ਸ਼ਰਧਾ ਦਾ ਸ਼ੁਦਾਅ (ਭਾਗ 1)
Published : Jun 2, 2018, 10:28 pm IST
Updated : Jun 2, 2018, 10:28 pm IST
SHARE ARTICLE
Amin Malik
Amin Malik

ਸ਼ਰਧਾ ਇਕ ਨਿੱਕਾ ਜਿਹਾ ਸ਼ਬਦ ਹੈ ਜਿਸ ਨੂੰ ਉਰਦੂ ਅਰਬੀ ਵਿਚ ਅਕੀਦਤ ਆਖਿਆ ਜਾਂਦਾ ਹੈ। ਮੋਟੇ ਲਫ਼ਜ਼ਾਂ ਵਿਚ ਇਸ ਦਾ ਪ੍ਰਗਟਾਵਾ ਇੰਜ ਕਰਾਂਗੇ ਕਿ ਧਰਮ ਬਾਰੇ ...

ਸ਼ਰਧਾ ਇਕ ਨਿੱਕਾ ਜਿਹਾ ਸ਼ਬਦ ਹੈ ਜਿਸ ਨੂੰ ਉਰਦੂ ਅਰਬੀ ਵਿਚ ਅਕੀਦਤ ਆਖਿਆ ਜਾਂਦਾ ਹੈ। ਮੋਟੇ ਲਫ਼ਜ਼ਾਂ ਵਿਚ ਇਸ ਦਾ ਪ੍ਰਗਟਾਵਾ ਇੰਜ ਕਰਾਂਗੇ ਕਿ ਧਰਮ ਬਾਰੇ ਇਨਸਾਨੀ ਸੋਚ, ਯਕੀਨ, ਭਰੋਸਾ ਅਤੇ ਮਾਨਤਾ ਨੂੰ ਸ਼ਰਧਾ ਆਖਿਆ ਜਾਂਦਾ ਹੈ। ਇਹ ਸ਼ਰਧਾ ਇਨਸਾਨ ਨੂੰ ਰਾਹ ਵੀ ਦਸਦੀ ਏ ਤੇ ਡਾਹ ਵੀ ਲਾਉਂਦੀ ਹੈ। ਇਹ ਉਸਾਰੂ ਵੀ ਹੈ ਤੇ ਮਾਰੂ ਵੀ। ਇਹ ਦੋ ਧਾਰੀ ਤਲਵਾਰ ਹੈ ਜੋ ਹਿਫ਼ਾਜ਼ਤ ਵੀ ਕਰਦੀ ਏ ਪਰ ਪੁੱਠੀ ਵਰਤਣ ਨਾਲ ਅਪਣਾ ਗੱਲ ਵੀ ਕੱਟ ਦੇਂਦੀ ਹੈ।

ਕੋਈ ਰੱਬ ਦਾ ਬੰਦਾ ਟੱਕਰ ਜਾਵੇ ਤਾਂ ਉਸ ਦੀ ਸ਼ਰਧਾ ਇਕ ਸ਼ੁਦਾਅ ਦਾ ਰੂਪ ਧਾਰ ਲਵੇ ਤਾਂ ਇਹ ਐਟਮ ਬੰਬ ਨਾਲੋਂ ਵੀ ਬਹੁਤਾ ਉਜਾੜਾ ਕਰਦੀ ਹੈ। ਸ਼ਦਾਅ ਵਰਗੀ ਕੁੱਦੀ ਹੋਈ ਸ਼ਰਧਾ ਇੰਜ ਹੀ ਹੈ ਜਿਵੇਂ ਕਿਸੇ ਬਘਿਆੜ ਨੂੰ ਭੇਡਾਂ ਦੇ ਵਾੜੇ ਵਿਚ ਛੱਡ ਦਈਏ। ਇੰਜ ਦੀ ਸ਼ਰਧਾ ਸਿਰਫ਼ ਕਿਸੇ ਦੇ ਘਰ ਦਾ ਹੀ ਉਜਾੜਾ ਨਹੀਂ ਕਰਦੀ ਸਗੋਂ ਮੁਹੱਲੇ, ਸ਼ਹਿਰ ਤੇ ਮੁਲਕਾਂ ਵਿਚ ਵੀ ਅੱਗ ਲਾ ਦੇਂਦੀ ਹੈ। 

ਅੱਜ ਦੇ ਜ਼ਮਾਨੇ ਦੀ ਮੁਸੀਬਤ ਇਹ ਹੈ ਕਿ ਜੇ ਇਸ ਅੰਨ੍ਹੀ, ਗੁੰਗੀ, ਬੋਲੀ ਸ਼ਰਧਾ ਦੇ ਸ਼ਰਧਾਲੂ ਨੂੰ ਕੋਈ ਅੱਖਾਂ ਵਾਲਾ ਮੱਤ ਦੇਵੇ ਤਾਂ ਉਹ ਅੱਗੋਂ ਅੱਖਾਂ ਕੱਢਣ ਨੂੰ ਪੈਂਦਾ ਹੈ। ਸਮਝੋ ਕਿ ਇਸ ਝੂਠੇ ਸਮਾਜ ਅਤੇ ਮੁਆਸ਼ਰੇ ਵਿਚ ਸੱਚੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਉਸ ਉਤੇ ਕੁਫ਼ਰ ਦੇ ਫ਼ਤਵੇ ਲਾ ਕੇ ਥਾਂ-ਥਾਂ ਮਿੱਟੀ ਪਲੀਤ ਕੀਤੀ ਜਾਂਦੀ ਹੈ ਅਤੇ ਹੁੱਕਾ ਪਾਣੀ ਬੰਦ ਕਰ ਦਿਤਾ ਜਾਂਦਾ ਹੈ। ਗਏ ਵੇਲੇ ਜਾਂ ਅਤੀਤ ਉਪਰ ਝਾਤੀ ਮਾਰੋ ਤਾਂ ਮੇਰੀ ਇਸ ਸੱਚਾਈ ਦੀ ਤਸਦੀਕ ਇੰਜ ਹੁੰਦੀ ਹੈ ਕਿ ਕੀ ਕਸੂਰ ਸੀ ਬਾਬੇ ਨਾਨਕ ਦਾ, ਜਿਸ ਦੀ ਦੁਨੀਆਂ ਵੈਰੀ ਹੋ ਗਈ ਅਤੇ ਪੈਰ-ਪੈਰ ਉਤੇ ਵੱਟੇ ਵੱਜੇ?

ਕਿਹੜੀ ਬੁਰੀ ਮੱਤ ਦੇਂਦੇ ਸਨ ਹਜ਼ਰਤ ਮੁਹੰਮਦ ਸਾਹਬ ਕਿ ਉਨ੍ਹਾਂ ਦੇ ਦੰਦ ਤੋੜੇ ਗਏ ਤੇ ਸਿਰ ਵਿਚ ਕੂੜਾ ਸੁਟਿਆ ਕਿਉਂਕਿ ਉਨ੍ਹਾਂ ਨੇ ਜੰਮਦੀਆਂ ਧੀਆਂ ਨੂੰ ਕਤਲ ਕਰਨ ਤੋਂ ਡਕਿਆ ਤੇ ਪੱਥਰਾਂ ਤੋਂ ਪੁੱਤਰ ਮੰਗਣ ਵਾਲਿਆਂ ਨੂੰ ਇਕ ਰੱਬ ਵਾਲੇ ਪਾਸੇ ਦਾ ਰਾਹ ਦਸਿਆ ਸੀ। ਜ਼ਰਾ ਗਹੁ ਕਰ ਕੇ ਨੀਝ ਲਾਈਏ ਤਾਂ ਅੰਨ੍ਹੀ ਬੋਲੀ ਸ਼ਰਧਾ ਹੀ ਉਨ੍ਹਾਂ ਨੂੰ ਕਬੂਲ ਨਹੀਂ ਸੀ ਕਰਦੀ। ਉਹ ਲੋਕਾਂ ਨੂੰ ਮਤ ਦੇਂਦੇ ਪਰ ਪੁੱਠੀ ਸ਼ਰਧਾ ਅੱਗੋਂ ਲੱਤ ਮਾਰਦੀ।

 ਕੀ ਕਿਆਮਤ ਹੈ ਕਿ ਜੇ ਕੋਈ ਬੰਦਾ ਮੱਝ ਗਾਂ ਖ਼ਰੀਦਣ ਜਾਂਦਾ ਹੈ ਤਾਂ ਕਈ ਸਿਆਣੇ ਸਲਾਹ ਮਸ਼ਵਰੇ ਲਈ ਨਾਲ ਲਿਜਾਂਦਾ ਹੈ। ਫਿਰ ਡੰਗਰ ਨੂੰ ਟੋਰ ਫੇਰ ਕੇ, ਵੇਖ ਚਾਖ ਕੇ, ਠੋਕ ਵਜਾ ਕੇ ਤੇ ਸੋਚ ਵਿਚਾਰ ਕੇ ਲੈਂਦਾ ਹੈ। ਪਰ ਇਸ ਦੇ ਉਲਟ ਕਿਸੇ ਅਖੌਤੀ ਪੀਰ ਫ਼ਕੀਰ, ਗੁਰੂ, ਮੁੱਲਾਂ ਭਾਈ ਜਾਂ ਬਾਬੇ ਦੀ ਸ਼ਰਧਾ ਦੇ ਬੂਹੇ ਦੀ ਚੂਥੀ ਵਿਚ ਹੱਥ ਦੇਣ ਲਗਿਆਂ ਅਕਲ ਦੇ ਬੂਹੇ ਬੰਦ, ਮੱਤ ਨੂੰ ਅੱਗ ਤੇ ਦਿਮਾਗ਼ ਨੂੰ ਜਿੰਦਰੇ ਮਾਰ ਦਿਤੇ ਜਾਂਦੇ ਹਨ।

ਉਤੋਂ ਪੀਰ ਸਾਹਬ ਦਾ ਵੀ ਹੁਕਮ ਹੁੰਦਾ ਹੈ ਕਿ ਧਰਮ ਜਾਂ ਮਜ਼ਹਬ ਦਾ ਅਕਲ ਜਾਂ ਮੱਤ ਨਾਲ ਕੋਈ ਵਾਸਤਾ ਨਹੀਂ। ਧਰਮ ਆਖਦਾ ਹੈ ਕਿ ਮੇਰੇ ਉਤੇ ਇਤਬਾਰ ਕਰਨ ਲਗਿਆਂ ਅਕਲ ਘਰ ਛੱਡ ਆਉ। ਕਿਉਂਕਿ ਤਫ਼ਤੀਸ਼ ਤਸਦੀਕ ਕਰਨ ਲਗਿਆਂ ਪੀਰਾਂ ਬਾਬਿਆਂ ਦੀਆਂ ਚਲਾਕੀਆਂ ਫੜੀਆਂ ਜਾਂਦੀਆਂ ਹਨ, ਇਸ ਕਰ ਕੇ ਉਨ੍ਹਾਂ ਦਾ ਹੁਕਮ ਹੈ ਕਿ ਮਜ਼ਹਬ ਉਤੇ ਗ਼ੌਰ ਕਰਨ ਵਾਲਾ ਕਾਫ਼ਰ ਹੋ ਜਾਂਦਾ ਹੈ। ਬਸ ਇਹੀ ਸਮਝੋ ਕਿ ਜਿਸ ਨੇ ਲਾਈ ਗੱਲੀਂ, ਉਸੇ ਨਾਲ ਉਠ ਚੱਲੀ।

ਕੈਸੀ ਅਜੀਬ ਗੱਲ ਹੈ ਕਿ ਅਕਲ ਵਰਤਣਾ ਮਨ੍ਹਾ ਹੈ। ਇਸ ਦਾ ਮਤਲਬ ਹੈ ਕਿ ਸਵਰਗ ਵਿਚ ਜਾਣ ਲਈ ਬੇਅਕਲ ਅਤੇ ਸ਼ੁਦਾਈ ਹੋਣਾ ਜ਼ਰੂਰੀ ਹੈ? ਅੰਨ੍ਹੇ, ਬੋਲੇ, ਗੁੰਗੇ ਸ਼ਰਧਾ ਵਾਲੇ ਨੂੰ ਕੋਈ ਲੋੜ ਨਹੀਂ ਰਹਿੰਦੀ ਕਿ ਮੱਝ ਗਾਂ ਖ਼ਰੀਦਣ ਵਾਂਗ ਕਿਸੇ ਪੀਰ ਬਾਬੇ ਜਾਂ ਮੁੱਲਾਂ ਭਾਈ ਦੇ ਚਾਲੇ ਵੀ ਠੋਕ ਵਜਾ ਕੇ ਵੇਖ ਲਵੇ? ਮੂਰਖ ਸ਼ਰਧਾਲੂ ਨੇ ਕਦੇ ਨਹੀਂ ਸੋਚਿਆ ਕਿ ਅੱਲਾਹ ਵਾਲੇ ਤਾਂ ਬਾਬੇ ਨਾਨਕ, ਮਹਾਤਮਾ ਬੁਧ ਅਤੇ ਹਜ਼ਰਤ ਮੁਹੰਮਦ ਜਿਹੀ ਜ਼ਿੰਦਗੀ ਬਸਰ ਕਰਦੇ ਸਨ ਪਰ ਮੇਰਾ ਪੀਰ ਕਾਰਾਂ ਕੋਠੀਆਂ ਅਤੇ ਮਹਿਲ ਮਾੜੀਆਂ ਵਿਚ ਕਿਉਂ ਰਹਿੰਦਾ ਹੈ? ਅੱਜ ਨਾ ਬਾਬਾ ਨਾਨਕ ਜੀ ਜਹੇ ਪੀਰ ਅਤੇ ਨਾ ਭਾਈ ਮਰਦਾਨੇ ਜਿਹੇ ਸ਼ਰਧਾਲੂ ਰਹੇ।

ਜਾਂ ਹੋ ਸਕਦਾ ਹੈ ਅੱਜ ਦਾ ਸ਼ਰਧਾਲੂ ਵੀ ਅਪਣਾ ਹੀ ਉਲੂ ਸਿੱਧਾ ਕਰ ਰਿਹਾ ਹੋਵੇ। ਜਿਵੇਂ, ਗੁਰੂ ਤੇ ਚੇਲਾ ਨਾਨਕਾ ਖੇਡਣ ਦਾਉ ਦਾਈ...। ਕੋਈ ਜ਼ਮਾਨਾ ਸੀ ਜਦਕਿ ਇਸ ਅੰਨ੍ਹੀ ਸ਼ਰਧਾ ਦੇ ਪਾਏ ਹੋਏ ਪਵਾੜੇ ਨਿੱਕੇ-ਨਿੱਕੇ ਹੁੰਦੇ ਸਨ। ਇਹ ਧਰਮ ਦੇ ਮਾਮੇ ਅਤੇ ਠੇਕੇਦਾਰ ਅਪਣੇ ਕਲਾ ਅਤੇ ਫ਼ਨ ਦੀ ਬੀਨ ਐਨੀ ਸੂਰੀਲੀ ਵਜਾਂਦੇ ਨੇ ਕਿ ਸਿਰਫਿਰਿਆ ਸ਼ਰਧਾਲੂ ਸਿਰ ਮਾਰਨ ਲੱਗ ਪੈਂਦਾ ਹੈ।

ਫਿਰ ਕਾਰੀਗਰ ਪੀਰ ਸਾਧੂ ਸੰਤ ਉਸ ਦੀ ਮੱਤ ਮਾਰ ਕੇ ਉਸ ਦੀਆਂ ਸੋਚਾਂ ਉਤੇ ਕਬਜ਼ਾ ਕਰ ਲੈਂਦਾ ਹੈ। ਅੱਜ ਇਸ ਖੇਡ ਨੂੰ 'ਬਰੇਨ ਵਾਸ਼' ਦਾ ਨਾਂ ਦਿਤਾ ਗਿਆ ਹੈ। ਕਿਸੇ ਜ਼ਮਾਨੇ ਵਿਚ ਇਹ ਤਮਾਸ਼ਾ ਛੋਟੇ ਪੱਧਰ ਤੇ ਕੀਤਾ ਜਾਂਦਾ ਸੀ ਪਰ ਅੱਜ ਇਸ ਖੇਡ ਦਾ ਖਲਾਰ ਘਰਾਂ ਵਿਚੋਂ ਨਿਕਲ ਕੇ ਸ਼ਹਿਰਾਂ ਅਤੇ ਮੁਲਕਾਂ ਵਿਚ ਫੈਲ ਗਿਆ ਹੈ। ਉਸ ਜ਼ਮਾਨੇ ਵਿਚ ਇਹ ਪੀਰ ਬਾਬੇ ਸਿਰਫ਼ ਅਪਣੇ ਰੋਟੀ ਟੁਕ ਜਾਂ ਕੜਾਹ ਪਾਣੀ ਮੱਠਣ ਤਕ ਹੀ ਰਹਿੰਦੇ ਸਨ।

ਹੁਣ ਇਸ ਕਾਰੋਬਾਰ ਨੇ ਪੂਰੀ ਦੁਨੀਆਂ ਉਤੇ ਪੰਜਾ ਜਮਾ ਲਿਆ ਹੈ। ਇਸ ਵੇਲੇ ਤਕ ਸਿਰਫ਼ ਪਾਕਿਸਤਾਨ ਵਿਚ ਹੀ ਫ਼ੌਜ ਅਤੇ ਤਾਲਿਬਾਨ ਵਿਚ ਹੋਣ ਵਾਲੀ ਲੜਾਈ ਨਾਲ ਪੰਜਾਹ ਹਜ਼ਾਰ ਬੰਦਾ ਮਾਰਿਆ ਜਾ ਚੁਕਾ ਹੈ। ਇਸ ਲੜਾਈ ਦੀ ਅੱਗ ਅੰਨ੍ਹੀ ਸ਼ਰਧਾ ਦੀ ਸ਼ੁਰਲੀ ਚਲਾਣ ਨਾਲ ਫੈਲੀ ਹੈ, ਜਿਸ ਨੂੰ ਜੇਹਾਦ ਦਾ ਨਾਂ ਦੇ ਕੇ ਅਗਲੇ ਜਹਾਨ ਵਿਚ ਜੰਨਤ ਹਾਸਲ ਕਰਨ ਦੇ ਲਾਲਚ ਵਿਚ ਅੰਨ੍ਹੇ ਹੋਏ ਸ਼ਰਧਾਲੂ ਸੋਚ ਵਿਚਾਰ ਤੋਂ ਵਾਂਝੇ ਹੋ ਗਏ ਹਨ।

ਹਰ ਸ਼ਰਧਾਲੂ ਅਪਣੀ-ਅਪਣੀ ਸ਼ਰਧਾ ਨੂੰ ਰੱਬ ਦਾ ਹੁਕਮ ਆਖ ਕੇ ਰੱਬ ਦੇ ਹੁਕਮ ਦੀ ਹੀ ਉਲੰਘਣਾ ਕਰ ਕੇ ਰੱਬ ਦੀ ਮਖ਼ਲੂਕ ਨੂੰ ਕਤਲ ਕਰੀ ਜਾ ਰਿਹਾ ਹੈ। ਨਿੱਕੇ-ਨਿੱਕੇ ਅਲੂਏਂ ਮੁੰਡੇ ਮੌਲਵੀਆਂ ਦੀ ਉਂਗਲੀ ਲੱਗ ਕੇ ਸ਼ਰਧਾ ਦੇ ਨਸ਼ੇ ਵਿਚ ਮਦਹੋਸ਼ ਹੋ ਕੇ ਲੱਕ ਨਾਲ ਬੰਬ ਬੰਨ੍ਹ ਕੇ ਸਕੂਲਾਂ ਦੇ ਮਾਸੂਮ ਬਾਲ ਵੀ ਮਾਰੀ ਜਾ ਰਹੇ ਹਨ।
ਇਸ ਪੂਰੀ ਦੁਨੀਆਂ ਉਤੇ ਲੱਗੀ ਹੋਈ ਅੱਗ ਅਤੇ ਐਟਮ ਬੰਬ ਨਾਲੋਂ ਜ਼ਿਆਦਾ ਖ਼ਤਰਨਾਕ ਸ਼ਰਧਾ ਦੇ ਸ਼ੁਦਾਈਆਂ ਦੀ ਵਿਸਥਾਰ, ਵਿਆਖਿਆ ਜਾਂ ਤਫ਼ਸੀਲ ਤਾਂ ਅੱਗੇ ਜਾ ਕੇ ਬਿਆਨ ਕਰਾਂਗਾ, ਪਹਿਲਾਂ ਹਰ ਘਰ, ਹਰ ਮੁਹੱਲੇ ਤੇ ਹਰ ਗਲੀ ਵਿਚ ਅੱਗ ਲਾਉਂਦੀ ਫਿਰਦੀ ਉਸ ਚੁਪਚਾਪ ਸ਼ਰਧਾ ਦੀ ਗੱਲ ਕਰ ਲਵਾਂ

ਜਿਸ ਨੂੰ ਲੋਕ ਰੱਬ ਦੀ ਮਰਜ਼ੀ ਆਖ ਕੇ ਬੜੇ ਚਾਵਾਂ ਨਾਲ ਗ਼ਰਕ ਹੋ ਜਾਣ ਵਾਲੀ ਬੇੜੀ ਵਿਚ ਬੈਠ ਕੇ ਕਾਮਯਾਬੀ ਦੇ ਦੂਜੇ ਕੰਢੇ ਅਪੜਨ ਦੀ ਆਸ ਵਿਚ ਗ਼ੋਤੇ ਖਾ ਰਹੇ ਹਨ।ਹਰ ਖ਼ੁਸ਼ਨਸੀਬ ਹੋਸ਼ਮੰਦ ਇਨਸਾਨ, ਜਿਹੜਾ ਇੰਜ ਦੀ ਸ਼ਰਧਾ ਦੇ ਸ਼ੁਦਾਅ ਤੋਂ ਬਚਿਆ ਹੋਇਆ ਹੈ, ਇਸ ਕਿਸਮ ਦੇ ਤਮਾਸ਼ੇ ਵੇਖਦਾ ਹੀ ਹੋਵੇਗਾ। ਪਰ ਮੈਂ ਦੋ ਚਾਰ ਖੇਡਾਂ ਹੀ ਪੇਸ਼ ਕਰ ਰਿਹਾ ਹਾਂ ਤਾਂ ਜੋ ਇਸ ਪਾਗਲਖ਼ਾਨੇ ਵਿਚ ਖ਼ੁਸ਼ ਹੋ ਕੇ ਵੜੇ ਇਨਸਾਨਾਂ ਵਿਚੋਂ ਸ਼ਾਇਦ ਕੋਈ ਸਬਕ ਸਿਖ ਲਵੇ।

ਆਖਦੇ ਨੇ, ਬਰਤਾਨੀਆਂ ਦੁਨੀਆਂ ਦਾ ਬੜਾ ਹੀ ਤਰੱਕੀਯਾਫ਼ਤਾ ਅਤੇ ਬੜੀਆਂ ਉੱਚੀਆਂ ਸੁੱਚੀਆਂ ਸਭਿਆਚਾਰਕ ਕਦਰਾਂ ਦਾ ਮਾਲਕ ਅਤੇ ਤਹਿਜ਼ੀਬ ਪੱਖੋਂ ਬੜਾ ਹੀ ਅੱਗੇ ਵੱਧ ਚੁਕਾ ਹੈ। ਇਸ ਹਕੀਕਤ ਤੋਂ ਮੈਂ ਵੀ ਇਨਕਾਰ ਨਹੀਂ ਕਰਦਾ, ਪਰ ਇਕ ਕਹਾਵਤ ਹੈ ਕਿ ਜਿਹੜਾ ਇਥੇ ਭੈੜਾ ਉਹ ਲਾਹੌਰ ਵੀ ਭੈੜਾ। ਚੱਕੀ ਚੱਟਣ ਵਾਲੀ ਕੁੱਤੀ ਨੂੰ ਲੰਦਨ ਵਾੜ ਕੇ ਨੂਡਲ ਪੀਜ਼ਾ ਪਾਉਗੇ ਤਾਂ ਵੀ ਉਹ ਛੱਡ ਕੇ ਚੱਕੀ ਦੇ ਗੰਡ ਦਾ ਪਰੋਲਾ ਹੀ ਲਭਦੀ ਫਿਰੇਗੀ। ਇਸ ਸੱਚਾਈ ਦਾ ਸ਼ੀਸ਼ਾ ਮੈਂ ਇੰਜ ਵਿਖਾ ਦਿਆਂ ਕਿ ਮੱਕਾ ਸ਼ਰੀਫ਼ ਵਿਚ ਰੱਬ ਦੇ ਘਰ ਦੁਆਲੇ ਚੱਕਰ ਕੱਟਣ ਵਾਲਿਆਂ ਵਿਚ ਮੈਂ ਜੇਬ ਕਤਰੇ ਵੀ ਫੜੇ ਜਾਂਦੇ ਵੇਖੇ।

ਇਹ ਫੜੇ ਜਾਣ ਵਾਲੇ ਖ਼ੈਰ ਨਾਲ ਮੁਸਲਮਾਨ ਹੀ ਸਨ। ਦਸਣਾ ਇਹ ਚਾਹਿਆ ਹੈ ਕਿ ਭੈੜੇ, ਰੱਬ ਦੇ ਘਰ ਆ ਕੇ ਵੀ ਭੈੜੇ ਹੀ ਰਹੇ। ਇਨ੍ਹਾਂ ਦੀ ਸ਼ਰਧਾ ਸਿਰਫ਼ ਧਨ ਦੌਲਤ ਸੀ, ਧਰਮ ਦੀ ਸ਼ਰਧਾ ਨਾਲ ਕੋਈ ਵਾਸਤਾ ਨਹੀਂ। ਮੇਰਾ ਵਿਸ਼ਾ ਮਜ਼ਹਬੀ ਸ਼ਰਧਾ ਦੇ ਸ਼ੁਦਾਅ ਦੀ ਮਿਰਗੀ ਪਏ ਲੋਕ ਹਨ। ਉਂਜ ਤਾਂ ਇਸ ਸ਼ਰਧਾ ਦੀ ਪੁੱਠੀ ਇੱਲਤ ਹਰ ਮਜ਼ਹਬ ਵਿਚ ਹੈ ਪਰ ਮੈਂ ਇਹਤਿਆਤ ਕਰਾਂਗਾ ਕਿ ਕਿਸੇ ਦੂਜੇ ਧਰਮ ਦੀ ਹਮਾਕਤ ਦਾ ਤਮਾਸ਼ਾ ਨਾ ਹੀ ਵਿਖਾਵਾਂ।

ਕਿਧਰੇ ਉਹ ਨਾ ਹੋਵੇ ਕਿ ਲੋਕੀ ਮੇਰਾ ਤਮਾਸ਼ਾ ਬਣਾ ਦੇਣ। ਵੈਸੇ ਮੈਂ ਇਸਲਾਮੀ ਸੋਚ ਦੀ ਬਜਾਏ ਇਨਸਾਨੀ ਖ਼ਿਆਲ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਨੂੰ ਹੱਥ ਪਾਇਆ ਹੈ। ਇਹ ਮਸਲਾ ਕਿਸੇ ਖ਼ਾਸ ਧਰਮ ਦਾ ਨਹੀਂ ਬਲਕਿ ਹਰ ਇਨਸਾਨ ਦਾ ਮਸਲਾ ਹੈ।ਮੈਂ ਦੱਸ ਰਿਹਾਂ ਸਾਂ ਕਿ ਲੋਕ ਸਮਝਦੇ ਹੋਣਗੇ ਕਿ ਲੰਦਨ ਜਿਹੀ ਥਾਂ ਉਤੇ ਅੱਪੜ ਜਾਣ ਵਾਲੇ ਲੋਕ ਸ਼ੁਦਾਈ ਕਿਸਮ ਦੀ ਬੀਮਾਰ ਸ਼ਰਧਾ ਤੋਂ ਪਰਹੇਜ਼ ਗੁਰੇਜ਼ ਕਰਦੇ ਹੋਏ

ਅਕਲ ਸਿਖ ਚੁਕੇ ਹੋਣਗੇ ਪਰ ਜੋ ਕੁੱਝ ਇਥੇ ਹੁੰਦਾ ਹੈ ਉਹ ਸ਼ਾਇਦ ਨਾ ਲਾਹੌਰ ਹੁੰਦਾ ਹੋਵੇਗਾ, ਨਾ ਲੁਧਿਆਣੇ। ਇਸ ਵਿਚ ਵੀ ਸ਼ੱਕ ਨਹੀਂ ਕਿ ਇਥੇ ਹਰ ਬਾਲ ਨੂੰ ਕਾਨੂੰਨੀ ਤੌਰ ਤੇ ਸਕੂਲੇ ਜਾਣਾ ਪੈਂਦਾ ਏ, ਵਰਨਾ ਮਾਂ-ਪਿਉ ਅੰਦਰ ਹੋ ਜਾਂਦੇ ਹਨ। ਇਸ ਦੇ ਬਾਵਜੂਦ ਇਕ ਨਿੱਕਾ ਜਿਹਾ ਸ਼ਰਧਾ ਦੇ ਸ਼ੁਦਾਅ ਦਾ ਨਮੂਨਾ ਅਪਣੇ ਹੀ ਘਰ ਤੋਂ ਸ਼ੁਰੂ ਕਰ ਰਿਹਾ ਹਾਂ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement