ਚੰਗਾ ਗਾਉਣ ਵਾਲੇ ਕਲਾਕਾਰ ਵੀ ਵਧਾਈ ਦੇ ਹੱਕਦਾਰ
Published : Jul 28, 2017, 5:04 pm IST
Updated : Apr 2, 2018, 5:52 pm IST
SHARE ARTICLE
MIke
MIke

ਪਿਛਲੇ ਦਿਨਾਂ ਤੋਂ ਇਕ ਗੀਤ ਦੇ ਬੋਲ ਵਾਰ-ਵਾਰ ਜ਼ਿਹਨ 'ਚ ਆ ਕੇ ਤੈਰਨ ਲੱਗ ਜਾਂਦੇ ਨੇ। ਆਪ ਮੁਹਾਰੇ ਅੱਖਾਂ ਦੇ ਕੋਏ ਗਿੱਲੇ ਹੋ ਜਾਂਦੇ ਹਨ ਅਤੇ ਦਿਲ ਲੰਮੀ ਸੋਚ ਦੇ ਘੋੜੇ ਤੇ

ਪਿਛਲੇ ਦਿਨਾਂ ਤੋਂ ਇਕ ਗੀਤ ਦੇ ਬੋਲ ਵਾਰ-ਵਾਰ ਜ਼ਿਹਨ 'ਚ ਆ ਕੇ ਤੈਰਨ ਲੱਗ ਜਾਂਦੇ ਨੇ। ਆਪ ਮੁਹਾਰੇ ਅੱਖਾਂ ਦੇ ਕੋਏ ਗਿੱਲੇ ਹੋ ਜਾਂਦੇ ਹਨ ਅਤੇ ਦਿਲ ਲੰਮੀ ਸੋਚ ਦੇ ਘੋੜੇ ਤੇ ਸਵਾਰ ਹੁੰਦਿਆਂ ਕਾਫ਼ੀ ਕੁੱਝ ਸੋਚਦਾ ਹੈ। ਮੋਹ ਦੀਆਂ ਤੰਦਾਂ ਹੰਝੂਆਂ ਰਾਹੀਂ ਭਿੱਜ, ਮਾਂ ਦੀ ਮਮਤਾ ਦਾ ਉਹ ਕਰਜ਼ਾ, ਜੋ ਸ਼ਾਇਦ ਕਦੇ ਹੀ ਮੁੜ ਸਕੇ, ਚੇਤੇ ਆਉਂਦਾ ਹੈ। ਕਿਸੇ ਕਲਾਕਾਰ ਨੇ ਕਿਹਾ ਹੈ ਕਿ 'ਇਕ ਵਾਰ ਜੇ ਤੁਰ 'ਗੀ ਮਾਂ, ਤੂੰ ਮੁੜ ਨਹੀਂ ਆਉਣਾ'। ਰੱਬ ਤੇਰੀ ਗਾਇਕੀ ਨੂੰ ਸਦਾ ਸਲਾਮਤ ਰੱਖੇ, ਜਿਹੜੀ ਮਾਂ ਦੇ ਪਿਆਰ ਦਾ ਫ਼ਰਜ਼ ਤਾਂ ਚੇਤੇ ਕਰਵਾਉਂਦੀ ਹੈ। ਨਹੀਂ ਤਾਂ ਪੰਜਾਬੀ ਗਾਇਕੀ ਦਾ ਮੰਦੜਾ ਹਾਲ ਸੱਭ ਦੇ ਸਾਹਮਣੇ ਹੈ। ਜਦ ਵੀ ਇਹ ਮਾਂ ਵਾਲਾ ਗੀਤ ਸੁਣਦਾ ਹਾਂ ਤਾਂ ਕਲੇਜਿਉਂ ਧੂਹ ਨਿਕਲਦੀ ਹੈ। ਡੇਢ ਦਹਾਕਾ ਬੀਤ ਚੁਕਿਆ ਹੈ ਕਲਾਕਾਰਾਂ ਬਾਰੇ ਲਿਖਦਿਆਂ ਅਤੇ ਮਾੜੀ ਗਾਇਕੀ ਵਿਰੁਧ ਬੜਾ ਲਿਖਿਆ। ਪਰ ਇਸ ਗੀਤ ਨੇ ਉਨ੍ਹਾਂ ਮਾੜਾ ਗਾਉਣ ਵਾਲਿਆਂ ਲਈ ਇਕ ਨਸੀਹਤ ਦਾ ਕੰਮ ਜ਼ਰੂਰ ਕੀਤਾ ਹੈ। ਕਿੱਥੇ ਨੇ ਉਹ ਗੀਤ ਜਿਹੜੇ ਕਹਿੰਦੇ ਨੇ, 'ਜੱਟ ਦੇ ਠਿਕਾਣੇ ਬਲੀਏ, ਰੱਬ ਵੀ ਨਾ ਜਾਣੇ ਬਲੀਏ'? ਇਹੋ ਜਿਹੇ ਗੀਤ ਅੱਜ ਪੰਜਾਬ ਦੀ ਸਮੁੱਚੀ ਫ਼ਿਜ਼ਾ ਨੂੰ ਗੰਧਲੀ ਕਰ ਕੇ ਅਪਰਾਧਾਂ ਨੂੰ ਉਤਸ਼ਾਹਿਤ ਕਰੀ ਜਾ ਰਹੇ ਨੇ। ਚੰਗਾ ਭਲਾ ਵਧੀਆ ਗਾਉਂਦੇ ਕਈ ਕਲਾਕਾਰ ਵੀ ਦੇਖੋ-ਦੇਖੀ ਮਾੜੇ ਹੱਥਕੰਡੇ ਅਪਣਾਉਂਦੇ ਨੇ ਤਾਂ ਦਿਲ ਦੁਖੀ ਜ਼ਰੂਰ ਹੁੰਦਾ ਹੈ ਕਿ ਸ਼ਾਇਦ ਆਹ ਨਵੀਂ ਪੋਚ ਵਾਲਿਆਂ ਨੂੰ ਪੜ੍ਹਾਈ ਜਾਂ ਸੰਸਕਾਰਾਂ ਦੀ ਘਾਟ ਹੈ। ਪਰ ਕਈ ਪਹਿਲਾਂ ਤੋਂ ਹੀ ਲੱਖਾਂ ਅੰਦਰ ਖੇਡਦੇ ਇਨ੍ਹਾਂ ਮਾੜਿਆਂ ਦੇ ਕਾਲੇ ਕਾਰਨਾਮਿਆਂ ਤੇ ਮੋਹਰਾਂ ਕਿਉਂ ਲਾਉਂਦੇ ਨੇ?
ਗਾਇਕ ਗੁਰਵਿੰਦਰ ਬਰਾੜ ਦੇ ਗੀਤਾਂ ਨੂੰ ਮੈਂ ਕਦੇ ਵੀ ਅਪਣੇ ਤੌਰ ਤੇ ਵਧੀਆ ਨਹੀਂ ਸੀ ਮੰਨਿਆ, ਸਿਵਾਏ ਕੁੱਝ ਗੀਤਾਂ ਦੇ। ਪਰ ਜਦ ਅੱਜ ਉਸ ਦੇ ਗੀਤਾਂ ਅਤੇ ਆਹ ਚੱਕ-ਲੋ, ਧਰ-ਲੋ ਵਾਲੇ ਗੀਤਾਂ ਦੀ ਤੁਲਨਾ ਕਰਦਾ ਹਾਂ ਤਾਂ ਆਪ ਮੁਹਾਰੇ ਮੂੰਹੋਂ ਨਿਕਲ ਜਾਂਦਾ ਹੈ ਕਿ ਉਸ ਕਲਾਕਾਰ ਦੇ ਗੀਤ ਕਈ ਦਰਜੇ ਚੰਗੇ ਹਨ। ਪਤਾ ਨਹੀਂ ਗੀਤਕਾਰ ਕੀ ਸੋਚ ਕੇ ਕੁੱਝ ਬੇਤੁਕੀਆਂ, ਬੇਮਤਲਬੀਆਂ, ਰਚਨਾਵਾਂ ਦੀ ਰਚਨਾ ਕਰ ਕੇ ਇਹੋ ਜਿਹੇ ਗੀਤਾਂ ਨੂੰ ਜਨਮ ਦਿੰਦੇ ਨੇ ਜਿਵੇਂ ਉਨ੍ਹਾਂ ਨੂੰ ਸਿਰਫ਼ ਮਾੜਿਆਂ ਨੇ ਹੀ ਸੁਣਨਾ ਹੁੰਦਾ ਹੈ। 'ਪੱਲੇ ਜੱਟ ਦੇ ਸੱਤ ਕਨਾਲਾਂ' ਜਿਹੇ ਗੀਤਾਂ ਦੀ ਰਚਨਾ ਸਿਰਫ਼ ਅਪਣਾ ਅਤੇ ਅਪਣੀ ਗਾਇਕੀ ਦਾ ਜਲੂਸ ਕਢਵਾਉਣ ਤਕ ਹੀ ਸੀਮਤ ਹੁੰਦੀ ਹੈ। ਹਰਜੀਤ ਹਰਮਨ, ਜਿਸ ਨੇ ਸਦਾ ਵਧੀਆ ਗਾਇਆ, ਉਸ ਤੋਂ ਸੇਧ ਲੈ ਕੇ ਇਹ ਲੋਕ ਕੁੱਝ ਵਧੀਆ ਗਾਉਣ ਦੀ ਪਿਰਤ ਪਾਉਣ ਤਾਂ ਕਿੰਨਾ ਚੰਗਾ ਹੋਵੇ। ਚੜ੍ਹਦੀ ਉਮਰ ਦੇ ਗਾਇਕ ਸਰਬ ਘੁਮਾਣ ਜਿਸ ਨੇ ਮਾਂ ਦੀ ਸਿਫ਼ਤ ਬੜੇ ਵਧੀਆ ਲਫ਼ਜ਼ਾਂ ਵਿਚ ਕੀਤੀ ਹੈ। ਗਾਇਕ ਪੰਮਾ ਡੂੰਮੇਵਾਲ ਦਾ ਗਾਇਆ ਗੀਤ 'ਮੋੜੀਂ ਬਾਬਾ ਮੋੜੀਂ ਵਿਗੜੀ ਮੁੰਡੀਰ ਨੂੰ' ਲਈ ਇਹ ਕਲਾਕਾਰ ਵਧਾਈ ਦਾ ਪਾਤਰ ਹੈ ਜਿਸ ਨੇ ਵਪਾਰਕ ਯੁੱਗ ਦੇ ਅੰਦਰ ਕੁੱਝ ਪਲ ਵਿਚਰ ਕੇ ਵਧੀਆ ਕਰਨ ਦਾ ਯਤਨ ਕੀਤਾ ਹੈ।
ਪਰ ਮਾੜੇ ਕਲਾਕਾਰਾਂ ਦੀਆਂ ਝੱਲ-ਵਲੱਲੀਆਂ ਫ਼ਾਇਦਾ ਤਾਂ ਕਿਸੇ ਦਾ ਸ਼ਾਇਦ ਹੀ ਕਰਨ, ਨੁਕਸਾਨ ਬਹੁਤ ਵੱਡਾ ਕਰੀ ਜਾ ਰਹੀਆਂ ਨੇ। ਸਭਿਅਤਾ ਦੀਆਂ ਕੋਮਲ ਸਿਨਫ਼ਾਂ ਤੇ ਕਹਿਰ ਢਾਹੁੰਦੇ ਇਹ ਲੋਕ ਅਪਣੇ ਆਪ ਨੂੰ ਗੁਣੀਏ ਵਿਚ ਕਰਨ ਲਈ ਪੂਰੇ ਸਮਾਜ ਨਾਲ ਵੱਡਾ ਧੋਖਾ ਕਰ ਰਹੇ ਨੇ। ਕੁੱਝ ਸਮਾਂ ਪਹਿਲਾਂ ਪੰਜਾਬੀ ਗਾਇਕੀ ਅੰਦਰ ਗੀਤਕਾਰ ਵਜੋਂ ਮਸ਼ਹੂਰ ਅਤੇ ਬਾਅਦ ਵਿਚ ਗਾਇਕ ਬਣੇ ਇਕ ਵੀਰ ਨੇ ਤਾਂ ਰੱਜ ਕੇ ਝੱਲ ਖਿਲਾਰਿਆ ਹੈ। ਉਹ ਤਾਂ ਇਕ ਗੀਤ ਰਾਹੀਂ ਸ਼ਮਸ਼ਾਨਾਂ ਦੇ ਜਿੰਦਰੇ ਖੋਲ੍ਹਣ ਤਕ ਵੀ ਪਹੁੰਚ ਗਿਆ ਹੈ ਅਤੇ ਅਪਣੇ ਗੀਤਾਂ ਅੰਦਰ ਰੱਜ ਕੇ ਪਿਸਤੌਲਾਂ ਤੇ ਬੰਦੂਕਾਂ ਦਾ ਜ਼ਿਕਰ ਕੀਤਾ ਅਤੇ ਗੁਰੂ ਘਰਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਜਿਸ ਨੇ ਲਿਖਿਆ ਅਖੇ 'ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ, ਜੇ ਵੈਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ', ਇਕ ਹੋਰ ਕਹਿੰਦੈ, 'ਪਊਏ ਜਿੱਡੇ ਕੱਦ ਵਾਲੀਏ, ਤੋੜਦੀ ਤੂੰ ਦਾਰੂ ਦਾ ਡਰੰਮ ਨੀਂ'। ਇਨ੍ਹਾਂ ਗੀਤਾਂ ਦੇ ਰਚੇਤਾ ਨੂੰ ਬਾਰਡਰ ਤੇ ਜਾ ਕੇ ਅਪਣੇ ਕਸੀਦੇ ਪੜ੍ਹਨੇ ਚਾਹੀਦੇ ਨੇ। ਕਿਉਂ ਪੰਜਾਬ ਦੀ ਫ਼ਿਜ਼ਾ ਨੂੰ ਸ਼ਰਮਸਾਰ ਕਰ ਕੇ ਅਕਲੋਂ ਖ਼ਾਲੀ ਜਿਹੀਆਂ ਹਰਕਤਾਂ ਕਰਦੇ ਹੋ? ਲਗਦਾ ਹੈ ਕਿ ਤੁਸੀ ਪੰਜਾਬ ਦੀ ਸਰਜ਼ਮੀਨ ਅਤੇ ਇਸ ਦੇ ਇਤਿਹਾਸ ਤੋਂ ਜਾਣੂ ਹੀ ਨਹੀਂ ਹੋ।
ਲੰਘੇ ਦਿਨੀਂ ਇਕ ਗੀਤਕਾਰ ਦਾ ਇੰਟਰਵਿਊ ਟੀ.ਵੀ. ਤੇ ਵੇਖਿਆ। ਉਹ ਅਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਰਾਹੀਂ ਕਿੰਨਿਆਂ ਹੀ ਗਾਇਕਾਂ ਦੇ ਕੱਢੇ ਹਾੜ੍ਹਿਆਂ ਦੀ ਕਥਾ ਸੁਣਾਈ ਜਾਂਦਾ ਸੀ। ਮੈਂ ਹੁਣ ਸੋਚਦਾ ਹਾਂ ਕਿ ਜੇ ਉਹ ਗੀਤਕਾਰ ਹਿੱਟ ਹੀ ਨਾ ਹੁੰਦਾ ਤਾਂ ਚੰਗਾ ਸੀ ਕਿਉਂਕਿ ਜਿਹੜੀ ਮਾਂ ਬੋਲੀ ਦੇ ਘਾਣ ਦੀ ਕਹਾਣੀ ਉਸ ਨੇ ਸਾਡੇ ਵਿਰਸੇ ਦੀ ਹਿੱਕ ਤੇ ਲਿਖ ਦਿਤੀ, ਉਹ ਕਦੇ ਸ਼ਾਇਦ ਹੀ ਮਿਟ ਸਕੇ। ਉਸ ਤੋਂ ਕੋਈ ਪੁੱਛਣ ਵਾਲਾ ਨਹੀਂ ਕਿ 'ਭਲਿਆ ਲੋਕਾ, ਹੁਣ ਜੇ ਤੂੰ ਹਿੱਟ ਹੋ ਵੀ ਗਿਐਂ ਤਾਂ ਕੁੱਝ ਖ਼ਿਆਲ ਤਾਂ ਪੰਜਾਬ ਦੀ ਜੁਆਨੀ ਦਾ ਕਰ।'
ਵਾਹ ਉਏ ਗਾਇਕੋ ਅਤੇ ਗੀਤਕਾਰੋ! ਤੁਸੀ ਤਾਂ ਇਹ ਆਖ ਕੇ 'ਮੁੰਡਿਆਂ ਦਾ ਕਾਲ ਪੈ ਜਾਊ' ਪੰਜਾਬ ਦੇ ਮਾੜੇ ਦਿਨਾਂ ਦੀ ਤਸਵੀਰ ਹੀ ਤਾਜ਼ਾ ਕਰਵਾ ਦਿਤੀ। ਤੁਸੀ ਉਹ ਵੇਲਾ ਵੇਖਿਆ ਨਹੀਂ, ਪੁੱਛ ਕੇ ਵੇਖੋ ਉਨ੍ਹਾਂ ਪੀੜਤਾਂ ਨੂੰ ਜਿਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਮੁੱਕ, ਛਾਤੀਆਂ ਸੁੱਕ ਚੁਕੀਆਂ ਨੇ। ਪੱਥਰ ਹੋਈਆਂ ਅੱਖਾਂ ਕਿਸੇ ਅਪਣੇ ਦੀ ਤਲਾਸ਼ ਵਿਚ ਅਜੇ ਵੀ ਕੁੱਝ ਲਭਦੀਆਂ ਨੇ। ਪੁੱਛੋ ਉਨ੍ਹਾਂ ਮਾਂਵਾਂ ਨੂੰ ਜਿਨ੍ਹਾਂ ਦੀਆਂ ਕੁੱਖਾਂ ਮਾੜੇ ਸਮੇਂ ਨੇ ਖ਼ਾਲੀ ਕਰ ਦਿਤੀਆਂ ਜਾਂ ਉਨ੍ਹਾਂ ਪਿਉਆਂ ਦਾ ਹਾਲ ਜਾਣੋ ਜਿਨ੍ਹਾਂ ਦੀਆਂ ਦਾੜ੍ਹੀਆਂ ਤਾਰ-ਤਾਰ ਹੋ ਚੁੱਕੀਆਂ ਸਨ, ਉਨ੍ਹਾਂ ਭੈਣਾਂ ਦਾ ਦਰਦ ਵੇਖੋ ਜਿਨ੍ਹਾਂ ਨੂੰ ਚੁਰਾਹੇ ਚਿੱਟੇ ਦਿਨ ਨੋਚਿਆ ਗਿਆ ਅਤੇ ਉਨ੍ਹਾਂ ਦੇ ਢਿੱਡਾਂ ਅੰਦਰ ਪਲ ਰਹੇ ਬੱਚਿਆਂ ਨੂੰ ਠੁੱਡੇ ਮਾਰੇ ਗਏ, ਪਰ ਤੁਹਾਨੂੰ ਕੁੱਝ ਵੀ ਯਾਦ ਨਹੀਂ। ਤੁਸੀ ਤਾਂ ਅਪਣੇ ਕਰੀਅਰ ਨੂੰ ਗੁਣੀਏ ਵਿਚ ਕਰਨ ਲਈ ਕੁੱਝ ਵੀ ਕਰ ਦੇਵੋ। ਕੀ ਹੋ ਚੁੱਕਿਆ ਹੈ ਤੁਹਾਡੀ ਅਕਲ ਨੂੰ?
ਰੱਬ ਕਰੇ ਛੇਤੀ ਖਹਿੜਾ ਛੁੱਟੇ ਪੰਜਾਬੀਆਂ ਦਾ ਇਸ ਆਸ਼ਕੀ ਤੇ ਅਸਲੇ ਦੇ ਰੌਲੇ-ਰੱਪੇ ਤੋਂ। ਚੰਗਾ ਹੋਵੇ ਅਸਲੇ ਦਾ ਹਰ ਸਮੇਂ ਖੌਰੂ ਪਾਉਂਦੇ ਇਹ ਕਲਾਕਾਰ ਸਰਹੱਦ ਤੇ ਜਾ ਕੇ ਦੁਸ਼ਮਣਾਂ ਨਾਲ ਦੋ ਹੱਥ ਕਰਨ। ਉਥੇ ਇਨ੍ਹਾਂ ਨੂੰ ਜੰਗ ਦੀ ਪੂਰੀ ਆਜ਼ਾਦੀ ਹੈ। ਚੋਣ ਇਨ੍ਹਾਂ ਦੀ ਅਪਣੀ ਹੈ। ਚਾਹੇ ਕਸ਼ਮੀਰ ਦੀ ਸਿਰ ਮੰਗਦੀ ਧਰਤੀ ਹੋਵੇ ਜਾਂ ਚੀਨ ਦਾ ਬਾਰਡਰ। ਰੱਬ ਦਾ ਵਾਸਤਾ ਹੈ ਕਿ ਪੰਜਾਬ ਨੂੰ ਸ਼ਮਸ਼ਾਨ ਨਾ ਬਣਾਉ, ਇਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਹੀ ਰਹਿਣ ਦਿਉ। ਰੱਬ ਰਾਖਾ।
ਸੰਪਰਕ : 94634-63136

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement