ਸ਼ਰਧਾ ਦਾ ਸ਼ੁਦਾਅ (ਭਾਗ 3)
Published : Jun 2, 2018, 10:45 pm IST
Updated : Jun 2, 2018, 10:45 pm IST
SHARE ARTICLE
Amin Malik
Amin Malik

ਪਹਿਲਾਂ ਤੇ ਦਾਣੇ ਹੀ ਭੁਨਾਉਣ ਜਾਂਦਾ ਸਾਂ, ਹੁਣ ਕਲੇਜਾ ਵੀ ਆਭੂ ਹੋ ਗਿਆ ਸੀ। ਮਾਸੀ ਕੋਲੋਂ ਅੱਖ ਬਚਾਅ ਕੇ ਛੱਬੋ ਵਲ ਝਾਤੀ ਮਾਰਦਾ ਰਿਹਾ ਤੇ ਉਸ ਕਰਮਾਂ ਵਾਲੀ ਨੇ ਭੱਠੀ ...

ਪਹਿਲਾਂ ਤੇ ਦਾਣੇ ਹੀ ਭੁਨਾਉਣ ਜਾਂਦਾ ਸਾਂ, ਹੁਣ ਕਲੇਜਾ ਵੀ ਆਭੂ ਹੋ ਗਿਆ ਸੀ। ਮਾਸੀ ਕੋਲੋਂ ਅੱਖ ਬਚਾਅ ਕੇ ਛੱਬੋ ਵਲ ਝਾਤੀ ਮਾਰਦਾ ਰਿਹਾ ਤੇ ਉਸ ਕਰਮਾਂ ਵਾਲੀ ਨੇ ਭੱਠੀ ਵਿਚ ਲੂੰਬਾ ਡਾਹੁੰਦੇ-ਡਾਹੁੰਦੇ ਹੱਸ ਕੇ ਮੇਰੇ ਦਿਲ ਨੂੰ ਧੁਖਣੀ ਲਾ ਦਿਤੀ। ਅਖ਼ੀਰ ਸੀਟੀ ਰਲ ਗਈ ਪਰ ਪਰੀਤ ਅਜੇ ਹੱਸ ਦੰਦਾਂ ਤਕ ਹੀ ਸੀ ਕਿ ਮਾਸੀ ਸਿਰ ਹੋ ਗਈ। ਭੱਠੀ ਛੁੱਟ ਗਈ ਤੇ ਇਕ ਦਿਨ ਕੋਠੇ ਤੋਂ ਸੈਨਤ ਵਜਣੀ ਵੀ ਬੰਦ ਹੋ ਗਈ।

ਬਸ ਇਸੇ ਉਦਾਸੀ ਨੂੰ ਹੀ ਮੈਂ ਕੁੱਛੜ ਚੁਕ ਕੇ ਕਰਾਚੀ ਚਲਾ ਗਿਆ। ਉਥੇ ਛੱਬੋ ਯਾਦ ਆਉਂਦੀ ਰਹੀ ਪਰ ਸਮੁੰਦਰ ਕੰਢੇ ਗਲ ਦਾ ਹਾਰ ਵੇਖਿਆ ਤਾਂ ਉਹ ਮੇਰੇ ਗਲ ਹੀ ਪੈ ਗਈ। ਹੁਣ ਕੀ ਕਰਾਂ? ਪੱਲੇ ਪੈਸੇ ਜ਼ਹਿਰ ਖਾਣ ਨੂੰ ਵੀ ਨਹੀਂ ਸਨ, ਹਾਰ ਲਈ ਸਵਾ ਰੁਪਿਆ ਕਿਥੋਂ ਲਵਾਂ? ਭਰਾ ਕੋਲੋਂ ਚਵਾਨੀ ਵਿਆਜ ਤੇ ਦੋ ਰੁਪਏ ਫੜੇ ਤੇ ਉਧਾਰ ਨਾਲ ਖ਼ਰੀਦਿਆ ਹਾਰ ਪਿਆਰ ਨਾਲ ਬੋਝੇ ਪਾ ਲਿਆ। ਇਹ ਗੱਲ ਦੱਸਣ ਦਾ ਅਸਲ ਕਾਰਨ ਮੈਂ ਹੁਣ ਤੁਹਾਡੇ ਪੱਲੇ ਪਾਉਣ ਲੱਗਾ ਹਾਂ। 

ਜਦੋਂ ਸਮੁੰਦਰ ਕੰਢੇ ਦੀਆਂ ਸਾਰੀਆਂ ਰੋਣਕਾਂ ਚੱਖ ਲਈਆਂ ਤਾਂ ਉਸ ਦੇ ਨਾਲ ਹੀ ਸੰਗਮਰਮਰ ਦਾ ਇਕ ਛਤਿਆ ਹੋਇਆ ਵੱਡਾ ਸਾਰਾ ਕਿਸੇ ਫ਼ਕੀਰ ਦਾ ਮਜ਼ਾਰ ਵੀ ਸੀ ਜਿਸ ਦੇ ਦਰਸ਼ਨ ਕਰਨ ਲਈ ਅਸੀ ਅੰਦਰ ਵੜ ਗਏ। ਅੰਦਰ ਵੜਦਿਆਂ ਹੀ ਮੇਰੇ ਤਾਂ ਡੇਲੇ ਬਾਹਰ ਆ ਗਏ। ਮੀਹ ਵਾਂਗ ਵਰ੍ਹਦਾ ਹੋਇਆ ਪੈਸਾ ਵੇਖ ਕੇ ਮੇਰੇ ਤਾਂ ਟਹੂ ਫੁੱਲ ਗਏ।

ਸੋਚਿਆ, ਰੱਬਾ ਇਸ ਮਜ਼ਾਰ ਦਾ ਪ੍ਰਬੰਧ ਕਰਨ ਵਾਲੇ ਸ਼ਖ਼ਸ ਦੇ ਘਰ ਪੈਸਿਆਂ ਦਾ ਫਾਂਡਾ ਪੈ ਰਿਹੈ ਪਰ ਮੇਰੀ ਬੰਜਰ ਰੂਹ ਦੀ ਧਰਤੀ ਉਤੇ ਗ਼ਰੀਬੀ ਦਾ ਏਨਾ ਸੌਕਾ ਕਿਉਂ? ਗੱਲ ਇੰਜ ਸੀ ਕਿ ਫ਼ਕੀਰ ਦੀ ਕਬਰ ਦੇ ਆਲੇ ਦਵਾਲੇ ਬੱਚਿਆਂ ਦੇ ਝੂਲੇ ਜਾਂ ਪਾਲਣੇ ਵਰਗੇ ਪੰਜ ਛੇ ਪੰਘੂੜੇ ਪਏ ਹੋਏ ਸਨ। ਜਿਹੜਾ ਵੀ ਆਉਂਦਾ ਉਨ੍ਹਾਂ ਵਿਚ ਪੈਸੇ ਸੁੱਟੀ ਆਉਂਦਾ। ਗੱਲ ਕੀ, ਉਥੇ ਪੈਸਾ ਗਲ-ਗਲ ਆਇਆ ਪਿਆ ਸੀ।

ਲੋਕਾਂ ਦੇ ਸੂੜ੍ਹ ਚੜ੍ਹੇ ਹੋਏ ਸਨ। ਹਰ ਕੋਈ ਪੈਸੇ ਸੁਟ ਕੇ ਦੁਆ ਮੰਗਦਾ ਤੇ ਚਲਾ ਜਾਂਦਾ। ਪੈਸੇ ਵੇਖ ਕੇ ਮੈਂ ਵੀ ਰੱਬ ਕੋਲੋਂ ਕੁੱਝ ਮੰਗਿਆ ਤੇ ਮੇਰੀ ਦੁਆ ਉਸੇ ਵੇਲੇ ਕਬੂਲ ਹੋ ਗਈ। ਮੈਂ ਤੇ ਮੇਰੇ ਭਰਾ ਨੇ ਕਬਰ ਦਵਾਲੇ ਤਿੰਨ ਚਾਰ ਫੇਰੇ ਲਾਏ ਤੇ ਮੇਰੇ ਦਿਨ ਫਿਰ ਗਏ। ਮੈਂ ਦਿਲ ਵਿਚ ਆਖਿਆ, ਰੱਬਾ ਇਹ ਦੌਲਤ ਜਾਂਦੀ ਕਿੱਥੇ ਹੈ? ਕਬਰ ਵਿਚ ਸੁੱਤਾ ਹੋਇਆ ਤਾਂ ਜਿਊਂਦਾ ਵੀ ਫ਼ਕੀਰ ਸੀ ਤੇ ਹੁਣ ਵੈਸੇ ਹੀ ਉਸ ਦੀਆਂ ਲੋੜਾਂ ਥੋੜਾਂ ਮੁੱਕ ਗਈਆਂ ਨੇ। 

ਸੋਚ ਹੀ ਰਿਹਾ ਸਾਂ ਕਿ ਇਸ ਦੋਲਤ ਦਾ ਵਾਰਸ ਨਜ਼ਰੀਂ ਪੈ ਗਿਆ। ਇਸ ਖੁੱਲ੍ਹੇ ਜਿਹੇ ਮਜ਼ਾਰ ਉਤੇ ਕਬਰ ਤੋਂ ਥੋੜਾ ਜਿਹਾ ਹਟ ਕੇ ਇਕ ਥੜੇ ਉਤੇ ਵਿਛਾਏ ਕਾਲੀਨ ਉੱਪਰ ਘੱਟੋ-ਘੱਟ ਢਾਈ ਮਣ ਦਾ ਇਕ ਬੰਦਾ ਵੱਡੀਆਂ-ਵੱਡੀਆਂ ਮੁੱਛਾਂ ਨੂੰ ਵੱਟ ਚਾੜ੍ਹੀ ਆਲੇ-ਦਵਾਲੇ ਰੱਖੇ ਰੇਸ਼ਮੀ ਸਰਹਾਣੇ ਨਾਲ ਢੋਹ ਲਾ ਕੇ ਬੈਠਾ ਹੋਇਆ ਸੀ। ਉਸ ਨੇ ਗਲ ਬੜੀ ਹੀ ਮਹਿੰਗੀ ਜਿਹੀ ਵੇਲ ਦਾ ਚਿੱਟਾ ਦੁੱਧ ਕੁੜਤਾ, ਗਲ ਵਿਚ ਪੰਜ ਤੋਲੇ ਦੀ ਸੋਨੇ ਦੀ ਸੰਗਲੀ, ਤੇੜ ਲਾਚਾ ਤੇ ਸਿਰ ਉੱਤੇ ਫੁਮਣਾਂ ਵਾਲੀ ਸ਼ੀਸ਼ੇ ਲੱਗੀ ਟੋਪੀ।

ਜਿਸਮਾਨੀ ਸਿਹਤ ਦੀ ਦੌਲਤ ਦਸਦੀ ਸੀ ਕਿ ਮਾਇਆ ਦਾ ਕੋਈ ਘਾਟਾ ਨਹੀਂ। ਰੰਗ ਸੂਹਾ ਲਾਲ, ਗਰਦਨ ਗਾਡੀ ਸੰਢੇ ਜਿੱਡੀ ਮੋਟੀ ਅਤੇ ਢਿੱਡ ਦਾ ਖਲਾਰ ਦੂਰ ਤਕ ਸੀ। ਦੋ ਬੰਦੇ ਮੋਟੀਆਂ-ਮੋਟੀਆਂ ਪਿੰਨੀਆਂ ਤੇ ਇਕ ਬੰਦਾ ਮੌਰ ਘੁੱਟ ਰਿਹਾ ਸੀ। ਇਕ ਬੰਦਾ ਇਵੇਂ ਹੀ ਕੰਨਾਂ ਦੇ ਪਟਾਕੇ ਕੱਢ ਰਿਹਾ ਸੀ। ਮੈਂ ਆਖਿਆ ਯਾ ਅੱਲਾਹ ਇਹ ਬੰਦਾ ਬੈਠੇ-ਬੈਠੇ ਹੀ ਥੱਕ ਗਿਆ ਹੈ ਪਰ ਇਸ ਗੱਲ ਦਾ ਮੈਨੂੰ ਕੋਈ ਸਾੜਾ ਨਹੀਂ  ਸੀ।

ਉਹ ਮੌਜ ਲੁੱਟੇ, ਮੈਨੂੰ ਕੀ? ਦੁੱਖ ਤੇ ਇਹ ਸੀ ਕਿ ਉਨ੍ਹਾਂ ਝੋਲਿਆਂ ਵਿਚੋਂ ਪਹਿਲੇ ਪੂਰ ਦੇ ਪੈਸਿਆਂ ਦਾ ਉਹਦੇ ਅੱਗੇ ਢੇਰ ਲੱਗਾ ਪਿਆ ਸੀ। ਦੋ ਬੰਦੇ ਦੁਆਨੀਆਂ, ਚੁਆਨੀਆਂ, ਅਠਿਆਨੀਆਂ ਤੇ ਰੁਪਏ ਵਖੋ-ਵੱਖ ਕਰ ਕੇ ਥੈਲੀਆਂ ਵਿਚ ਪਾ ਕੇ ਉਸ ਦੇ ਲਾਗੇ ਰੱਖ ਰਹੇ ਸਨ। ਮੈਂ ਅਪਣੇ ਭਰਾ ਨੂੰ ਦੱਸੇ ਬਗ਼ੈਰ ਦੋ-ਤਿੰਨ ਫੇਰੀਆਂ ਵਿਚ ਭਾਨ ਲੈਣ ਦੇ ਪੱਜ, ਝੂਲਿਆਂ ਵਿਚੋਂ ਪੰਜ-ਸੱਤ ਮੁੱਠਾਂ ਭਰ ਕੇ ਬੋਝਾ ਭਰ ਲਿਆ ਤੇ ਮਜ਼ਾਰ ਨੂੰ ਸਲਾਮ ਕਰ ਕੇ ਬਾਹਰ ਆ ਗਏ।

ਮੈਂ ਬਾਹਰ ਆ ਕੇ ਫ਼ਿਰ ਸਲਾਮ ਕੀਤੀ ਕਿਉਂਕਿ ਮੇਰੀ ਮੁਰਾਦ ਉਥੇ ਹੀ ਪੂਰੀ ਹੋ ਗਈ ਸੀ। ਥੋੜੀ ਦੂਰ ਜਾ ਕੇ ਮੈਂ ਕਿਹਾ, ਲਉ ਭਰਾ ਜੀ, ਚੁਆਨੀ ਵਿਆਜ ਨਾਲ ਅਪਣੇ ਦੋ ਰੁਪਏ ਫੜੋ ਤੇ ਮੇਰੇ ਸਿਰੋਂ ਭਾਰ ਲੱਥੇ। ਉਹ ਹੈਰਾਨ ਹੋ ਗਿਆ ਤੇ ਆਖਣ ਲੱਗਾ “ਉਏ ਇਹ ਪੈਸੇ ਕਿਥੋਂ ਲਏ ਨੀ?'' ਮੈਂ ਕਿਹਾ, ''ਵੀਰ ਜੀ ਦੌਲਤ ਦੇ ਵਰ੍ਹਦੇ ਫਾਂਡੇ ਵਿਚੋਂ ਦੋ ਚਾਰ ਕਣੀਆਂ ਮੈਂ ਵੀ ਬੋਝੇ ਵਿਚ ਪਾ ਲਿਆਇਆ ਹਾਂ।

ਤੂੰ ਤੇ ਦੋ ਰੁਪਏ ਵੀ ਚੁਆਨੀ ਵਿਆਜ ਲੈ ਕੇ ਦਿਤੇ ਸਨ ਪਰ ਰੱਬ ਦੇ ਰੰਗ ਵੇਖੋ ਤੇ ਉਸ ਦਾ ਦਿਤਾ ਦਾਨ ਵੇਖੋ ਕਿ ਬੋਝਾ ਭਰਿਆ ਪਿਆ ਹੈ। ਲੋਕਾਂ ਨੂੰ ਤੇ ਮਨ ਦੀ ਮੁਰਾਦ ਪਤਾ ਨਹੀਂ ਕਦੋਂ ਲਭਣੀ ਏ ਜਾਂ ਹੋ ਸਕਦਾ ਏ ਕੱਖ ਵੀ ਨਾ ਲੱਭੇ ਪਰ ਮੈਨੂੰ ਮੌਲਾ ਨੇ ਉਸੇ ਵੇਲੇ ਮਾਲੋ- ਮਾਲ ਕਰ ਦਿਤਾ ਹੈ। ਹਨੀਫ਼ ਨੂੰ ਪਤਾ ਲੱਗ ਗਿਆ ਕਿ ਮੈਂ ਉਥੋਂ ਪੈਸੇ ਚੁੱਕ ਲਿਆਇਆ ਹਾਂ। ਹੁਣ ਸਾਡੀਆਂ ਆਪਾ ਵਿਰੋਧੀ ਸ਼ਰਧਾ ਜਾਂ ਅਕੀਦਤਾਂ ਇਕ-ਦੂਜੇ ਨਾਲ ਭਿੜਨ ਲੱਗ ਪਈਆਂ।

ਉਹ ਮੈਨੂੰ ਆਖਣ ਲਗਾ “ਉਏ ਪਾਪੀਆ ਤੂੰ ਵੇਖਿਆ ਨਹੀਂ ਕਿ ਉਥੇ ਪੈਸਿਆਂ ਦੀ ਰਾਖੀ ਕਰਨ ਵਾਲਾ ਕੋਈ ਵੀ ਨਹੀਂ ਸੀ ਕਿਉਂਕਿ ਸੁਣਿਆ ਏ ਇਥੋਂ ਜਿਹੜਾ ਪੈਸੇ ਚੋਰੀ ਕਰੇਗਾ ਉਹ ਅੰਨ੍ਹਾ ਹੋ ਜਾਂਦਾ ਏ।'' ਮੈਂ ਕਿਹਾ, ''ਭਰਾ ਜੀ, ਤੁਹਾਡੀ ਸ਼ਰਧਾ ਅੰਨ੍ਹੀ ਹੈ। ਮੇਰੀਆਂ ਅੱਖਾਂ ਵਾਲੀ ਸ਼ਰਧਾ ਆਖਦੀ ਏ ਕਿ ਬਗ਼ੈਰ ਸੋਚੇ ਸਮਝੇ ਉਥੇ ਪੈਸੇ ਸੁੱਟਣ ਵਾਲੇ ਅੰਨ੍ਹੇ ਜਾਂ ਮਨਾਖੇ ਨੇ ਤੇ ਅੱਖਾਂ ਵਾਲੇ ਅੱਖ ਬਚਾਅ ਕੇ ਚੁੱਕਣ ਵਾਲੇ ਹੀ ਤਾਂ ਸੁਜਾਖੇ ਨੇ।

ਸੱਭ ਤੋਂ ਵੱਡਾ ਸੁਜਾਖਾ ਤਾਂ ਉਹ ਮੋਟੇ ਗਾਟੇ ਵਾਲਾ ਹੈ ਜਿਸ ਦੇ ਅੱਗੇ ਢੇਰ ਲੱਗਾ ਪਿਆ ਸੀ। ਹੁਣ ਤੂੰ ਮੇਰੇ ਵਲ ਹੀ ਵੇਖ ਲੈ, ਸਖਣੇ ਬੋਝੇ ਨਾਲ ਮੈਨੂੰ ਹਨੇਰ ਪਿਆ ਹੋਇਆ ਸੀ ਤੇ ਹੁਣ ਦੁਨੀਆ ਹੀ ਚਾਨਣ ਹੋਈ ਪਈ ਏ ਤੇ ਅੱਖਾਂ ਖੁੱਲ੍ਹ ਗਈਆਂ ਨੇ।'' ਉਹ ਆਖਣ ਲਗਾ, “ਇਹ ਪਾਪ ਹੈ'' ਮੈਂ ਆਖਿਆ, ਜੇ ਅਕਲ ਮਤ ਦੀ ਵਰਤੋਂ ਪਾਪ ਹੈ ਤੇ ਅੰਨ੍ਹੇ ਵਾਹ ਕੁੱਝ ਕਰੀ ਜਾਣਾ ਕਿਥੋਂ ਦਾ ਪੁੰਨ ਹੈ? ਮੈਂ ਅੰਨ੍ਹਾ ਨਹੀਂ, ਉਹ ਪੈਸੇ ਸੁੱਟਣ ਵਾਲੇ ਅੰਨ੍ਹੇ ਸਨ।

ਮੈਂ ਤੇ ਸਿਰਫ਼ ਸਾਢੇ ਅੱਠ ਰੁਪਏ ਹੀ ਲਿਆਂਦੇ ਨੇ ਤੇ ਅੱਖਾਂ ਵਿਚ ਨੂਰ ਆ ਗਿਆ ਹੈ। ਉਹ ਜਿਹੜਾ ਆਲੇ ਦਵਾਲੇ ਮੁਜਰੇ ਵਰਗੇ ਤਕੀਏ ਰੱਖ ਕੇ ਲੱਤਾਂ ਘੁਟਵਾ ਰਿਹਾ ਸੀ, ਉਸ ਕੋਲੋਂ ਪੁੱਛ ਕੇ ਵੇਖ, ਹਰ ਪਾਸੇ ਚਾਨਣ ਹੀ ਚਾਨਣ ਹੈ। ਉਹ ਰਾਤ ਨੂੰ ਜਦੋਂ ਰਾਇਲ ਸੇਲੂਟ ਦੀ ਬੋਤਲ ਖੋਲ੍ਹ ਕੇ ਬੈਠੇਗਾ ਤਾਂ ਮੇਰੇ ਵਰਗੇ ਸ਼ੁਦਾਈਆਂ ਉੱਤੇ ਖਿੜ-ਖਿੜ ਹੱਸੇਗਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਬੋਤਲ ਭਰੀ ਹੋਈ ਏ ਤੇ ਸ਼ੁਦਾਈਆਂ ਦੀ ਸ਼ਰਧਾ ਵਾਲੀ ਅਕਲ ਦੀ ਬੋਤਲ ਸਖਣੀ ਪਈ ਹੈ। ਅੰਨ੍ਹੇਵਾਹ ਪੈਸੇ ਸੁੱਟਣ ਵਾਲੇ ਇੰਜ ਹੀ ਹਨ ਜਿਵੇਂ ਅੰਨ੍ਹੀ ਪੀਵੇ ਤੇ ਕੁੱਤੀ ਚੱਟੇ।

ਜੇ ਇਹ ਅਖਾਣ ਨਹੀਂ ਸੁਣਿਆ ਤਾਂ ਵਿਆਖਿਆ ਇੰਜ ਹੈ ਕਿ ਅੱਖਾਂ ਤੋਂ ਮਨਾਖੀ ਜ਼ਨਾਨੀ ਵਿਚਾਰੀ ਗ਼ੱਲਾ ਪਾ ਕੇ ਚੱਕੀ ਚਲਾਈ ਜਾਂਦੀ ਸੀ ਤੇ ਅਕਲਮੰਦ ਕੋਲ ਬੈਠੀ ਕੁੱਤੀ ਗੰਡੇ ਵਿਚ ਡਿੱਗਣ ਵਾਲਾ ਆਟਾ ਚੱਟੀ ਜਾਂਦੀ ਸੀ। ਮੈਂ ਆਖਿਆ, ਭਰਾਵਾ ਛੱਡ ਤੂੰ ਸਾਰੀਆਂ ਗੱਲਾਂ ਨੂੰ, ਆ ਤੈਨੂੰ ਨਾਨ ਕਬਾਬ ਦਾ ਨੁਕਲ ਕਰਾਵਾਂ। ਉਤੋਂ ਮੈਂ ਇਕ ਦਵਾਨੀ ਫ਼ਕੀਰ ਨੂੰ ਵੀ ਦਾਨ ਕਰ ਦਿਤੀ।

ਹਨੀਫ਼ ਦੀ ਸ਼ਰਧਾ ਇਨ੍ਹਾਂ ਪੈਸਿਆਂ ਦੇ ਨਾਨ ਕਬਾਬ ਖਾਣ ਅੱਗੇ ਵੀ ਲੱਤਾਂ ਅੜਾਉਂਦੀ ਸੀ ਪਰ ਅਖ਼ੀਰ ਝੂਠੀ ਸ਼ਰਧਾ ਦੀਆਂ ਲੱਤਾਂ ਥਿੜਕ ਗਈਆਂ ਤੇ ਲੇਹੜ ਮਾਰ ਲਿਆ ਪਰ ਉਸ ਦੀ ਸ਼ਰਧਾ ਵਿਚੋਂ ਇਕ ਹੋਰ ਢਕੋਸਲਾ ਨਿਕਲਿਆ ਤੇ ਆਖਣ ਲਗਾ, “ਉਏ ਤੂੰ ਦਸਵੀਂ ਦਾ ਇਮਤਿਹਾਨ ਦਿਤਾ ਹੋਇਆ ਏ, ਫ਼ੇਲ੍ਹ ਹੋ ਜਾਏਂਗਾ'' ਮੈਂ ਕਿਹਾ, ਵੀਰ ਜੀ ਤੁਸੀ ਵਹਿਮ ਨਾ ਕਰੋ। ਮੇਰੇ ਪਰਚੇ ਉਸ ਮੋਟੇ ਗਾਟੇ ਵਾਲੇ ਕੋਲ ਨਹੀਂ ਆਉਣੇ। ਉਹ ਸਿਰਫ਼ ਪੈਸਿਆਂ ਦੀ ਹੀ ਮਾਰਕਿੰਗ ਕਰਦੈ ਤੇ ਅੰਨ੍ਹਿਆਂ ਦੀਆਂ ਅੱਖਾਂ ਵਿਚ ਧੂੜ ਪਾਉਂਦੈ।

ਅਸਾਂ ਨਾਨ ਕਬਾਬ ਦਾ ਰੱਜ ਮਾਰਿਆ, ਉਤੋਂ ਇਕ-ਇਕ ਪੈਪਸੀ ਪੀ ਕੇ ਪੁਰਬਾਸ਼ ਹੋ ਗਏ। ਚੰਗਾ ਹੋਇਆ ਕਿ ਦੂਜੇ ਦਿਨ ਲਾਹੌਰ ਵਾਲੀ ਗੱਡੀ ਚੜ੍ਹ ਗਏ ਨਹੀਂ ਤੇ ਖ਼ੌਰੇ ਮੈਂ ਰੋਜ਼ ਹੀ ਮੌਜੂ ਸ਼ਾਹ ਦੇ ਮਜ਼ਾਰ ਤੋਂ ਪੈਸੇ ਚੁਕਿਆ ਕਰਨੇ ਸਨ, ਜਿੰਨਾ ਚਿਰ ਪੁਲਿਸ ਨਾ ਫੜ ਲੈਂਦੀ ।ਮੇਰੇ ਲੇਖ ਦਾ ਵਿਸ਼ਾ ਤਾਂ ਬੜਾ ਸੰਜੀਦਾ ਤੇ ਬੜੇ ਫ਼ਿਕਰ ਨਾਲ ਗਹੁ ਕਰਨ ਵਾਲਾ ਸੀ ਕਿਉਂਕਿ ਅੱਜ ਦੀ ਦੁਨੀਆਂ ਨੇ ਇਸ ਅੰਨ੍ਹੀ ਸ਼ਰਧਾ ਨਾਲ ਬੜਾ ਫ਼ਸਾਦ ਬਖ਼ਸ਼ ਦਿਤਾ ਹੈ ਬਲਕਿ ਇਨਸਾਨੀਅਤ ਅਜਿਹੀ ਸ਼ਰਧਾ ਹੱਥੋਂ ਨੰਗੇ ਸਿਰ ਹੋ ਕੇ ਚੀਕ ਰਹੀ ਹੈ।

ਇਸ ਕਾਲੀ ਹਨ੍ਹੇਰੀ ਨੇ ਸਮਾਜੀ, ਅਖ਼ਲਾਕੀ, ਮੁਆਸ਼ੀ ਅਤੇ ਇਨਸਾਨੀ ਕਦਰਾਂ ਦਾ ਫੱਕਾ ਮਾਰ ਲਿਆ ਹੈ ਪਰ ਮੈਂ ਇਸ ਫ਼ਿਕਰਮੰਦ ਸੰਜੀਦਗੀ ਵਿਚ ਪਾਠਕਾਂ ਦੀ ਦਿਲਚਪਸੀ ਲਈ ਮਖ਼ੌਲੀਆ ਰੰਗ ਵੀ ਭਰ ਰਿਹਾ ਹਾਂ ਕਿ ਕਿਧਰੇ ਮੇਰੀ ਇਹ ਲਿਖਤ, ਪੜ੍ਹਨ ਦੀ ਬਜਾਏ ਆਲੂ ਛੋਲੇ ਪਾਉਣ ਦੇ ਹੀ ਕੰਮ ਨਾ ਆ ਜਾਵੇ ਵਰਨਾ ਰੋਣ ਵਾਲੀ ਗੱਲ ਵਿਚ ਹਾਸੇ ਦਾ ਕੀ ਕੰਮ? ਮਜਬੂਰੀ ਹੈ ਕਿ ਖੰਡ ਦੀ ਗੋਲੀ ਵਿਚ ਕੌੜੀ ਦਵਾਈ ਪਾ ਕੇ ਵੀ ਖਵਾਣੀ ਪੈਂਦੀ ਏ।

ਅੱਜ ਵੀ ਸੋਚਦਾ ਹਾਂ ਕਿ ਮੌਜੂ ਸ਼ਾਹ ਦੇ ਮਜ਼ਾਰ ਉੱਤੇ ਅੰਨ੍ਹੇ ਵਾਹ ਪੈਸਿਆਂ ਦਾ ਢੇਰ ਲਾਈ ਜਾਣ ਵਾਲਿਆਂ ਦੀ ਅੰਨ੍ਹੀ ਸ਼ਰਧਾ ਨੇ ਕਦੇ ਸੋਚਿਆ ਸੀ ਕਿ ਮਜ਼ਾਰ ਦੀ ਇਸ ਕਬਰ ਵਿਚ ਸੁੱਤੇ ਪਏ ਬਜ਼ੁਰਗ ਨੂੰ ਤਾਂ ਇਨ੍ਹਾਂ ਪੈਸਿਆਂ ਦੀ ਲੋੜ ਹੀ ਨਹੀਂ, ਨਾ ਹੀ ਇਹ ਪੈਸੇ ਗ਼ਰੀਬਾਂ, ਜ਼ਰੂਰਤਮੰਦਾਂ ਦੇ ਕੰਮ ਆਉਂਦੇ ਨੇ ਤੇ ਅਸੀ ਕਿਉਂ ਗਵਾਈ ਆਉਂਦੇ ਹਾਂ? ਮੈਂ ਉਸ ਉਮਰ ਵਿਚ ਇਸ ਨੂੰ ਸ਼ੁਦਾਅ ਹੀ ਆਖਦਾ ਸਾਂ। ਤਾਂ ਹੀ ਸਾਢੇ ਅੱਠ ਰੁਪਏ ਖਰੇ ਕਰ ਲਏ ਸਨ।

ਅਖ਼ੀਰ ਇਕ ਦਿਨ ਮੇਰੀ ਸੋਚ-ਸੱਚੀ ਸਾਬਤ ਹੋ ਗਈ। ਹੋਇਆ ਇੰਜ ਕਿ ਇਕ ਦਿਨ ਨਵੀਂ ਹਕੂਮਤ ਨੇ ਮੁਲਕ ਦੀ ਵਾਗ ਡੋਰ ਸਾਂਭ ਲਈ ਤੇ ਇਕ ਵਡੇਰੇ ਦਾ ਸ਼ਊਰ ਜਾਗਿਆ। ਉਸ ਨੇ ਇੰਜ ਦੇ ਸਾਰੇ ਮਜ਼ਾਰਾਂ ਉਤੇ ਕਬਜ਼ਾ ਕਰ ਲਿਆ। ਚੇਲੇ ਚਿਮਟਿਆਂ ਨੂੰ ਛਿੱਤਰ ਫੇਰ ਕੇ ਕੱਢ ਦਿਤਾ। ਇਹ ਮਜ਼ਾਰ ਹਕੂਮਤ ਨੇ ਲੈ ਲਏ ਤੇ ਇਸ ਕਮਾਈ ਨੂੰ ਮੁਲਕੀ ਜ਼ਰੂਰਤਾਂ ਉਤੇ ਖ਼ਰਚ ਕਰਨ ਦਾ ਫ਼ੈਸਲਾ ਕਰ ਲਿਆ।

ਇਹ ਤਾਂ ਰੱਬ ਹੀ ਜਾਣੇ ਕਿ ਹਕੂਮਤ ਅੱਗੋਂ ਕੀ ਕਰਦੀ ਹੋਵੇਗੀ, ਪਰ ਇਹ ਤਾਂ ਸਾਫ਼ ਹੋ ਗਿਆ ਕਿ ਸ਼ਰਧਾ ਦੇ ਸ਼ੁਦਾਈਆਂ ਦਾ ਸ਼ੁਦਾਅ ਗ਼ਲਤ ਸੀ ਜਾਂ ਮੈਨੂੰ ਤੇ ਘੱਟੋ-ਘੱਟ ਸਾਬਤ ਹੋ ਗਿਆ ਕਿ ਛੱਬੋ ਦੇ ਹਾਰ ਅਤੇ ਨਾਨ ਕਬਾਬ ਦੇ ਨੁੱਕਲ ਪਾਣੀ ਲਈ ਮੈਂ ਕੋਈ ਜ਼ਿਆਦਤੀ ਨਹੀਂ ਸੀ ਕੀਤੀ ਸਗੋਂ ਦਵਾਨੀ ਦਾਨ ਵੀ ਦਿਤੀ ਇਕ ਨਾਬੀਨੇ ਨੂੰ। ਮੈਂ ਬਜ਼ੁਰਗ ਫ਼ਕੀਰ ਦਾ ਕੁੱਝ ਨਹੀਂ ਸੀ ਵਗਾੜਿਆ। ਮੈਂ ਤੇ ਮੋਟੇ ਗਾਟੇ ਵਾਲੇ ਦੀ ਵਗਦੀ ਗੰਗਾ ਵਿਚੋਂ ਹੀ ਇਕ ਚੁੱਲੀ ਭਰੀ ਸੀ।

ਮੇਰੇ ਤੋਂ ਬਾਅਦ ਮੋਟੀਆਂ ਗਰਦਨਾਂ ਵਾਲੇ ਫ਼ਾਰਗ ਕਰ ਦਿਤੇ ਗਏ। ਚਲਦੇ-ਚਲਦੇ ਇਸ ਨਾਲ ਹੀ ਜੁੜਿਆ ਇਹ ਕਿੱਸਾ ਵੀ ਸੁਣਾ ਦੇਵਾਂ ਕਿ ਲਾਹੌਰ ਰੇਲਵੇ ਕਾਲੋਨੀ ਵਿਚ ਜਦੋਂ ਭਰਾ ਕੋਲ ਪੜ੍ਹਦਾ ਸਾਂ ਤਾਂ ਨਾਲ ਹੀ ਜੀ ਟੀ ਰੋਡ ਦੇ ਕੰਢੇ ਉਪਰ ਨਿੱਕਾ ਜਿਹਾ ਮਜ਼ਾਰ ਸੀ। ਨਾਲ ਹੀ ਪੈਸੇ ਪਾਉਣ ਵਾਲੀ ਜ਼ਮੀਨ ਵਿਚ ਗੱਡੀ ਗੋਲਕ ਜਾਂ ਬਕਸਾ ਜਿਹਾ ਬਣਾਇਆ ਗਿਆ ਸੀ। ਇਸ ਮਜ਼ਾਰ ਦੇ ਬਹੁਤੇ ਸ਼ਰਧਾਲੂ ਟਾਂਗੇ ਵਾਲੇ ਸਨ।

ਹਰ ਟਾਂਗੇ ਵਾਲਾ ਉਸ ਵਿਚ ਪੈਸੇ ਪਾਉਂਦਾ ਤੇ ਸਲਾਮ ਕਰ ਕੇ ਟਾਂਗਾ ਲੈ ਜਾਂਦਾ। ਹਕੂਮਤੀ ਕਬਜ਼ੇ ਤੋਂ ਬਾਅਦ ਹਕੂਮਤ ਨੇ ਗੋਲਕ ਨੂੰ ਜਿੰਦਰਾ ਮਾਰ ਦਿਤਾ ਤੇ ਮਹੀਨੇ ਪਿੱਛੋਂ ਸਰਕਾਰੀ ਅਹਿਲਕਾਰ ਗੋਲਕ ਖੋਲ੍ਹ ਕੇ ਪੈਸੇ ਲੈ ਜਾਂਦਾ। ਮਜ਼ਾਰ ਦਾ ਮਜਾਵਰ ਇਸ ਮਾਲ ਪਾਣੀ ਤੋਂ ਵਾਂਝਿਆ ਗਿਆ। ਉਸ ਨੇ ਕਬਰ ਤੋਂ ਲੈ ਕੇ ਥਲਿਉਂ ਹੀ ਗੋਲਕ ਤਕ ਸੁਰੰਗ ਕੱਢ ਲਈ ਤੇ ਪੈਸਿਆਂ ਨੂੰ ਹੱਥ ਮਾਰਨ ਲੱਗ ਪਿਆ। ਇਕ ਦਿਨ ਅਗਲਿਆਂ ਨੂੰ ਸੂਹ ਲਗ ਗਈ ਤੇ ਉਸ ਨੂੰ ਹੱਥਕੜੀਆਂ ਲਾ ਕੇ ਲੈ ਗਏ। ਇਹ ਸੱਭ ਮੇਰੀ ਅੱਖੀਂ ਡਿਠਾ ਮਾਜਰਾ ਹੈ। ਇਸ ਅੰਨ੍ਹੀ ਸ਼ਰਧਾ ਦਾ ਕਿਹੜਾ-ਕਿਹੜਾ ਪੁਆੜਾ ਲਿਖਾਂ? ਇਸ ਲਈ ਤਾਂ ਇਕ ਕਿਤਾਬ ਲਿਖਣ ਦੀ ਲੋੜ ਹੈ। 

ਅਸੀ ਨਿੱਕੇ-ਨਿੱਕੇ ਹੁੰਦੇ ਸਾਂ ਤੇ ਹਰ ਪਿੰਡ ਵਿਚ ਇਕੋ-ਇਕ ਹੀ ਮਸੀਤ ਹੁੰਦੀ ਸੀ। ਪਰ ਹੌਲੀ-ਹੌਲੀ ਲੋਭ ਲਾਲਚ ਦਾ ਚਾਨਣ ਹੋਇਆ ਤੇ ਅੱਖਾਂ ਵਾਲਿਆਂ ਨੇ ਵੇਖਿਆ ਕਿ ਇਕ ਹੀ ਬੰਦਾ ਮਸੀਤੇ ਬੈਠਾ ਮੌਜਾਂ ਲਈ ਜਾ ਰਿਹਾ ਹੈ। ਉਨ੍ਹਾਂ ਸਿਆਣਿਆਂ ਨੇ ਅਪਣੀ ਮਨ ਪਸੰਦ ਸ਼ਰਧਾ ਜਾਂ ਅਕੀਦਤ ਦਾ ਬੜਾ ਹੀ ਖ਼ਤਰਨਾਕ ਹਥਿਆਰ ਵਰਤਿਆ। ਹੁੰਦੇ-ਹੁੰਦੇ ਲੋਕ ਵੰਡੇ ਗਏ, ਪੁਆੜੇ ਪੈ ਗਏ ਤੇ ਧਰਮ ਦੀ ਤੇਰ ਮੇਰ ਇਥੋਂ ਤੀਕ ਵਧੀ ਕਿ ਦੁਸ਼ਮਣੀ ਦੀ ਹੱਦ ਤਕ ਚਲੀ ਗਈ। ਮਸੀਤਾਂ ਵਖਰੀਆਂ-ਵਖਰੀਆਂ ਹੋ ਗਈਆਂ, ਇਬਾਦਤਾਂ ਦੇ ਰੰਗ ਢੰਗ ਬਦਲ ਗਏ। ਫ਼ਿਰਕਿਆਂ ਦੇ ਲੀੜੇ ਵੀ ਵਖਰੇ ਵਖਰੇ ਡੀਜ਼ਾਈਨ ਦੇ ਹੋ ਗਏ।

ਪੱਗਾਂ ਦੇ ਰੰਗ ਵਖਰੇ ਵਖਰੇ ਹੋ ਗਏ ਅਤੇ ਢੰਗ ਬਦਲ ਗਏ। ਇਕ ਇਕ ਪਿੰਡ ਵਿਚ ਤਿੰਨ ਤਿੰਨ ਮਸੀਤਾਂ ਬਣ ਗਈਆਂ ਤੇ ਹਰ ਸ਼ਰਧਾ ਦੀਆਂ ਜਥੇਬੰਦੀਆਂ ਬਣ ਗਈਆਂ। ਅਖੇ ਇਹ ਸ਼ੀਆ ਮਸਜਿਦ, ਇਹ ਵਹਾਬੀ ਮਸਜਿਦ ਤੇ ਇਹ ਸੁੰਨੀ ਫ਼ਿਰਕੇ ਦੀ ਮਸਜਿਦ ਹੈ। ਮੁੱਲਾਂ ਮੁਲਾਣਿਆਂ ਨੇ ਅਪਣੀ ਵਡਿਆਈ ਦਾ ਦਾਅਵਾ ਠੋਕਣ ਲਈ ਇਕ ਦੂਜੇ ਦੀ ਸ਼ਰਧਾ ਉੱਤੇ ਜ਼ਹਿਰ ਉਗਲਣਾ ਸ਼ੁਰੂ ਕਰ ਦਿਤਾ। ਫਿਰ ਇਕ ਦੂਜੇ ਦੀਆਂ ਮਸੀਤਾਂ ਉੱਤੇ ਹਮਲੇ ਹੋਣ ਲੱਗ ਪਏ। ਹੌਲੀ-ਹੌਲੀ ਬੰਬਾਂ ਗੋਲੀਆਂ ਦੀ ਵੀ ਵਰਤੋਂ ਹੋਣ ਲੱਗ ਪਈ।

ਹਰ ਮਜ਼ਹਬੀ ਠੇਕੇਦਾਰ ਇਕ ਦੂਜੇ ਨੂੰ ਕਾਫ਼ਰ ਆਖ ਕੇ ਕਤਲ ਨੂੰ ਜਾਇਜ਼ ਆਖਣ ਲੱਗ ਪਿਆ। ਗੱਲ ਅੱਗੇ ਵਧੀ ਤੇ ਜੇਹਾਦ ਦਾ ਨਾਂ ਦੇ ਕੇ ਕਤਲੇਆਮ ਸ਼ੁਰੂ ਹੋ ਗਿਆ।
ਅਸੀ ਸਾਰੇ ਮੁਲਕ ਵਿਚ ਸਾਰੀ ਉਮਰ ਇਕ ਹੀ ਈਦ ਹੁੰਦੀ ਵੇਖੀ ਸੀ ਤੇ ਰੱਬ ਦਾ ਹੁਕਮ ਵੀ ਇਹੀ ਹੈ ਕਿ ਚੰਨ ਨਜ਼ਰ ਆ ਜਾਵੇ ਤਾਂ ਅਗਲੇ ਦਿਨ ਈਦ ਕਰਨਾ ਫ਼ਰਜ਼ ਹੈ। ਪਰ ਹੁਣ ਤਿੰਨ ਤਿੰਨ ਈਦਾਂ ਇਸ ਕਰ ਕੇ ਹੁੰਦੀਆਂ ਨੇ ਕਿ ਰੱਬ ਦੇ ਹੁਕਮ ਦੀ ਬਜਾਏ ਮੌਲਵੀ ਦਾ ਹੁਕਮ ਚਲਦਾ ਹੈ। ਲਾਹੌਰ ਇਕ ਮਸਜਿਦ ਦੇ ਬੂਹੇ ਅੱਗੇ ਮੈਂ ਪੱਕੇ ਰੰਗ ਨਾਲ ਲਿਖਿਆ ਵੇਖਿਆ ਕਿ “ਇਹ ਮਸਜਿਦ ਫ਼ਲਾਣੇ ਫ਼ਿਰਕੇ ਦੀ ਹੈ ਤੇ ਕਿਸੇ ਦੂਜੇ ਫ਼ਿਰਕੇ ਦਾ ਮੁਸਲਮਾਨ ਇਥੇ ਨਮਾਜ਼ ਨਹੀਂ ਪੜ੍ਹ ਸਕਦਾ।'' 

ਇਸ ਤੋਂ ਵੀ ਵੱਡਾ ਜ਼ੁਲਮ ਕੀ ਦੱਸਾਂ ਕਿ ਲੰਦਨ ਇਕ ਸ਼ੀਆ ਫ਼ਿਰਕੇ ਦਾ ਬੰਦਾ ਮਰ ਗਿਆ ਤੇ ਜਨਾਜ਼ੇ ਵਿਚ ਉਨ੍ਹਾਂ ਦੀ ਮਸੀਤ ਸੌੜੀ ਪੈ ਗਈ। ਦੂਜੇ ਫ਼ਿਰਕੇ ਕੋਲੋਂ ਉਨ੍ਹਾਂ ਦੀ ਮਸਜਿਦ ਵਿਚ ਜਨਾਜ਼ੇ ਦੀ ਨਮਾਜ਼ ਪੜ੍ਹਨ ਦੀ ਇਜਾਜ਼ਤ ਮੰਗੀ ਤੇ ਅਗਲਿਆਂ ਨੇ ਇਨਕਾਰ ਕਰ ਦਿਤਾ ਕਿ ਸਾਡੇ ਮੁੱਲਾਂ ਤੇ ਪ੍ਰਧਾਨ ਆਖਦੇ ਨੇ ਕਿ ਦੂਜੀ ਸ਼ਰਧਾ ਵਾਲਾ ਫ਼ਿਰਕਾ ਇਥੇ ਜਨਾਜ਼ਾ ਨਹੀਂ ਪੜ੍ਹਾ ਸਕਦਾ। ਕੀ ਕਿਆਮਤ ਹੈ ਕਿ ਇਕ ਮੁਸਲਮਾਨ ਦੂਜੇ ਮੁਸਲਮਾਨ ਦੀ ਮਸਜਿਦ ਵਿਚ ਨਹੀਂ ਵੜ ਸਕਦਾ।

ਦੂਜੇ ਬੰਨੇ ਆਖਦੇ ਨੇ ਮਸਜਿਦ ਜਾਂ ਇਬਾਦਤਗਾਹ ਰੱਬ ਦਾ ਘਰ ਹੁੰਦਾ ਹੈ। ਜਦੋਂ ਮਸੀਤ ਲਈ ਚੰਦਾ ਮੰਗਦੇ ਨੇ ਤੇ ਆਖਦੇ ਨੇ “ਰੱਬ ਦੇ ਘਰ ਲਈ ਦਾਨ ਕਰੋ, ਤੁਹਾਨੂੰ ਰੱਬ ਜੰਨਤ ਵਿਚ ਘਰ ਦੇਵੇਗਾ।'' ਘਰ ਰੱਬ ਦਾ ਤੇ ਮਲਕੀਅਤ ਉੱਤੇ ਕਬਜ਼ਾ ਇਨਸਾਨ ਦਾ...? ਇਹ ਸੱਭ ਕੁੱਝ ਕਿਉਂ ਹੋਇਆ? ਇਸ ਨਾਗਣ ਦਾ ਨਾਂ ਅੰਨ੍ਹੀ ਸ਼ਰਧਾ ਹੈ। ਇਕ ਰੱਬ, ਇਕ ਕਲਮਾ ਤੇ ਇਕ ਪੈਗ਼ੰਬਰ, ਪਰ ਸ਼ਰਧਾ ਦੇ ਸ਼ੁਦਾਅ ਨੇ ਬੰਦੇ ਨਾਲ ਬੰਦਾ ਲੜਾ ਦਿਤਾ ਅਤੇ ਕਤਲੋ ਗ਼ਾਰਤ ਤਕ ਗੱਲ ਅੱਪੜ ਗਈ ਹੈ।

ਹੁਣ ਲੀੜਿਆਂ ਦੇ ਰੰਗਾਂ ਤੋਂ ਫ਼ਿਰਕੇ ਪਛਾਣੇ ਜਾਂਦੇ ਹਨ ਕਿ ਇਹ ਯੂਨੀਫ਼ਾਰਮ ਕਿਹੜੀ ਪਲਟਨ ਦੀ ਹੈ, ਇਹ ਵਰਦੀ ਕਿਸ ਰਜਮੰਟ ਦੀ ਹੈ। ਮੌਲਵੀ ਮੁੱਲਾਂ ਦੀ ਯੂਨੀਫ਼ਾਰਮ ਦਸਦੀ ਹੈ ਕਿ ਇਹ ਬੰਦਾ ਫ਼ਲਾਣੀ ਰਜਮੰਟ ਦਾ ਜਰਨੈਲ ਹੈ ਕਿਉਂਕਿ ਉਸ ਦੇ ਗਲ ਪਾਏ ਚੋਗੇ ਨੂੰ ਗੋਟਾ ਤਿੱਲਾ ਲੱਗਾ ਹੁੰਦਾ ਏ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement