28 ਮਈ 1984 ਨੂੰ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਫ਼ੋਜ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ
ਤਰਨਤਾਰਨ (ਚਰਨਜੀਤ ਸਿੰਘ) ਜੂਨ 1984 ਸਿੱਖ ਮਾਨਸਿਕਤਾ ਤੇ ਇਕ ਅਜਿਹਾ ਜਖ਼ਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ ਹੈ ਤੇ ਇਸ ਦੀ ਪੀੜ ਹਰ ਸਿੱਖ ਦੀ ਅੱਖ ਵਿਚੋ ਸਾਫ ਨਜ਼ਰ ਆਉਂਦੀ ਹੈ। ਜੂਨ 1984 ਵਿੱਚ ਭਾਰਤ ਸਰਕਾਰ ਨੇ ਇਕ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਸ ਹਮਲੇ ਦੀ ਤਿਆਰੀ ਬੜੀ ਦੇਰ ਪਹਿਲਾਂ ਤੋ ਸ਼ੁਰੂ ਹੋ ਚੁੱਕੀ ਸੀ।
     28 ਮਈ 1984 ਨੂੰ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਫ਼ੋਜ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਸ਼ਹਿਰਾਂ ਵਿਚ ਫ਼ੋਜ ਹਰਲ ਹਰਲ ਕਰਦੀ ਫਿਰ ਰਹੀ ਸੀ. ਅੰਿਮ੍ਰਤਸਰ ਵਿਚ ਫ਼ੋਜ ਸ਼ਹਿਰ ਤੋ ਹਟਵੀ ਮਿਲਟਰੀ ਕੈਂਪਾਂ ਵਿਚ ਸੀ, ਪਰ ਸ਼ਹਿਰ ਦੇ ਨਾਲ ਲਗਦੇ ਛੋਟੇ ਕਸਬਿਆਂ ਖਾਸ ਕਰ ਸੁਲਤਾਨਵਿੰਡ ਪਿੰਡ, ਚਾਟੀਵਿੰਡ, ਗੁੰਮਟਾਲਾ ਆਦਿ ਇਲਾਕਿਆਂ ਦੀਆਂ ਕਚੀਆਂ ਫਿਰਨੀਆਂ ਤੇ ਫੋਜੀ ਗਡੀਆਂ ਸ਼ੂਕਦੀਆਂ ਧੂੜਾ ਪਟ ਰਹੀਆਂ ਸਨ।
ਪਿੰਡਾਂ, ਕਸਬਿਆਂ ਵਿਚ ਅਮ੍ਰਿਤਧਾਰੀ ਸਿੰਘਾਂ ਨੂੰ ਫ਼ੋਜੀ ਸ਼ਕ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਪੰਜਾਬੀ ਸਭਿਆਚਾਰ ਤੋ ਅਨਜਾਣ ਇਹ ਫ਼ੋਜੀ ਸ਼ਕ ਪੈਣ ਤੇ ਇਕ ਹੀ ਸਵਾਲ ਪੁੱਛਦੇ
                                      '' ਭਿੰਡਰੀ ਵਾਲੇ ਦਾ ਰਸ ਪਿਆ''
 ਭਾਵ ਸੰਤ ਭਿੰਡਰਾਂ ਵਾਲਿਆਂ ਤੋ ਅਮ੍ਰਿਤ ਛਕਿਆ।  ਚਾਰੋ ਪਾਸੇ ਫੈਲੀ ਚੁਪ ਕਿਸੇ ਸੰਭਾਵੀ ਖਤਰੇ ਦਾ ਸੰਕੇਤ ਕਰ ਰਹੀ ਸੀ। ਸ਼ਹਿਰ ਤੋ ਬਾਹਰ ਬੈਠੀ  ਫੌਜ ਦੀ ਨਕਲੋ ਹਰਕਤ ਵੇਖ ਕੇ ਇਹੋ ਲਗਦਾ ਸੀ, ਜਿਵੇਂ ਫੌਜ਼ ਕੁਝ ਕਰ ਗੁਜਰਨਾ ਚਾਹੁੰਦੀ ਹੋਵੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰ. ਗੁਰਦੇਵ ਸਿੰਘ ਨੇ ਫੌਜ਼ ਦੇ ਸ੍ਰੀ ਦਰਬਾਰ ਸਾਹਿਬ ਦੇ ਦਾਖਲੇ ਦੇ ਸਰਕਾਰੀ ਫੁਰਮਾਨ ਤੇ ਦਸਤਖਤ ਕਰਨ ਤੋ ਇਨਕਾਰ ਕਰ ਦਿੱਤਾ।
ਜਿਸ ਕਾਰਨ ਉਹਨਾ ਨੂੰ ਜਬਰੀ ਲੰਮੀ ਛੂੱਟੀ ਤੇ ਭੇਜ਼ ਦਿੱਤਾ ਗਿਆ। ਉਸ ਵੇਲੇ ਦੇ ਗਵਰਨਰ ਬੀ.ਡੀ. ਪਾਂਡੇ (ਭੈਰਓ ਦੱਤ ਪਾਂਡੇ ) ਨੇ ਤੁਰੰਤ ਸ੍ਰੀ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿੱਤਾ। ਜਿਹਨਾ ਫ਼ੋਜ ਦਾਖਲੇ ਦੇ ਸਰਕਾਰੀ ਫਰਮਾਨ ਤੇ ਬਿਨਾ ਕਿਸੇ ਹਿਲ ਹੁਜਤ ਦੇ ਦਸਤਖਤ ਕਰ ਦਿੱਤੇ। ਰਾਮੇਸ਼ ਇੰਦਰ ਸਿੰਘ ਦੇ ਦਸਤਖ਼ਤਾਂ ਤੋ ਬਾਅਦ ਭਾਰਤੀ ਫੌਜ਼ ਦਾ ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਦਾਖਲ ਹੋਣ ਦਾ ਰਾਹ ਪੱਧਰਾ ਹੋ ਗਿਆ। ਭਾਰਤ ਸਰਕਾਰ ਨੇ ਫ਼ੋਜੀ ਹਮਲੇ ਦੀਆਂ ਤਿਆਰੀਆਂ ਨੂੰ ਆਖਰੀ ਛੋਹਾਂ ਦੇਣੀ ਸ਼ੁਰੂ ਕਰ ਦਿੱਤੀਆਂ।
ਭਾਰਤੀ ਫ਼ੋਜ ਦੇ ਮੁਖੀ ਜਰਨਲ ਅਰੁਣ ਸ੍ਰੀਧਰ ਵੈਦਿਆ ਵਲੋ ਪੱਛਮੀ ਕਮਾਂਡ ਦੇ ਲੈਫਟੀਨੈਂਟ ਜਰਨਲ ਕੇ ਸੁੰਦਰਜੀ ਨੂੰ ਇਸ ਅਪਰੇਸ਼ਨ ਦਾ ਮੁਖੀ ਥਾਪਿਆ ਗਿਆ। ਰਣਜੀਤ ਸਿੰਘ ਦਿਆਲ ਨੂੰ ਗਵਰਨਰ ਪੰਜਾਬ ਦਾ ਸੁਰਖਿਆ ਸਲਾਹਕਾਰ ਨਾਮਜਦ ਕਰ ਦਿੱਤਾ ਗਿਆ। ਜਰਨਲ ਕੁਲਦੀਪ ਸਿੰਘ ਬਰਾੜ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀ ਅਗਵਾਈ ਲਈ ਅਮ੍ਰਿਤਸਰ ਆਣ ਪੁੱਜਾ । ਸੀ ਆਰ ਪੀ ਨੇ ਫ਼ੋਜੀ ਕਾਰਵਾਈ ਲਈ ਪਹਿਲਾਂ ਤੋ ਤਿਆਰੀ ਕੀਤੀ ਹੋਈ ਸੀ। ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਮੋਰਚਾਬੰਦੀ ਕੀਤੀ ਜਾ ਚੁੱਕੀ ਸੀ।
      1 ਜੂਨ 1984 ਨੂੰ ਦੁਪਹਿਰ 12.30 ਤੇ ਸੀ.ਆਰ.ਪੀ ਨੇ ਬਿਨਾ ਕਿਸੇ ਭੜਕਾਹਟ ਦੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਮਸਲਾ ਪੈਦਾ ਕਰਨਾ ਸਰਕਾਰ ਲਈ ਕੋਈ ਔਖਾ ਕੰਮ ਨਹੀ ਸੀ। ਸ੍ਰੀ ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਮੋਚੀ ਬਜਾਰ ਵਿਚ ਇਕ ਦੀਵਾਰ ਦੀ ਉਸਾਰੀ ਨੂੰ ਲੈ ਕੇ ਸੀ.ਆਰ.ਪੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਧਿਕਾਰੀਆਂ ਵਿਚਕਾਰ ਤਕਰਾਰ ਹੋ ਗਈ। ਸੀ.ਆਰ.ਪੀ ਨੇ ਗੋਲੀ ਚਲਾ ਦਿੱਤੀ। ਜਵਾਬ ਵਿਚ ਗੋਲੀ ਦਾ ਜਵਾਬ ਮਿਲਿਆ। ਇਹ ਗੋਲੀਬਾਰੀ ਦੇਰ ਸ਼ਾਮ ਤੱਕ ਜਾਰੀ ਰਹੀ।
ਇਸ ਗੋਲਾਬਾਰੀ ਦੌਰਾਨ ਗੁਰਦੁਆਰਾ ਬਾਬਾ ਅਟੱਲ ਰਾਏ ਤੇ ਮੋਰਚਾ ਮਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਜਿਹਨਾ ਦਾ ਅੰਤਿਮ ਸੰਸਕਾਰ ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਕੀਤਾ ਗਿਆ। ਸ਼ਹਿਰ ਵਿਚ ਕਰਫਿਊ ਲੱਗ ਚੁਕਾ ਸੀ। ਪੂਰਾ ਸ਼ਹਿਰ ਸਹਮਿਆ ਹੋਇਆ ਸੀ। ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਇਤਿਹਾਸਕ ਬੇਰੀਆਂ ਲਾਚੀ ਬੇਰ,ਬੇਰ ਬਾਬਾ ਬੁੱਢਾ ਸਾਹਿਬ ਅਤੇ ਦੁਖ ਭੰਜਨੀ ਬੇਰ ਤੇ ਬੈਠੀਆਂ ਚਿੜੀਆਂ ਵੀ ਚਹਿਕਣਾ ਭੁਲ ਗਈਆਂ ਸਨ।
ਭਾਰਤ ਸਰਕਾਰ ਇਹ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤਕ ਨਾ ਪੁੱਜੇ ਇਸ ਲਈ ਅਮ੍ਰਿਤਸਰ  ਵਿਚ ਤੈਨਾਤ ਵਿਦੇਸ਼ੀ ਪੱਤਰਕਾਰਾਂ   ਨੂੰ ਪੰਜਾਬ ਚੋ ਬਾਹਰ ਚਲੇ ਜਾਣ ਦੇ ਫੁਰਾਮਣ ਜਾਰੀ ਕਰ ਦਿੱਤੇ। ਵਿਦੇਸ਼ੀ ਅਖ਼ਬਾਰਾ ਤੇ ਰੇਡੀਓ ਚੈਨਲਾਂ ਦੇ 35 ਦੇ ਕਰੀਬ  ਪੱਤਰਕਾਰਾਂ ਨੂੰ ਇਸ  ਕਾਰਨ ਅਮ੍ਰਿਤਸਰ ਛੱਡਣਾ ਪੈ ਗਿਆ। 
 ਇਸ ਅਸਾਂਵੀ ਜੰਗ ਦਾ ਇਕ ਪਹਿਲੂ  ਇਹ ਵੀ ਸੀ ਕਿ ਜੁਨ 1984 ਵਿਚ ਅਮ੍ਰਿਤਸਰ ਵਿਚ 4 ਬਰਾੜ ਸਨ। ਸੰਤ ਜਰਨੈਲ ਸਿੰਘ ਖਾਲਸਾ ਵੀ ਬਰਾੜ ਜਾਤੀ ਨਾਲ ਸੰਬਧ ਰਖਦੇ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਵੀ ਬਰਾੜ, ਅਮ੍ਰਿਤਸਰ ਵਿਚ ਫੋਜ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਵੀ ਬਰਾੜ ਸਨ।
                    
                