ਸ਼ਰਧਾ ਦਾ ਸ਼ੁਦਾਅ (ਭਾਗ 6)
Published : Jun 2, 2018, 11:36 pm IST
Updated : Jun 2, 2018, 11:38 pm IST
SHARE ARTICLE
Amin Malik
Amin Malik

ਪਰ ਇਹ ਮਾਮਲਾ ਤੇਰਾ ਅਤੇ ਰੱਬ ਦਾ ਹੈ। ਇੰਜ ਹੀ ਸਮਝ ਕਿ ਤੂੰ ਟਿਕਟ ਲੈ ਕੇ ਗੱਡੀ ਬਹਿ ਜਾਂਦਾ ਏਂ ਤੇ ਡਰਾਈਵਰ ਕੋਲੋਂ ਇਜਾਜ਼ਤ ਮੰਗਣ ਦੀ ਲੋੜ ਨਹੀਂ  ਹੁੰਦੀ ਕਿਉਂਕਿ....

ਮੈਂ ਵੀ ਰਿਸ਼ਵਤ ਦੇ ਗੁਨਾਹ ਤੋਂ ਇਨਕਾਰ ਕਰਨ ਦੇ ਜੁਰਮ ਵਿਚ ਰਿਟਾਇਰਮੈਂਟ ਲੈ ਕੇ ਲੰਦਨ ਆ ਗਿਆ ਪਰ ਚੌਧਰੀ ਅਮੀਰ ਮੈਨੂੰ ਹਰ ਥਾਂ ਯਾਦ ਆਉਂਦਾ ਰਿਹਾ। ਉਂਜ ਵੀ ਅਪਣੀ ਚੰਗੀ ਜਾਂ ਬੁਰੀ ਆਦਤ ਮੂਜਬ ਨਾ ਕਿਸੇ ਚੰਗੇ ਦੀ ਉਂਗਲੀ ਛੱਡੀ ਅਤੇ ਨਾ ਹੀ ਕਦੀ ਬੁਰੇ ਦਾ ਖਹਿੜਾ ਛਡਿਆ। ਮੈਂ ਲਾਹੌਰ ਜਾ ਕੇ ਚੌਧਰੀ ਸਾਬ੍ਹ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਫ਼ਕੀਰ ਅਪਣੇ ਪਿੰਡ ਚਕਵਾਲ ਵਿਚ ਹੀ ਝੁੱਗੀ ਪਾਈ ਬੈਠਾ ਹੈ। ਲੱਭ-ਲਭਾ ਕੇ ਫ਼ੋਨ ਉਤੇ ਰਾਬਤਾ ਕੀਤਾ, ਹਾਲ ਚਾਲ ਪੁਛਿਆ ਤਾਂ ਆਖਣ ਲੱਗੇ, ''ਅਮੀਨ, ਇਹ ਸ਼ਹਿਰਾਂ ਦੇ ਸ਼ੋਰ-ਸ਼ਰਾਬੇ ਅਤੇ ਕਾਰਾਂ-ਕੋਠੀਆਂ ਸਰਕਾਰੀ ਮਹਿਕਮੇ ਵਿਚ ਹੀ ਵੇਖ ਚੁੱਕਾ ਹਾਂ।

ਇਹ ਪਿੰਡ ਮੇਰੀ ਮਿੱਟੀ ਹੈ ਤੇ ਇਕ ਦਿਨ ਇਸ ਮਿੱਟੀ ਵਿਚ ਹੀ ਜਾਣੈ।'' ਮੈਂ ਕੰਮਕਾਜ ਵਲੋਂ ਪੁਛਿਆ ਤਾਂ ਆਖਣ ਲਗੇ, ''ਅਮੀਨ, ਰੱਟਾ ਤਾਂ ਸਾਰਾ ਇਸ ਰੋਟੀ ਦਾ ਹੀ ਹੁੰਦੈ। ਉਸ ਲਈ ਮੇਰੀ ਪੈਨਸ਼ਨ ਵੀ ਜ਼ਿਆਦਾ ਹੈ। ਜੋ ਕੁੱਝ ਹੋਰ ਰੇਲਵੇ ਵਲੋਂ ਮਿਲਿਆ, ਉਸ ਨਾਲ ਪਿੰਡ ਵਿਚ ਇਕ ਮਸੀਤ ਸ਼ੁਰੂ ਕਰ ਦਿਤੀ ਏ ਤੇ ਗਲੀਆਂ ਵਿਚ ਗ਼ਰੀਬਾਂ ਦੇ ਆਵਾਰਾ ਫਿਰਦੇ ਬਾਲਾਂ ਨੂੰ ਫੜ-ਫੜਾ ਕੇ ਮਸੀਤੇ ਲੈ ਆਇਆ ਹਾਂ ਤੇ ਪੜ੍ਹਾ ਛਡਦਾ ਹਾਂ।

ਇਸ ਤੋਂ ਚੰਗਾ ਮੈਨੂੰ ਕੋਈ ਵੀ ਕਾਰੋਬਾਰ ਨਹੀਂ ਸੀ ਲਗਿਆ। ਇਕ ਪੁੱਤਰ ਹੈ ਜੋ ਬੜਾ ਤਾਅਬੇਦਾਰ ਡਾਕਟਰ ਹੈ। ਨਾ ਮੇਰੇ ਉਤੇ ਕਿਸੇ ਦਾ ਭਾਰ ਅਤੇ ਨਾ ਹੀ ਮੈਂ ਕਿਸੇ ਉਤੇ ਭਾਰ।'' ਮੈਂ ਮਸੀਤ ਅਤੇ ਬਾਲਾਂ ਦੇ ਖ਼ਰਚੇ ਵਲੋਂ ਪੁਛਿਆ ਤਾਂ ਹੱਸ ਕੇ ਆਖਣ ਲਗੇ, ''ਅਮੀਨ, ਇਹ ਮਸੀਤ ਰੱਬ ਦਾ ਘਰ ਹੈ ਅਤੇ ਇਹ ਗ਼ਰੀਬ ਬਾਲ ਰੱਬ ਦੀ ਮਖ਼ਲੂਕ। ਰੱਬ ਆਪ ਹੀ ਜ਼ੁੰਮੇਵਾਰ ਹੈ ਅਤੇ ਉਹ ਹੀ ਕਾਰਸਾਜ਼ ਹੈ। ਉਹ ਸੱਭ ਦਾ ਪਾਲਣਹਾਰ ਹੈ।

ਕਈ ਖਾਂਦੇ-ਪੀਂਦੇ ਲੋਕ ਮਸੀਤ ਦੀਆਂ ਇੱਟਾਂ ਸੀਮੇਂਟ ਅਤੇ ਬਾਲਾਂ ਦੀ ਮਦਦ ਕਰ ਛਡਦੇ ਨੇ।'' ਮੈਂ ਲੰਦਨ ਤੋਂ ਡਰਦੇ ਡਰਦੇ ਨੇ ਚਕਵਾਲ ਫ਼ੋਨ ਕੀਤਾ ਅਤੇ ਚੌਧਰੀ ਸਾਬ੍ਹ ਦੀ ਮਿੰਨਤ ਕੀਤੀ ਕਿ ਜੇ ਮੈਂ ਰੱਬ ਦੇ ਘਰ ਜਾਂ ਉਸ ਦੀ ਮਖ਼ਲੂਕ ਦੀ ਮਦਦ ਕਰਨਾ ਚਾਹਾਂ ਤਾਂ ਕਬੂਲ ਕਰ ਲਵੋਗੇ? ਨਿੰਮ੍ਹਾ ਜਿਹਾ ਹੱਸ ਕੇ ਕਹਿਣ ਲਗੇ, ''ਅਮੀਨ! ਜੇ ਤਾਂ ਤੇਰੇ ਪੈਸੇ ਮੇਰੀ ਅਪਣੀ ਜ਼ਾਤ ਲਈ ਹੁੰਦੇ ਤਾਂ ਮੈਂ ਕਬੂਲ ਕਰਦਾ ਜਾਂ ਇਨਕਾਰ ਕਰ ਦੇਂਦਾ।

