ਯੁਗ ਪੈਸੇ ਅਤੇ ਸਿਫ਼ਾਰਸ਼ ਦਾ
Published : May 2, 2018, 4:07 am IST
Updated : May 2, 2018, 4:07 am IST
SHARE ARTICLE
Era money and recommendation
Era money and recommendation

ਜਿਸ ਆਦਮੀ ਕੋਲ ਇਨ੍ਹਾਂ ਵਿਚੋਂ ਇਕ ਵੀ ਚੀਜ਼ ਹੈ ਕੰਮ ਤਾਂ ਉਸ ਦਾ ਹੀ ਚਲ ਸਕਦਾ ਹੈ, ਪਰ ਜਿਸ ਕੋਲ ਇਹ ਦੋਵੇਂ ਚੀਜ਼ਾਂ ਹੋਣ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

ਅੱਜ ਦਾ ਯੁਗ ਪੈਸੇ ਅਤੇ ਸਿਫ਼ਾਰਸ਼ ਦਾ ਯੁਗ ਹੈ। ਜਿਸ ਆਦਮੀ ਕੋਲ ਇਨ੍ਹਾਂ ਵਿਚੋਂ ਇਕ ਵੀ ਚੀਜ਼ ਹੈ ਕੰਮ ਤਾਂ ਉਸ ਦਾ ਹੀ ਚਲ ਸਕਦਾ ਹੈ, ਪਰ ਜਿਸ ਕੋਲ ਇਹ ਦੋਵੇਂ ਚੀਜ਼ਾਂ ਹੋਣ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਜਿਸ ਆਦਮੀ ਕੋਲ ਇਸ ਜ਼ਮਾਨੇ ਵਿਚ ਪੈਸਾ ਅਤੇ ਸਿਫ਼ਾਰਸ਼ ਹੈ, ਉਸ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ। ਪੈਸੇ ਦੇ ਲਾਲਚ ਵਿਚ ਆ ਕੇ ਅਸੀ ਅਪਣੇ ਦੇਸ਼ ਦੀ ਸੁਰੱਖਿਆ ਤਕ ਵੀ ਦਾਅ ਉਤੇ ਲਾ ਦਿੰਦੇ ਹਾਂ। ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ 'ਪੈਸਾ ਗਿਆ ਤਾਂ ਕੁੱਝ ਵੀ ਨਹੀਂ ਗਿਆ, ਸਿਹਤ ਗਈ ਤਾਂ ਕੁੱਝ ਗਿਆ ਅਤੇ ਇੱਜ਼ਤ ਗਈ ਤਾਂ ਸੱਭ ਕੁੱਝ ਚਲਾ ਗਿਆ।' ਪਰ ਅੱਜ ਇਸ ਦੇ ਬਿਲਕੁਲ ਉਲਟ ਹੋ ਚੁੱਕਾ ਹੈ। ਅਜਕਲ ਇਹ ਕਿਹਾ ਜਾਂਦਾ ਹੈ ਕਿ 'ਸਿਹਤ ਗਈ ਕੁੱਝ ਗਿਆ, ਇੱਜ਼ਤ ਗਈ ਕੁੱਝ ਵੀ ਨਹੀਂ ਗਿਆ ਪਰ ਜੇਕਰ ਪੈਸਾ ਚਲਾ ਗਿਆ ਤਾਂ ਸਮਝੋ ਸੱਭ ਕੁੱਝ ਚਲਾ ਗਿਆ।' ਅੱਜ ਹਰ ਥਾਂ ਪੈਸੇ ਵਾਲੇ ਦਾ ਮੁੰਡਾ ਖੇਡਦਾ ਹੈ। ਜਿਸ ਦੀ ਜੇਬ ਵਿਚ ਪੈਸਾ ਹੈ ਉਸ ਦੇ ਸੱਭ ਰਿਸ਼ਤੇਦਾਰ ਹਨ। ਗ਼ਰੀਬ ਨੂੰ ਤਾਂ ਲੋਕ ਰਿਸ਼ਤੇਦਾਰ ਕਹਿਣ ਤੋਂ ਵੀ ਝਿਜਕਦੇ ਹਨ। ਜੇਕਰ ਕੋਈ ਤਕੜਾ ਰਿਸ਼ਤੇਦਾਰ ਹੈ ਤਾਂ ਆਦਮੀ ਫ਼ਟ ਦਸਦਾ ਹੈ ਪਰ ਜੇਕਰ ਕੋਈ ਗ਼ਰੀਬ ਰਿਸ਼ਤੇਦਾਰ ਹੋਵੇ ਤਾਂ ਉਸ ਦਾ ਨਾਂ ਲੈਣ ਤੋਂ ਵੀ ਸ਼ਰਮ ਮਹਿਸੂਸ ਕਰਦਾ ਹੈ। ਪੰਜਾਬੀ ਦੀ ਇਕ ਬੜੀ ਮਸ਼ਹੂਰ ਕਹਾਵਤ ਹੈ ਕਿ ਤਕੜੇ ਨੂੰ ਲੋਕ ਜੀਜਾ ਬਣਾਉਣ ਨੂੰ ਵੀ ਤਿਆਰ ਹੁੰਦੇ ਹਨ ਪਰ ਮਾੜੇ ਨੂੰ ਕੋਈ ਸਾਲਾ ਬਣਾ ਕੇ ਵੀ ਖ਼ੁਸ਼ ਨਹੀਂ। ਪਹਿਲੀ ਐਨ.ਡੀ.ਏ. ਸਰਕਾਰ ਵੇਲੇ ਜਿਹੜੇ ਤਾਬੂਤ ਖ਼ਰੀਦੇ ਗਏ, ਉਸ ਦੇ ਪਿਛੇ ਵੀ ਤਾਂ ਪੈਸੇ ਦੀ ਕਰਾਮਾਤ ਸੀ, ਐਵੇਂ ਤਾਂ 172 ਡਾਲਰ ਵਾਲਾ ਤਾਬੂਤ 2500 ਡਾਲਰ ਦਾ ਨਹੀਂ ਸੀ ਖ਼ਰੀਦਿਆ ਗਿਆ। ਇਹ ਤਾਂ ਉਨ੍ਹਾਂ ਨੇ ਗੁੜ ਹੀ 2500 ਡਾਲਰ ਵਾਲਾ ਪਾਇਆ ਸੀ, ਜੇਕਰ ਉਹ ਜ਼ਿਆਦਾ ਪਾ ਦਿੰਦੇ ਤਾਂ ਇਹ 5 ਹਜ਼ਾਰ ਡਾਲਰ ਦਾ ਵੀ ਖ਼ਰੀਦਿਆ ਜਾ ਸਕਦਾ ਸੀ। ਇਥੇ ਤਾਂ ਜਿੰਨਾ ਗੁੜ ਪਾਉਗੇ ਓਨਾ ਹੀ ਮਿੱਠਾ ਹੋਵੇਗਾ, ਨਹੀਂ ਤਾਂ ਅਮਰੀਕਾ ਤੋਂ ਤਾਬੂਤ ਖ਼ਰੀਦਣ ਦੀ ਕਿਹੜੀ ਲੋੜ ਪਈ ਸੀ, ਇਥੇ ਵੀ ਤਾਂ ਤਬੂਤ ਬਣਦੇ ਹੀ ਹਨ। ਅਜਕਲ ਸਾਡੇ ਦੇਸ਼ ਵਿਚ ਨਵੇਂ ਤੋਂ ਨਵੇਂ ਘਪਲੇ ਨੰਗੇ ਹੋ ਰਹੇ ਹਨ। ਕਦੇ ਬੋਫ਼ੋਰਜ਼ ਕਾਂਡ, ਕਦੇ ਚਾਰਾ ਕਾਂਡ, ਕਦੇ ਹਵਾਲਾ ਕਾਂਡ, ਕਦੇ ਖਾਦ, ਕਦੇ ਰੇਲ ਕਾਂਡ, ਕਦੇ ਕੋਲਾ ਅਤੇ ਹੁਣ ਬੈਂਕ ਕਾਂਡ। ਗੱਲ ਕਾਹਦੀ ਕਿ ਇਥੇ ਸਿਰਫ਼ ਕਾਂਡ ਹੀ ਕਾਂਡ ਹਨ। ਜਦੋਂ ਵੀ ਕੋਈ ਕਾਂਡ ਨੰਗਾ ਹੁੰਦਾ ਹੈ ਉਦੋਂ ਥੋੜੇ ਦਿਨ ਤਾਂ ਬੜਾ ਰੌਲਾ-ਰੱਪਾ ਪੈਂਦਾ ਹੈ, ਫਿਰ ਹੌਲੀ ਹੌਲੀ ਸੱਭ ਕੁੱਝ ਲੋਕ ਭੁੱਲ-ਭੁਲਾ ਜਾਂਦੇ ਹਨ। ਅੱਜ ਤਕ ਜਿੰਨੇ ਵੀ ਕਾਂਡ ਹੋਏ ਸ਼ਾਇਦ ਹੀ ਕਿਸੇ ਨੂੰ ਕੋਈ ਸਜ਼ਾ ਹੋਈ ਹੋਵੇ। ਸਜ਼ਾ ਸਿਰਫ਼ ਉਨ੍ਹਾਂ ਨੂੰ ਹੀ ਹੁੰਦੀ ਹੈ ਜਿਹੜੇ ਸਿਰਫ਼ ਲੈਣੇ ਹੀ ਜਾਣਦੇ ਹਨ, ਦੇਣਾ ਨਹੀਂ ਜਾਣਦੇ। ਜਿਹੜੇ ਲੋਕ ਲੈਣਾ ਅਤੇ ਦੇਣਾ ਦੋਵੇਂ ਗੱਲਾਂ ਜਾਣਦੇ ਹਨ। ਉਹ ਅੱਜਕਲ ਦੇ ਯੁਗ ਵਿਚ ਕਦੇ ਵੀ ਮਾਰ ਨਹੀਂ ਖਾਂਦੇ। 
ਪੈਸੇ ਵਿਚ ਏਨੀ ਸ਼ਕਤੀ ਹੈ ਕਿ ਤੁਹਾਡਾ ਨਾਲਾਇਕ ਮੁੰਡਾ-ਕੁੜੀ ਵੀ ਗੋਲਡ ਮੈਡਲ ਲੈਣ ਵਾਲਿਆਂ ਨੂੰ ਮਾਤ ਪਾ ਦਿੰਦਾ ਹੈ। ਗੋਲਡ ਮੈਡਲ ਲੈਣ ਵਾਲੇ ਟੈਸਟਾਂ ਦਾ ਨਤੀਜਾ ਆਉਣ ਤੇ ਫ਼ੇਲ੍ਹ ਹੁੰਦੇ ਹਨ। ਪੈਸੇ ਵਾਲੇ ਅਤੇ ਸਿਫ਼ਾਰਸ਼ਾਂ ਵਾਲੇ ਮੈਰਿਟ ਦਾ ਸ਼ਿੰਗਾਰ ਬਣਦੇ ਹਨ। ਤਦੇ ਤਾਂ ਕਿਸੇ ਨੇ ਕਿਹਾ ਹੈ ਜਿਸ ਦੀ ਕੋਠੀ ਵਿਚ ਦਾਣੇ ਉਸ ਦੇ ਕਮਲੇ ਵੀ ਸਿਆਣੇ। ਅਜਕਲ ਜਿੰਨੀ ਵੱਡੀ ਨੌਕਰੀ ਹੁੰਦੀ ਹੈ ਓਨੀ ਵੱਡੀ ਰਕਮ ਦੀ ਲੋੜ ਹੈ। ਸਰਕਾਰੀ ਨੌਕਰੀਆਂ ਦੀਆਂ ਬੋਲੀਆਂ ਲੱਗ ਰਹੀਆਂ ਹਨ। ਜਦੋਂ ਕੋਈ ਮੁਲਾਜ਼ਮ ਬੋਲੀ ਰਾਹੀਂ ਭਰਤੀ ਹੋਵੇਗਾ ਤਾਂ ਫਿਰ ਉਸ ਤੋਂ ਈਮਾਨਦਾਰੀ ਦੀ ਆਸ ਰਖਣੀ ਮੂਰਖਾਂ ਦੀ ਦੁਨੀਆਂ ਵਿਚ ਵਸਣ ਵਾਲੀ ਗੱਲ ਹੋਵੇਗੀ। 
ਗੱਲ ਕਾਹਦੀ ਕਿ ਆਦਮੀ ਪੈਸੇ ਦਾ ਗ਼ੁਲਾਮ ਹੋ ਕੇ ਰਹਿ ਗਿਆ ਹੈ ਅਤੇ ਆਦਮੀ ਦਾ ਪੈਸਾ ਹੀ ਸੱਭ ਕੁੱਝ ਬਣ ਚੁੱਕਾ ਹੈ। ਪੈਸੇ ਬਾਰੇ ਕਿਸੇ ਕਵੀ ਦੀਆਂ ਕਹੀਆਂ ਹੋਈਆਂ ਗੱਲਾਂ ਬਿਲਕੁਲ ਸੱਚੀਆਂ ਹਨ। 
ਤੇਰੀ ਜੁਲਫ਼ ਵਿਚ ਉਲਝਿਆ ਜੱਗ ਸਾਰਾ,
ਤੇਰੇ ਹੱਥਾਂ ਵਿਚ ਖੇਡੇ ਜਹਾਨ ਮਾਇਆ।
ਰਾਗ ਗੂੰਜਦੇ ਤੇਰੇ ਦਵਾਰਿਆਂ ਦੇ,
ਸਾਡੀ ਜਿੰਦ ਮਾਇਆ ਸਾਡੀ ਜਾਨ ਮਾਇਆ।
ਜਿਸ ਤੇ ਫ਼ਿਦਾ ਹੋਵੇ ਉਸ ਦੀ ਨਜ਼ਰ ਬਦਲੇ,
ਤੇਰੇ ਇਸ਼ਕ ਨੇ ਮੇਟੇ ਸੁਲਤਾਨ ਮਾਇਆ।
ਸੱਭੇ ਸ਼ੈਆਂ ਨੂੰ ਕਾਬੂ ਕਰਨ ਵਾਲਾ ਬੰਦਾ,
ਹੋ ਗਿਆ ਤੇਰਾ ਗ਼ੁਲਾਮ ਮਾਇਆ।
ਜਿਹੜਾ ਕੰਮ ਤੁਹਾਡਾ ਕਈ ਸਾਲਾਂ ਵਿਚ ਨਹੀਂ ਹੁੰਦਾ ਉਹ ਕੰਮ ਪੈਸੇ ਰਾਹੀਂ ਤੁਸੀ ਕੁੱਝ ਮਹੀਨਿਆਂ ਅਤੇ ਦਿਨਾਂ ਵਿਚ ਕਰਵਾ ਸਕਦੇ ਹੋ। ਤੁਸੀ ਕਿਤੇ ਬੱਚਿਆਂ ਨੂੰ ਦਾਖ਼ਲ ਕਰਾਉਣਾ ਹੈ, ਹਸਪਤਾਲ ਵਿਚ ਇਲਾਜ ਕਰਵਾਉਣਾ ਹੈ ਕਿਤੇ ਐਫ਼.ਆਈ.ਆਰ. ਦਰਜ ਕਰਵਾਉਣੀ ਹੈ, ਬੈਂਕ ਤੋਂ ਕਰਜ਼ਾ ਲੈਣਾ ਹੈ ਜਾਂ ਹੋਰ ਕੋਈ ਕੰਮ ਹੈ, ਪੈਸੇ ਰੂਪੀ ਪਹੀਏ ਤੁਸੀ ਕਾਗ਼ਜ਼ ਨੂੰ ਲਾ ਦਿਉ, ਕਾਗ਼ਜ਼ ਫਿਰ ਭੱਜਾ ਹੀ ਜਾਂਦਾ ਹੈ। ਕਈ ਥਾਂ ਪੈਸੇ ਦੇਣ ਲਈ ਵੀ ਸਿਫ਼ਾਰਸ਼ ਚਾਹੀਦੀ ਹੈ। ਅੱਜਕਲ ਤਾਂ ਇਹ ਹਾਲ ਹੋ ਗਿਆ ਹੈ ਕਿ ਬੰਦੇ ਮਾਰਨ ਵਾਲੇ ਗਰੋਹ ਬਣੇ ਹੋਏ ਹਨ, ਉਨ੍ਹਾਂ ਨੂੰ ਪੈਸੇ ਦਿਉ ਜਿਸ ਦਾ ਮਰਜ਼ੀ ਕਤਲ ਕਰਵਾਉ। ਉਨ੍ਹਾਂ ਨੇ ਅੱਗੇ ਇਸੇ ਤਰ੍ਹਾਂ ਪ੍ਰਬੰਧ ਕੀਤੇ ਹੋਏ ਹਨ।
ਪੈਸੇ ਖ਼ਾਤਰ ਹੀ ਅਜਕਲ ਲੋਕ ਅਪਣੀਆਂ ਜਵਾਨ ਧੀਆਂ ਨੂੰ ਸੁੰਦਰਤਾ ਮੁਕਾਬਲਿਆਂ ਅਤੇ ਫ਼ੈਸ਼ਨ ਸ਼ੋਆਂ ਵਿਚ ਹਿੱਸਾ ਲੈਣ ਲਈ ਧੜਾਧੜ ਭੇਜ ਰਹੇ ਹਨ, ਜਿਥੇ ਸੁਹੱਪਣ ਦਾ ਮੁਕਾਬਲਾ ਘੱਟ ਅਤੇ ਅੰਗ ਪ੍ਰਦਰਸ਼ਨ ਜ਼ਿਆਦਾ ਕੀਤਾ ਜਾਂਦਾ ਹੈ। ਪੈਸੇ ਦੀ ਰੌਸ਼ਨੀ ਉਨ੍ਹਾਂ ਨੂੰ ਏਨਾ ਚੁੰਧਿਆ ਦਿੰਦੀ ਹੈ ਕਿ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੀਆਂ ਹਨ। ਪੈਸੇ ਖ਼ਾਤਰ ਹੀ ਅਜਕਲ ਸਾਡੇ ਲੋਕ ਅਪਣੀਆਂ ਨੌਜਵਾਨ ਲੜਕੀਆਂ ਦੇ ਰਿਸ਼ਤੇ ਬਾਹਰੋਂ ਆਏ ਬੁੱਢਿਆਂ ਨਾਲ ਕਰ ਦਿੰਦੇ ਹਨ ਜਿਨ੍ਹਾਂ ਦਾ ਕੋਈ ਮੇਲ ਹੀ ਨਹੀਂ ਹੁੰਦਾ। ਡਾਲਰਾਂ ਦੇ ਲਾਲਚ ਵਿਚ ਅਪਣੀਆਂ ਧੀਆਂ-ਭੈਣਾਂ ਦਾ ਜੀਵਨ ਨਰਕ ਬਣਾ ਕੇ ਰੱਖ ਦਿੰਦੇ ਹਨ। 
ਤੁਸੀ ਕਿਸੇ ਅਫ਼ਸਰ ਨੂੰ ਮਿਲਣਾ ਹੈ ਤਾਂ ਜਾਂਦੇ ਹੀ ਅਫ਼ਸਰ ਦੇ ਬੂਹੇ ਦੇ ਬਾਹਰ ਬੈਠੇ ਸੇਵਾਦਾਰ ਦੇ ਹੱਥ ਤੇ ਦਸ ਦਾ ਨੋਟ ਰੱਖੋ, ਤੁਹਾਨੂੰ ਫ਼ਟ ਅਫ਼ਸਰ ਨਾਲ ਮਿਲਾ ਦਿਤਾ ਜਾਵੇਗਾ। ਜੇਕਰ ਤੁਸੀ ਉਸ ਦੀ ਸੇਵਾ ਨਾ ਕੀਤੀ ਤਾਂ ਉਹ ਤੁਹਾਡੀ ਮਿਲਣ ਵਾਲੀ ਸਲਿੱਪ ਜੇਬ ਵਿਚ ਪਾ ਕੇ ਹੀ ਤੁਰਿਆ ਫਿਰੇਗਾ। ਜੇਕਰ ਤੁਸੀ ਕਹੋਗੇ ਕਿ ਸਲਿੱਪ ਨਹੀਂ ਦੇ ਕੇ ਆਇਆ ਤਾਂ ਉਸ ਦਾ ਜਵਾਬ ਹੋਵੇਗਾ ਕਿ 'ਸਾਬ੍ਹ ਬੜੇ ਮਸ਼ਰੂਫ਼ ਨੇ।' ਸਾਬ੍ਹ ਭਾਵੇਂ ਅੰਦਰ ਅਖ਼ਬਾਰ ਪੜ੍ਹ ਰਹੇ ਹੋਣ। ਭਾਵ ਕਿ ਹਰ ਥਾਂ ਹੀ ਪੈਸੇ ਦਿਉ ਅਤੇ ਟਿਕਟ ਲਉ। ਤੁਹਾਨੂੰ ਕਿਸੇ ਨੇ ਨਹੀਂ ਪੁਛਣਾ ਕਿ ਤੁਹਾਡੀ ਪਾਰਟੀ ਪ੍ਰਤੀ ਕੀ ਦੇਣ ਹੈ। ਅਜਕਲ ਜਿਹੜੀਆਂ ਇਮਾਰਤਾਂ ਬਣਦੀਆਂ ਹਨ, ਉਹ ਕੁੱਝ ਹੀ ਸਮੇਂ ਵਿਚ ਢਹਿ-ਢੇਰੀ ਹੋ ਜਾਂਦੀਆਂ ਹਨ। ਉਸ ਦਾ ਕਾਰਨ ਵੀ ਪੈਸਾ ਹੀ ਹੁੰਦਾ ਹੈ ਕਿਉਂਕਿ ਠੇਕੇਦਾਰ ਨੂੰ ਟੈਂਡਰ ਲੈਣ ਤੋਂ ਲੈ ਕੇ ਆਖ਼ਰੀ ਅਦਾਇਗੀ ਲੈਣ ਤਕ ਕਮਿਸ਼ਨ ਦੇਣਾ ਪੈਂਦਾ ਹੈ। ਗੱਲ ਕਾਹਦੀ ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੇ ਪੋਸਟਮਾਰਟਮ ਲਈ ਵੀ ਪੈਸੇ ਦੇਣੇ ਪੈਂਦੇ ਹਨ। ਇਹੋ ਹਾਲ ਸਿਫ਼ਾਰਸ਼ ਦਾ ਹੈ, ਤੁਸੀ ਕਿਸੇ ਦਫ਼ਤਰ ਵਿਚ ਕੋਈ ਕੰਮ ਕਰਾਉਣਾ ਹੈ ਤਾਂ ਤੁਹਾਨੂੰ ਪਹਿਲਾਂ ਸਿਫ਼ਾਰਸ਼ ਲਭਣੀ ਪਵੇਗੀ। ਇਹ ਨਹੀਂ ਕਿ ਈਮਾਨਦਾਰੀ ਬਿਲਕੁਲ ਖ਼ਤਮ ਹੋ ਚੁੱਕੀ ਹੈ। ਅੱਜ ਵੀ ਕੁੱਝ ਅਫ਼ਸਰ ਤੇ ਮੁਲਾਜ਼ਮ ਈਮਾਨਦਾਰ ਹਨ ਪਰ ਇਹੋ ਜਹੇ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਨਲਾਇਕੀ ਅਤੇ ਸੁਸਤ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਹੋ ਜਹੇ ਥਾਂ ਤੇ ਲਾਇਆ ਜਾਂਦਾ ਹੈ ਜਿਸ ਦੀ ਬਹੁਤੀ ਅਹਿਮੀਅਤ ਨਹੀਂ ਹੁੰਦੀ।ਪੈਸੇ ਦੀ ਖੇਡ ਕਾਰਨ ਸਾਡੇ ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਬਹੁਤ ਸਾਰੇ ਸ਼ਰਾਬਾਂ ਦੇ ਠੇਕੇਦਾਰ, ਜ਼ਮੀਨ-ਮਾਫ਼ੀਆ ਨਾਲ ਸਬੰਧ ਰੱਖਣ ਵਾਲੇ ਅਤੇ ਇਹੋ ਜਿਹੇ ਮਾੜੇ ਧੰਦੇ ਕਰਨ ਵਾਲੇ ਲੋਕ ਸੰਸਦ ਮੈਂਬਰ ਅਤੇ ਵਿਧਾਨਕਾਰ ਬਣੇ ਬੈਠੇ ਹਨ। ਜਿਨ੍ਹਾਂ ਕੋਲ ਵੱਡੀਆਂ ਸਿਫ਼ਾਰਸ਼ਾਂ ਹਨ, ਉਨ੍ਹਾਂ ਨੂੰ ਟਿਕਟ ਦੇਣ ਲਗਿਆਂ ਇਹ ਕੋਈ ਨਹੀਂ ਵੇਖਦਾ ਕਿ ਇਹ ਕਾਤਲ ਹੈ, ਡਾਕੂ ਹੈ, ਚੋਰ ਹੈ ਜਾਂ ਇਹੋ ਜਹੇ ਹੋਰ ਬੁਰੇ ਕੰਮ ਕਰਨ ਵਾਲਾ ਹੈ। ਇਹੋ ਕਾਰਨ ਹੈ ਕਿ ਸਾਡੇ ਦੇਸ਼ ਦੀ ਸੰਸਦ ਅਤੇ 543 ਮੈਂਬਰਾਂ ਵਿਚੋਂ ਇਹੋ ਜਹੇ ਮੈਂਬਰਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਜਦੋਂ ਕਾਨੂੰਨ ਤੋੜਨ ਵਾਲੇ ਕਾਨੂੰਨ ਬਣਾਉਣ ਵਾਲੀ ਸੰਸਥਾ ਦੇ ਮੈਂਬਰ ਹੋਣ ਤਾਂ ਉਸ ਸੰਸਥਾ ਦਾ ਕੀ ਹਾਲ ਹੋਵੇਗਾ? ਪੈਸੇ ਦੇ ਲਾਲਚ ਕਾਰਨ ਬਹੁਤ ਸਾਰੇ ਮੈਂਬਰ ਸੰਸਦ ਵਿਚ ਸਵਾਲ ਪੁੱਛਣ ਦੇ ਵੀ ਪੈਸੇ ਲੈਂਦੇ ਹਨ, ਜਿਸ ਬਾਰੇ ਸਾਰੀ ਜਨਤਾ ਪਹਿਲਾਂ ਹੀ ਜਾਣੂ ਹੈ। ਇਸ ਪੈਸੇ ਨੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਮੁੱਖ ਮੰਤਰੀ, ਮੰਤਰੀ, ਐਮ.ਐਲ.ਏ. ਜਾ ਇਹੋ ਜਹੇ ਵੱਡੇ ਅਹੁਦਿਆਂ ਤੇ ਬੈਠੇ ਹੋਰ ਲੋਕਾਂ ਨੂੰ ਲਪੇਟ ਵਿਚ ਲੈ ਲਿਆ ਹੈ (ਸਾਰੇ ਨਹੀਂ)। ਕਈਆਂ ਨੂੰ ਤਾਂ ਸਜ਼ਾ ਵੀ ਹੋ ਚੁੱਕੀ ਹੈ। ਕਈ ਅਦਾਲਤਾਂ ਵਿਚ ਕੇਸ ਭੁਗਤ ਰਹੇ ਹਨ। 
ਪੈਸੇ ਅਤੇ ਸਿਫ਼ਾਰਸ਼ ਨੇ ਕੋਈ ਇਹੋ ਜਿਹਾ ਅਦਾਰਾ ਨਹੀਂ ਛਡਿਆ ਜਿਥੇ ਇਨ੍ਹਾਂ ਨੇ ਅਪਣਾ ਰੰਗ ਨਹੀਂ ਵਿਖਾਇਆ। ਪਿਛੇ ਜਿਹੇ ਇਕ ਟੀ.ਵੀ. ਚੈਨਲ ਅਤੇ ਜੱਜਾਂ ਦੀ ਭਰਤੀ ਬਾਰੇ ਚਰਚਾ ਹੋ ਰਹੀ ਸੀ ਜਿਸ ਵਿਚ ਪੰਜਾਬ ਅਤੇ ਹਰਿਆਣਾ ਦੇ ਵਕੀਲ ਹਿੱਸਾ ਲੈ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਕਿਸ ਤਰ੍ਹਾਂ ਜਦੋਂ ਕੋਈ ਮੁੱਖ ਜੱਜ ਬਦਲੀ ਦੇ ਨੇੜੇ ਹੁੰਦਾ ਹੈ ਤਾਂ ਜਾਂਦੇ ਸਮੇਂ ਖ਼ਾਲੀ ਜੱਜ ਦੀ ਸੀਟ ਤੇ ਨਵੇਂ ਜੱਜ ਬਿਠਾਉਣ ਲਈ ਇਹੋ ਜਹੇ ਨਾਵਾਂ ਦੀਆਂ ਸਿਫ਼ਾਰਸ਼ਾਂ ਕਰ ਕੇ ਜਾਂਦੇ ਹਨ, ਜਿਨ੍ਹਾਂ ਵਿਚੋਂ ਬਹੁਤੇ ਇਹੋ ਜਹੇ ਨਾਂ ਹੁੰਦੇ ਹਨ ਜਿਹੜੇ ਪਹਿਲੇ ਰਹੇ ਜੱਜ ਦੇ ਪੁੱਤਰ ਜਾਂ ਧੀਆਂ ਹੁੰਦੇ ਹਨ ਜਾਂ ਪਹਿਲਾਂ ਉਨ੍ਹਾਂ ਦੇ ਅਧੀਨ ਕੰਮ ਕਰਦੇ ਰਹੇ ਹੁੰਦੇ ਹਨ। ਗੱਲ ਕਾਹਦੀ ਕਿ ਬਹੁਤ ਘੱਟ ਹੁੰਦੇ ਹਨ, ਜਿਹੜੇ ਅਸਲੀ ਹੱਕਦਾਰ ਹੁੰਦੇ ਹਨ। ਜਦੋਂ ਇਹੋ ਜਹੇ ਜੱਜ ਸਿਫ਼ਾਰਸ਼ ਤੇ ਬਣਾਏ ਜਾਣਗੇ ਜਿਨ੍ਹਾਂ ਦਾ ਕੋਈ ਤਜਰਬਾ ਹੀ ਨਹੀਂ ਫਿਰ ਉਹ ਕਿਹੋ ਜਹੇ ਫ਼ੈਸਲੇ ਕਰਨਗੇ? ਇਹ ਵੀ ਸ਼ਾਇਦ ਕਿਸੇ ਤੋਂ ਭੁਲਿਆ ਹੋਇਆ ਨਹੀਂ। ਜਿਹੜਾ ਆਪ ਸਿਫ਼ਾਰਸ਼ ਨਾਲ ਭਰਤੀ ਹੋਇਆ ਹੈ, ਕੁਦਰਤੀ ਹੈ ਕਿ ਉਹ ਸਿਫ਼ਾਰਸ਼ ਮੰਨੇਗਾ ਹੀ। ਫਿਰ ਇਨਸਾਫ਼ ਦੀ ਆਸ ਕਿਥੋਂ?
ਇਹ ਸਿਫ਼ਾਰਸ਼ ਦਾ ਹੀ ਸਿੱਟਾ ਹੈ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਪੂਰਾ-ਪੂਰਾ ਪ੍ਰਵਾਰ ਬੈਠਾ ਹੋਇਆ ਹੈ। ਜਿਹੜਾ ਕੋਈ ਵੱਡਾ ਲੀਡਰ ਜਾਂ ਅਧਿਕਾਰੀ ਉੱਚ ਅਹੁਦੇ ਉਤੇ ਬੈਠਾ ਹੈ, ਉਸ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਚੰਗੇ ਅਹੁਦਿਆਂ ਤੇ ਅਪਣੇ ਪ੍ਰਵਾਰ ਜਾਂ ਰਿਸ਼ਤੇਦਾਰਾਂ ਨੂੰ ਬਿਠਾ ਦਿਤਾ ਜਾਵੇ। ਜਿਹੜੇ ਲੋਕ ਸਾਰੀ ਸਾਰੀ ਉਮਰ ਪਾਰਟੀਆਂ ਲਈ ਇਸ ਆਸ ਨਾਲ ਕੰਮ ਕਰਦੇ ਹਨ ਕਿ ਸ਼ਾਇਦ ਕਿਤੇ ਉਨ੍ਹਾਂ ਦਾ ਵੀ ਦਾਅ ਲੱਗ ਜਾਵੇ, ਉਹ ਸਿਰਫ਼ ਦਰੀਆਂ ਝਾੜਨ ਅਤੇ ਜੇਲਾਂ ਕੱਟਣ ਜੋਗੇ ਹੀ ਰਹਿ ਜਾਂਦੇ ਹਨ। ਇਸ ਪੈਸੇ ਦੀ ਲਿਸ਼ਕ ਅੱਗੇ ਰਿਸ਼ਤੇਦਾਰੀਆਂ ਵੀ ਮੱਧਮ ਪੈ ਗਈਆਂ ਹਨ। ਹਾਲਤ ਇਹ ਹੋ ਗਈ ਹੈ ਕਿ ਪਿਉ ਪੁੱਤਰ ਦਾ ਅਤੇ ਪੁੱਤਰ ਪਿਉ ਦਾ ਦੁਸ਼ਮਣ ਬਣ ਗਿਆ ਹੈ। ਭੈਣ, ਭਰਾ ਅਤੇ ਭਰਾਵਾਂ-ਭਰਾਵਾਂ ਦੀਆਂ ਲੜਾਈਆਂ ਹੋ ਰਹੀਆਂ ਹਨ। ਸੱਭ ਰਿਸ਼ਤੇਦਾਰੀਆਂ ਖ਼ਤਮ ਹੋ ਰਹੀਆਂ ਹਨ। ਬਹੁਤ ਘੱਟ ਲੋਕ ਹਨ ਜਿਹੜੇ ਇਸ ਪੈਸੇ ਦੇ ਲਾਲਚ ਵਿਚ ਨਾ ਆਉਂਦੇ ਹੋਣ।
ਇਸ ਪੈਸੇ ਅਤੇ ਸਿਫ਼ਾਰਸ਼ ਨੇ ਸਿਰਫ਼ ਪ੍ਰਸ਼ਾਸਨ ਦਾ ਹੀ ਭੱਠਾ ਨਹੀਂ ਬਿਠਾਇਆ, ਇਸ ਨੇ ਸਾਡੇ ਖਿਡਾਰੀਆਂ ਨੂੰ ਵਿਕਾਊ ਮਾਲ ਬਣਾ ਦਿਤਾ ਹੈ। ਕਈ ਸਾਲ ਪਹਿਲਾਂ ਜਿਹੜਾ ਕ੍ਰਿਕਟ ਦਾ ਸਕੈਂਡਲ ਨੰਗਾ ਹੋਇਆ ਸੀ, ਉਹ ਵੀ ਸਾਰਾ ਪੈਸੇ ਅਤੇ ਸਿਫ਼ਾਰਸ਼ ਦਾ ਹੀ ਸਿੱਟਾ ਸੀ। ਜਿਸ ਕ੍ਰਿਕਟ ਨੂੰ ਸਾਡੇ ਦੇਸ਼ ਦੇ ਲੋਕ ਅਤੇ ਸਰਕਾਰ ਸਿਰ ਤੇ ਚੁੱਕੀ ਫਿਰਦੀ ਹੈ, ਜਿਸ ਕਾਰਨ ਬਾਕੀ ਸਾਰੀਆਂ ਖੇਡਾਂ ਦਾ ਲਗਭਗ ਭੋਗ ਹੀ ਪੈ ਗਿਆ ਹੈ, ਉਸ ਦੇ ਖਿਡਾਰੀਆਂ ਦਾ ਇਸ ਵਿਚ ਸ਼ਾਮਲ ਹੋਣਾ ਇਸ ਤੋਂ ਵੱਧ ਸ਼ਰਮ ਵਾਲੀ ਕਿਹੜੀ ਗੱਲ ਹੈ। ਕੁੱਝ ਪੈਸਿਆਂ ਖ਼ਾਤਰ ਅਪਣੇ ਦੇਸ਼ ਨਾਲ ਗ਼ੱਦਾਰੀ ਕਰਨ ਲਈ ਇਸ ਤੋਂ ਵੱਧ ਮਾੜਾ ਕੰਮ ਸ਼ਾਇਦ  ਕੋਈ ਹੋ ਹੀ ਨਹੀਂ ਸਕਦਾ। ਇਥੇ ਹੀ ਬਸ ਨਹੀਂ ਸਾਡੇ ਦੇਸ਼ ਦੀ ਇਕ ਭਾਰਤੀ ਔਰਤ, ਜੋ ਵਿਦੇਸ਼ੀ ਸੇਵਾਵਾਂ ਅਤੇ ਪਾਕਿਸਤਾਨ ਵਿਚ ਸੇਵਾ ਨਿਭਾ ਰਹੀ ਸੀ, ਪਾਕਿਸਤਾਨ ਕੋਲ ਸਾਡੇ ਦੇਸ਼ ਦੀਆਂ ਸੂਚਨਾਵਾਂ ਦਿੰਦੀ ਹੋਈ ਫੜੀ ਗਈ ਹੈ। ਫ਼ੌਜ ਦੇ ਕੁੱਝ ਅਫ਼ਸਰ ਵੀ ਕਈ ਵਾਰ ਪੈਸੇ ਖ਼ਾਤਰ ਜਾਸੂਸੀ ਕਰਦੇ ਫੜੇ ਗਏ ਹਨ। ਇਸ ਪੈਸੇ ਤੇ ਸਿਫ਼ਾਰਸ਼ ਦੇ ਯੁੱਗ ਵਿਚ ਆਮ ਆਦਮੀ ਪਿਸਦਾ ਜਾ ਰਿਹਾ ਹੈ। ਉਸ ਨੂੰ ਕਿਸੇ ਨਿਆਂ ਦੀ ਆਸ ਨਹੀਂ ਅਤੇ ਪੈਸੇ ਤੇ ਸਿਫ਼ਾਰਸ਼ ਵਾਲੇ ਲੋਕ ਮੌਜਾਂ ਕਰ ਰਹੇ ਹਨ। ਉਹ ਜਿਹੜਾ ਸਿਫ਼ਾਰਸ਼ ਨਾਲ ਕਾਬੂ ਨਾ ਆਵੇ, ਉਸ ਨੂੰ ਪੈਸੇ ਨਾਲ ਖ਼ਰੀਦ ਲੈਂਦੇ ਹਨ। ਗੱਲ ਕਾਹਦੀ ਕਿ ਉਨ੍ਹਾਂ ਦੇ ਦੋਹਾਂ ਹੱਥਾਂ ਵਿਚ ਲੱਡੂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਫੱਸ ਗਏ ਪੇਚ, Ground ਸਰਵੇ 'ਚ ਵੜਿੰਗ, ਬਿੱਟੂ ਤੇ ਪੱਪੀ ਚ ਪੂਰੀ ਟੱਕਰ,ਦੇਖੋ ਲੋਕ ਕਿਸ ਨੂੰ ਜਿਤਾ ਰਹੇ...

03 Jun 2024 1:13 PM

ਭਾਜਪਾ ਆਗੂ Harjit Grewal ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ - ਚੰਡੀਗੜ੍ਹ 'ਚ ਇਨ੍ਹਾਂ ਗਠਬੰਧਨ ਕੀਤਾ ਅਤੇ ....

03 Jun 2024 1:03 PM

ਆ ਗਿਆ ਵੱਡਾ Exit Poll! ਹਾਰ ਰਹੇ Harsimrat Badal ਤੇ Preneet Kaur!, ਜਿੱਤ ਰਹੇ ਆਹ ਵੱਡੇ ਆਗੂ, 4 ਨੂੰ ਲੱਗੂ ਪਤਾ

03 Jun 2024 11:44 AM

ਬਠਿੰਡਾ, ਖਡੂਰ ਸਾਹਿਬ, ਸੰਗਰੂਰ ਪੰਜਾਬ ਦੀ ਹਰ ਸੀਟ ਦੇ ਨਤੀਜੇ ! ਕੌਣ ਕਿੱਥੋਂ ਜਿੱਤਿਆ ਤੇ ਕਿਵੇਂ ਬਦਲੇਗੀ ਸਰਕਾਰ ?

03 Jun 2024 11:19 AM

Kabaddi Player Nirbhay Hathur ਦੀ ਮੌਤ ਨਾਲ ਖੇਡ ਜਗਤ ਨੂੰ ਲੱਗਾ ਵੱਡਾ ਝਟਕਾ, ਸੁੱਤਾ ਹੀ ਰਹਿ ਗਿਆ ਖਿਡਾਰੀ

03 Jun 2024 9:06 AM
Advertisement