੁੰ ਖਾਧੀ ਹੋਈ ਸੀ। ਲਾਸ਼-ਘਰ ਦਾ ਪੂਰਾ ਕੰਪਲੈਕਸ ਲਾਸ਼ਾਂ ਨਾਲ ਭਰਿਆ ਪਿਆ ਸੀ ਜਿਸ ਵਿਚ ਅੱਧ ਸੜੀਆਂ, ਕੋਹੀਆਂ ਅਤੇ ਅਣਪਛਾਣੀਆਂ ਲਾਸ਼ਾਂ ਸਨ ਜੋ ਕਿ ਬਰਾਂਡੇ, ਗੈਰਜ ਅਤੇ ਇਮਾਰਤ ਦੇ ਬਾਹਰ ਖੁਲ੍ਹੇ ਸਥਾਨ ਵਿਚ ਖਿਲਰੀਆਂ ਪਈਆਂ ਸਨ। ਡਾ. ਰਮਾਨੀ ਜੋ ਏਨੀਆਂ ਲਾਸ਼ਾਂ ਵੇਖ ਕੇ ਚੱਕਰ ਖਾ ਰਿਹਾ ਸੀ, ਉਸ ਕੋਲ 200 ਤੋਂ ਵੱਧ ਲਾਸ਼ਾਂ ਨੂੰ ਸੰਭਾਲਣ ਦੀ ਥਾਂ ਹੀ ਨਹੀਂ ਸੀ ਜਦਕਿ ਅਜੇ ਹੋਰ ਲਾਸ਼ਾਂ ਪਹੁੰਚ ਰਹੀਆਂ ਸਨ।
‘‘ਲਾਸ਼ਾਂ ਦਰਜਨਾਂ ਦੀ ਗਿਣਤੀ ਵਿਚ ਆ ਰਹੀਆਂ ਹਨ। ਮੈਂ ਅਪਣੀ ਜ਼ਿੰਦਗੀ ਵਿਚ ਕਦੇ ਏਨੀਆਂ ਲਾਸ਼ਾਂ ਇਕੱਠੀਆਂ ਨਹੀਂ ਸਨ ਵੇਖੀਆਂ।’’ ਡਾ. ਰਮਾਨੀ ਦਾ ਕਹਿਣਾ ਸੀ। ਅਤੇ ਫਿਰ ਤਿੰਨ ਦਿਨ ਤਕ ਚਲੇ ਇਸ ਕਤਲੇਆਮ ਦੀ ਸਮਾਪਤੀ ਤ੍ਰਿਲੋਕਪੁਰੀ ’ਚ ਹੋਏ ਭਿਆਨਕ ਕਤਲ ਕਾਂਡ ਨਾਲ ਹੋਈ। ਇਸ ਪੁਨਰਵਾਸ ਕਾਲੋਨੀ ’ਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ 400 ਤੋਂ ਉਪਰ ਸੀ ਅਤੇ ਕਈ ਘੰਟੇ ਤਕ ਇਹ ਕਾਲੋਨੀ ਮੌਤ ਦਾ ਦਰਿਆ ਬਣੀ ਰਹੀ। 32 ਬਲਾਕ ਜਿਥੇ ਸਿੱਖ ਬਹੁਗਿਣਤੀ ਵਿਚ ਰਹਿੰਦੇ ਸਨ, ਹਜੂਮ ਵਲੋਂ ਘੇਰ ਕੇ ਕਤਲੋਗਾਰਤ ਕੀਤੀ ਜਾ ਰਹੀ ਸੀ। ਦੁਖ ਭਰੀਆਂ ਚੀਕਾਂ, ਮਦਦ ਲਈ ਰਹਿਮ ਦੀਆਂ ਅਪੀਲਾਂ ਦੀ ਆਵਾਜ਼ ਵਾਰ-ਵਾਰ ਗੂੰਜ ਰਹੀ ਸੀ ਪਰ ਸੁਣਨ ਵਾਲਾ ਕੋਈ ਨਹੀਂ ਸੀ।
ਤ੍ਰਿਲੋਕਪੁਰੀ ਦੇ ਕਤਲੇਆਮ ਦਾ ਇਕ ਕਾਰਨ ਇਹ ਵੀ ਸੀ ਕਿ ਦਿੱਲੀ ’ਚ ਲੁੱਟਮਾਰ ਕਰਨ ਵਾਲੇ ਦੋਸ਼ੀ ਵੱਡੀ ਗਿਣਤੀ ’ਚ ਤ੍ਰਿਲੋਕਪੁਰੀ ਦੇ ਸਨ ਅਤੇ ਜਦੋਂ ਉਹ ਅਪਣੇ ਲੁੱਟ ਦੇ ਸਮਾਨ ਨਾਲ ਵਾਪਸ ਮੁੜਦੇ ਸਨ ਤਾਂ ਉਨ੍ਹਾਂ ’ਤੇ ਸਿੱਖ ਗੁਆਂਢੀਆਂ ਦੀ ਨਜ਼ਰ ਪੈ ਜਾਂਦੀ ਸੀ। ਇਸ ਲਈ ਸਬੂਤ ਮਿਟਾਉਣ ਲਈ ਇਹ ਕਾਰਾ ਕੀਤਾ ਗਿਆ। ਦਿੱਲੀ ਵਿਚ ਕਈ ਥਾਵਾਂ ’ਤੇ ਲੋਕਾਂ ਨੇ ਇਸ ਅਵਸਰ ਦਾ ਲਾਭ ਅਪਣੀਆਂ ਪੁਰਾਣੀਆਂ ਦੁਸ਼ਮਣੀਆਂ ਕੱਢਣ ਲਈ ਉਠਾਇਆ ਅਤੇ ਇਹ ਸੱਭ ਕੁੱਝ ਹਿੰਦੂਆਂ ਵਲੋਂ ‘ਦੇਵੀ ਦੀ ਮੌਤ ਦਾ ਬਦਲਾ’ ਦੇ ਨਾਂ ਹੇਠ ਕੀਤਾ ਗਿਆ।
ਇਸ ਕਤਲੇਆਮ ਵਿਚ ਕਾਂਗਰਸ ਆਈ ਦੇ ਆਗੂ ਅਤੇ ਐਮ.ਪੀ. ਜਿਨ੍ਹਾਂ ਵਿਚ ਐਚ.ਕੇ.ਐਲ. ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਧਰਮ ਦਾਸ ਸ਼ਾਸਤਰੀ ਮੁੱਖ ਹਨ, ਨੇ ਅਪਣਾ ਬਣਦਾ ਹਿੱਸਾ ਪਾਇਆ। ਅੱਜ ਇਨ੍ਹਾਂ ਵਿਚੋਂ ਕੋਈ ਮੰਤਰੀ ਹੈ ਤਾਂ ਕੋਈ ਐਮ.ਪੀ. ਤੇ ਕੋਈ ਕਿਸੇ ਹੋਰ ਉੱਚੀ ਕੁਰਸੀ ’ਤੇ ਬਿਰਾਜਮਾਨ ਹੈ। ਪਰ ਇਸ ਭਿਆਨਕ ਦਿਲ ਕੰਬਾਊ ਅਣਮਨੁੱਖੀ ਕਤਲੇਆਮ ਦੇ ਦੋਸ਼ੀਆਂ ਵਿਰੁਧ ਕਾਰਵਾਈ ਕੇਵਲ ਅੱਖਾਂ ਪੂੰਝਣ ਵਾਲੀ ਹੀ ਹੋਈ ਹੈ ਅਤੇ ਪੀੜਤਾਂ ਦੀ ਸਾਰ ਲੈਣ ਦੀ ਚਿੰਤਾ ਕਿਸੇ ਨੂੰ ਵੀ ਨਹੀਂ।