ਪਰ ਇਹ ਮਾਮਲਾ ਤੇਰਾ ਅਤੇ ਰੱਬ ਦਾ ਹੈ। ਇੰਜ ਹੀ ਸਮਝ ਕਿ ਤੂੰ ਟਿਕਟ ਲੈ ਕੇ ਗੱਡੀ ਬਹਿ ਜਾਂਦਾ ਏਂ ਤੇ ਡਰਾਈਵਰ ਕੋਲੋਂ ਇਜਾਜ਼ਤ ਮੰਗਣ ਦੀ ਲੋੜ ਨਹੀਂ  ਹੁੰਦੀ ਕਿਉਂਕਿ ਟਿਕਟ ਦੇ ਪੈਸੇ ਉਤੇ ਹਕੂਮਤ ਕੋਲ ਚਲੇ ਜਾਂਦੇ ਨੇ ਤੇ ਡਰਾਈਵਰ ਸਿਰਫ਼ ਗੱਡੀ ਚਲਾ ਰਿਹੈ।'' ਇਹ ਸਾਹਿਤਕ ਕਿਸਮ ਦੀ ਮਿਸਾਲ ਸੁਣ ਕੇ ਬੜਾ ਮਜ਼ਾ ਆਇਆ ਤੇ ਮੈਨੂੰ ਉਹ ਵੇਲੇ ਯਾਦ ਆ ਗਏ ਜਦੋਂ 1980 ਵਿਚ ਮੇਰੀ ਪੋਸਟਿੰਗ ਬਤੌਰ ਮਕੈਨੀਕਲ ਇੰਸਟਰੱਕਟਰ ਵਾਲਟਨ ਟਰੇਨਿੰਗ ਸੈਂਟਰ ਵਿਚ ਹੋਈ ਅਤੇ ਚੌਧਰੀ ਅਮੀਰ ਸਾਬ੍ਹ ਉਥੇ ਡਾਇਰੈਕਟਰ ਮਕੈਨੀਕਲ ਸਨ।

ਮੈਂ ਅਪਣੀ ਚਿੱਠੀ ਦਿਤੀ ਤਾਂ ਮੈਨੂੰ ਪੁੱਛਣ ਲੱਗ ਪਏ, ''ਪੜ੍ਹਾਉਣਾ ਤੇਰਾ ਸ਼ੌਕ ਵੀ ਹੈ ਕਿ ਸਿਰਫ਼ ਨੌਕਰੀ ਹੀ ਕਰਨੀ ਹੈ?'' ਮੈਂ ਇਸ ਗੱਲ ਦੇ ਜਵਾਬ ਵਿਚ ਕੁੱਝ ਗੱਲਾਂ ਕੀਤੀਆਂ ਤਾਂ ਚੌਧਰੀ ਸਾਬ੍ਹ ਨਿੰਮਾ ਜਿਹਾ ਹੱਸ ਕੇ ਆਖਣ ਲਗੇ, ''ਤੁਮ ਕੋਈ ਸ਼ਾਇਰੀ ਵਾਇਰੀ ਭੀ ਕਰਤੇ ਹੋ?'' ਮੈਂ ਨਾਂਹ ਵਿਚ ਜਵਾਬ ਦਿਤਾ ਤਾਂ ਆਖਣ ਲਗੇ, ''ਗੁਫ਼ਤਗੂ ਤੋ ਸ਼ਾਇਰੋਂ ਜੈਸੀ ਕਰਤੇ ਹੋ ਯਾ ਕਿਸੀ ਯੂਨੀਅਨ ਕੇ ਲੀਡਰ ਦਿਖਾਈ ਦੇਤੇ ਹੋ।'' ਅੱਜ ਸੋਚਦਾ ਹਾਂ ਕਿ ਜਦੋਂ ਮੇਰਾ ਸਾਹਿਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਚੌਧਰੀ ਅਮੀਰ ਨੇ ਮੇਰੇ ਵਿਚ ਜ਼ਹਾਨਤ ਨਾਲ ਹੀ ਵੇਖ ਲਿਆ ਸੀ।

ਕੁੱਝ ਚਿਰ ਇਸ ਅੱਲਾਹ ਵਾਲੇ ਬੰਦੇ ਨਾਲ ਕੰਮ ਕਰਨ ਦਾ ਸਵਾਦ ਲਿਆ ਤੇ ਫਿਰ ਡਿਪਟੀ ਚੀਫ਼ ਇੰਜੀਨੀਅਰ ਹੋ ਕੇ ਉਹ ਹੈੱਡਕੁਆਰਟਰ ਚਲੇ ਗਏ। ਪਰ ਉਹ ਜਿੱਥੇ ਵੀ ਗਏ, ਮੇਰੀ ਸ਼ਰਧਾ ਉਨ੍ਹਾਂ ਦਾ ਪਿੱਛਾ ਕਰਦੀ ਹੀ ਰਹੀ। ਚੌਧਰੀ ਸਾਬ੍ਹ ਤੋਂ ਬਾਅਦ ਵਾਲਟਨ ਰਿਸ਼ਵਤ ਦਾ ਸੂਰ ਖਾਣ ਵਾਲੇ ਆ ਗਏ ਤੇ ਮੈਂ ਅਪਣੇ ਪੇਸ਼ੇ ਸਮੇਤ ਰਿਸ਼ਵਤ ਖਾਣ ਵਾਲੇ ਨੂੰ ਵੀ ਲੱਤ ਮਾਰ ਆਇਆ ਅਤੇ ਨੌਕਰੀ ਛੱਡ ਕੇ ਲੰਦਨ ਆ ਗਿਆ।

ਇਹ ਕਿੱਸਾ ਵਿਸ਼ੇ ਤੋਂ ਹਟ ਕੇ ਹੈ ਪਰ ਇਸ ਲਈ ਦਸਣਾ ਪਿਆ ਹੈ ਕਿ ਸ਼ਰਧਾ ਤੋਂ ਮੈਂ ਵੀ ਖ਼ਾਲੀ ਨਹੀਂ। ਮੈਂ ਅੱਜ ਵੀ ਪਿੰਡ ਚਕਵਾਲ ਵਿਚ ਬਣਨ ਵਾਲੀ ਮਸੀਤ ਅਤੇ ਉਥੇ ਪੜ੍ਹਨ ਵਾਲੇ ਗ਼ਰੀਬਾਂ ਦੇ ਬਾਲਾਂ ਲਈ ਸੱਭ ਕੁੱਝ ਵਾਰਨ ਨੂੰ ਤਿਆਰ ਹਾਂ। ਚੌਧਰੀ ਅਮੀਰ ਕੋਈ ਪੀਰ, ਮੁੱਲਾਂ ਜਾਂ ਪੰਡਤ ਭਾਈ ਨਹੀਂ। ਨਾ ਹੀ ਉਸ ਨੇ ਕਦੀ ਮੇਰੇ ਕੋਲੋਂ ਕੁੱਝ ਮੰਗਿਆ ਹੈ। ਕੁੱਝ ਦੇਵਾਂ ਵੀ ਤਾਂ ਸ਼ੁਕਰੀਆ ਵੀ ਕਦੀ ਅਦਾ ਨਹੀਂ ਕਰਦੇ ਕਿਉਂਕਿ ਉਹ ਜਾਣਦੇ ਨੇ ਕਿ ਇਹ ਪੈਸੇ ਰੱਬ ਨੂੰ ਦਿਤੇ ਨੇ ਤੇ ਰੱਬ ਹੀ ਸ਼ੁਕਰੀਆ ਅਦਾ ਕਰੇਗਾ।

ਸੋ, ਮੈਂ ਅਰਜ਼ ਕਰ ਰਿਹਾ ਸਾਂ ਕਿ ਯਕੀਨ ਦਾ ਕੋਠਾ ਛੱਤਣ ਲਈ ਸ਼ਰੀਂਹ ਦਾ ਨਹੀਂ, ਟਾਲ੍ਹੀ ਸ਼ਤੂਤ (ਸ਼ਹਿਤੂਤ) ਜਾਂ ਫਲਾਵਾ ਦਾ ਸ਼ਹਿਤੀਰ ਪਾਉ ਤਾਕਿ ਉਸ ਨੂੰ ਘੁਣ, ਸਿਉਂਕ ਜਾਂ ਖਪਰਾ ਨਾ ਲੱਗੇ। ਸਾਗ ਪਤੀਲੇ ਦੀ ਬਜਾਏ ਮਿੱਟੀ ਦੀ ਹਾਂਡੀ ਵਿਚ ਹੀ ਪਕਦਾ ਹੈ ਜਿਵੇਂ ਝੋਨੇ ਦੀ ਪਨੀਰੀ ਕਦੀ ਬਰੇਤੇ ਜਾਂ ਮੈਰੇ ਵਿਚ ਨਹੀਂ ਉਗਦੀ।
ਹੈਰਾਨੀ ਤਾਂ ਇਹ ਹੈ ਕਿ ਜੇ ਕੋਈ ਜਚਦੀ-ਮਿਚਦੀ, ਰਲਦੀ-ਮਿਲਦੀ ਜਾਂ ਕੋਈ ਚੱਜ ਦੀ-ਪੁਜਦੀ ਸ਼ਰਧਾ ਹੋਵੇ ਤਾਂ ਬੰਦਾ ਆਖ ਸਕਦਾ ਹੈ ਕਿ ਚਲੋ ਭੁਲੇਖਾ ਲੱਗ ਗਿਆ।

ਪਰ ਜੇ ਕੋਈ ਲੰਦਨ ਵਿਚ ਬਾਲਾਂ ਦੇ ਗੁਜ਼ਾਰੇ ਲਈ ਬੇਕਾਰੀ ਭੱਤਾ ਲੈਣ ਵਾਲੇ ਬੰਦੇ ਨੂੰ ਸ਼ਰਧਾ ਦਾ ਸ਼ੁਦਾਅ ਚੰਬੜ ਗਿਆ ਤੇ ਉਹ ਅਪਣੇ ਬਾਲਾਂ ਦੇ ਮੂੰਹ 'ਚੋਂ ਰੋਟੀ ਖੋਹ ਕੇ ਇਕ ਐਸੇ ਪੀਰ ਦੇ ਪੈਰਾਂ ਵਿਚ ਪੈਸੇ ਰੱਖੀ ਜਾ ਰਿਹਾ ਹੈ ਜਿਸ ਕੋਲ ਸੱਤ ਸੱਤ ਕਰੋੜ ਦੇ ਤਿੰਨ ਮਕਾਨ ਅਤੇ ਥੱਲੇ ਚਾਲ੍ਹੀ ਲੱਖ ਰੁਪਏ ਦੀ ਕਾਰ ਵੀ ਹੈ, ਜਿਸ ਨੂੰ ਉਸ ਦਾ ਡਰਾਈਵਰ ਚਲਾਉਂਦਾ ਹੈ। ਅਜਿਹੇ ਵਿਚ ਮਾੜੇ-ਮੋਟੇ ਅਨਪੜ੍ਹ ਹਮਾਤੜਾਂ ਦੀ ਸ਼ਰਧਾ ਦਾ ਕੀ ਹਾਲ ਹੋਵੇਗਾ?

ਇਸ ਲੰਦਨ ਵਿਚ ਹੀ ਹੋਣ ਵਾਲਾ ਇਕ ਹੋਰ ਕਾਰਾ ਸੁਣ ਲਉ ਜਿਸ ਨੂੰ ਸੁਣ ਕੇ ਪਿੱਟਣ ਨੂੰ ਦਿਲ ਕਰਦਾ ਹੈ। ਇਕ ਨਿਜੀ ਟੀ.ਵੀ. ਉਤੇ ਸਈਅਦ ਪੀਰ ਸ਼ਾਹ ਸਾਬ੍ਹ ਪ੍ਰੋਗਰਾਮ ਕਰਦੇ ਨੇ ਤੇ ਉਨ੍ਹਾਂ ਦੀ ਵਾਰਦਾਤ ਬਿਲਕੁਲ ਹੀ ਵਖਰੀ ਹੈ। ਉਨ੍ਹਾਂ ਨੂੰ ਸੰਨ੍ਹ ਲਾਉਣ ਵਾਸਤੇ ਕੋਈ ਹਥਿਆਰ ਵੀ ਨਹੀਂ ਵਰਤਣਾ ਪੈਂਦਾ। ਇਹ ਪੀਰ ਆਖਦਾ ਹੈ ਕਿ ਫ਼ਲਾਣੇ ਨਬੀ ਦੇ ਨਾਂ ਦੀ ਕੋਈ ਸੁਖਣਾ ਸੁਖੋ, ਪਰ ਸੁਖਣਾ ਸੁੱਖਣ ਤੋਂ ਪਹਿਲਾਂ ਮੇਰੇ ਕੋਲੋਂ ਇਜਾਜ਼ਤ ਲੈਣੀ ਜ਼ਰੂਰੀ ਹੈ ਕਿਉਂਕਿ ਮੈਨੂੰ ਰੱਬ ਵਲੋਂ ਦਾਦ ਹੈ ਤੇ ਇਜਾਜ਼ਤ ਦੇਣ ਦੀ ਸਿਰਫ਼ ਮੇਰੇ ਕੋਲ ਹੀ ਅਥਾਰਟੀ ਹੈ।

ਦੂਜਾ ਹੁਕਮ ਇਸ ਵਾਰਦਾਤੀਏ ਦਾ ਇਹ ਹੈ ਕਿ ਜੇ ਤੁਹਾਡੀ ਸੁਖਣਾ ਜਾਂ ਮੰਨਤ ਪੂਰੀ ਹੋ ਜਾਏ ਤਾਂ ਜਿਹੜੀ ਰਕਮ ਤੁਸਾਂ ਸੁੱਖੀ ਹੋਈ ਹੈ, ਉਹ ਸਿਰਫ਼ ਉਸ ਬੰਦੇ ਨੂੰ ਹੀ ਦੇਣੀ ਹੈ ਜਿਸ ਦੀ ਜ਼ਾਤ ਸਈਅਦ ਹੋਵੇਗੀ। ਹੁਣ ਪੀਰ ਜੀ ਦੀਆਂ ਦੋਹਾਂ ਗੱਲਾਂ ਉਤੇ ਗ਼ੌਰ ਕਰੋ ਤਾਂ ਸਿੱਧਾ ਸਿੱਧਾ ਮਖ਼ੌਲ ਲਗਦਾ ਹੈ, ਪਰ ਜਿਨ੍ਹਾਂ ਨੇ ਅਕਲ ਦੀ ਚਾਟੀ ਵਿਚ ਪੁੱਠੀਆਂ ਸੋਚਾਂ ਦਾ ਅਚਾਰ ਪਾ ਕੇ ਉਤੇ ਬੇਅਕਲੀ ਦਾ ਢੱਕਣ ਦੇ ਦਿਤਾ ਹੋਵੇ ਤਾਂ ਉਸ ਆਚਾਰ ਨੂੰ ਸ਼ੁਦਾਅ ਦੀ ਉੱਲੀ ਤਾਂ ਲੱਗ ਹੀ ਜਾਂਦੀ ਹੈ।

ਮੰਨਿਆ ਕਿ ਇਸ ਦੁਨੀਆਂ ਵਿਚ ਲੋੜਾਂ, ਮੁਸੀਬਤਾਂ ਅਤੇ ਜ਼ਰੂਰਤਾਂ ਕਿਸੇ ਵੇਲੇ ਵੀ ਇਨਸਾਨ ਦੇ ਗਲ ਦਾ ਫਾਹਾ ਬਣ ਜਾਂਦੀਆਂ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੰਗ ਆ ਕੇ ਇਨ੍ਹਾਂ ਠੱਗ ਪੀਰਾਂ-ਬਾਬਿਆਂ ਦੇ ਹੱਥ ਅਪਣੀ ਨਕੇਲ ਫੜਾ ਦਿਉ।ਮੈਂ ਅਪਣਾ ਕਲੇਜਾ ਸਾੜਨ ਲਈ ਇਹ ਟੀ.ਵੀ. ਪ੍ਰੋਗਰਾਮ ਬੜੇ ਆਹਰ ਨਾਲ ਵੇਖਦਾ ਸਾਂ। ਕੋਈ ਜ਼ਨਾਨੀ ਆ ਕੇ ਆਖਦੀ ਹੈ, ''ਸ਼ਾਹ ਸਾਬ੍ਹ, ਮੇਰੀ ਧੀ ਦੀ ਮੰਗਣੀ ਦੋ ਵੇਰਾਂ ਟੁੱਟ ਗਈ ਏ ਤੇ ਸੁਖਣਾਂ ਸੁੱਖਣ ਦੀ ਇਜਾਜ਼ਤ ਦਿਉ।''

''ਇਜਾਜ਼ਤ ਹੈ।'' ਇਹ ਆਖ ਕੇ ਸ਼ਾਹ ਸਾਬ੍ਹ ਮਿਹਰਬਾਨੀ ਕਰ ਦੇਂਦੇ ਹਨ। ਸੁਖਣਾ ਪੂਰੀ ਹੋਵੇ, ਨਾ ਹੋਵੇ ਉਸ ਦੇ ਛਿੱਤਰ ਉਤੇ। ਸ਼ਾਹ ਜੀ ਨੇ ਡੋਲੀ ਵਿਚ ਪਾ ਦਿਤੀ ਹੈ, ਅੱਗੋਂ ਭਾਵੇਂ ਜਾਂਦਿਆਂ ਹੀ ਰੰਡੀ ਹੋ ਜਾਏ। ਕੋਈ ਕੋਈ ਆਸ ਉਮੀਦ ਜਾਂ ਖ਼ਾਹਿਸ਼ ਰੱਬ ਪੂਰੀ ਵੀ ਕਰ ਦੇਂਦਾ ਹੈ। ਮਸਲਨ ਉਸ ਕੁੜੀ ਦੀ ਮੰਗਣੀ ਕਦੀ ਤਾਂ ਪੁੱਗ ਹੀ ਜਾਣੀ ਹੁੰਦੀ ਹੈ। ਹੁਣ ਕੁੜੀ ਦੀ ਮਾਂ ਸਮਝਦੀ ਏ ਕਿ ਸ਼ਾਹ ਸਾਬ੍ਹ ਦੀ ਇਜਾਜ਼ਤ ਅਤੇ ਸੁੱਖਣ ਦੀ ਬਰਕਤ ਨਾਲ ਇਹ ਕੰਮ ਹੋ ਗਿਆ ਹੈ।

ਹੁਣ ਉਹ ਅਪਣੀ ਮਿਥੀ ਹੋਈ ਸੁਖਣਾ ਦੀ ਰਕਮ ਤਾਰਨ ਵਾਸਤੇ ਕਿਹੜੇ ਗਲੀਆਂ-ਮੁਹੱਲਿਆਂ ਵਿਚੋਂ ਸਈਅਦ ਬੰਦਾ ਲਭਦੀ ਫਿਰੇ? ਪੀਰ ਸ਼ਾਹ ਸਾਬ੍ਹ ਨੂੰ ਇਸ ਗੱਲ ਦਾ ਪੱਕ ਹੁੰਦਾ ਹੈ ਕਿ ਮੰਨਤ ਪੂਰੀ ਹੋ ਗਈ ਤਾਂ ਦੌਲਤ ਉਸ ਦੇ ਘਰ ਹੀ ਆਵੇਗੀ। ਹੁਣ ਅਪਣੇ ਘਰ ਦਾ ਸਰਨਾਵਾਂ ਵੀ ਦਸਦਾ ਹੈ ਤੇ ਇਕ ਦਿਨ ਮੈਂ ਇਹ ਆਖਦਾ ਵੀ ਸੁਣਿਆ ਕਿ 'ਦੁਨੀਆਂ ਵਿਚ ਈਮਾਨਦਾਰ ਲੋਕ ਵੀ ਹਨ। ਕਿਸੇ ਨੇ ਲਿਫ਼ਾਫ਼ੇ ਵਿਚ ਪੈਸੇ ਪਾ ਕੇ ਮੈਨੂੰ ਘੱਲੇ ਪਰ ਉਹ ਗ਼ਲਤ ਪਤੇ ਉਪਰ ਚਲੇ ਗਏ।

ਪਰ ਉਸ ਘਰ ਵਾਲੇ ਮੇਰੇ ਘਰ ਆ ਕੇ ਪੈਸੇ ਦੇ ਗਏ।'' ਜ਼ਰਾ ਖ਼ਬਾਸਤ, ਚਾਲਾਕੀ ਅਤੇ ਮੱਕਾਰੀ ਦਾ ਅੰਦਾਜ਼ ਵੇਖੋ ਕਿ ਪੀਰ ਸਾਬ੍ਹ ਪੈਸੇ ਹਾਸਲ ਕਰਨ ਵਾਲੇ ਦਾਅ ਵੀ ਨਾਲ ਹੀ ਦਸ ਗਏ ਨੇ।ਇਹ ਤਮਾਸ਼ਾ ਰੋਜ਼ ਵੇਖ ਵੇਖ ਕੇ ਮੇਰੀ ਕੁੱਤੀ ਆਦਤ ਭੌਂਕਣ ਲੱਗ ਪਈ। ਇਹ ਵੀ ਪਤਾ ਸੀ ਕਿ ਜੇ ਅਪਣਾ ਅਸਲੀ ਨਾਂ ਦੱਸ ਕੇ ਕਾਰਵਾਈ ਕੀਤੀ ਤਾਂ ਸ਼ਰਧਾ ਦੇ ਹਲਕਾਏ ਸ਼ੁਦਾਈਆਂ ਨੇ ਮੇਰੀ ਕੁੱਤੇਖਾਣੀ ਕਰਨੀ ਹੈ ਕਿਉਂਕਿ ਅੱਗੇ ਵੀ ਕਈ ਵਾਰ ਟੀ.ਵੀ. ਉਤੇ ਜਦੋਂ ਮੈਂ ਬੁਰੇ ਨੂੰ ਬੁਰੇ ਦਾ ਬੀਜ ਆਖਿਆ ਤਾਂ ਟੀ.ਵੀ. ਮੇਰਾ ਹੁੱਕਾ-ਪਾਣੀ ਬੰਦ ਕਰ ਕੇ ਮੇਰਾ ਨਾਂ ਸੁਣਦੇ ਹੀ ਮੇਰੀ ਫ਼ੋਨਕਾਲ ਕੱਟ ਦੇਂਦੇ ਸਨ।

ਰਾਣੀ ਨੇ ਕਈ ਵੇਰਾਂ ਮੇਰੀ ਖੁੰਬ ਠੱਪੀ ਕਿ, ''ਤੂੰ ਕੀ ਲੈਣੈ ਇਸ ਸੂਰ ਦੇ ਸ਼ਿਕਾਰ ਵਿਚੋਂ? ਕਿਉਂ ਸਾਰੀ ਦੁਨੀਆਂ ਨੂੰ ਮਗਰ ਪਵਾ ਲੈਨੈਂ?'' ਪਰ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ... ਜਿੱਥੇ ਅੱਗੇ ਏਨੀ ਦੁਨੀਆਂ ਮੈਨੂੰ ਮੂੰਹ ਨਹੀਂ ਲਾਉਂਦੀ, ਉਥੇ ਪੀਰ ਸ਼ਾਹ ਸਾਬ੍ਹ ਵੀ ਬੁਰਾ ਆਖ ਦੇਣਗੇ ਤਾਂ ਕੀ ਫ਼ਰਕ ਪੈਂਦਾ ਹੈ? ਅਖੇ ਜਿਥੇ ਸੌ, ਉਥੇ ਕੋਤਰ ਸੌ।

ਰਾਣੀ ਤੋਂ ਬਚ-ਬਚਾ ਕੇ ਅਪਣਾ ਨਾਂ ਬਦਲ ਕੇ ਫ਼ੋਨ ਕਰ ਦਿਤਾ। ਗਾਹਕ ਸਮਝ ਕੇ ਬੜੇ ਪਿਆਰ ਨਾਲ ਸ਼ਾਹ ਸਾਬ੍ਹ ਬੋਲੇ। ਮੈਂ ਆਖਿਆ, ''ਸ਼ਾਹ ਸਾਬ੍ਹ, ਤੁਹਾਡੀ ਬਰਕਤ ਨਾਲ ਮੇਰੀ ਸੁਖਣਾ ਪੂਰੀ ਹੋ ਗਈ ਏ ਤੇ ਹੁਣ ਪੈਸੇ ਕਿੱਥੇ ਟੋਰਾਂ?'' ਉਹ ਆਖਣ ਲਗੇ, ''ਥੱਲੇ ਪਤਾ ਦਿਤਾ ਹੋਇਐ ਜਾਂ ਕਿਸੇ ਵੀ ਹੋਰ ਸਈਅਦ ਨੂੰ ਦੇ ਦਿਉ।'' ਮੈਂ ਆਖਿਆ, ''ਪੀਰ ਸਾਬ੍ਹ! ਇਕ ਸਈਅਦ ਰੋਜ਼ ਹੀ ਮੇਰੇ ਨਾਲ ਪੱਬ ਵਿਚ ਦਾਰੂ ਪੀਂਦੈ, ਉਸ ਨੂੰ ਕਿਉਂ ਨਾ ਦੇ ਦੇਵਾਂ, ਜ਼ਰਾ ਖੁੱਲ੍ਹ ਡੁੱਲ੍ਹ ਕੇ ਪੀ ਲਵੇ?'' ਇਸ ਦੇ ਨਾਲ ਹੀ ਮੇਰੀ ਕਾਲ ਕੱਟੀ ਗਈ ਤੇ ਫਿਰ ਦਸ ਮਿੰਟ ਤਕ ਜਿਹੜੀ ਮੇਰੇ ਉਤੇ ਕਲਿਆਣ ਹੋਈ ਉਹ ਸੁਣਨ ਵਾਲੀ ਸੀ।

ਮੈਨੂੰ ਤੋਏ ਲਾਹਨਤ ਕਰਦੇ ਹੋਏ ਆਖਿਆ ਕਿ ਇਹ ਕਾਲ ਕਰਨ ਵਾਲਾ ਕੋਈ ਕਾਫ਼ਰ ਮਰਦੂਦ ਸੀ। ਕਈ ਇੰਜ ਦੀ ਬਕਵਾਸ ਕਰਨ ਵਾਲੇ ਵੀ ਦੁਨੀਆਂ ਵਿਚ ਵਸਦੇ ਨੇ। ਇਹ ਲਾਹਨਤੀ ਲੋਕ ਇਸਲਾਮ ਦੀ ਬੇਹੁਰਮਤੀ ਕਰਦੇ ਨੇ। ਬੰਦਾ ਪੁੱਛੇ ਕਿ ਮੈਂ ਅਪਣੀ ਸੁਖਣਾ ਦਾ ਪੈਸਾ ਸਈਅਦ ਨੂੰ ਹੀ ਤਾਂ ਦੇਣ ਲੱਗਾ ਹਾਂ। ਇਹ ਸ਼ਰਤ ਤਾਂ ਕਿਧਰੇ ਨਹੀਂ ਸੀ ਕਿ ਸਈਅਦ ਸ਼ਰਾਬ ਨਾ ਪੀਂਦਾ ਹੋਵੇ।

ਪਰ ਕੋਈ ਪੁੱਛੇ ਇਸ ਨੂੰ ਕਿ ਕੀ ਸਈਅਦ ਫ਼ਰਿਸ਼ਤੇ ਹੁੰਦੇ ਨੇ? ਅਖੇ 'ਸੱਭ ਅਮਲਾਂ ਦੇ ਹੋਣਗੇ ਨਬੇੜੇ, ਕਿਸੇ ਨਹੀਂ ਤੇਰੀ ਜ਼ਾਤ ਪੁਛਣੀ।' ਅੱਲਾਹ ਸਿਰਫ਼ ਬੰਦੇ ਦਾ ਕਿਰਦਾਰ ਅਤੇ ਅਮਲ ਵੇਖਦਾ ਹੈ, ਜ਼ਾਤਾਂ ਵੇਖ ਕੇ ਫ਼ੈਸਲੇ ਨਹੀਂ ਕਰਦਾ। ਇਕ ਨੇਕ ਸ਼ਰੀਫ਼ ਭਲਾਮਾਣਸ ਮੋਚੀ ਕਿਸੇ ਬਦਮੁਆਸ਼, ਸ਼ਰਾਬੀ ਅਤੇ ਜ਼ਾਨੀ ਸਈਅਦ ਨਾਲੋਂ ਲੱਖ ਦਰਜੇ ਚੰਗਾ ਹੈ, ਦੁਨੀਆਂ ਉਤੇ, ਰੱਬ ਦੀ ਨਜ਼ਰ ਵਿਚ।

ਪਰ ਸ਼ਰਧਾ ਦੇ ਸ਼ੁਦਾਈਆਂ ਨੂੰ ਇਹ ਗੱਲ ਸਮਝਾਵੇ ਕੌਣ? ਜੇ ਸ਼ੁਦਾਈਆਂ ਨੇ ਸ਼ਰਧਾ ਦੇ ਸ਼ੁਦਾਅ ਦਾ ਧਤੂਰਾ ਨਾ ਪੀਤਾ ਹੋਵੇ ਤਾਂ ਇਹ ਸੋਚਣ ਕਿ ਬਰਮਿੰਘਮ ਇਕ ਟੀ.ਵੀ. ਉਤੇ ਬੈਠਾ ਫ਼ਰਾਡ ਸ਼ਾਹ ਆਖਦਾ ਹੈ ਕਿ ਰੱਬ ਕੋਲੋਂ ਕੁੱਝ ਮੰਗਣ ਲਈ ਉਸ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ। ਦੁਨੀਆਂ ਉਤੇ ਕਰੋੜਾਂ ਲੋਕ ਵਸਦੇ ਹਨ। ਜਿਥੇ ਫ਼ਰਾਡ ਸ਼ਾਹ 'ਸੈਕਰੇਟਰੀ ਟੂ ਅੱਲਾਹ ਮੀਆਂ' ਨਹੀਂ ਹੈ, ਉਥੇ ਕਿਹੜਾ 'ਸੈਕਰੇਟਰੀ' ਲੋਕਾਂ ਦੇ ਕੇਸ ਰੱਬ ਨੂੰ ਪੇਸ਼ ਕਰਦਾ ਹੈ?

ਇੰਜ ਹੀ ਇਕ ਹੋਰ ਨਿਜੀ ਟੀ.ਵੀ. ਉਤੇ ਇਕ ਹਿੰਦੂ ਕਿਸਮਤ ਅਤੇ ਸਿਤਾਰਿਆਂ ਦੀ ਚਾਲ ਦਸਦਾ ਹੈ। ਉਸ ਦੀ ਅਪਣੀ ਚਾਲ-ਢਾਲ ਅਤੇ ਰੰਗ-ਰੂਪ ਦੱਸ ਦੇਵਾਂ ਕਿ ਉਹ ਪ੍ਰੋਗਰਾਮ ਵਿਚ ਤਿੰਨ ਤਿੰਨ ਕੀਮਤੀ ਸੂਟ ਅਤੇ ਟਾਈਆਂ ਬਦਲਦਾ ਹੈ ਤੇ ਕਿਸੇ ਵੱਡੇ ਅਫ਼ਸਰ ਦੀ ਤਰ੍ਹਾਂ 'ਕਲਾਸ ਵਨ ਅਫ਼ਸਰ' ਲਗਦਾ ਹੈ। ਦਸਾਂ ਉਂਗਲਾਂ ਵਿਚ ਦੱਸ ਛਾਪਾਂ ਹੁੰਦੀਆਂ ਨੇ ਅਤੇ ਉਹ ਸ਼ੁਦਾਈ ਗਾਹਕਾਂ ਨੂੰ ਦਬਕੇ ਵੀ ਮਾਰਦਾ ਹੈ, ਜਿਹੜੇ ਫ਼ੋਨ ਕਰ ਕੇ ਅਪਣੀ ਬਦਕਿਸਮਤੀ ਵਿਚ ਵਾਧਾ ਕਰਵਾ ਰਹੇ ਹੁੰਦੇ ਹਨ। ਪੰਡਤ ਜੀ ਦੀ ਵਾਰਦਾਤ ਦਾ ਤਰੀਕਾ ਇਹ ਹੈ ਕਿ ਉਸ ਨੂੰ ਫ਼ੋਨ ਕਾਲ ਕਰਨ ਦਾ ਰੇਟ ਇਕ ਪਾਊਂਡ ਫ਼ੀ ਮਿੰਟ ਹੁੰਦਾ ਹੈ।

ਯਾਨੀ ਕਿ ਇਕ ਮਿੰਟ ਦੇ ਇਕ ਸੌ ਤੀਹ ਰੁਪਏ ਬਣਦੇ ਨੇ ਜੋ ਪੰਡਤ ਜੀ ਦੇ ਬੋਝੇ ਵਿਚ ਜਾਂਦੇ ਨੇ। ਇਸ ਆਮਦਨ ਲਈ ਹੀ ਇਹ ਸਾਰੀ ਖੇਡ ਰਚਾਈ ਹੋਈ ਹੈ। ਸ਼ੁਦਾਈ ਦੀ ਹਰ ਕਾਲ ਦਸ ਮਿੰਟ ਤੋਂ ਘੱਟ ਨਹੀਂ ਹੁੰਦੀ। ਪਹਿਲਾਂ ਤਾਂ ਉਹ ਸਮੱਸਿਆ ਸੁਣਦਾ ਹੈ, ਫਿਰ ਸ਼ੁਦਾਈ ਦਾ ਨਾਂ, ਸਾਰੇ ਟੱਬਰ ਦੀਆਂ ਉਮਰਾਂ, ਜਨਮ ਭੂਮੀਆਂ ਅਤੇ ਜਨਮਦਿਨ। ਫਿਰ ਉਹ ਆਖਦਾ ਹੈ ਕਿ ਤੁਸੀ ਫ਼ੋਨ ਉਤੇ ਹੀ ਰਹੋ, ਮੈਂ ਹਿਸਾਬ ਲਾ ਕੇ ਸਮੱਸਿਆ ਦਾ ਕਾਰਨ ਅਤੇ ਹੱਲ ਦੱਸਾਂਗਾ। ਸਮੱਸਿਆ ਤਾਂ ਪਤਾ ਨਹੀਂ ਹੱਲ ਹੋਣੀ ਹੈ ਕਿ ਨਹੀਂ, ਘੱਟ ਤੋਂ ਘੱਟ ਹਰ ਕਾਲ ਕਰਨ ਵਾਲੇ ਕੋਲੋਂ ਦੋ ਹਜ਼ਾਰ ਰੁਪਿਆ ਤਾਂ ਪੰਡਿਤ ਜੀ ਮਾਰ ਹੀ ਲੈਂਦੇ ਨੇ।

ਮੈਨੂੰ ਤਾਂ ਉਹ ਸ਼ਬਦ ਭੁੱਲ ਗਏ ਨੇ ਜੋ ਇੰਜ ਸਨ, ''ਤੈਨੂੰ ਮੰਗਲ ਨੇ ਘੇਰਾ ਪਾਇਐ ਜੋ ਤਿੰਨ ਮਹੀਨੇ ਰਹੇਗਾ। ਉਤੋਂ ਸ਼ਨੀ ਲੱਕੋਂ ਜੱਫਾ ਪਾ ਕੇ ਉਤੇ ਬੈਠਾ ਹੋਇਐ।'' ਇਸ ਮੁਸ਼ਕਲ ਦਾ ਹੱਲ ਜਾਂ ਉਪਾਅ ਦਸਦੇ ਹੋਏ ਆਖਦਾ ਹੈ, ''ਪੰਜ ਗਜ਼ ਲੱਠਾ, ਉਸ ਵਿਚ ਪੰਜ ਕਿੱਲੋ ਚਾਵਲ ਅਤੇ ਦੋ ਕਿੱਲੋ ਖੰਡ ਬੰਨ੍ਹ ਕੇ ਕਿਸੇ ਰੁੱਖ ਥੱਲੇ ਦੱਬ ਦਿਉ। ਨਾਲੇ ਛੇ ਛੇ ਮਾਸੇ ਦੀਆਂ ਚਾਰ ਡਲੀਆਂ ਚਾਂਦੀ ਦੀਆਂ ਇਕ ਹਫ਼ਤਾ ਸਰਹਾਣੇ ਥੱਲੇ ਰੱਖ ਕੇ ਕਿਸੇ ਨੂੰ ਦਾਨ ਕਰ ਦਿਉ।''

ਇੰਜ ਕਰਦੇ ਕਰਦੇ ਮੁਕੱਦਰ ਦੇ ਮਾਰੇ ਹੋਏ ਸਵਾਲੀ ਦੀ ਬਦਨਸੀਬੀ ਅਤੇ ਗ਼ਰੀਬੀ ਵਿਚ ਹੋਰ ਵਾਧਾ ਹੋ ਜਾਂਦਾ ਹੈ। ਇਹ ਪ੍ਰੋਗਰਾਮ ਸੁਣ ਕੇ ਸੋਚਦਾ ਹਾਂ ਕਿ ਰੱਬਾ ਇੰਜ ਦੀ ਸ਼ਰਧਾ ਦਾ ਸ਼ੁਦਾਅ ਲੰਦਨ ਆ ਕੇ ਵੀ ਸਾਡੇ ਗਲੋਂ ਕਿਉਂ ਨਹੀਂ ਲੱਥਾ? ਅਸੀ ਕਿਹੜੀ ਕਿਸਮਤ ਲਿਖਵਾ ਕੇ ਲਿਆਏ ਸਾਂ। ਇਸ ਪ੍ਰੋਗਰਾਮ ਵਿਚ ਬੜੇ ਬੜੇ ਤਮਾਸ਼ੇ ਅਤੇ ਬੜੇ ਤਮਾਸ਼ਿਆਂ ਦੇ ਅਜੀਬ ਹੱਲ ਅਤੇ ਉਪਾਅ ਦੱਸੇ ਜਾਂਦੇ ਨੇ।

ਇਕ ਜ਼ਨਾਨੀ ਨੇ ਕਾਲ ਕਰ ਕੇ ਆਖਿਆ, ''ਭਾਅ ਜੀ, ਮੇਰਾ ਇਕ ਪੁੱਤਰ ਆਖੇ ਨਹੀਂ ਲਗਦਾ ਤੇ ਅਪਣੀ ਜ਼ਨਾਨੀ ਦੇ ਥੱਲੇ ਲੱਗ ਕੇ ਰੋਜ਼ ਮੇਰੀ ਬੇਇੱਜ਼ਤੀ ਕਰਦਾ ਹੈ। ਉਤੋਂ ਖਾਵੰਦ ਵੀ ਪੁੱਠਿਆਂ ਕੰਮਾਂ ਵਿਚ ਪੈ ਗਿਐ ਤੇ ਮੇਰੀ ਮੁਸ਼ਕਲ ਦਾ ਹੱਲ ਦੱਸੋ।'' ਪੰਡਿਤ ਜੀ ਨੇ ਕਈ ਖ਼ਰਚੇ ਦੱਸ ਕੇ ਨਾਲ ਇਕ ਖ਼ਰਚਾ ਹੋਰ ਦਸਿਆ ਕਿ ਸ਼ਰਾਬ ਦੀ ਇਕ ਬੋਤਲ ਲੈ ਕੇ ਦਰਿਆ ਵਿਚ ਰੋੜ੍ਹਨੀ ਹੈ।

ਅੱਗੋਂ ਉਹ ਜ਼ਨਾਨੀ ਕਹਿੰਦੀ, “ਭਾਅ ਜੀ, ਮੈਂ ਮੁਸਲਮਾਨ ਹਾਂ ਤੇ ਸ਼ਰਾਬ ਖ਼ਰੀਦਣਾ ਔਖਾ ਹੈ ਮੇਰੇ ਲਈ।'' ਪੰਡਿਤ ਜੀ ਨੇ ਤੁਰਤ ਜਵਾਬ ਦਿੰਦਿਆਂ ਆਖਿਆ, ''ਚੱਲ ਕੋਈ ਸ਼ਰਬਤ ਦੀ ਬੋਤਲ ਲੈ ਕੇ ਰੋੜ੍ਹ ਦਿਉ।'' ਪਹਿਲਾਂ ਤਾਂ ਜਦੋਂ ਪੰਡਿਤ ਜੀ ਨੇ ਸ਼ਰਾਬ ਦਰਿਆ ਵਿਚ ਰੋੜ੍ਹਨ ਲਈ ਆਖਿਆ ਤਾਂ ਮੈਨੂੰ ਦੁੱਖ ਹੋਇਆ ਕਿ ਕਿੰਨੀ 'ਇੱਜ਼ਤਦਾਰ ਸ਼ੈਅ' ਦੀ ਹੱਤਕ ਕਰਨ ਲੱਗਾ ਹੈ। ਪਰ ਜਦੋਂ ਸ਼ਰਾਬ ਦੀ ਥਾਂ ਸ਼ਰਬਤ ਦੀ ਬੋਤਲ ਰੋੜ੍ਹੀ ਤਾਂ ਮੈਂ ਸੋਚਿਆ ਕਿ ਮੇਰਾ ਸਿਤਾਰਾ ਕੰਮ ਕਰ ਗਿਆ।

ਅਗਰ ਕਿਸੇ ਸ਼ੁਦਾਈ ਵਿਚ ਅਕਲ ਹੋਵੇ ਤਾਂ ਸੋਚੇ, ਪੰਡਿਤ ਜੀ ਨੇ ਮੁਸਲਮਾਨ ਔਰਤ ਨੂੰ ਸ਼ਰਾਬ ਦੀ ਥਾਂ ਸ਼ਰਬਤ ਰੋੜ੍ਹਨ ਦਾ ਹੁਕਮ ਦਿਤਾ ਹੈ, ਕੀ ਸ਼ਰਾਬ ਅਤੇ ਸ਼ਰਬਤ ਦੇ ਇੱਕੋ ਹੀ ਕੰਮ ਨੇ? ਮੁਸ਼ਕਲ ਦਾ ਹੱਲ ਤਾਂ ਨਸ਼ਾ ਮੰਗਦਾ ਸੀ, ਹੁਣ ਸ਼ਰਬਤ ਅਤੇ ਮਿੱਠਾ ਨਸ਼ੇ ਤੋਂ ਬਗ਼ੈਰ ਹੈ। ਨਾਲੇ ਮੁਸਲਮਾਨ ਜ਼ਨਾਨੀ ਨੂੰ ਪੁੱਛੇ ਕਿ ਇਲਾਜ ਹਿੰਦੂ ਕੋਲੋਂ ਪੁਛਨੀ ਏਂ ਅਤੇ ਪਰਹੇਜ਼ ਮੁਸਲਮਾਨਾਂ ਵਾਲਾ ਮੰਗਨੀ ਏਂ। ਅਖੇ ਗੁਲਗੁਲੇ ਖਾਨੀ ਆਂ ਤੇ ਤੇਲ ਤੋਂ ਪਰਹੇਜ਼ ਕਰਨੀ ਆਂ।

ਇਸ ਪੰਡਿਤ ਤਮਾਸ਼ਬੀਨ ਨਾਲ ਇਕ ਦਿਨ ਤਮਾਸ਼ਾ ਕਰਨ ਨੂੰ ਜੀਅ ਕੀਤਾ ਤੇ ਪੰਡਿਤ ਜੀ ਨੂੰ ਅਪਣੀ ਸਮੱਸਿਆ ਦਸਦੇ ਹੋਏ ਆਖਿਆ ਕਿ ਹਜ਼ੂਰ ਦੋ ਵਿਆਹ ਕਰ ਚੁਕਾ ਹਾਂ ਤੇ ਔਲਾਦ ਕਿਸੇ ਵਿਚੋਂ ਵੀ ਨਹੀਂ ਹੁੰਦੀ। ਲੋਕ ਆਖਦੇ ਨੇ ਕਿ ਕਿਸੇ ਨੇ ਕੁੱਝ ਕੀਤਾ ਹੋਇਆ ਹੈ। ਪੰਡਿਤ ਜੀ ਨੇ ਅੱਗਾ ਪਿੱਛਾ, ਨਾਂ ਪਤਾ ਅਤੇ ਹੋਰ ਨਿੱਕੜ ਸੁੱਕੜ ਪੁੱਛ ਕੇ ਮੰਗਲ ਅਤੇ ਸ਼ਨੀ ਜਿਹੇ ਦੱਸ ਕੇ ਪੁੱਠਾ ਸਿੱਧਾ ਖ਼ਰਚਾ ਵੀ ਦਸਿਆ ਤੇ ਨਾਲ ਇਹ ਵੀ ਦੱਸ ਦਿਤਾ ਕਿ “ਅਗਲੇ ਵਰ੍ਹੇ ਜਨਵਰੀ ਤਕ ਤੇਰੇ ਉਤੇ ਕਿਸੇ ਦਾ ਭਾਰ ਹੈ। ਫ਼ਰਵਰੀ ਸ਼ੁਰੂ ਹੁੰਦਿਆਂ ਹੀ ਔਲਾਦ ਹੋਣ ਦੀ ਉਮੀਦ ਹੈ।

ਬਸ ਤੁਸੀ ਦੱਸੇ ਹੋਏ ਤਰੀਕੇ ਨਾਲ ਦਾਨ-ਪੁੰਨ ਅਤੇ ਪੰਦਰਾਂ ਕਿੱਲੋ ਕਣਕ ਰੁੱਖ ਥੱਲੇ ਖਿਲਾਰ ਆਉ।'' ਮੈਂ ਅਪਣੀ ਬਦਲੀ ਹੋਈ ਆਵਾਜ਼ ਠੀਕ ਕਰ ਲਈ ਤੇ ਆਖਿਆ, ''ਪੰਡਿਤ ਜੀ, ਮੇਰੀ ਉਮਰ ਦੇ ਰੁੱਖ ਤੋਂ ਹੁਣ ਸਾਰੇ ਪੱਤੇ ਝੜ ਗਏ ਹਨ। ਮੇਰੇ ਤਿੰਨ ਬੱਚੇ ਅਤੇ ਤਿੰਨ ਪੋਤੇ-ਦੋਹਤੇ ਨੇ। ਹੁਣ ਤਾਂ ਮੇਰੇ ਕੋਠੇ ਉਤੇ ਬੱਚਿਆਂ ਵਾਲੀ ਘਟਾ ਹੀ ਨਹੀਂ ਚੜ੍ਹਦੀ ਤਾਂ ਬਾਲਾਂ ਦਾ ਮੀਂਹ ਕਿੱਥੋਂ ਵਰ੍ਹੇਗਾ? ਨਾਲੇ ਮੇਰਾ ਅਸਲੀ ਨਾਂ ਝੂਠ ਪਰਕਾਸ਼, ਪਿਉ ਦਾ ਨਾਂ ਧੋਖਾ ਰਾਮ, ਮਾਂ ਦਾ ਨਾਂ ਫੱਫੇਕੁਟਣੀ ਅਤੇ ਕੌਮ ਸਾਡਾ ਹਰਾਮਖੋਰੀ ਹੈ।'' ਪਰ ਸ਼ਾਬਾਸ਼ ਪੰਡਿਤ ਦੇ ਵੀ, ਉਸ ਨੇ ਗੁੱਸਾ ਨਾ ਕੀਤਾ ਤੇ ਹੱਸ ਕੇ ਫ਼ੋਨ ਕੱਟ ਦਿਤਾ ।

ਮੇਰਾ ਖ਼ਿਆਲ ਹੈ ਲੰਦਨ ਦੇ ਸ਼ੁਦਾਅ ਅਤੇ ਟੀ.ਵੀ. ਉਤੇ ਹੋਣ ਵਾਲੇ ਇਕ ਹੋਰ ਤਮਾਸ਼ੇ ਦਾ ਜ਼ਿਕਰ ਕਰ ਕੇ ਬਸ ਕਰਦਾ ਹਾਂ, ਵਰਨਾ ਪੂਰੀ ਕਿਤਾਬ ਲਿਖਣੀ ਪਵੇਗੀ। ਇੰਜ ਦੇ ਹੀ ਇਕ ਟੀ.ਵੀ. ਉਤੇ ਇਕ ਮੌਲਵੀ ਹਰੇ ਚੋਲੇ ਅਤੇ ਗੋਟੇ ਵਾਲੀ ਟੋਪੀ ਅਤੇ ਗਲ ਵਿਚ ਮਣਕੇ ਪਾ ਕੇ ਆਉਂਦੇ ਨੇ। ਉਨ੍ਹਾਂ ਦਾ ਕਾਰੋਬਾਰ ਇਹ ਹੈ ਕਿ 'ਮੈਂ ਖ਼ਵਾਬਨਾਮਾ ਦੱਸਾਂਗਾ। ਯਾਨੀ ਕਿਸੇ ਨੂੰ ਖ਼ਾਬ ਆਇਆ ਤੇ ਮੈਂ ਦੱਸਾਂਗਾ ਕਿ ਇਸ ਖ਼ਾਬ ਦਾ ਕੀ ਮਤਲਬ ਹੈ ਅਤੇ ਤੇਰੀ ਜ਼ਿੰਦਗੀ ਉਤੇ ਇਸ ਦਾ ਕੀ ਅਸਰ ਪਵੇਗਾ।' ਹੁਣ ਖ਼ਾਬ ਵੀ ਹਰ ਕਿਸੇ ਨੂੰ ਆਉਂਦਾ ਹੈ ਅਤੇ ਸ਼ੁਦਾਈਆਂ ਦੀ ਵੀ ਔੜ ਨਹੀਂ ਪਈ। ਟੀ.ਵੀ. ਉਤੇ ਮਹਿੰਗੇ ਫ਼ੋਨ ਕਰ ਕੇ, ਕਾਲਰਾਂ ਦੀ ਕਤਾਰ ਲੱਗੀ ਰਹਿੰਦੀ ਹੈ।

ਇਕ ਜ਼ਨਾਨੀ ਆਖਦੀ ਹੈ, “ਮੌਲਵੀ ਜੀ, ਮੈਂ ਖ਼ਾਬ ਵਿਚ ਰਾਤ ਨੂੰ ਸੱਪ ਵੇਖਿਐ, ਇਸ ਦਾ ਕੀ ਮਤਲਬ ਏ?'' ਹੁਣ ਮੌਲਵੀ ਫ਼ੋਨ ਦਾ ਬਿਲ ਵਧਾਉਣ ਲਈ ਗੱਲ ਦਾ ਵਧਾਣ ਵਧਾਈ ਜਾਂਦੇ ਨੇ ਤੇ ਪੁਛਦੇ ਨੇ, “ਬੀਬੀ ਅਪਣਾ ਨਾਂ, ਪਤਾ, ਜਨਮਦਿਨ ਦੱਸ ਕੇ ਇਹ ਦੱਸੋ ਕਿ ਸੱਪ ਦਾ ਰੰਗ ਕੀ ਸੀ, ਲੰਮਾ ਕਿੰਨਾ ਕੁ ਸੀ, ਉਹ ਤੈਨੂੰ ਵੇਖ ਕੇ ਦੌੜ ਗਿਆ ਸੀ ਜਾਂ ਤੇਰੇ ਵਲ ਆਇਆ ਸੀ? ਤੂੰ ਉਸ ਨੂੰ ਮਾਰ ਸੁਟਿਆ ਸੀ ਜਾਂ ਆਪ ਹੀ ਡਰ ਕੇ ਦੌੜ ਗਈ ਸੈਂ?''

ਹੁਣ ਮੌਲਵੀ ਇਹ ਗੱਲਾਂ ਪੁੱਛਣ ਤੋਂ ਬਾਅਦ ਖ਼ਾਬ ਦਾ ਮਤਲਬ ਅਤੇ ਹਕੀਕਤ ਦਸਦੇ ਹੋਏ ਆਖਦੇ ਨੇ, ''ਬੀਬੀ, ਤੁਹਾਡਾ ਇਕ ਦੁਸ਼ਮਣ ਹੈ। ਉਸ ਨੇ ਡੱਬੀਆਂ ਵਾਲੇ ਖੇਸ ਦੀ ਬੁੱਕਲ ਮਾਰੀ ਹੋਈ ਹੈ। ਉਹ ਤੁਹਾਡੇ ਉਪਰ ਵਾਰ ਕਰਨ ਆਇਆ ਪਰ ਉਸ ਦਾ ਵਾਰ ਨਹੀਂ ਚਲਿਆ ਤੇ ਦੌੜ ਗਿਆ ਹੈ। ਤੁਸੀ ਹੁਸ਼ਿਆਰ ਰਹਿਉ, ਉਹ ਦੁਬਾਰਾ ਫਿਰ ਵੀ ਕਿਸੇ ਵੇਲੇ ਆਵੇਗਾ।'' ਇਹ ਸੁਣ ਕੇ ਸ਼ੁਦਾਅ ਦੀ ਫੰਡੀ ਹੋਈ ਬੀਬੀ ਥਰ ਥਰ ਕੰਬਦੀ ਹੋਈ ਫ਼ੋਨ ਰੱਖ ਦੇਂਦੀ ਹੈ। ਹੁਣ ਪਤਾ ਨਹੀਂ ਵਿਚਾਰੀ ਰਾਤ ਨੂੰ ਸੌਂ ਵੀ ਸਕੇਗੀ ਕਿ ਨਹੀਂ?

ਇਹ ਲੰਦਨ ਜਿਹੇ ਮਾਡਰਨ ਸ਼ਹਿਰ ਵਿਚ ਤਮਾਸ਼ੇ ਹੋ ਰਹੇ ਨੇ। ਉਨ੍ਹਾਂ ਲੋਕਾਂ ਕੋਲ ਰਹਿ ਕੇ ਅਸੀ ਇੰਜ ਕਰ ਰਹੇ ਹਾਂ ਜਿਹੜੇ ਚੰਨ ਵਿਚੋਂ ਵੀ ਹੋ ਆਏ ਨੇ। ਅਸੀ ਇੱਥੇ ਆ ਕੇ ਵੀ ਲੁਧਿਆਣਾ ਅਤੇ ਲਾਇਲਪੁਰ ਹੀ ਹਾਂ। ਲੰਦਨ ਦੇ ਸਮਾਜ ਅਤੇ ਤਾਲੀਮ ਨੇ ਸਾਡਾ ਕੁੱਝ ਨਹੀਂ ਸਵਾਰਿਆ। ਅਸੀ ਪੋਤੜਿਆਂ ਦੇ ਵਿਗੜੇ ਅਤੇ ਧੁਰ ਦੇ ਉਜੜੇ ਹੋਏ ਹਾਂ। ਅਸੀ ਅਕਲ ਤੋਂ ਵਿਛੜੇ, ਨਸੀਬਾਂ ਦੇ ਰਗੜੇ ਹੋਏ ਅਨਾਨਾਸ ਛੱਡ ਕੇ ਬੋਹੜ ਦੀਆਂ ਗੋਲ੍ਹਾਂ ਖਾਣ ਵਾਲੇ ਹਾਂ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement